For the best experience, open
https://m.punjabitribuneonline.com
on your mobile browser.
Advertisement

ਕੁਮਾਰ ਗੰਧਰਵ ਸੰਗ ਗੁਜ਼ਰਿਆ ਸਫ਼ਰ

07:09 AM Oct 20, 2024 IST
ਕੁਮਾਰ ਗੰਧਰਵ ਸੰਗ ਗੁਜ਼ਰਿਆ ਸਫ਼ਰ
Advertisement

ਰਾਮਚੰਦਰ ਗੁਹਾ

Advertisement

ਪੇਸ਼ੇਵਰ ਯੱਕੜ ਮਾਰਨ ਵਾਲਾ ਹੋਣ ਦੇ ਕਈ ਨੁਕਸਾਨ ਹੁੰਦੇ ਹਨ। ਆਮ ਤੌਰ ’ਤੇ ਇਸ ਦਾ ਇੱਕ ਮਜ਼ੇਦਾਰ ਹੀ ਨਹੀਂ ਸਗੋਂ ਲਾਹੇਵੰਦ ਕਸਬ ਹੁੰਦਾ ਹੈ ਕਿ ਗੁਫ਼ਤਗੂ ਖ਼ਤਮ ਹੋਣ ਤੋਂ ਬਾਅਦ ਦਿੱਤੇ ਜਾਣ ਵਾਲੇ ਤੋਹਫ਼ੇ। ਇਹ ਤੋਹਫ਼ੇ ਭਾਰੇ ਅਤੇ ਬੇਕਾਰ ਹੁੰਦੇ ਹਨ, ਮਿਸਾਲ ਵਜੋਂ, ਸਮਾਗਮ ਕਰਾਉਣ ਵਾਲੀ ਸੰਸਥਾ ਦਾ ਨਾਂ ਤੇ ਲੋਗੋ ਵਾਲੀ ਕੋਈ ਧਾਤ ਦੀ ਪਲੇਟ ਤੇ ਲੱਕੜ ਦੀ ਕਾਸਟ। ਕਦੇ ਕਦਾਈਂ ਅਜਿਹੇ ਤੋਹਫ਼ੇ ਕਾਫ਼ੀ ਸੁਹਜਮਈ ਹੁੰਦੇ ਹਨ ਜਿਵੇਂ ਕਿ ਗੁਲਦਸਤੇ ਆਦਿ ਪਰ ਜੇ ਸਮਾਗਮ ਬੰਗਲੌਰ ਦੀ ਬਜਾਏ ਕਿਸੇ ਹੋਰ ਥਾਂ ਹੋਵੇ ਤਾਂ ਵਕਤਾ ਦੇ ਘਰ ਪਹੁੰਚਣ ਤੋਂ ਕਾਫ਼ੀ ਚਿਰ ਪਹਿਲਾਂ ਹੀ ਫੁੱਲ ਮੁਰਝਾ ਜਾਂਦੇ ਹਨ।
ਜਨਤਕ ਸਮਾਗਮ ਵਿੱਚ ਬੋਲਣ ਦੇ ਪਿਛਲੇ ਤਿੰਨ ਦਹਾਕਿਆਂ (ਹਾਲੇ ਵੀ ਇਹ ਜਾਰੀ ਹੈ) ਦੌਰਾਨ ਮੈਨੂੰ ਜੋ ਸਭ ਤੋਂ ਵਧੀਆ ਤੋਹਫ਼ਾ ਨਸੀਬ ਹੋਇਆ ਸੀ, ਉਹ ਮੇਰੀ ਅਲਮਾ ਮੇਟਰ ਦਿੱਲੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ। ਇਹ ਸੰਨ 2000 ਦੀ ਗੱਲ ਹੈ। ਗੁਫ਼ਤਗੂ ਦਾ ਵਿਸ਼ਾ ਤਾਂ ਮੈਂ ਭੁੱਲ ਗਿਆ ਹਾਂ (ਇਸ ਉਮਰੇ ਅਮੂਮਨ ਯਾਦਦਾਸ਼ਤ ਧੋਖਾ ਦੇਣ ਲੱਗ ਪੈਂਦੀ ਹੈ) ਪਰ ਮੇਜ਼ਬਾਨ ਦੀ ਤਰਫ਼ੋਂ ਮਿਲੇ ਤੋਹਫ਼ੇ ਬਾਰੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਇਹ ਕੁਮਾਰ ਗੰਧਰਵ ਦੇ ਸੰਗੀਤ ਦੀਆਂ ਅੱਠ ਜਿਲਦਾਂ ਦਾ ਸੀਡੀ ਸੈੱਟ ਸੀ ਜਿਸ ਦੀ ਚੋਣ ਸੰਸਥਾ ਦੀ ਡਾਇਰੈਕਟਰ ਪ੍ਰੋ. ਅਨੀਤਾ ਰਾਮਪਾਲ ਨੇ ਕੀਤੀ ਸੀ ਜਿਸ ਨੂੰ ਇਹ ਗੱਲ ਜ਼ਰੂਰ ਯਾਦ ਹੋਵੇਗੀ ਕਿ ਜਦੋਂ 1970ਵਿਆਂ ਵਿੱਚ ਉਹ ਤੇ ਮੈਂ ਪੜ੍ਹਦੇ ਸਾਂ ਤਾਂ ਮੈਂ ਕਦੇ ਕਦਾਈਂ ਉਸ ਦੇ ਬੌਇਫ੍ਰੈਂਡ (ਬਾਅਦ ਵਿੱਚ ਪਤੀ) ਅਤੇ ਭੌਤਿਕ ਵਿਗਿਆਨੀ ਵਿਨੋਦ ਰੈਣਾ ਦੀ ਕੰਪਨੀ ਵਿੱਚ ਹੋਣ ਵਾਲੇ ਕਲਾਸੀਕਲ ਸੰਗੀਤ ਸਮਾਰੋਹ ਸੁਣਨ ਜਾਇਆ ਕਰਦਾ ਸੀ।
ਇੱਕ ਵਾਰ ਕੁਮਾਰ ਗੰਧਰਵ ਦਾ ਸੰਗੀਤ ਸੰਮੇਲਨ ਸੀ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵਸੁੰਧਰਾ ਕੋਮਕਲੀ ਵੀ ਸੀ। ਜਿੱਥੋਂ ਤੱਕ ਮੈਨੂੰ ਚੇਤਾ ਆਉਂਦਾ ਹੈ ਤਾਂ ਇਹ ਸੰਮੇਲਨ ਮੰਡੀ ਹਾਉੂਸ ਨੇੜਲੇ ਫਿਕੀ ਆਡੀਟੋਰੀਅਮ ਵਿੱਚ ਹੋਇਆ ਸੀ ਅਤੇ ਕੁਮਾਰਜੀ ਵੱਲੋਂ ਸੁਰਬੱਧ ਕੀਤੇ ਭਜਨਾਂ ਅਤੇ ਸੰਗੀਤ ਸੰਮੇਲਨਾਂ ਲਈ ਤਰਾਸ਼ੀਆਂ ਗਈਆਂ ਲੋਕ ਸੁਰਾਂ ਨਾਲ ਜੋੜੀ ਨੇ ਦੋ ਘੰਟੇ ਸਮਾਂ ਬੰਨ੍ਹੀ ਰੱਖਿਆ। ਇਹ ਵਾਕਈ ਜਾਦੂਈ ਸੰਗੀਤ ਸੀ। ਹਾਲਾਂਕਿ ਮੈਂ ਅਖ਼ੀਰਲੀ ਕਤਾਰ ਵਿੱਚ ਬੈਠਾ ਸੀ ਪਰ ਸੰਗੀਤ ਦੀ ਮਹਿਕ ਮੇਰੇ ਤੱਕ ਪਹੁੰਚ ਰਹੀ ਸੀ।
