ਬਚਪਨ ਦੀਆਂ ਮੌਜਾਂ
ਪ੍ਰੋ. ਨਵ ਸੰਗੀਤ ਸਿੰਘ
ਬਚਪਨ ਹੁੰਦਾ ਮਸਤੀ ਵਾਲਾ, ਕੀ ਬਚਪਨ ਦਾ ਕਹਿਣਾ।
ਜੋ ਚਾਹੁੰਦੇ ਹਾਂ ਖਾਂਦੇ ਪੀਂਦੇ, ਮਨਮਰਜ਼ੀ ਨਾਲ ਰਹਿਣਾ।
ਬਚਪਨ ਦੇ ਵਿੱਚ ਸਭ ਨੂੰ ਹੈ, ਹਰ ਕੋਈ ਪਿਆਰ ਕਰੇਂਦਾ।
ਜੋ ਕੋਈ ਵੀ ਚੀਜ਼ ਹਾਂ ਮੰਗਦੇ, ਝੱਟ ਹਾਜ਼ਰ ਕਰ ਦੇਂਦਾ।
ਖੇਡਣ-ਮੱਲਣ ਦੀ ਉਮਰ ਹੈ ਹੁੰਦੀ, ਨਾ ਕੋਈ ਚਿੰਤਾ ਝੋਰਾ।
ਕਿੱਦਾਂ ਘਰ ਦੇ ਕਰਨ ਕਮਾਈ, ਫ਼ਿਕਰ ਨਾ ਹੋਵੇ ਭੋਰਾ।
ਜੇ ਕੋਈ ਸਾਡੀ ਗੱਲ ਨਾ ਮੰਨੇ, ਝੱਟ ਅਸੀਂ ਰੁੱਸ ਜਾਈਏ।
ਦੂਜੇ ਦੀ ਨਾ ਸੁਣੀਏ, ਕੇਵਲ ਆਪਣੀ ਜ਼ਿੱਦ ਪੁਗਾਈਏ।
ਵੱਡੇ ਹੋ ਕੇ ਹਰ ਇੱਕ ਦੇ ਸਿਰ, ਪੈਂਦੀ ਜ਼ਿੰਮੇਵਾਰੀ।
ਨੇਮਬੱਧ ਹੋ ਜਾਵੇ ਜੀਵਨ, ਭੁੱਲਦੀ ਮਸਤੀ ਸਾਰੀ।
ਦਿਨ ਉਹ ਬਚਪਨ ਵਾਲੇ ਲੋਕੋ, ਕਿੰਨੇ ਹੋਣ ਸੁਹਾਣੇ।
ਦੁੱਧ ਦਹੀਂ ਮੱਖਣ ਚੱਟ ਜਾਂਦੇ, ਭਾਂਤ-ਭਾਂਤ ਦੇ ਖਾਣੇ।
ਬਚਪਨ ਦਾ ਉਹ ਵੇਲਾ ਮਿੱਤਰੋ, ਮੁੜ ਕੇ ਫੇਰ ਨਾ ਆਵੇ।
ਕਰ-ਕਰ ਯਾਦ ਓਸ ਸਮੇਂ ਨੂੰ, ਸਭ ਦਾ ਮਨ ਭਰ ਆਵੇ।
ਸੰਪਰਕ: 94176-92015
* * *
ਬੰਦਾ ਮੈਨੂੰ ਪਸੰਦ ਨਹੀਂ
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਜੋ ਕਹਿਣਾ ਤੁਸਾਂ ਕਹਿ ਹੀ ਲੈਣਾ
ਇਸ ਨਾਲ ਕੋਈ ਫ਼ਰਕ ਨਾ ਪੈਣਾ
ਮੈਨੂੰ ਰਤਾ ਵੀ ਤੁਹਾਡੇ ਨਾਲ ਰੰਜ ਨਹੀਂ
ਫਿਰ ਵੀ ਆਖੇ ਕਿ ਬੰਦਾ ਮੈਨੂੰ ਪਸੰਦ ਨਹੀਂ।
ਉਸ ਨੂੰ ਮੈਂ ਕੁਝ ਵੀ ਕਹਿ ਸਕਦਾ
ਕੋਲ ਵੀ ਉਸ ਦੇ ਮੈਂ ਬਹਿ ਸਕਦਾ
ਮੈਨੂੰ ਕਰਦਾ ਕਦੇ ਵੀ ਤੰਗ ਨਹੀਂ
ਫਿਰ ਵੀ ਆਖੇ ਕਿ ਬੰਦਾ ਮੈਨੂੰ ਪਸੰਦ ਨਹੀਂ।
ਉਹ ਕਰੇ ਮੁਸ਼ੱਕਤ ਨਾ ਪਿਆ ਕੁਰਾਹੇ
ਅੰਬਰਾਂ ਨੂੰ ਟਾਕੀ ਲਾਉਣਾ ਚਾਹੇ
ਉਂਜ ਕਰਦਾ ਕਦੇ ਘਮੰਡ ਨਹੀਂ
ਫਿਰ ਵੀ ਆਖੇ ਕਿ ਬੰਦਾ ਮੈਨੂੰ ਪਸੰਦ ਨਹੀਂ।
ਹਰ ਕੰਮ ਨੂੰ ਕਰੇ ਖ਼ੂਬ ਜਚਾ ਕੇ
ਜੁਗਾੜ ਦੇ ਨਾਲ ਤਕਨੀਕ ਜਿਹੀ ਲਾ ਕੇ
ਹੌਸਲਾ ਦਿੰਦਾ, ਕੋਈ ਔਖਾ ਕੰਮ ਨਹੀਂ
ਫਿਰ ਵੀ ਆਖੇ ਕਿ ਬੰਦਾ ਮੈਨੂੰ ਪਸੰਦ ਨਹੀਂ।
‘ਧਾਲੀਵਾਲ’ ਇਹ ਦੁਨੀਆ ਰੰਗ-ਬਿਰੰਗੀ
ਭਾਵੇਂ ਕੁਝ ਮਾੜੀ, ਪਰ ਬਹੁਤੀ ਚੰਗੀ
ਸਬਰ ਤੇ ਭਾਣੇ ਵਰਗਾ ਕੋਈ ਰੰਗ ਨਹੀਂ
ਫਿਰ ਕਿਉਂ ਆਖੇ ਕਿ ਬੰਦਾ ਮੈਨੂੰ ਪਸੰਦ ਨਹੀਂ।
ਸੰਪਰਕ: 78374-90309
* * *
ਗ਼ਜ਼ਲ
ਪ੍ਰੋ. ਮਹਿੰਦਰ ਪਾਲ ਸਿੰਘ ਘੁਡਾਣੀ
ਹਨੇਰੇ ਦੀ ਵੀ ਕੀ ਹੋਵੇਗੀ ਮਜਾਲ,
ਕਿ ਫਿੱਕਾ ਕਰ ਦੇਵੇ ਤੇਰਾ ਜਲਾਲ।
ਹੁਣ ਕਿੱਦਾਂ ਜੀਅ ਰਿਹਾ ਹੈ ਮੇਰੇ ਬਗੈਰ
ਕਿਉਂ ਪੁੱਛ ਰਿਹਾ ਹੈਂ ਮੇਰਾ ਤੂੰ ਹਾਲ।
ਬੱਕਰੇ ਦੀ ਮਾਂ ਕਦ ਤੱਕ ਮਨਾਏਗੀ ਸੁੱਖ
ਇੱਕ ਦਿਨ ਹੋਣਾ ਪੈਣਾ ਹੈ ਹਲਾਲ।
ਵਫ਼ਾ ’ਚ ਪਰੋ ਕੇ ਪਾਇਆ ਸੀ ਜੋ ਹਾਰ
ਵਾਰੀ ਵਾਰੀ ਕਿਉਂ ਪੁੱਛਦਾ ਉਸਦਾ ਹਾਲ।
