For the best experience, open
https://m.punjabitribuneonline.com
on your mobile browser.
Advertisement

ਕਬਾੜੀਆ

06:18 AM Feb 01, 2024 IST
ਕਬਾੜੀਆ
Advertisement

ਸਰਦਾਰਾ ਸਿੰਘ ਚੀਮਾ

Advertisement

ਚੰਡੀਗੜ੍ਹ ਦੇ ਸੈਕਟਰ 43 ਵਿੱਚ ਬੱਸ ਅੱਡਾ ਹੀ ਨਹੀਂ, ਭਾਅ ਜੀ ਗੁਰਸ਼ਰਨ ਸਿੰਘ ਦਾ ਘਰ ਵੀ ਸੀ। ਘਰ ਪਹਿਲਾਂ ਬਣਿਆ ਤੇ ਬੱਸ ਅੱਡਾ ਬਾਅਦ ਵਿੱਚ। ਜੇ ਕੋਈ ਰਾਹ ਪੁੱਛਦਾ ਤਾਂ ਕਹਿਣਾ ਪੈਂਦਾ ਕਿ ਭਾਅ ਜੀ ਦੇ ਘਰ ਤੋਂ ਖੱਬੇ ਮੁੜ ਕੇ ਅੱਗੇ ਬੱਸ ਅੱਡਾ ਹੈ।
ਅਤਿਵਾਦ ਦੇ ਦੌਰ ਦੌਰਾਨ ਮਜਬੂਰੀ ਵੱਸ ਉਨ੍ਹਾਂ ਨੂੰ ਆਪਣਾ ਅੰਮ੍ਰਿਤਸਰ ਵਾਲਾ ਜੱਦੀ ਘਰ ਛੱਡ ਕੇ ਚੰਡੀਗੜ੍ਹ ਆਉਣਾ ਪਿਆ। ਇਸ ਨੂੰ ਉਨ੍ਹਾਂ ਆਸ਼ਰਮ ਬਣਾਉਣਾ ਚਾਹਿਆ ਸੀ। ਇੱਥੇ ਉਨ੍ਹਾਂ ਆਪਣੀ ਜਿ਼ੰਦਗੀ ਦੇ ਆਖਿ਼ਰੀ ਦੋ ਦਹਾਕੇ ਬਿਤਾਏ। ਇੱਥੋਂ ਹੀ ਸਾਡੇ ਲੋਕਪੱਖੀ ਰੰਗਕਰਮੀ ਅਤੇ ਮਹਬਿੂਬ ਨਾਇਕ ਦੀ ਅੰਤਿਮ ਯਾਤਰਾ ਨਿਕਲੀ; ‘ਗੁਰਸ਼ਰਨ ਸਿੰਘ ਅਮਰ ਰਹੇ’ ਦੇ ਨਾਅਰੇ ਲੱਗੇ। ਸੈਂਕੜੇ ਲੋਕਾਂ ਨੇ ਛਲਕਦੀਆਂ ਅੱਖਾਂ ਨਾਲ ਉਨ੍ਹਾਂ ਨੂੰ ਆਖਿ਼ਰੀ ਅਲਵਿਦਾ ਕਹੀ- ਹਾਏ ਓਏ ਸਾਡਿਆ ਮਹਿਰਮਾ... ਸਾਨੂੰ ਛੱਡ ਕੇ ਕਿੱਥੇ ਤੁਰ ਚੱਲਿਆਂ...।
