For the best experience, open
https://m.punjabitribuneonline.com
on your mobile browser.
Advertisement

ਖੇਤ ਜਾਣ ਦੀ ਖੁਸ਼ੀ

07:58 AM Jun 07, 2024 IST
ਖੇਤ ਜਾਣ ਦੀ ਖੁਸ਼ੀ
Advertisement

ਨਿੰਦਰ ਘੁਗਿਆਣਵੀ

ਅਸੀਂ ਨਿਆਣੇ ਗਲੀਆਂ ਗਾਹੁੰਦੇ, ਛੱਪੜਾਂ ’ਚ ਨਹਾਉਂਦੇ, ਕੱਚੇ ਰਾਹਾਂ ’ਤੇ ਨੰਗੇ ਪੈਰੀਂ ਭੱਜਦੇ। ਕਿੱਕਰਾਂ ਦੇ ਕੰਡੇ ਪੱਬਾਂ/ਅੱਡੀਆਂ ’ਚ ਬਹਿ ਜਾਂਦੇ। ਪੀੜ-ਪੀੜ ਹੋਏ ‘ਹਾਏ ਮਾਂ ਹਾਏ ਮਾਂ’ ਕੂਕਦੇ ਘਰਾਂ ਨੂੰ ਆਉਂਦੇ। ਮਾਵਾਂ ਨਿਆਣੇ ਪੈਰ ਪਲੋਸਦੀਆਂ ਤੇ ਬਾਰੀਕ ਸੂਈ ਨਾਲ ਕੰਡੇ ਕੱਢਦੀਆਂ ਖਫਾ ਹੁੰਦੀਆਂ ਤੇ ਮਿੱਠੀ-ਮਿੱਠੀ ਝਿੜਕ ਮਾਰਦੀਆਂ, “ਵਿਹਲੜ ਤੇ ਨਿਕੰਮੇ, ਸਾਰਾ-ਸਾਰਾ ਦਿਨ ਧੱਕੇ ਖਾਂਦੇ ਫਿਰਦੇ ਐ, ਕਦੇ ਪੜ੍ਹ ਵੀ ਲਿਆ ਕਰੋ ਚਾਰ ਅੱਖਰ ਘਰੇ ਬਹਿ ਕੇ, ਕਮਲਿਓ ਕਿਸੇ ਥਾਂ ਦਿਓ... ਕਦੋਂ ਆਊ ਥੋਡੀ ਅਕਲ ਟਿਕਾਣੇ?” ਸੁੱਜੀ ਅੱਡੀ ਜਾਂ ਪੱਬ ਉਤੇ ਹਲਦੀ ਤੇ ਸਰੋਂ ਦਾ ਤੇਲ ਮਿਲਾ ਕੇ ਲੀਰ ਦੀ ਪੱਟੀ ਬੰਨ੍ਹੀ ਜਾਂਦੀ, “ਪੀੜ ਤਾਂ ਨੀ ਹੁੰਦੀ ਪੁੱਤ ਵੇ? ਹਾਏ ਨੀ, ਮੈਂ ਮਰਜਾਂ...।” ਗੱਲ੍ਹਾਂ ਪਲੋਸ ਤੇ ਅੱਖਾਂ ਵਿਚ ਮੋਹ ਨਾਲ ਤੱਕ ਕੇ ਮਾਵਾਂ ਪੁੱਤਾਂ ਦੀਆਂ ਪੀੜਾਂ ਚੁਗਦੀਆਂ ਰਹਿੰਦੀਆਂ। ਕਿੰਨੇ ਭਲੇ ਵੇਲੇ ਤੇ ਕਮਾਲ ਦੇ ਦਿਨ ਸਨ ਓਹ! ਜਿੱਦਣ ਸਕੂਲੋਂ ਛੁੱਟੀ ਹੋਣੀ, ਤਾਏ ਤੇ ਪਿਓ ਨਾਲ ਖੇਤ ਜਾਣ ਦੀ ਖੁਸ਼ੀ ਪੱਬਾਂ ਭਾਰ ਹੋ ਜਾਣੀ, ਸਵੇਰੇ ਉਠਦਿਆਂ ਹੀ ਮਾਂ ਨੂੰ ਆਖਣਾ, “ਬੀਬੀਏ, ਅੱਜ ਖੇਤ ਜਾਊਂਗਾ ਮੈਂ... ਰੋਕੀਂ ਨਾ...।” ਬੁੜ੍ਹੀਆਂ ਮਾੜਾ ਮੋਟਾ ਬੁੜ-ਬੁੜ ਕਰ ਕੇ ਆਪੇ ਟਿਕ ਜਾਂਦੀਆਂ।
ਕਈ ਵਾਰੀ ਸਕੂਲੋਂ ਆਣ ਕੇ ਵੀ ਖੇਤਾਂ ਵੱਲ ਵਹੀਰ ਘੱਤ ਦੇਣੀ। ਖੇਤਾਂ ਦੀ ਆਥਣ ਮਨਾਂ ਨੂੰ ਮੱਲੋ-ਮੱਲੀ ਭਾਉਂਦੀ। ਪੰਛੀ ਚਹਿਕਾਰਾ ਪਾਉਂਦੇ, ਰਲ-ਮਿਲ ਗੀਤ ਗਾਉਂਦੇ ਮਨਾਂ ਨੂੰ ਮੋਂਹਦੇ। ਸਾਡੇ ਪਿੰਡ ਦੇ ਕਿਸਾਨ, ਮਜ਼ਦੂਰ ਤੇ ਮਜ਼ਦੂਰਨਾਂ ਸਿਰਾਂ ਉਤੇ ਨੀਰੇ- ਚਾਰੇ ਜਾਂ ਬਾਲਣ ਦੀਆਂ ਪੰਡਾਂ ਚੁੱਕੀ ਲਿਜਾਂਦੀਆਂ ਨੂੰ ਮੈਂ ਦੂਰ ਤੱਕ ਵਿੰਹਦਾ ਰਹਿੰਦਾ। ਹਰੇ-ਹਰੇ ਨੀਰੇ-ਚਾਰੇ ਤੇ ਹੋਰ ਨਿੱਕ-ਸੁੱਕ ਦੇ ਲੱਦੇ ਬਲਦਾਂ ਤੇ ਬੋਤੀਆਂ ਵਾਲੇ ਗੱਡੇ-ਗੱਡੀਆਂ ਤੇ ਰੇਹੜੇ ਲੰਮੀ ਕਤਾਰ ਵਿਚ ਤੁਰੇ ਜਾਂਦੇ।
ਘਰ ਵਿਚ ਅਸੀਂ ਨਿਆਣਿਆਂ ਨੇ ਜਦੋਂ ਖੇਤ ਜਾਣ ਦਾ ਨਾਂ ਲੈਣਾ, ਤਾਏ ਨੇ ਵੱਖ ਖਿਝਣਾ, “ਚਾਰ ਅੱਖਰ ਪੜ੍ਹ ਲੋ, ਖੇਤਾਂ ’ਚ ਕੁਛ ਨੀ ਪਿਆ, ਅਸੀਂ ਸਾਰੀ ਉਮਰ ਕੱਢਲੀ ਐ ਖੇਤਾਂ ’ਚ... ਖੇਤ ਨਾਲ ਖੇਤ ਹੋਏ ਪਏ ਆਂ ਤੇ ਵੱਟਿਆ-ਖੱਟਿਆ ਕੁਛ ਨੀ, ਬਸ ਚੁੱਲ੍ਹੇ ਈ ਬਲੇ ਐ...।”