ਹੱਥ ਵਿੱਚ ਖੰਜਰ ਛੁਰੀ ਨਾ ਚਾਕੂ
ਸਮਝ ਨਹੀਂ ਆਉਂਦੀ ਕਿਵੇਂ ਕਰਦਾ ਹਲਾਲ।
ਕਿਸ ਕਰਕੇ ਤੇਰੇ ਨਾਲ ਕਰਦੇ ਨੇ ਦੋਸਤੀ
ਜੋ ਵੀ ਹੈ ਤੂੰ ਹੈਂ ਬੜਾ ਕਮਾਲ।
ਸੰਪਰਕ: 98147-39531
* * *
ਰੁੱਖ ਲਗਾਓ ਡਟ ਕੇ
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਛੱਪੜ ਦੇ ਵਿੱਚ ਸੁੱਟ ਕੇ ਆਰੀਆਂ ਅਤੇ ਕੁਹਾੜੀਆਂ ਨੂੰ।
ਭਰੀਏ ਫੁੱਲਾਂ ਫ਼ਲਾਂ ਦੇ ਬੂਟਿਆਂ ਨਾਲ ਕਿਆਰੀਆਂ ਨੂੰ।
ਅੰਬ ਟਾਹਲੀ ਕਿੱਕਰ ਨਿੰਮ ਜਾਮਣ ਲਾਈਏ ਹਰ ਥਾਂ ’ਤੇ।
ਲੋੜ ਬਹੁਤ ਬੂਟਿਆਂ ਨੂੰ ਪਾਣੀ ਪਾਈਏ ਹਰ ਥਾਂ ’ਤੇ।
ਐ ਵੀਰੋ ਐ ਭੈਣੋਂ ਰੋਕੋ ਧਰਤੀ ਗ਼ਰਕਣ ਤੋਂ।
ਆਪਣੇ ਹੀ ਪੈਰਾਂ ਦੇ ਹੇਠੋਂ ਮਿੱਟੀ ਸਰਕਣ ਤੋਂ।
ਕਰੋ ਕੋਈ ਇਲਾਜ ਵਧ ਰਹੀ ਗਰਮੀ ਦਾ ਲੋਕੋ।
ਰੁੱਖ ਪੁੱਟਣ ਰੁੱਖ ਕੱਟਣ ਵਾਲੀ ਬੇਸ਼ਰਮੀ ਦਾ ਲੋਕੋ।
ਆਪਣੇ ਪੈਰਾਂ ਉੱਤੇ ਆਪ ਕੁਹਾੜੀ ਮਾਰੋ ਨਾ।
ਰੁੱਖ ਲਗਾਓ ਡਟ ਕੇ ਦੂਜੀ ਗੱਲ ਵਿਚਾਰੋ ਨਾ।
ਆਕਸੀਜਨ ਇਸ ਕੁਦਰਤੀ ਬਿਨ ਜੀਵਨ ਰੁਕ ਜਾਣਾ।
ਪਤਾ ਨਹੀਂ ਸਾਹ ਕਿਹੜੇ ਵੇਲ਼ੇ ਕਿੱਥੇ ਮੁੱਕ ਜਾਣਾ।
ਰੱਬ ਦੀ ਪ੍ਰਕਿਰਤੀ ਤੇ ਪਾਣੀ ਰੁੱਖ ਬਚਾ ਲਓ ਬਈ।
ਕਰਕੇ ਨੇਕ ਕਮਾਈਆਂ ਦਰਗਾਹ ਸ਼ੋਭਾ ਪਾ ਲਓ ਬਈ।
ਕਰ ਲਓ ਆਪਣੇ ਤੇ ਹੋਰਾਂ ਲਈ ਕੰਮ ਭਲਾਈ ਦਾ।
ਲੱਖਿਆ ਨੇਕੀ ਦੇ ਕੰਮਾਂ ’ਤੇ ਅਮਲ ਕਮਾਈ ਦਾ।