ਇੱਥੇ ਹੀ ਉਨ੍ਹਾਂ ਨੇ ਕਈ ਰਿਹਰਸਲਾਂ, ਮੁਲਾਕਾਤਾਂ ਅਤੇ ਵਿਉਂਤਬੰਦੀਆਂ ਕੀਤੀਆਂ। ਅਸੀਂ ਉਨ੍ਹਾਂ ਦੀ ਭਾਵੁਕਤਾ ਦੇ ਹੰਝੂ ਵਗਦੇ ਦੇਖੇ। ਇਹ ਗਰਜ ਵੀ ਸੁਣੀ ਕਿ ਜੇ ਨਾਟਕ ਵਿੱਚ ਸਮਾਜ ਦਾ ਕੋਈ ਮਸਲਾ ਹੀ ਨਹੀਂ ਚੁੱਕਣਾ ਤਾਂ ਫਿਰ ਨਾਟਕ ਕਰਨਾ ਕਾਹਦੇ ਲਈ ਹੈ। ਜੇਕਰ ਭਾਖੜਾ ਡੈਮ ਦਾ ਬੰਨ੍ਹ ਮਾਰ ਕੇ ਪਾਣੀ ਦਾ ਮੁਹਾਣ ਮੋੜਿਆ ਜਾ ਸਕਦਾ ਹੈ ਤਾਂ ਇਹ ਸਮਾਜ ਵੀ ਬਦਲਿਆ ਜਾ ਸਕਦਾ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕੀ ਜਾ ਸਕਦੀ ਹੈ। ਬਰਾਬਰੀ ਤੇ ਇਨਸਾਫ਼ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।
ਇੱਥੇ ਹੀ ਸਾਹਿਤ ਚਿੰਤਨ ਦੀ ਨੀਂਹ ਰੱਖੀ ਗਈ। ਇੱਥੇ ਹੀ ਉਨ੍ਹਾਂ ਜੱਫੀ ’ਚ ਘੁੱਟ ਕੇ ਕਿਹਾ ਕਿ ਸਾਹਿਤ ਚਿੰਤਨ ਨੂੰ ਮਰਨ ਨਾ ਦੇਣਾ। ਬੀਬੀ ਕੈਲਾਸ਼ ਕੌਰ ਤੋਂ ਸਿਵਾਇ ਕੇਵਲ ਮੈਨੂੰ ਹੀ ਸਿੱਧੇ ਉਨ੍ਹਾਂ ਦੇ ਸੌਣ ਵਾਲੇ ਕਮਰੇ ਵਿੱਚ ਜਾਣ ਦੀ ਆਗਿਆ ਸੀ। ਦੂਜੀ ਆਗਿਆ ਉਨ੍ਹਾਂ ਦੇ ਨੌਕਰ ਨਵੀਨ ਨੂੰ ਸੀ।
ਹੁਣ ਇਹ ਘਰ ਉਨ੍ਹਾਂ ਦੀਆਂ ਧੀਆਂ ਨੂੰ ਵੇਚਣਾ ਪਿਆ ਹੈ। ਅੰਮ੍ਰਿਤਸਰ ਵਿਰਾਸਤੀ ਘਰ ਦੀ ਸੰਭਾਲ ਖ਼ਾਤਿਰ ਇਹ ਅੱਕ ਚੱਬਣਾ ਹੀ ਪੈਣਾ ਸੀ। ਭਾਅ ਜੀ ਜਿਊਂਦੇ ਹੁੰਦੇ ਤਾਂ ਉਨ੍ਹਾਂ ਇਸ ਫ਼ੈਸਲੇ ਨੂੰ ਸਹੀ ਕਹਿਣਾ ਸੀ। ਪੂੰਜੀਵਾਦੀ ਦੌਰ ਵਿੱਚ ਘਰ ਅਤੇ ਜ਼ਮੀਨ ਬੰਦੇ ਦੀ ਮਾਂ ਨਹੀਂ ਰਹੇ, ਇਹ ਆਰਥਿਕ ਪੱਧਤੀ ਬਣ ਗਏ ਹਨ। ਇਕੱਤੀ ਦਸੰਬਰ ਨੂੰ ਜਦੋਂ ਲੋਕ ਨਵੇਂ ਸਾਲ ਦੇ ਜਸ਼ਨਾਂ ਵਿੱਚ ਡੁੱਬੇ ਹੋਏ ਸਨ ਤਾਂ ਮੇਰਾ ਦਿਲ ਡੁੱਬ ਰਿਹਾ ਸੀ। ਇਸ ਦਿਨ ਭਾਅ ਜੀ ਦਾ ਆਖਿ਼ਰੀ ਆਸਣ ਵੀ ਸਾਂਭ ਦਿੱਤਾ ਜਾਣਾ ਸੀ। ਉਨ੍ਹਾਂ ਦੀ ਧੀ ਡਾ. ਅਰੀਤ ਕੌਰ ਦਾ ਫੋਨ ਆਇਆ ਕਿ ਅੱਜ ਉਥੋਂ ਸਮਾਨ ਚੁੱਕਣਾ ਹੈ।... ਮੈਂ ਭਾਅ ਜੀ ਦਾ ਦੂਜਾ ਜਨਾਜ਼ਾ ਨਹੀਂ ਸੀ ਦੇਖ ਸਕਦਾ।