ਅਨੀਤਾ ਰਾਮਪਾਲ ਵੱਲੋਂ ਭੇਟ ਕੀਤੀਆਂ ਗਈਆਂ ਸੀਡੀਜ਼ ਵਿੱਚ ਉਸ ਦਿਨ ਕੁਮਾਰ ਗੰਧਰਵ ਵੱਲੋਂ ਗਾਏ ਕੁਝ ਭਜਨ ਅਤੇ ਹੋਰ ਵੀ ਬਹੁਤ ਕੁਝ ਸ਼ਾਮਿਲ ਸੀ। ਉਨ੍ਹਾਂ ਵਿੱਚ ਕੁਮਾਰ ਗੰਧਰਵ ਵੱਲੋਂ ਜੋੜ ਰਾਗਾਂ ਵਿੱਚ ਸੁਰਬੱਧ ਕੀਤੀਆਂ ਗਈਆਂ ਕੁਝ ਬਾਕਮਾਲ ਸੰਖੇਪ ਪੇਸ਼ਕਾਰੀਆਂ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਰਾਗ ਹਮੀਰ ਅਤੇ ਮਹਾਂ ਸ਼ੰਕਰ ਵਿੱਚ ਲੰਮੇਰੇ ਖ਼ਿਆਲ ਵੀ ਸਨ ਤੇ ਕੁਝ ਬੰਦਿਸ਼ਾਂ ਵੀ ਸ਼ਾਮਿਲ ਸਨ ਜੋ ਖ਼ਾਸ ਤੌਰ ’ਤੇ ਉਨ੍ਹਾਂ ਨਾਲ ਜੋੜੀਆਂ ਜਾਂਦੀਆਂ ਹਨ ਜਿਵੇਂ ਕਿ ਰਾਗ ਨੰਦ ਵਿੱਚ ‘ਰਾਜਨ ਅਬ ਤੋ ਆਜਾ ਰੇ’। ਤੇ ਮੈਂ ਖ਼ਾਸ ਤੌਰ ’ਤੇ ਪਤਮੰਜਰੀ ਰਾਗ ਵਿੱਚ ਪੇਸ਼ ਕੀਤੇ ਗਏ ਪੰਦਰਾਂ ਮਿੰਟ ਦੇ ਨਾਯਾਬ ਖ਼ਿਆਲ ਦਾ ਮਜ਼ਾ ਲੈਣ ਆਇਆ ਸੀ ਜਿਸ ਦਾ ਗਾਇਨ ਜਾਂ ਵਾਦਨ ਬਹੁਤ ਘੱਟ ਹੋ ਗਿਆ ਹੈ।
ਇਹ ਸੀਡੀਜ਼ ਲੈਣ ਤੋਂ ਬਾਅਦ ਇੱਕ ਦਹਾਕਾ ਮੈਂ ਘਰ ਵਿੱਚ ਇਸ ਨੂੰ ਵਾਰ ਵਾਰ ਸੁਣਦਾ ਰਿਹਾ ਸੀ। ਸਾਲ 2010 ਦੇ ਆਸ-ਪਾਸ ਮੈਂ ਇੱਕ ਆਈਪੌਡ ਖਰੀਦ ਲਿਆ ਅਤੇ ਫਿਰ ਇਹ ਸੀਡੀਜ਼ ਉਸ ਵਿੱਚ ਆ ਗਈਆਂ ਤੇ ਹੁਣ ਖ਼ਾਸਕਰ ਲੰਮੀਆਂ ਉਡਾਣਾਂ ਵੇਲੇ ਮੈਂ ਇਹੀ ਸੁਣਦਾ ਹਾਂ। ਉਂਝ, ਭਾਵੇਂ ਇਨ੍ਹਾਂ ਸੀਡੀਜ਼ ਵਿੱਚ ਬਹੁਤ ਹੀ ਕਮਾਲ ਦੀ ਕੁਲੈਕਸ਼ਨ ਕੀਤੀ ਗਈ ਸੀ (ਜਿਨ੍ਹਾਂ ਵਿੱਚ ਨਿਰਗੁਣ ਭਜਨ ਵੀ ਸ਼ਾਮਿਲ ਹਨ) ਪਰ ਇਨ੍ਹਾਂ ਵਿੱਚ ਇੱਕ ਗੀਤ ਸ਼ਾਮਿਲ ਨਹੀਂ ਸੀ ਜੋ ਕੁਮਾਰ ਗੰਧਰਵ ਨੇ ਆਪ ਸੁਰਬੱਧ ਨਹੀਂ ਕੀਤਾ ਸੀ ਪਰ ਫਿਰ ਵੀ ਉਹ ਇਸ ਨਾਲ ਕਾਫ਼ੀ ਨੇੜਿਓਂ ਜੁੜੇ ਹੋਏ ਸਨ, ਉਹ ਸੀ ਜਮੁਨਾ ਕਿਨਾਰੇ ਮੋਰਾ ਗਾਓਂ।