ਸੰਪਰਕ: 98552-27530
* * *
ਤੁਸੀਂ ਜੋ ਮਰਜ਼ੀ ਸਮਝੋ
ਪੋਰਿੰਦਰ ਸਿੰਗਲਾ
ਤੁਸੀਂ ਬਸ ਸਿਮਰਨ ਕਰੋ, ਮੈਂ ਵਪਾਰ ਕਰਦਾਂ,
ਰੱਬ ਵੇਚਦਾਂ, ਧਰਮ ਦਾ ਕਾਰੋਬਾਰ ਕਰਦਾਂ।
ਤੁਸੀਂ ਆਉਂਦੇ ਰਹੋ ਡੇਰੇ, ਸੇਵਾ ਕਰਦੇ ਰਹੋ,
ਤੁਹਾਡੀ ਕਿਰਤ ਨਾਲ ਖ਼ੁਦ ਨੂੰ ਮਾਲਾਮਾਲ ਕਰਦਾਂ।
ਮੇਰਾ ਤਾਂ ਸਿੱਕਾ ਸੀ, ਚਲਦਾ ਚਲਦਾ ਚੱਲ ਗਿਆ,
ਹੁਣ ਤਾਂ ਸਿਰਫ਼ ਮੈਂ ਸਿਆਸਤ ਤੇ ਵਪਾਰ ਕਰਦਾਂ।
ਭਲਿਓ ਲੋਕੋ ਬੰਦਾ ਹੀ ਹਾਂ ਮੈਂ, ਤੁਸੀਂ ਜੋ ਮਰਜ਼ੀ ਸਮਝੋ,
ਵਿਭਚਾਰ ਵੀ ਜੇ ਕਰਦਾਂ ਤਾਂ, ਕੀ ਨਵੀਂ ਕਾਰ ਕਰਦਾਂ।
ਜਦ ਤਕ ਤੁਸੀਂ ਲੋਕ ਖੜ੍ਹੇ ਹੋ ਮੇਰੀ ਢਾਲ ਬਣ ਕੇ,
ਗ਼ਲਤੀਆਂ ਕਰਕੇ ਵੀ ਮੰਨਣ ਤੋਂ ਇਨਕਾਰ ਕਰਦਾਂ॥
ਸੰਪਰਕ: 95010-00276
* * *
ਸਾਡੇ ਘਰ ਵਿੱਚ...
ਲਖਵੀਰ ਸਿੰਘ
ਪਿੰਡਾਂ ਵਾਲਿਓ ਸ਼ਹਿਰਾਂ ਵਾਲਿਓ
ਰੇਤਲੇ ਟਿੱਬੇ, ਨਹਿਰਾਂ ਵਾਲਿਓ
ਸਾਡੀ ਫਰਦ ਤੇ ਵਕਤ ਹੈ ਕਿੱਥੇ?
ਦੱਸਦੋ ਅੱਠੇ ਪਹਿਰਾਂ ਵਾਲਿਓ।
ਚੇਤ ਤੋਂ ਬਾਅਦ ਵਿਸਾਖੀ ਆਉਂਦੀ
ਪੂਰੇ ਸੀਜ਼ਨ ਤਿਉਹਾਰ ਲਿਆਉਂਦੀ
ਪੀਪਿਆਂ ’ਚੋਂ ਆਟਾ ਮੁੱਕ ਜਾਂਦਾ
ਮਾਂ ਨਵੀਂ ਕਣਕ ਲਈ ਵਾਸਤੇ ਪਾਉਂਦੀ।
ਜੇਠ ਹਾੜ੍ਹ ਵਿੱਚ ਤਪਦੇ ਸੀਨੇ
ਕੱਕੀ ਰੇਤ ’ਚ ਦੋਏ ਮਹੀਨੇ
ਇੱਕ ਇੱਕ ਖੁੱਡ ਅਸੀਂ ਹੱਥੀ ਮਿਣਦੇ
ਫਿਰ ਵੀ ਕਾਹਤੋਂ ਬੇਜ਼ਮੀਨੇ??
ਸਾਉਣ ਤੇ ਭਾਦੋਂ ਜਦ ਵੀ ਆਉਂਦੇ
ਤਿਪ ਤਿਪ ਕਰਕੇ ਘਰ ਨੇ ਚੋਂਦੇ
ਹਰ ਵਰ੍ਹੇ ਨਿਆਣੇ ਇਹੋ ਪੁੱਛਦੇ
ਆਪਾਂ ਕਿਉਂ ਨਵਾਂ ਘਰ ਨ੍ਹੀਂ ਪਾਉਂਦੇ??
ਅੱਸੂ ਤੇ ਉਵੇਂ ਹੀ ਕੱਤਾ
ਪੱਤਝੜ ਵਿੱਚ ਜਿਵੇਂ ਸੁੱਕਿਆ ਪੱਤਾ
ਅਸਲ ਸ਼ਹਿਦ ਹੋਰ ਹੀ ਚੋਅ ਲੈਂਦੇ
ਸਾਡੇ ਪੱਲੇ ਖਾਲੀ ਛੱਤਾ।
ਮੱਘਰ ਤੇ ਜੋ ਪੋਹ ਦਾ ਪਾਲ਼ਾ
ਸਾਨੂੰ ਵੀ ਤੇ ਲੱਗਦਾ ਬਾਹਲਾ
ਮਾਲਕ ਨੇ ਜੋ ਨਿੱਘ ’ਚ ਸੌਂਦੇ
ਪਰ ਕਿਰਤੀ ਨਾਲ ਘਾਲਾ ਮਾਲਾ।
ਆਖ਼ਰੀ ਦੇ ਦਿਨ ਮਾਘ ਤੇ ਫੱਗਣ
ਥਾਂ ਥਾਂ ’ਤੇ ਬੜੇ ਮੇਲੇ ਲੱਗਣ
ਪਰ ਖ਼ੁਸ਼ੀਆਂ ਦੀਆਂ ਜੋਤਾਂ, ਦੀਵੇ
ਸਾਡੇ ਘਰ ਵਿੱਚ ਕਦੇ ਨਾ ਜਗਣ
ਪਰ ਖ਼ੁਸ਼ੀਆਂ ਦੀਆਂ ਜੋਤਾਂ, ਦੀਵੇ
ਸਾਡੇ ਘਰ ਵਿੱਚ ਕਦੇ ਨਾ ਜਗਣ
ਸੰਪਰਕ: 98552-19070
* * *
ਗ਼ਜ਼ਲ
ਗੁਰਵਿੰਦਰ ਗੋਸਲ
ਬਿਨਾਂ ਮਰਨ ਤੋਂ ਹੋਰ ਚਾਰਾ ਨਾ ਹੁੰਦਾ।
ਜੇ ਦਿੱਤਾ ਤੂੰ ਮੈਨੂੰ ਸਹਾਰਾ ਨਾ ਹੁੰਦਾ।
ਤੇਰੀ ਯਾਦ ਹਰ ਪਲ ਸਤਾਉਂਦੀ ਹੈ ਮੈਨੂੰ,
ਤੇਰੇ ਬਾਝ ਹੁਣ ਤਾਂ ਗੁਜ਼ਾਰਾ ਨਾ ਹੁੰਦਾ।
ਹਨੇਰੇ ’ਚ ਘਿਰਿਆ ਹੀ ਰਹਿੰਦਾ ਸਦਾ ਮੈਂ,
ਜੇ ਸੂਰਜ ਤੇਰੇ ਦਾ ਇਸ਼ਾਰਾ ਨਾ ਹੁੰਦਾ।
ਹਮੇਸ਼ਾ ਲਈ ਛੱਡ ਜਾਂਦਾ ਮੈਂ ਦੁਨੀਆ,
ਤੇਰੇ ਪਿਆਰ ਦਾ ਜੇ ਕਿਨਾਰਾ ਨਾ ਹੁੰਦਾ।
ਤੇਰਾ ਖ਼ਿਆਲ ਮੈਂ ਛੱਡ ਦਿੰਦਾ ਉਸੇ ਪਲ,
ਤੇਰਾ ਵਾਅਦੇ ਵਰਗਾ ਜੇ ਲਾਰਾ ਨਾ ਹੁੰਦਾ।
ਜੇ ਬਣਨੈ ਗ਼ਜ਼ਲਗੋ, ਤਾਂ ਲਿਖ ਬਹਿਰ ਵਿੱਚ ਤੂੰ,
ਵਜ਼ਨ ਬਿਨ ਗ਼ਜ਼ਲ ਦਾ ਨਜ਼ਾਰਾ ਨਾ ਹੁੰਦਾ।
ਨਾ ਤੋੜੀਂ ਭਰੋਸਾ ਕਿਸੇ ਦਾ ਐ ‘ਗੋਸਲ’!
ਇਹ ਮੁੜ ਕੇ ਮਨੁੱਖ ’ਤੇ ਦੁਬਾਰਾ ਨਾ ਹੁੰਦਾ।
ਸੰਪਰਕ: 97796-96042
* * *
ਸੱਚ ਦੇ ਵਣਜਾਰੇ
ਮਨਦੀਪ ਗਿੱਲ ਧੜਾਕ
ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ,
ਚੰਨ ਵਰਗੇ ਨਾ ਸਹੀ, ਪਰ ਤਾਰੇ ਹਾਂ।
ਕਿਸਮਤ ’ਤੇ ਵੀ ਸਾਨੂੰ ਮਾਣ ਨਹੀਂ ,
ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ।
ਡਾਢੇ ਤੋਂ ਅਸੀਂ ਭੋਰਾ ਡਰਦੇ ਨਹੀਂ,
ਨਾ ਕਮਜ਼ੋਰਾਂ ’ਤੇ ਪੈਂਦੇ ਭਾਰੇ ਹਾਂ।
ਨਾ ਜਾਣੇ ਕੀ ਦੋਸ਼ ਹੈ ਇਸ ਜੀਨ ’ਚ,
ਪੰਜਾਬੀ ਹਾਂ ਸਹਿੰਦੇ ਘੱਲੂਘਾਰੇ ਹਾਂ।
ਤਕਦੀਰ ’ਤੇ ਚੱਲੇ ਨਾ ਜ਼ੋਰ ਕੋਈ,
ਹਾਰੇ ਹਾਂ ਆਪਣਿਆਂ ਤੋਂ ਹਾਰੇ ਹਾਂ।
ਸੱਚ ਜਿਊਂਈਏ ਤੇ ਸੱਚ ਹੰਢਾਈਏ,
ਭਾਵੇਂ ਕੱਚੇ ਜੇਹੇ ਹੀ ਢਾਰੇ ਹਾਂ।
ਗੱਲ ਇਸ਼ਕ ਹਕੀਕੀ ਦੀ ਹੀ ਕਰੀਏ,
ਰੱਬ ਦੀ ਰਜ਼ਾ ’ਚ ਰਹਿੰਦੇ ਸਾਰੇ ਹਾਂ।
ਇਸ਼ਕ ਦਾ ਵੀ ਯਾਰੋ ਰੋਗ ਹੰਢਾਈਏ
ਰਾਂਝੇ, ਪੰਨੂ ਤੇ ਮਜਨੂੰ ਸਾਰੇ ਹਾਂ।
ਮਨਦੀਪ ਮਿਲੇ ਤਾਂ ਫਿਰ ਗੱਲ ਕਰੀਏ
ਗਿੱਲ ਤੇਰੇ ਤੋਂ ਸੁਣਦੇ ਲਾਰੇ ਹਾਂ।
ਸੰਪਰਕ: 99881-11134
* * *
ਸਿਆਸਤ ਨੇ ਘੁਣ ਵਾਂਗ...
