For the best experience, open
https://m.punjabitribuneonline.com
on your mobile browser.
Advertisement

ਮਾਸਟਰ ਜੀ

07:06 AM Jun 18, 2024 IST
ਮਾਸਟਰ ਜੀ
Advertisement

ਭਗਵੰਤ ਰਸੂਲਪੁਰੀ

Advertisement

ਇਕ ਦਿਨ ਜਦੋਂ ਮੈਂ ਪੰਜਾਬੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੂੰ ਮਿਲਣ ਉੁਸ ਦੇ ਘਰ ਗਿਆ ਤਾਂ ਗੱਲਾਂ ਅੱਜ ਦੇ ਮਾਸਟਰਾਂ ਬਾਰੇ ਚੱਲ ਪਈਆਂ। ਉਸ ਨੇ ਮੈਨੂੰ ਸਵਾਲ ਕੀਤਾ, ‘‘ਤੈਨੂੰ ਪਤੈ, ਮੈਂ ਵੀ ਸ਼ੁਰੂ ਵਿੱਚ ਮਾਸਟਰੀ ਕੀਤੀ ਏ?’’ ਮੈਂ ਸਿਰ ਫੇਰ ਦਿੱਤਾ। ਉਹ ਦੱਸਣ ਲੱਗਾ...
‘‘ਇਕ ਦਿਨ ਜਦੋਂ ਮੈਂ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸਾਂ ਤਾਂ ਮੇਰਾ ਬਾਪ ਕਹਿਣ ਲੱਗਾ, ‘ਤੂੰ ਐਂ ਕਰ ਕਹੀ ਐਥੇ ਛੱਡ ਦੇ ਤੇ ਖੰਨੇ ਬਗ ਜਾ... ਤੈਨੂੰ ਉੱਥੇ ਸ਼ਗਨ ਪੈਣੈ... ਬੰਦੇ ਆਏ ਬੈਠੇ ਨੇ ਕਿਸੇ ਘਰ। ਮੈਂ ਕਿਹਾ ਕਿ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ। ਮੇਰਾ ਬਾਪ ਕਹਿੰਦਾ, ਜੇ ਤੂੰ ਵਿਆਹ ਨਹੀਂ ਕਰਵਾਉਣਾ ਤਾਂ ਮੈਂ ਤੈਨੂੰ ਜ਼ਮੀਨ ਤੇ ਘਰ ਤੋਂ ਬੇਦਖ਼ਲ ਕਰ ਦੇਣੈ।’’
‘‘ਲਓ ਜੀ, ਮੈਨੂੰ ਬਾਪ ਨੇ ਘਰੋਂ ਕੱਢ ਦਿੱਤਾ। ਘਰੋਂ ਜਾਣ ਲੱਗਾ ਮੈਂ ਝੋਲੇ ਵਿੱਚ ਆਪਣੇ ਕੁਝ ਕੱਪੜੇ ਤੇ ਇਕ ਗਲਾਸ ਪਾ ਕੇ ਟੇਸ਼ਣ ਵੱਲ ਤੁਰਨ ਲੱਗਾ। ਉਦੋਂ ਹੀ ਮੇਰੀ ਦਾਦੀ ਨੇ ਅਲਮਾਰੀ ਵਿੱਚੋਂ ਇਕ ਚਿੱਠੀ ਕੱਢ ਕੇ ਮੈਨੂੰ ਦੇ ਦਿੱਤੀ। ਜਦੋਂ ਮੈਂ ਚਿੱਠੀ ਖੋਲ੍ਹੀ ਤਾਂ ਉਹ ਜਲੰਧਰ ਦੇ ਰੰਧਾਵਾ ਮਸੰਦਾਂ ਦੇ ਪ੍ਰਾਇਮਰੀ ਸਕੂਲ ’ਚ ਅਧਿਆਪਕ ਲੱਗਣ ਦੀ ਸੀ। ਲਓ ਜੀ, ਮੈਂ ਜਲੰਧਰ ਦੇ ਛਾਉਣੀ ਸਟੇਸ਼ਨ ਉੱਤੇ ਉਤਰ ਗਿਆ। ਮੈਂ ਪੁੱਛਦਾ ਹੋਇਆ ਪਿੰਡ ਪਹੁੰਚ ਗਿਆ। ਨਹਿਰੀ ਸੂਏ ਦੇ ਕੰਢੇ ਬਣੇ ਸਕੂਲ ਦੇ ਬਾਹਰ ਫਿਰਦੇ ਬੱਚੇ ਮੈਨੂੰ ਵੇਖ ਕੇ ਜਮਾਤਾਂ ’ਚ ਵੜ ਗਏ।’’
‘‘... ਇਹ ਗੱਲਾਂ 1953-54 ਦੀਆਂ ਨੇ। ਜਦੋਂ ਮੈਂ 500 ਵਿੱਘੇ ਛੱਡ ਕੇ ਮਾਸਟਰੀ ਕਰਨ ਜਲੰਧਰ ਆ ਗਿਆ ਸੀ। ਮੈਂ ਬਾਗੀ ਤਬੀਅਤ ਦਾ ਸਾਂ ਤੇ ਕੁਝ ਕਰਨਾ ਚਾਹੁੰਦਾ ਸਾਂ। ਇਕ ਦਿਨ ਮੈਂ ਜਮਾਤ ਵਿੱਚ ਬੈਠੇ ਬੱਚਿਆਂ ਨੂੰ ਪੜ੍ਹਾ ਰਿਹਾ ਸਾਂ ਕਿ ਉੱਥੇ ਕੋਈ ਬੰਦਾ ਸਕੂਲ ’ਚ ਨਿਆਣਾ ਦਾਖ਼ਲ ਕਰਵਾਉਣ ਆਇਆ। ਮੈਂ ਓਸ ਨਿਆਣੇ ਨੂੰ ਬੜੇ ਪਿਆਰ ਨਾਲ ਫੜ ਕੇ ਆਪਣੇ ਕੋਲ ਕਰ ਲਿਆ। ਪਰ ਬੱਚੇ ਦਾ ਬਾਪ ਕਹਿੰਦਾ... ਨਾ ਮਾਸਟਰ ਜੀ ਏਹਨੂੰ ਹੱਥ ਨਾ ਲਾਓ... ਅਸੀਂ ਆਦਿ ਧਰਮੀ ਹੁੰਦੇ ਆਂ...। ਮੈਂ ਉਹਨੂੰ ਕਿਹਾ, ਤਾਂ ਕੀ ਹੋਇਆ?... ਸਾਰੇ ਬੱਚੇ ਸਕੂਲ ਆ ਕੇ ਬਰਾਬਰ ਹੋ ਜਾਂਦੇ ਨੇ। ਮੇਰੇ ਉੱਤੇ ਮੇਰੇ ਬਾਪ ਦੀਆਂ ਗੱਲਾਂ ਦਾ ਪ੍ਰਭਾਵ ਸੀ। ਉਹ ਆਰੀਆ ਸਮਾਜੀ ਸੀ।
ਹੌਲੀ-ਹੌਲੀ ਮੇਰੀਆਂ ਗੱਲਾਂ ਪਿੰਡ ਦੇ ਲੋਕਾਂ ’ਚ ਹੋਣ ਲੱਗ ਪਈਆਂ। ਬਈ ਸਕੂਲ ਵਿੱਚ ਇਕ ਮਾਸਟਰ ਆਇਐ ਤੇ ਉਹ ਸਾਰੇ ਬੱਚਿਆਂ ਨੂੰ ਬਰਾਬਰ ਸਮਝਦੈ ਤੇ ਸਭ ਨੂੰ ਇੱਕ ਥਾਂ ਬਿਠਾਉਂਦੈ ... ਵਗੈਰਾ ਵਗੈਰਾ...।