ਤਾਏ ਦੀ ਉਦੋਂ ਆਖੀ ਇਸ ਗੱਲ ਦੀ ਭੋਰਾ ਸਮਝ ਨਹੀਂ ਸੀ ਲੱਗੀ, ਖੈਰ!...
ਖੇਤ ਖੁਰ ਗਏ। ਤਾਏ ਹੁਰੀਂ ਤੁਰ ਗਏ। ਬੜਾ ਅਜੀਬ ਸਮਾਂ ਹੈ। ਖੁਰ ਗਏ ਖੇਤ ਦਾ ਟੋਟਾ ਹੁਣ ਆਪਣੇ ਵੱਲ ਖਿੱਚਦਾ ਨਹੀਂ। ਖੰਭ ਲਾ ਕੇ ਕਿਧਰੇ ਉੱਡ-ਪੁੱਡ ਗਈ ਹੈ ਖੇਤ ਜਾਣ ਦੀ ਖੁਸ਼ੀ। ਪੰਛੀਆਂ ਦਾ ਸੰਸਾਰ ਉੱਜੜ-ਪੁੱਜੜ ਗਿਆ ਜਾਪਦਾ ਹੈ। ਚਾਚਾ ਸ਼ਿਆਮ ਤੁਰਿਆ ਸੀ ਤੇ ਫਿਰ ਤਾਇਆ ਰਾਮ ਵੀ ਮਗਰੇ ਗਿਆ। ਬਾਰਾਂ ਸਾਲ ਪਹਿਲਾਂ ਪਿਤਾ ਵੀ ਝਕਾਨੀ ਦੇ ਗਿਆ।
... ... ... ਇਕ ਦਿਨ ਘਰੇ ਕਿਸੇ ਗੱਲੋਂ ਲੜ ਪਿਆ ਸਾਂ। ਮਨ ਕੀਤਾ, ਖੇਤ ਜਾਵਾਂ! ਖੇਤ ਗਿਆ ਤੇ ਨਿੱਕੀ ਜਿਹੀ ਨਿੰਮੜੀ ਹੇਠਾਂ ਜਾ ਖਲੋਤਾ। ਇਉਂ ਲੱਗਿਆ, ਜਿਵੇਂ ਖੇਤ ਵੀ ਅੱਖਾਂ ਭਰੀ ਖੜ੍ਹਾ ਹੈ ਤੇ ਨਿਹੋਰਾ ਦੇ ਰਿਹਾ ਹੈ। ਕਈ ਕੁਛ ਕਹਿੰਦਾ ਜਾਪਦਾ ਹੈ ਖੇਤ ਸਾਡਾ। ਮੈਂ ਵੀ ਅੱਖਾਂ ਭਰੀਆਂ ਤੇ ਝੱਗੇ ਨਾਲ ਪੂੰਝੀਆਂ। ਆਸ-ਪਾਸ ਝਾਕਿਆ ਕਿ ਕੋਈ ਦੇਖ ਨਾ ਲਵੇ ਕਿ ਰੋਂਦਾ ਕਾਹਤੋਂ ਹੈ ਮੁੰਡਾ ਖੇਤ ’ਚ ਖੜ੍ਹ ਕੇ। ਉਥੇ ਖੜ੍ਹਿਆਂ-ਖੜ੍ਹਿਆਂ ਸਾਰੇ ਬੜਾ ਯਾਦ ਆਏ... ਤਾਇਆ ਤੇ ਪਿਓ ਵੀ। ਲੰਮਾ ਸਮਾਂ ਸੀਰੀ ਰਹੇ ਰਤਨੇ ਬੌਰੀਏ ਹੁਰੀਂ ਤੇ ਪੱਕੇ ਦਿਹਾੜੀਏ ਗੱਜਣ ਤੇ ਅਤਰ ਸਿਓਂ ਅਧੀਏ ਹੁਰੀਂ ਵੀ। ਤਾਏ ਦੀ ਗੱਡੀ-ਬੋਤੀ ਦੀ ਵੀ ਬੜੀ ਯਾਦ ਆਈ। ਵੱਡੀ ਪੁਰਾਣੀ ਟਾਹਲੀ ਤਾਂ ਬਹੁਤ ਚਿਰ ਪਹਿਲਾਂ ਲੱਕੜ ਦੇ ਵਪਾਰੀਆਂ ਨੂੰ ਵਢਾਅ ਦਿੱਤੀ ਸੀ। ਇਹਦੀ ਠੰਢੀ-ਮਿੱਠੀ ਛਾਂ ਨਹੀਂ ਭੁੱਲੀ ਕਦੇ। ਸਾਰੇ ਕਾਮੇ, ਤਾਏ ਹੁਰੀਂ ਤੇ ਅਸੀਂ-ਤੁਸੀਂ ਇਹਦੀ ਛਾਵੇਂ ਬਹਿ ਕੇ ਤਿੱਖੜ ਦੁਪਹਿਰ ਕਟਦੇ। ਪੋਣਿਆਂ ਵਿਚੋਂ ਖੋਲ੍ਹ ਕੇ ਰੋਟੀਆਂ ਖਾਂਦੇ। ਇਹਦੇ ਹੇਠਾਂ ਹੀ ਟੋਆ ਪੁੱਟ ਕੇ ਤੇ ਤਿੰਨ ਕੱਚੀਆਂ ਇੱਟਾਂ ਰੱਖ ਕੇ ਬਣਾਏ ਆਰਜ਼ੀ ਚੁੱਲ੍ਹੇ ਉਤੇ ਚਾਹ ਉਬਲਦੀ। ਪਾਣੀ ਵਾਲਾ ਘੜਾ ਤੇ ਝੱਜਰ ਇਸੇ ਟਾਹਲੀ ਥੱਲੇ ਹੁੰਦੇ ਸਨ। ਗਰਮੀਆਂ ਦੇ ਦਿਨੀਂ ਰੇਤਲੀ ਥਾਂ ਵਿਚ ਘੜਾ ਤੇ ਝੱਜਰ ਦੱਬ ਕੇ ਆਸ-ਪਾਸ ਪਾਣੀ ਛਿੜਕ ਦਿੰਦੇ ਤੇ ਇਹਨਾਂ ਭਾਂਡਿਆਂ ਦਾ ਮੂੰਹ ਨੰਗਾ ਰੱਖ ਕੇ ਉਤੋਂ ਦੀ ਪਾਣੀ ਭਰੀ ਜਾਂਦੇ (ਕਿੱਥੇ ਫਰਿੱਜਾਂ ਰੀਸਾਂ ਕਰਨ ਉਸ ਪਾਣੀ ਦੀਆਂ? ਤੇ ਉਸ ਸਮੇਂ ਤੱਕ ਕਿਸੇ ਨੇ ਫਰਿੱਜ ਦਾ ਨਾਂ ਵੀ ਨਹੀਂ ਸੀ ਸੁਣਿਆ)। ਦੁਪਹਿਰ ਨੂੰ ਥੱਕੇ ਹੋਏ ਤਾਏ ਹੁਰੀਂ ਕਦੇ-ਕਦੇ ਦੋ ਘੜੀਆਂ ਅੱਖ ਵੀ ਝਪਕ ਲੈਂਦੇ।
ਸਾਡੇ ਤਿੰਨ ਖੇਤ ਸਨ। ਵੱਡੇ ਖੇਤ ਨੂੰ ਸ਼ਾਹ ਵਾਲਾ ਖੇਤ ਆਖਦੇ, ਇਹ ਪਿੰਡੋਂ ਚਾਰ ਪੰਜ ਕਿਲੋਮੀਟਰ ਦੂਰ ਹੋਣਾ। ਪਿੰਡ ਦੇ ਬਿਲਕੁਲ ਨੇੜੇ ਸਿਵਿਆਂ ਕੋਲ ਵਾਲੇ ਖੇਤ ਨੂੰ ਖੂਹ ਵਾਲਾ ਖੇਤ ਆਖਦੇ, ਦਾਦੇ ਨੇ ਇਥੇ ਸਾਂਝਾ ਖੂਹ ਲਵਾਇਆ ਸੀ ਛੇ ਘਰਾਂ ਦਾ ਸਾਂਝਾ (ਖੂਹ ਵਾਲੇ ਖੇਤ ਤੇ ਸਿਵਿਆਂ ਦੀ ਵੱਟ ਸਾਂਝੀ ਹੀ ਸਮਝੋ, ਵਿਚਾਲੇ ਦੀ ਖਾਲ ਜਾਂਦਾ ਹੈ। ਹੁਣ ਪਿੰਡ ’ਚੋਂ ਕਿਸੇ ਦੇ ਸਸਕਾਰ ਸਮੇਂ ਜਦ ਸਿਵਿਆਂ ਨੂੰ ਜਾਈਦੈ ਤਾਂ ਖੇਤ ਵੱਲ ਵੀ ਮੇਰੀ ਨਿਗ੍ਹਾ ਮੱਲੋਮੱਲੀ ਚਲੀ ਜਾਂਦੀ ਹੈ, ਇਥੇ ਮੇਰੇ ਪਿਓ ਤੇ ਤਾਏ ਨੇ ਡੂੰਘੇ ਹਲ ਵਾਹੇ। ਇਸ ਖੇਤ ਦਾ ਅੰਨ ਖਾ ਕੇ ਅਸੀਂ ਪਲੇ-ਸੰਭੇ। ਸੋ, ਹੁਣ ਸਸਕਾਰ ਦੇ ਬਹਾਨੇ ਹੀ ਖੇਤ ਦੇ ਦਰਸ਼ਨ ਹੁੰਦੇ ਹਨ)।
ਦਾਦੇ ਹੁਰੀਂ ਸਰਦੇ-ਪੁਜਦੇ ਸ਼ਾਹ ਸਨ। ਖੁੱਲ੍ਹੇ ਖੇਤਾਂ ਤੇ ਖੁੱਲ੍ਹੇ ਦਿਲਾਂ ਵਾਲੇ। ਸ਼ਾਇਦ ਇਸੇ ਕਰ ਕੇ ਸਾਡੇ ਇਕ ਖੇਤ ਦਾ ਨਾਂ ਸ਼ਾਹ ਵਾਲਾ ਖੇਤ ਪਿਆ। ਖੁੱਲ੍ਹੀਆਂ ਹਵੇਲੀਆਂ ਸਨ; ਰੁੱਖਾਂ, ਕੱਖਾਂ-ਕਾਨਿਆਂ, ਝਾਫਿਆਂ ਤੇ ਹੋਰ ਨਿੱਕ-ਸੁੱਕ ਨਾਲ ਭਰੀਆਂ ਪਈਆਂ। ਬਾਲਣ ਦਾ ਤੋੜਾ ਕਦੇ ਨਾ ਆਉਂਦਾ। ਹਵੇਲੀ ਵਿਚ ਖੁਰਲੀਆਂ ਉਤੇ ਇਕਸਾਰ ਬੱਧੇ ਖਲੋਤੇ ਪਸ਼ੂ ਡੰਗਰ ਅਜੇ ਵੀ ਖੜ੍ਹੇ ਦਿਸਦੇ ਹਨ। ਮਨ ਭਰਦਾ ਹੈ ਪਰ ਕੀ ਕਰੀਏ? ਸਮਾਂ ਬੜਾ ਬਲਵਾਨ ਹੈ।

Advertisement

ਸੰਪਰਕ: 94174-21700

Advertisement
Author Image

sukhwinder singh

View all posts

Advertisement
Advertisement
×