ਅਜੀਤ ਖੰਨਾ
ਮਨ ਉਦਾਸ ਜਿਹਾ ਰਹਿੰਦੈ
ਵੇਖ ਮੁਲਕ ਦੇ ਹਾਲਾਤ ਨੂੰ
ਮੇਰਾ ਹੌਸਲਾ ਜਿਹਾ ਢਹਿੰਦੈ,
ਸੁਣ ਮੀਡੀਏ ਦੀ ਗੱਲਬਾਤ ਨੂੰ
ਸਿਆਸਤ ਦੀ ਚੰਦਰੀ ਖੇਡ ਨੇ,
ਦੇਸ਼ ਨੂੰ ਘੁਣ ਵਾਂਗ ਖਾ ਲਿਆ
ਦੇਸ਼ ਭਗਤਾਂ ਦੇ ਸੁਪਨਿਆਂ ਨੂੰ,
ਅਸਾਂ ਮਿੱਟੀ ’ਚ ਮਿਲਾ ਲਿਆ
ਜਬਰ ਜਨਾਹ ਕਰਨ ਵਾਲਿਆਂ,
ਸ਼ਰਮ ਹਯਾ ਨੂੰ ਲਾਹ ਲਿਆ
ਇੱਕੀਵੀਂ ਸਦੀ ਦਾ ਮੋੜ ਹੈ,
ਹਰ ਪਾਸੇ ਪੈਸੇ ਦੀ ਹੋੜ ਹੈ
ਡੇਢ ਅਰਬ ਆਬਾਦੀ ਲਈ,
ਕੁੱਲੀ, ਗੁੱਲੀ, ਜੁੱਲੀ ਦੀ ਥੋੜ ਹੈ
ਦੱਸੋ ਕਿਸ ਕੋਲ ਕਰਾਂ ਸ਼ਿਕਵਾ,
ਆਪਣੇ ਦੇਸ਼ ਦੇ ਰਹਿਬਰਾਂ ’ਤੇ
ਧਨ ਦੌਲਤ ਜੋੜਨ ਲਈ,
ਉਨ੍ਹਾਂ ਵੱਲੋਂ ਲਾਈਆਂ ਛਹਿਬਰਾਂ ’ਤੇ
ਕਿਸ ਨੂੰ ਸਰਾਹਾਂ, ਕਿਸ ਨੂੰ ਨਿੰਦਾ,
ਕਲਮ ਨੂੰ ਦੁਚਿੱਤੀ ’ਚ ਪਾ ਲਿਆ
ਸੋਨੇ ਦੀ ਚਿੜੀ ਸੀ ਕਦੇ ਭਾਰਤ
‘ਖੰਨੇ’ ਆਪਣਿਆਂ ਨੇ ਹੀ ਖਾ ਲਿਆ
ਸੰਪਰਕ: 85448-54669
* * *
ਫੁੱਟ
ਸੁਖਦੇਵ ਸਿੰਘ ਭੁੱਲੜ
ਜਿਹੜੇ ਘਰ ਪਰਿਵਾਰ ਵਿੱਚ, ਹੋਵੇ ਚੰਦਰੀ ਫੁੱਟ।
ਉਹ ਕਦੇ ਨਾ ਵੱਸਦਾ, ਜਲਦੀ ਜਾਂਦਾ ਏ ਟੁੱਟ।
ਜਿਸ ਥਾਂ ਭੈੜੀ ਫੁੱਟ ਦਾ, ਪੈ ਜਾਂਦਾ ਏ ਪੈਰ।
ਓਥੇ ਕਲਾਹ ਕਲੇਸ਼ ਦਾ ਰਹੇ ਵਰਤਦਾ ਕਹਿਰ।
ਸੁੱਖ ਆਰਾਮ ਜਾਂ ਸ਼ਾਂਤੀ, ਉੱਡ ਜਾਏ ਲਾ ਖੰਭ।
