ਅਗਵਾ ਹੋਇਆ ਢਾਈ ਸਾਲਾ ਬੱਚਾ ਪੁਲੀਸ ਵੱਲੋਂ ਬਰਾਮਦ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 8 ਅਗਸਤ
ਜ਼ਿਲ੍ਹਾ ਪੁਲੀਸ ਨੇ ਪਿੰਡ ਬੀਹੜਾਂ ਤੋਂ ਅਗਵਾ ਹੋਏ ਢਾਈ ਸਾਲਾ ਬੱਚੇ ਨੂੰ 24 ਘੰਟਿਆਂ ’ਚ ਬਰਾਮਦ ਕਰਕੇ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਹੈ। ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਪੁਲੀਸ ਲਾਈਨ ਨੇ ਦੱਸਿਆ ਕਿ ਬੀਤੀ 6 ਅਗਸਤ ਨੂੰ ਪਿੰਡ ਬੀਹੜਾਂ ਤੋਂ ਮੋਟਰ ਸਾਈਕਲ ਸਵਾਰ ਇਕ ਔਰਤ ਤੇ ਇਕ ਮਰਦ ਵਲੋਂ ਅਗਵਾ ਕਰ ਲਿਆ ਗਿਆ ਸੀ। ਬੱਚੇ ਦੇ ਮਾਪਿਆਂ ਉਦੇਵੀਰ ਪੁੱਤਰ ਨੇਕ ਰਾਮ ਸਿੰਘ ਵਾਸੀ ਬਗੌਰਾ ਜ਼ਿਲ੍ਹਾ ਵਦਾਈਉ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਬੀਹੜਾਂ ਥਾਣਾ ਮਾਹਿਲਪੁਰ ਦੀ ਸ਼ਿਕਾਇਤ ’ਤੇ ਥਾਣਾ ਮਾਹਿਲਪੁਰ ’ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਐਸ.ਐਸ.ਪੀ ਨੇ ਦੱਸਿਆ ਕਿ ਬੱਚੇ ਦੀ ਭਾਲ ਲਈ ਐਸ.ਆਈ ਬਲਜਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਅੱਜ ਦੋਸ਼ਣ ਜੈਸਮੀਨ ਪਤਨੀ ਦਿਲਾਵਰ ਵਾਸੀ ਸੈਲਾ ਖੁਰਦ ਦੇ ਘਰ ਛਾਪਾ ਮਾਰ ਕੇ ਬੱਚੇ ਨੂੰ ਬਰਾਮਦ ਕਰ ਲਿਆ। ਦੋਸ਼ਣ ਜੈਸਮੀਨ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਆਪਣੇ ਦਿਓਰ ਜੀਤਾ ਪੁੱਤਰ ਸ਼ਿੰਦਾ ਵਾਸੀ ਸੈਲਾ ਖੁਰਦ ਨਾਲ ਮਿਲ ਕੇ ਇਹ ਬੱਚਾ ਅਗਵਾ ਕੀਤਾ ਸੀ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਦੂਜੇ ਦੋਸ਼ੀ ਜੀਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਘਟਨਾ ’ਚ ਵਰਤਿਆ ਗਿਆ ਮੋਟਰ ਸਾਈਕਲ (ਪੀ.ਬੀ-07-ਏ.ਜੀ-2386) ਬਰਾਮਦ ਕਰ ਲਿਆ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਨ੍ਹਾਂ ਕੋਲੋਂ ਘਟਨਾ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।