ਇਕ ਦਿਨ ਮੈਨੂੰ ਪਿੰਡ ਦੇ ਸਰਪੰਚ ਨੇ ਬੁਲਾ ਲਿਆ। ਮੈਂ ਸਰਪੰਚ ਨੂੰ ਦੱਸਿਆ ਕਿ ਮੇਰੇ ਬਾਪ ਦੀ 500 ਵਿੱਘੇ ਜ਼ਮੀਨ ਐ। ਅਸੀਂ ਖੇਤੀ ਕਰਦੇ ਆਂ। ਮੇਰੀ ਗੱਲ ਸੁਣ ਕੇ ਸਰਪੰਚ ਬੜਾ ਹੈਰਾਨ ਹੋਇਆ।’’
ਪ੍ਰੇਮ ਕਹਿੰਦਾ ਹੈ, ‘‘ਤੁਸੀਂ ਵੇਖੋ ਕਿ ਸਕੂਲ ’ਚ ਆਦਿ ਧਰਮੀਆਂ ਦੇ ਬੱਚਿਆਂ ਲਈ ਪਾਣੀ ਪੀਣ ਵਾਲੇ ਗਲਾਸ ਵੱਖਰੇ ਰੱਖੇ ਹੋਏ ਸਨ। ਉਨ੍ਹਾਂ ਨੂੰ ਬਿਠਾਇਆ ਵੀ ਜਮਾਤ ਵਿੱਚ ਪਿੱਛੇ ਜਿਹੇ ਜਾਂਦਾ ਸੀ। ਬੱਚੇ ਲੰਮੇ ਤੱਪੜਾਂ ਉੱਤੇ ਬੈਠਦੇ ਸਨ। ਮੈਂ ਲੰਮੇ ਰੁਖ਼ ਤੱਪੜ ਵਿਛਾ ਦਿੱਤੇ ਅਤੇ ਉਨ੍ਹਾਂ ਪਿੱਛੇ ਵਾਲੇ ਬੱਚਿਆਂ ਦਾ ਪ੍ਰਬੰਧ ਮੂਹਰੇ ਬੈਠਣ ਦਾ ਕਰ ਦਿੱਤਾ।
...ਮੇਰੇ ਕੰਮ ਵੱਲ ਵੇਖ ਕੇ ਹੈੱਡਮਾਸਟਰ ਮੈਨੂੰ ਇਕ ਦਿਨ ਕਹਿੰਦਾ, ‘‘ਵੇਖੋ ਜੀ! ਤੁਸੀਂ ਜੋ ਕੰਮ ਕਰ ਰਹੇ ਹੋ... ਸਕੂਲ ਦੇ ਮਾਸਟਰ ਤੁਹਾਡੇ ਖ਼ਿਲਾਫ਼ ਹੋ ਜਾਣਗੇ...ਪਿੰਡ ਦੇ ਕੁਝ ਲੋਕ ਤੁਹਾਡੇ ਨਾਲ ਲੜਨ ਆ ਜਾਣਗੇ।’’ ਪਰ ਮੈਂ ਪਰਵਾਹ ਨਾ ਕੀਤੀ।
‘‘ਉਸ ਸਕੂਲ ਨੂੰ ਬਣਿਆਂ ਪੰਜ ਕੁ ਸਾਲ ਹੋਏ ਸਨ। ਇਕ ਦਿਨ ਮੈਂ ਆਪ ਕੂਚੀ ਚੁੱਕ ਕੇ ਸਕੂਲ ਨੂੰ ਕਲ਼ੀ ਕਰਨ ਲੱਗ ਪਿਆ। ਮੈਨੂੰ ਕਲ਼ੀ ਕਰਦਿਆਂ ਵੇਖ ਕੇ ਪਿੰਡ ਵਾਲੇ ਹੈਰਾਨ ਹੋ ਗਏ, ਲਓ ਔਹ ਮਾਸਟਰ ਕਲ਼ੀ ਕਰਨ ਡਿਹਾ ਏ। ਫਿਰ ਮੈਂ ਬੁਰਸ਼ ਲਿਆ ਕੇ ਸਕੂਲ ਦੀਆਂ ਕੰਧਾਂ ਉੱਤੇ ਆਪ ਸਲੋਗਨ ਲਿਖ ਦਿੱਤੇ। ਸਕੂਲ ਚਮਕਣ ਲੱਗ ਪਿਆ।
...ਇਕ ਦਿਨ ਮੈਂ ਵੇਖਿਆ ਕਿ ਸਕੂਲ ਦੇ ਨਲਕੇ ਨੂੰ ਆਦਿ ਧਰਮੀਆਂ ਦੇ ਬੱਚੇ ਹੱਥ ਨਹੀਂ ਸੀ ਲਾਉਂਦੇ। ਉਨ੍ਹਾਂ ਲਈ ਪਾਣੀ ਨਾਲ ਭਰ ਕੇ ਵੱਖਰੀ ਬਾਲਟੀ ਰੱਖੀ ਜਾਂਦੀ ਸੀ। ਮੈਂ ਉਹ ਬਾਲਟੀ ਚੁੱਕਾ ਦਿੱਤੀ। ਬੱਚਿਆਂ ਵਾਸਤੇ ਮੈਂ ਉਚੇਚੇ ਤੌਰ ’ਤੇ ਗਲਾਸ ਮੰਗਵਾ ਕੇ ਰੱਖ ਦਿੱਤੇ। ਫਿਰ ਜਿਨ੍ਹਾਂ ਗਲਾਸਾਂ ਵਿੱਚ ਉਹ ਪਾਣੀ ਪੀਂਦੇ ਸਨ... ਮੈਂ ਉਨ੍ਹਾਂ ਗਲਾਸਾਂ ਵਿੱਚ ਪਾਣੀ ਵੀ ਪੀ ਲੈਂਦਾ ਸਾਂ। ਉਨ੍ਹਾਂ ਨਿਆਣਿਆਂ ਨੇ ਘਰ ਜਾ ਕੇ ਦੱਸਿਆ ਕਿ ਮਾਸਟਰ ਤਾਂ ਸਾਡੇ ਗਲਾਸਾਂ ਵਿੱਚ ਪਾਣੀ ਪੀ ਲੈਂਦਾ ਆ।’’
ਰੁਕ ਕੇ ਪ੍ਰੇਮ ਪ੍ਰਕਾਸ਼ ਇਕ ਗੱਲ ਹੋਰ ਦੱਸਣ ਲੱਗ ਪਿਆ, ‘‘ਇਕ ਵਾਰ ਮੈਨੂੰ ਲੱਗਾ ਕਿ ਆਦਿ ਧਰਮੀਆਂ ਦੇ ਬੱਚੇ ਨਹਾ ਕੇ ਨਹੀਂ ਆਉਂਦੇ... ਮੈਂ ਸ਼ਹਿਰੋਂ ਸਾਬਣ ਲੈ ਆਇਆ, ਉਨ੍ਹਾਂ ਨੂੰ ਨਹਿਰ ਉੱਤੇ ਲਿਜਾ ਕੇ ਨਹਾਉਣ ਲੱਗ ਪਿਆ। ਮੇਰੇ ਨਾਲ ਦੇ ਹੋਰ ਮਾਸਟਰ ਮੇਰੇ ਇਸ ਕੰਮ ਤੋਂ ਬਹੁਤ ਦੁਖੀ ਹੋਏ। ਪਰ ਮੈਂ ਬਿਨਾਂ ਕਿਸੇ ਭੈਅ ਤੋਂ ਸਕੂਲ ਦੇ ਬੱਚਿਆਂ ਨੂੰ ਸਲੀਕੇ ਨਾਲ ਪੜ੍ਹਾਉਂਦਾ ਰਿਹਾ।...ਸਾਰੇ ਬੱਚੇ ਬੜੇ ਖੁਸ਼... ਸਕੂਲ ਵਿੱਚ ਰੌਣਕਾਂ ਲੱਗ ਗਈਆਂ... ਹੁਣ ਸਮਾਂ ਬਹੁਤ ਬਦਲ ਗਿਆ ਏ। ਪਤਾ ਨਹੀਂ ਅੱਜ ਦੇ ਮਾਸਟਰ ਇਸ ਕਿਸਮ ਦੇ ਕੰਮ ਕਰਦੇ ਜਾਂ ਨਹੀਂ।’’
ਪ੍ਰੇਮ ਪ੍ਰਕਾਸ਼ ਗੱਲਾਂ ਕਰਦਾ ਕਰਦਾ ਚੁੱਪ ਹੋ ਜਾਂਦਾ ਹੈ। ਮੈਂ ਪ੍ਰੇਮ ਪ੍ਰਕਾਸ਼ ਦੇ ਅੰਦਰ ਬੈਠੇ ‘ਮਾਸਟਰ ਜੀ’ ਬਾਰੇ ਸੋਚਦਾ ਹੋਇਆ ਘਰ ਨੂੰ ਤੁਰ ਪੈਂਦਾ ਹਾਂ। ਮੇਰੇ ਸਾਹਮਣੇ ਬਹੁਤ ਸਾਰੇ ਮਾਸਟਰ ਆ ਜਾਂਦੇ ਨੇ ਜਿਹੜੇ ਸਰਕਾਰੀ ਸਕੂਲਾਂ ’ਚ ਹਾਜ਼ਰੀ ਲਾਉਣ ਤੇ ਤਨਖਾਹਾਂ ਲੈਣ ਹੀ ਆਉਂਦੇ ਨੇ।
ਸੰਪਰਕ: 94170-64350

Advertisement
Tags :
Author Image

Advertisement
Advertisement
×