ਦੁੱਖ, ਮਸੀਬਤ, ਮੁਸ਼ਕਿਲਾਂ, ਰਹਿਣ ਕਰਦੀਆਂ ਤੰਗ।
ਇਸ ਚੰਦਰੀ ਨੇ ਸੈਂਕੜੇ, ਕੀਤੇ ਘਰ ਬਰਬਾਦ।
ਜੋ ਨਾ ਸਦੀਆਂ ਤੀਕਰਾਂ, ਹੋ ਸਕੇ ਆਬਾਦ।
ਰਾਜ ਭੋਗਦੇ ਰਾਜਿਆਂ ਦੇ, ਮਿਟ ਗਏ ਨਾਮ-ਨਿਸ਼ਾਨ।
ਮਹਿਲ ਮੁਨਾਰੇ ਉੱਜੜੇ, ਰਹੀ ਨਾ ਪਹਿਲੀ ਸ਼ਾਨ।
ਮਹਿਲਾਂ ਦੇ ਵਿੱਚ ਵੱਸਦੇ, ਰਾਜਕੁਮਾਰ ਵਜ਼ੀਰ।
ਫੁੱਟ ਨੇ ਕੀਤਾ ਪਲਾਂ ਵਿੱਚ, ਧੂੰਏਂ ਦੇ ਫ਼ਕੀਰ।
ਰਾਵਣ ਮਾਰਿਆ ਫੁੱਟ ਨੇ, ਲੰਕਾ ਹੋਈ ਤਬਾਹ।
ਰਾਜ ਭਾਗ, ਪੁੱਤ-ਪੋਤਰੇ, ਹੋਇਆ ਸਭ ਫਨਾਹ।
ਕੌਰਵ ਪਾਂਡਵ ਫੁੱਟ ਨੇ, ਰੱਜ ਕੇ ਕਰੇ ਖੁਆਰ।
ਚਾਚੇ-ਤਾਏ ਦੇ ਪੁੱਤਰਾਂ ਵਿੱਚ ਖੜਕੀ ਤਲਵਾਰ।
ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਵੀਰ।
ਡੌਰੂ ਵੱਜਾ ਮੌਤ ਦਾ, ਦੇ ਗਈ ਹਾਰ ਤਕਦੀਰ।
ਰਣਜੀਤ ਸਿੰਘ ਦੇ ਰਾਜ ਨੂੰ, ਖਾ ਗਈ ਭੈੜੀ ਫੁੱਟ।
ਟੋਪੀ ਵਾਲੇ ਗੋਰਿਆਂ, ਸਭ ਕੁਝ ਲਿਆ ਲੁੱਟ।
ਆਪਣਿਆਂ ਤੋਂ ਆਪਣੇ, ਹੋਏ ਤੇਗ ਦੀ ਭੇਟ।
ਫੁੱਟ ਭੈੜੀ ਨੇ ਸਿੱਖ ਰਾਜ, ਦਿਨਾਂ ’ਚ ਦਿੱਤਾ ਮੇਟ।
ਜਿਸ ਘਰ ਵੜ ਗਈ ਚੰਦਰੀ, ਕੀਤਾ ਲੀਰੋ-ਲੀਰ।
ਕੱਖ ਨਾ ਪੱਲੇ ਛੱਡਿਆ, ਦਿੱਤੀ ਖਿੱਚ ਲਕੀਰ।
‘ਭੁੱਲੜਾ’ ਭੈੜੀ ਫੁੱਟ ਤੋਂ, ਆਪਣਾ ਆਪ ਬਚਾ।
ਕਿਰਤ ਸਦਾ ਕਰ ਧਰਮ ਦੀ, ਜੀਵਨ ਸੁਖੀ ਲੰਘਾ।
ਸੰਪਰਕ: 94170-46117