ਮੈਂ ਕੁਮਾਰ ਗੰਧਰਵ ਦੇ ਸਮੁੱਚੇ ਗਾਇਨ ਦਾ ਮੁਰੀਦ ਹਾਂ ਪਰ ‘ਜਮੁਨਾ ਕਿਨਾਰੇ’ ਨਾਲ ਇੱਕ ਖ਼ਾਸ ਰਿਸ਼ਤਾ ਹੈ। ਮੇਰਾ ਜਨਮ ਦੇਹਰਾਦੂਨ ਵਿੱਚ ਫਾਰੈਸਟ ਰਿਸਰਚ ਇੰਸਟੀਚਿਊਟ ਦੇ ਕੈਂਪਸ ਵਿੱਚ ਹੋਇਆ ਸੀ। ਕੈਂਪਸ ਦੇ ਉੱਤਰ ਵੱਲ ਮੇਰੇ ਮਾਪਿਆਂ ਦਾ ਘਰ ਸੀ ਜੋ ਇੱਕ ਪਹਾੜੀ ਚੋਟੀ ’ਤੇ ਸਥਿਤ ਸੀ ਜਿਸ ਦੇ ਹੇਠੋਂ ਟੌਂਸ ਨਦੀ ਲੰਘਦੀ ਸੀ। ਮੁਕਾਮੀ ਬੋਲੀ ਵਿੱਚ ਇਸ ਨੂੰ ‘ਟਾਂਸ’ ਬੋਲਿਆ ਜਾਂਦਾ ਹੈ ਤੇ ਪੱਛਮੀ ਉੱਤਰਾਖੰਡ ਵਿੱਚ ਕਈ ਨਦੀਆਂ ਲਈ ਇਹ ਨਾਂ ਵਰਤਿਆ ਜਾਂਦਾ ਹੈ। ਮੇਰੀ ਉਸ ਟੌਂਸ ਨਦੀ ਵਿੱਚ ਕਦੇ ਕਦਾਈਂ ਹੀ ਪਾਣੀ ਆਉਂਦਾ ਸੀ ਅਤੇ ਇਹ ਯਮੁਨਾ ਦੀ ਮੁੱਖ ਸਹਾਇਕ ਤੇ ਤੇਜ਼ ਵਗਣ ਵਾਲੀ ਟੌਂਸ ਨਦੀ ਬਿਲਕੁਲ ਨਹੀਂ ਹੈ।
ਖ਼ੈਰ, ਮੇਰੇ ਘਰ ਦੇ ਨੇੜਿਓਂ ਲੰਘਦੀ ਟੌਂਸ ਨਦੀ ਪੱਛਮ ਵੱਲ ਮੁੜ ਕੇ ਆਸਨ ਵਿੱਚ ਮਿਲ ਜਾਂਦੀ ਹੈ ਜੋ ਕੁਝ ਮੀਲ ਚੱਲ ਕੇ ਯਮੁਨਾ ਨਦੀ ਵਿੱਚ ਸਮਾ ਜਾਂਦੀ ਹੈ। ਹੋ ਸਕਦਾ ਹੈ ਕਿ ਕਿਸੇ ਨੂੰ ਇਹ ਅਤਿਕਥਨੀ ਜਾਪੇ ਪਰ ਜਮੁਨਾ ਕਿਨਾਰੇ ਮੋਰਾ ਗਾਓਂ ਦਾ ਮੈਂ ਦਾਅਵਾ ਕਰਨਾ ਚਾਹਾਂਗਾ। ਮੇਰੀ ਬਸਤੀ ਇਸ ਅਤਿ ਪਿਆਰੀ ਨਦੀ ਦੇ ਕੰਢੇ ’ਤੇ ਵਸਦੀ ਹੈ। ਜਦੋਂ ਵੀ ਸਾਡਾ ਪਰਿਵਾਰ ਬਾਹਰ ਘੁੰਮਣ ਜਾਂਦਾ ਸੀ ਤਾਂ ਸਾਨੂੰ ਸਭ ਤੋਂ ਵੱਧ ਖ਼ੁਸ਼ੀ ਪਾਉਂਟਾ ਸਾਹਿਬ ਦੇ ਪਵਿੱਤਰ ਗੁਰਦੁਆਰੇ ਪਹੁੰਚ ਕੇ ਹੁੰਦੀ ਸੀ ਜਿੱਥੋਂ ਜਮੁਨਾ ਦਾ ਵਹਾਅ ਬਹੁਤ ਤੇਜ਼ ਹੋ ਜਾਂਦਾ ਹੈ ਕਿਉਂਕਿ ਇੱਥੋਂ ਇਹ ਪਹਾੜੀਆਂ ਤੋਂ ਮੈਦਾਨ ਵਿੱਚ ਆ ਜਾਂਦੀ ਹੈ।