ਨੌਂ ਜਨਵਰੀ ਨੂੰ ਮਕਾਨ ਨੰਬਰ 1245 ਦੀ ਰਜਿਸਟਰੀ ਉਪਰ ਵਾਲੇ ਬੰਗਾਲੀ ਪਰਿਵਾਰ ਦੇ ਨਾਮ ਹੋ ਗਈ। ਇਹ ਪੰਜਾਬ ਅਤੇ ਬੰਗਾਲ ਦੀ ਸਾਂਝ ਹੀ ਸਮਝੋ। ਹੁਣ ਉਹ ਇਸ ਘਰ ਨੂੰ ਆਪ ਵਰਤਣਗੇ ਜਾਂ ਅੱਗੇ ਵੇਚਦੇ ਹਨ, ਪਤਾ ਨਹੀਂ। ਕੁਝ ਹਫ਼ਤੇ ਪਹਿਲਾਂ ਮੈਂ ਆਪਣੇ ਠੇਕੇਦਾਰ ਪਰਵੇਜ਼ ਅਲੀ ਤੋਂ ਇਸ ਦਾ ਰੰਗ-ਰੋਗਨ ਕਰਵਾਇਆ ਸੀ। ਗਿਆਰਾਂ ਜਨਵਰੀ ਨੂੰ ਠੰਢ ’ਚ ਠਰਦਾ ਬਿਜਲੀ ਪਾਣੀ ਦਾ ਬਿੱਲ ਤਾਰਨ ਲਈ ਸੈਕਟਰ 43 ਦੇ ਸੰਪਰਕ ਸੈਂਟਰ ਗਿਆ। ਮੱਲੋਮੱਲੀ ਸਕੂਟਰ ਭਾਅ ਜੀ ਦੇ ਘਰ ਵੱਲ ਮੁੜ ਗਿਆ। ਖੁੱਲ੍ਹੇ ਘਰ ਅੰਦਰ ਦੋ ਜਣੇ ਬਿਜਲੀ ਵਾਲੇ ਪੱਖੇ, ਟਿਊਬਾਂ ਤੇ ਹੋਰ ਸਾਜ਼ੋ-ਸਮਾਨ ਉਤਾਰ ਰਹੇ ਸਨ।
ਮੈਂ ਬਿਗਾਨਿਆਂ ਵਾਂਗ ਹੌਲੀ ਦੇਣੇ ਘਰ ਅੰਦਰ ਦਾਖ਼ਲ ਹੋ ਗਿਆ। ਕਮਲਿਆਂ ਵਾਂਗ ਸਾਰੇ ਖਾਲੀ ਕਮਰਿਆਂ ਵਿੱਚ ਘੁੰਮਿਆ। ਮਾਮੂਲੀ ਜਿਹੀ ਜਾਣ-ਪਛਾਣ ਕਰਵਾਈ। ਚਾਬੀ ਅਜੇ ਨਵੇਂ ਮਾਲਕਾਂ ਨੂੰ ਸੌਂਪੀ ਜਾਣੀ ਸੀ।
ਨੌਕਰ ਵਾਲੇ ਕਮਰੇ ਵਿੱਚ ਕੁਝ ਸਮਾਨ ਖਿੱਲਰਿਆ ਦੇਖਿਆ। ਆਗਿਆ ਲੈ ਕੇ ਬੋਰੀਆਂ ਵਿੱਚ ਭਰ ਲਿਆ। ਇਸ ਨੂੰ ਚੁੱਕਣ ਦੀ ਵੀ ਫੋਨ ਉਪਰ ਇਜਾਜ਼ਤ ਲੈ ਲਈ। ਆਟੋ ਉੱਤੇ ਲੱਦ ਕੇ ਮੈਂ ਇਹ ਸਮਾਨ ਆਪਣੇ ਘਰ ਅੰਦਰ ਲਿਆ ਢੇਰੀ ਕੀਤਾ।
