ਖੱਟਰ ਸਰਕਾਰ ’ਤੇ ਲੋਕਾਂ ਦੀ ਆਵਾਜ਼ ਦਬਾਉਣ ਦਾ ਦੋਸ਼
ਨਿੱਜੀ ਪੱਤਰ ਪ੍ਰੇਰਕ
ਸਿਰਸਾ, 8 ਜੂਨ
ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਹਰਿਆਣਾ ‘ਚ ਸ਼ੁਰੂ ਕੀਤੀ ਗਈ ਪਰਿਵਰਤਨ ਪਦ-ਯਾਤਰਾ ਅੱਜ ਸਿਰਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪੁੱਜੀ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਤੇ ਏਲਨਾਬਾਦ ਹਲਕੇ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਜਦੋਂ ਸਰਕਾਰ ਨੇ ਜਿਣਸ ਐੱਮਐੱਸਪੀ ‘ਤੇ ਖਰੀਦਣੀ ਹੀ ਨਹੀਂ ਤਾਂ ਕਾਂਗਜ਼ਾਂ ‘ਚ ਐੱਮਐੱਸਪੀ ਵਧਾਉਣ ਕੋਈ ਫਾਇਦਾ ਨਹੀਂ।ਉਨ੍ਹਾਂ ਕਿਹਾ ਿਕ ਐੱਮਐੱਸਪੀ ਵਧਾਉਣ ਦੀ ਐਲਾਨ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਹੈ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਜੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਮਾਂ-ਪਿਓ ਆਪਣੀਆਂ ਲੜਕੀਆਂ ਨੂੰ ਖੇਡਣ ਤੋਂ ਵਰਜ ਦੇਣਗੇ। ਯਾਤਰਾ ਦੇ 98ਵੇਂ ਦਿਨ ਸਿਰਸਾ ਦੇ ਪਿੰਡ ਨਾਥੂਸਰੀ ਕਲਾਂ, ਨਾਥੂਸਰੀ ਚੌਪਟਾ ਆਦਿ ਪਿੰਡਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਗੱਠਜੋੜ ਦੀ ਸਰਕਾਰ ਜਨਤਾ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ‘ਚ ਇਨੈਲੋ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।