ਕੁਮਾਰ ਗੰਧਰਵ ਦਾ ਜਮੁਨਾ ਕਿਨਾਰੇ ਦਾ ਗਾਇਨ ਯੂਟਿਊਬ ’ਤੇ ਮਿਲ ਜਾਂਦਾ ਹੈ ਅਤੇ ਜਦੋਂ ਵੀ ਕਦੇ ਕੋਈ ਔਖੀ ਮੁਲਾਕਾਤ ਹੁੰਦੀ ਤਾਂ ਪਹਿਲਾਂ ਇਸ ਨੂੰ ਸੁਣਦਾ ਹੁੰਦਾ ਸੀ। ਮੁਕੁਲ ਸ਼ਿਵਪੁੱਤਰ ਨੇ ਵੱਖਰੇ ਅੰਦਾਜ਼ ਵਿੱਚ ਜਮੁਨਾ ਕਿਨਾਰੇ ਗਾਇਆ ਹੈ, ਪਰ ਇਹ ਵੀ ਪੁਰਅਸਰ ਹੈ। ਇਹ ਜ਼ਿਆਦਾ ਲੰਮੇਰਾ, ਮੱਧਮ ਅਤੇ ਧਿਆਨਮਈ ਹੈ। ਮੁਕੁਲਜੀ ਦਾ ਕਾਫ਼ੀ ਸੰਗੀਤ ਯੂਟਿਊਬ ਉੱਪਰ ਉਪਲਬਧ ਹੈ ਜਿਸ ਤੋਂ ਉਨ੍ਹਾਂ ਦੀ ਮਖਸੂਸ, ਅਗਿਆਤ ਅਤੇ ਸ਼ਾਇਦ ਬੇਕਾਬੂ ਜ਼ਹਾਨਤ ਦਾ ਖੁਲਾਸਾ ਹੁੰਦਾ ਹੈ। ਮੈਨੂੰ ਉਨ੍ਹਾਂ ਦਾ ਜੈਜੈਵੰਤੀ, ਕੇਦਾਰ ਅਤੇ ਖਮਾਜ ਵੀ ਬਹੁਤ ਪਸੰਦ ਹੈ।
ਇਸੇ ਮਹੀਨੇ ਮੈਂ ਕੁਮਾਰ ਗੰਧਰਵ ਦੀ ਬਹੁਤ ਪ੍ਰਤਿਭਾਸ਼ਾਲੀ ਧੀ ਕਲਪਿਨੀ ਕੋਮਕਲੀ ਵੱਲੋਂ ਲਾਈਵ ਗਾਇਆ ‘ਜਮੁਨਾ ਕਿਨਾਰੇ’ ਸੁਣਿਆ। ਬੰਗਲੌਰ ਵਿੱਚ ਉਸ ਦਾ ਸ਼ੋਅ ਉਸ ਦੇ ਪਿਤਾ ਦੇ ਜਨਮ ਸ਼ਤਾਬਦੀ ਜਸ਼ਨਾਂ ਮੌਕੇ ਕਰਾਇਆ ਗਿਆ ਸੀ। ਇਹ ਸਮਾਗਮ ਇੱਕ ਸੰਖੇਪ ਜਿਹੇ ਸਲਾਈਡ ਸ਼ੋਅ ਨਾਲ ਸ਼ੁਰੂ ਹੋਇਆ, ਜਿਸ ’ਚ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਅਲੱਗ-ਅਲੱਗ ਸੰਦਰਭਾਂ ਵਿੱਚ ਕੁਮਾਰਜੀ ਦੀਆਂ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਜਿਸ ਤਸਵੀਰ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਨ੍ਹਾਂ ਵਿੱਚੋਂ ਸੀ 1991 ’ਚ ਧਾਰਵਾੜ ’ਚ ਉਨ੍ਹਾਂ ਦੀ ਮਲਿਕਾਰਜੁਨ ਮਨਸੂਰ ਨਾਲ ਖਿੱਚੀ ਗਈ ਫੋਟੋ।