ਰਾਤੀਂ ਰੋਟੀ ਨਾ ਖਾਧੀ, ਨਾ ਸੌਂ ਸਕਿਆ। ਰਜ਼ਾਈ ਅੰਦਰ ਮੂੰਹ ਦੇ ਕੇ ਪੈ ਗਿਆ। ਅੱਖਾਂ ਵਿੱਚੋਂ ਪਾਣੀ ਸਿੰਮ ਆਇਆ। ਵੀਹ ਸਾਲ ਭਾਅ ਜੀ ਨਾਲ ਕੰਮ ਕਰਦਿਆਂ ਵੀ ਮੇਰੇ ਕੋਲ ਉਨ੍ਹਾਂ ਦੀ ਕੋਈ ਨਿਸ਼ਾਨੀ ਨਹੀਂ ਸੀ। ਇਹ ਨਿਸ਼ਾਨੀਆਂ ਮੇਰੇ ਲਈ ਅਨਮੋਲ ਤੇ ਬੇਸ਼ਕੀਮਤੀ ਖ਼ਜ਼ਾਨਾ ਹਨ।
ਜੇ ਮੈਂ ਇਹ ਕੰਮ ਨਾ ਕਰਦਾ ਤਾਂ ਇਸ ਸਮਾਨ ਨੂੰ ਕੋਈ ਕਬਾੜੀ ਲੈ ਜਾਂਦਾ। ਉਸ ਦੇ ਸਾਈਕਲ ਦਾ ਸਟੈਂਡ ਨਹੀਂ ਹੁੰਦਾ। ਉਹ ਡੰਡਾ ਜਿਹਾ ਪਾ ਕੇ ਸਾਈਕਲ ਨੂੰ ਟੇਢਾ ਖੜ੍ਹਾ ਕਰਦਾ ਹੈ। ਇੱਕ ਪਾਸੇ ਤੱਕੜੀ ਵੱਟੇ ਤੇ ਦੂਜੇ ਪਾਸੇ ਰੱਦੀ ਲੱਦ ਲੈਂਦਾ ਹੈ। ਉਪਰੋਂ ਟਿਊਬ ਬੰਨ੍ਹ ਕੇ ਪੈਡਲ ਮਾਰਦਾ ਅਹੁ ਤੁਰ ਜਾਂਦਾ ਹੈ।
ਘਰਵਾਲੀ ਮੈਨੂੰ ਕਬਾੜੀਆ ਕਹਿੰਦੀ ਰਹਿੰਦੀ ਹੈ। ਕਬਾੜੀਆ ਕੋਈ ਮਾੜਾ ਬੰਦਾ ਨਹੀਂ ਹੁੰਦਾ। ਸੋਚੋ ਜੇ ਸ਼ਹਿਰ ’ਚ ਕਬਾੜੀਏ ਨਾ ਹੋਣ ਤਾਂ ਕੀ ਹਾਲ ਹੋਵੇ। ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ। ਨਾਲੇ ਇਉਂ ਆਖੀਆਂ ਗੱਲਾਂ ਦਾ ਗੁੱਸਾ ਥੋੜ੍ਹਾ ਕਰੀਦਾ! ਇਉਂ ਤਾਂ ਬੰਦਾ ਜੀਅ ਹੀ ਨਹੀਂ ਸਕਦਾ। ਮੈਂ ਢਿੱਡੋਂ ਖ਼ੁਸ਼ ਹਾਂ ਕਿ ਉਸ ਨੇ ਮੇਰੀ ਠੀਕ ਪਛਾਣ ਕੀਤੀ ਹੈ, ਭਾਵੇਂ ਦੇਰ ਨਾਲ ਹੀ ਸਹੀ। ਵਿਆਹ ਤੋਂ ਪਹਿਲਾਂ ਉਹ ਮੈਨੂੰ ਕਾਫ਼ੀ ਸਿਆਣਾ ਅਤੇ ਅਮੀਰ ਬੰਦਾ ਸਮਝਦੀ ਸੀ। ਹੁਣ ਉਸ ਦੇ ਸਾਰੇ ਭੁਲੇਖੇ ਦੂਰ ਹੋ ਗਏ ਹਨ। ਉਸ ਨੂੰ ਕੀ ਪਤਾ, ਡੱਡਾਂ ਕਦੋਂ ਪਾਣੀ ਪੀਂਦੀਆਂ।
ਸੰਪਰਕ: 98727-89128

Advertisement

Advertisement
Author Image

joginder kumar

View all posts

Advertisement