ਮਲਿਕਾਰਜੁਨ ਮਨਸੂਰ ਡੇਢ ਦਹਾਕੇ ਦੌਰਾਨ ਜੰਮੇ ਉਨ੍ਹਾਂ ਪੰਜਾਂ ਬੇਮਿਸਾਲ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ, ਜਿਨ੍ਹਾਂ ਦਾ ਜਨਮ ਬੌਂਬੇ ਕਰਨਾਟਕਾ ਵਜੋਂ ਜਾਣੇ ਜਾਂਦੇ ਖੇਤਰ ਵਿੱਚ ਹੋਇਆ ਜਿਸ ਦੀ ਸੱਭਿਆਚਾਰਕ ਰਾਜਧਾਨੀ ਧਾਰਵਾੜ ਹੈ। ਕੁਮਾਰ ਗੰਧਰਵ ਇਨ੍ਹਾਂ ਵਿੱਚੋਂ ਸਭ ਤੋਂ ਛੋਟੇ ਸਨ, ਬਾਕੀ ਮੈਂਬਰਾਂ ਵਿੱਚ
ਗੰਗੂਬਾਈ ਹੰਗਲ, ਭੀਮਸੇਨ ਜੋਸ਼ੀ ਤੇ ਬਾਸਵਰਾਜ ਰਾਜਗੁਰੂ ਸ਼ਾਮਿਲ ਹਨ।
ਜਦੋਂ ਉਨ੍ਹਾਂ ਦਾ ਦੋਸਤ ਤੇ ਸਾਥੀ ਸੰਗੀਤਕਾਰ ਬਿਨਾਂ ਦੱਸੇ ਉਨ੍ਹਾਂ ਦੇ ਦਰਵਾਜ਼ੇ ਉੱਤੇ ਪਹੁੰਚਿਆ, ਮਲਿਕਾਰਜੁਨਜੀ ਨੂੰ ਲੱਗਾ ਕਿ ਉਹ ਇੱਕ ਆਖ਼ਰੀ ਵਾਰ ਆਪਣੇ ‘ਅੰਨਾ’ (ਵੱਡੇ ਭਰਾ) ਨੂੰ ਮਿਲਣ ਆਇਆ ਹੈ। ਉਹ ਕੁਮਾਰਜੀ ਨਾਲੋਂ ਕਾਫ਼ੀ ਵੱਡੇ ਸਨ ਤੇ ਸਿਗਰਟਨੋਸ਼ੀ ਦੇ ਕਾਫ਼ੀ ਸ਼ੌਕੀਨ ਸਨ। ਜਦੋਂ ਕੁਮਾਰਜੀ ਕੁਝ ਮਹੀਨਿਆਂ ਬਾਅਦ ਜਹਾਨ ਤੋਂ ਰੁਖ਼ਸਤ ਹੋ ਗਏ, ਉਨ੍ਹਾਂ ਦਾ ਇਹ ਮਹਾਨ ਸਮਕਾਲੀ ਬਹੁਤ ਹੀ ਜ਼ਿਆਦਾ ਦੁਖੀ ਹੋਇਆ। ਛੋਟਾ ਮੇਰੇ ਤੋਂ ਪਹਿਲਾਂ ਚਲਾ ਗਿਆ, ਉਹ ਰੋਏ (ਮਲਿਕਾਰਜੁਨ ਆਪ ਵੀ ਥੋੜ੍ਹੇ ਸਮੇਂ ਬਾਅਦ ਹੀ ਦੁਨੀਆ ਤੋਂ ਰੁਖ਼ਸਤ ਹੋ ਗਏ)।
ਕਲਪਿਨੀ ਨੇ ਬੰਗਲੌਰ ਦੇ ਸ਼ੋਅ ਦੀ ਸ਼ੁਰੂਆਤ ਆਪਣੇ ਪਿਤਾ ਦੀਆਂ ਤਿੰਨ ਬੰਦਿਸ਼ਾਂ ਨਾਲ ਕੀਤੀ ਜੋ ਭੀਮਪਲਾਸੀ ਰਾਗ ਵਿੱਚ ਸਨ। ਇਹ ਇੱਕ ਗੰਭੀਰ ਕਿਸਮ ਦਾ ਬੌਧਿਕ ਰਾਗ ਹੈ ਤੇ ਪੇਸ਼ਕਾਰੀ ਨੇ ਇਨ੍ਹਾਂ ਭਾਵਾਂ ਦਾ ਢੁੱਕਵਾਂ ਮੁੱਲ ਮੋੜਿਆ। ਇਸ ਤੋਂ ਬਾਅਦ ਉਸ ਨੇ ਜੋੜ ਰਾਗਾਂ ’ਚ ਇੱਕ ਸੰਖੇਪ ਬੰਦਿਸ਼ ‘ਸ੍ਰੀ ਕਲਿਆਣ’ ਗਾਈ ਜਿਸ ਨੂੰ ਕੁਮਾਰ ਗੰਧਰਵ ਨੇ ਇਜਾਦ ਕੀਤਾ ਸੀ। ਇਸ ਤੋਂ ਬਾਅਦ ਲੋਕ ਗੀਤ ਗਾਇਆ ਜੋ ‘ਮਾਲਵਾ’ ਖੇਤਰ ਨਾਲ ਸਬੰਧਿਤ ਸੀ, ਮੱਧ ਪ੍ਰਦੇਸ਼ ਦਾ ਉਹ ਖੁਸ਼ਕ ਖੇਤਰ, ਜਿੱਥੇ ਕੰਨੜ ਮੂਲ ਦੇ ਬੌਂਬੇ ’ਚ ਸੰਗੀਤ ਸਿੱਖੇ ਕੁਮਾਰ ਗੰਧਰਵ ਨੇ ਉਦੋਂ ਰਹਿਣਾ ਸ਼ੁਰੂ ਕੀਤਾ ਜਦ ਉਨ੍ਹਾਂ ਨੂੰ ਆਪਣੀ ਛਾਤੀ ਦੇ ਇੱਕ ਗੰਭੀਰ ਰੋਗ ਬਾਰੇ ਪਤਾ ਲੱਗਾ।
ਜਿਵੇਂ-ਜਿਵੇਂ ਪ੍ਰੋਗਰਾਮ ਅੱਗੇ ਵਧ ਰਿਹਾ ਸੀ, ਮੈਨੂੰ ਥੋੜ੍ਹੀ ਜਿਹੀ ਉਮੀਦ ਸੀ ਕਿ ਇਸ ਵਿੱਚ ‘ਜਮੁਨਾ ਕਿਨਾਰੇ ਮੋਰਾ ਗਾਓਂ’ ਸ਼ਾਮਿਲ ਹੋਵੇਗਾ। ਜਦੋਂ ਮੈਂ ਛੋਟਾ ਸੀ, ਉੱਚੀ ਬੋਲ ਕੇ ਆਪਣੀ ਫ਼ਰਮਾਇਸ਼ ਦੱਸ ਦਿੰਦਾ ਜਾਂ ਕਾਗਜ਼ ਉੱਤੇ ਲਿਖ ਕੇ ਭੇਜ ਦਿੰਦਾ। ਪਰ, ਵਧਦੀ ਉਮਰ ਦੇ ਨਾਲ ਸਵੈ-ਚੇਤਨਾ ਵੀ ਵਧਦੀ ਜਾਂਦੀ ਹੈ, ਇਸ ਲਈ ਮੈਂ ਚੁੱਪ ਰਿਹਾ। ਖ਼ੁਸ਼ੀ ਦੀ ਗੱਲ ਸੀ ਕਿ ਕਲਪਿਨੀ ਨੇ ਪ੍ਰੋਗਰਾਮ ਦਾ ਅੰਤ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਕੁਮਾਰ ਗੰਧਰਵ ਦੇ ਗੀਤ ਨਾਲ ਕੀਤਾ, ਨਾ ਸਿਰਫ਼ ਮੇਰੇ ਲਈ ਬਲਕਿ ਬਾਕੀ ਸਰੋਤਿਆਂ ਖ਼ਾਤਰ ਵੀ। ਉਸ ਨੇ ਆਪਣੇ ਪਿਤਾ ਦੇ ਅੰਦਾਜ਼ ’ਚ ‘ਜਮੁਨਾ ਕਿਨਾਰੇ’ ਗਾਇਆ। ਮੈਂ ਅੱਖਾਂ ਬੰਦ ਕਰ ਲਈਆਂ ਤੇ ਆਪਣੀ ਜਵਾਨੀ ਦੇ ਸਮਿਆਂ ਵਿੱਚ ਗੁਆਚ ਗਿਆ, ਜਦੋਂ ਮੈਂ ਜੰਗਲਾਂ ’ਚ ਸੈਰ ਕਰਦਾ, ਜਮੁਨਾ ਦੇ ਪਾਣੀਆਂ ਦੇ ਨਾਲ-ਨਾਲ ਤੁਰਦਾ।
ਅਗਲੀ ਸਵੇਰ ਮੈਂ ਯੂਟਿਊਬ ’ਤੇ ਜਾ ਕੇ, ‘ਕੁਮਾਰ ਗੰਧਰਵ/ਵਸੁੰਧਰਾ ਕੋਮਕਲੀ ਭਜਨ ਪ੍ਰੋਗਰਾਮ ਨਵੀਂ ਦਿੱਲੀ 1978’ ਟਾਈਪ ਕੀਤਾ। ਹੈਰਾਨੀਜਨਕ ਢੰਗ ਨਾਲ ਪ੍ਰੋਗਰਾਮ ਦਾ ਇੱਕ ਲਿੰਕ ਨਿਕਲ ਆਇਆ; ਪੂਰਾ ਇੱਕ ਘੰਟੇ ਤੇ ਪੰਦਰਾਂ ਮਿੰਟ ਦਾ, ਜਿਸ ਵਿੱਚ 19 ਗੀਤ ਸਨ, ਜਿਨ੍ਹਾਂ ਦੀ ਬਹੁਤ ਸਨੇਹ ਨਾਲ ਇੱਕ ਸਰੋਤੇ ਨੇ ਹੈਸ਼ਟੈਗ <\@>digvijaypatil2207 (see https://www.youtube.com/watch?v=QKsXewM02ug) ਵਰਤਿਆਂ ਪਛਾਣ ਕੀਤੀ ਹੋਈ ਸੀ। ਲਿੰਕ ਦੇ ਨਾਲ ਹੀ ਪ੍ਰੋਗਰਾਮ ਦੀ ਤਰੀਕ ਲਿਖੀ ਹੋਈ ਸੀ: 20 ਅਗਸਤ, 1978, ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਵਜੋਂ ਮੇਰੇ ਆਖ਼ਰੀ ਸਾਲ ਦਾ ਪਹਿਲਾ ਮਹੀਨਾ। ਹੁਣ ਇਹ ਲਿੰਕ ਮੇਰੇ ਵੱਲੋਂ ਯੂਟਿਊਬ ਉੱਤੇ ਸੁਣੀਆਂ ਜਾਂਦੀਆਂ ਕੁਮਾਰ ਗੰਧਰਵ ਦੀਆਂ ਹੋਰਨਾਂ ਰਿਕਾਰਡਿੰਗਾਂ ਵਿੱਚ ਸ਼ਾਮਿਲ ਹੋ ਸਕਦਾ ਹੈ, ਤੇ ਨਾਲ ਹੀ ਉਨ੍ਹਾਂ 8 ਸ਼ਾਨਦਾਰ ਸੀਡੀਜ਼ ਵਿੱਚ ਵੀ, ਜੋ ਕਿਸੇ ਸਮੇਂ ਮੈਨੂੰ ਪ੍ਰੋਫੈਸਰ ਅਨੀਤਾ ਰਾਮਪਾਲ ਨੇ ਤੋਹਫ਼ੇ ਵਿੱਚ ਦਿੱਤੀਆਂ ਸਨ, ਜੋ ਹਾਲੇ ਵੀ ਠੀਕ-ਠਾਕ ਹਨ ਤੇ ਮੇਰੇ ਆਈਪੌਡ ਵਿੱਚ ਚੱਲ ਰਹੀਆਂ ਹਨ।
ਮੈਂ ਕੁਮਾਰ ਗੰਧਰਵ ਨਾਲ ਹੀ ਵੱਡਾ ਹੋਇਆ ਹਾਂ ਤੇ ਉਸ ਦਾ ਸਦਾਬਹਾਰ ਸੰਗੀਤ ਆਖ਼ਰੀ ਦਿਨਾਂ ਤੱਕ ਮੇਰੇ ਨਾਲ ਰਹੇਗਾ। ਮੈਂ ਆਸ ਕਰਦਾ ਹਾਂ ਕਿ ਜਦੋਂ ਮੈਂ ਇਸ ਧਰਤੀ ਤੋਂ ਜਾਣ ਵਾਲਾ ਹੋਵਾਂਗਾ, ਕੋਈ ਕਿਰਪਾਲੂ ਦੋਸਤ ਜਾਂ ਪਰਿਵਾਰਕ ਮੈਂਬਰ ਇਹ ਯਕੀਨੀ ਬਣਾਏਗਾ ਕਿ ਜਿਹੜੀ ਆਖ਼ਰੀ ਆਵਾਜ਼ ਮੇਰੇ ਕੰਨਾਂ ’ਚ ਪਏ, ਉਹ ਇਸ ਸੰਗੀਤਕ ਹਸਤੀ ਦੀ ਹੋਵੇ, ਤੇ ‘ਜਮੁਨਾ ਕਿਨਾਰੇ ਮੋਰਾ ਗਾਓਂ’ ਗਾਇਆ ਜਾ ਰਿਹਾ ਹੋਵੇ।
ਈ-ਮੇਲ: ramachandraguha@yahoo.in

Advertisement

Advertisement
Author Image

Advertisement