ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਲੰਪਿਕ ਮਸ਼ਾਲ ਦਾ ਸਫ਼ਰ

10:04 AM Jun 15, 2024 IST

ਹਰਜੀਤ ਸਿੰਘ ਜੋਗਾ

Advertisement

ਈਸਾ ਦੇ ਜਨਮ ਤੋਂ 776 ਸਾਲ ਪਹਿਲਾਂ ਸ਼ੁਰੂ ਹੋਈਆਂ ਪ੍ਰਾਚੀਨ ਓਲੰਪਿਕ ਖੇਡਾਂ ਤੋਂ ਹੀ ਪਵਿੱਤਰ ਅਗਨੀ ਦੀ ਜੋਤ (ਮਸ਼ਾਲ) ਜਲਾਉਣ ਦੀ ਰਸਮ ਚੱਲਦੀ ਆ ਰਹੀ ਹੈ। ਪ੍ਰਾਚੀਨ ਓਲੰਪਿਕ ਖੇਡਾਂ ਸਮੇਂ ਯੂਨਾਨ ਦੇ ਓਲੰਪੀਆ ਪਿੰਡ ਵਿੱਚ ਬਣੇ ਹੋਏ ਜ਼ਿਊਸ ਦੇਵਤਾ ਦੇ ਮੰਦਰ ਵਿੱਚ ਪਵਿੱਤਰ ਜੋਤ ਲਗਾਤਾਰ ਜਲਦੀ ਰਹਿੰਦੀ ਸੀ। ਪ੍ਰਾਚੀਨ ਓਲੰਪਿਕ ਖੇਡਾਂ ਹਰ ਵਾਰ ਓਲੰਪੀਆ ਪਿੰਡ ਵਿੱਚ ਹੀ ਹੁੰਦੀਆਂ ਸਨ, ਇਸ ਕਰਕੇ ਇਸ ਪਵਿੱਤਰ ਜੋਤ ਨੂੰ ਕਿਸੇ ਦੂਸਰੇ ਸਥਾਨ ’ਤੇ ਲਿਜਾਣ ਦੀ ਲੋੜ ਨਹੀਂ ਪੈਂਦੀ ਸੀ। ਦੂਜੇ ਪਾਸੇ 1896 ਵਿੱਚ ਸ਼ੁਰੂ ਹੋਈਆਂ ਆਧੁਨਿਕ ਓਲੰਪਿਕ ਖੇਡਾਂ ਹਰ ਵਾਰ ਓਲੰਪੀਆ ਪਿੰਡ (ਯੂਨਾਨ) ਵਿੱਚ ਨਾ ਹੋ ਕੇ ਵੱਖੋ-ਵੱਖਰੇ ਦੇਸ਼ਾਂ ਵਿੱਚ ਹੁੰਦੀਆਂ ਹਨ। 1896 ਵਿੱਚ ਜਦੋਂ ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਤਾਂ ਉਸ ਸਮੇਂ ਪ੍ਰਾਚੀਨ ਓਲੰਪਿਕ ਖੇਡਾਂ ਦੀਆਂ ਕਈ ਰਸਮਾਂ ਨੂੰ ਖੇਡਾਂ ਸ਼ੁਰੂ ਕਰਨ ਸਮੇਂ ਨਿਭਾਇਆ ਜਾਂਦਾ ਸੀ ਪਰ ਮਸ਼ਾਲ ਜਲਾਉਣ ਦੀ ਰਸਮ ਨਹੀਂ ਨਿਭਾਈ ਜਾਂਦੀ ਸੀ।
ਆਧੁਨਿਕ ਓਲੰਪਿਕ ਖੇਡਾਂ ਦਾ ਮੋਢੀ ਪੀਅਰੇ ਡੀ ਕੁਬਰਟਿਨ ਬਹੁਤ ਜ਼ਿਆਦਾ ਬਿਮਾਰ ਹੋਣ ਕਾਰਨ 1928 ਦੀਆਂ ਐਮਸਟਰਡਮ ਓਲੰਪਿਕ ਖੇਡਾਂ ਵਿੱਚ ਜਾਣ ਦੀ ਹਾਲਤ ਵਿੱਚ ਨਹੀਂ ਸੀ। ਇਸ ਲਈ ਉਸ ਨੇ ਆਪਣੇ ਵੱਲੋਂ ਇੱਕ ਲਿਖਤੀ ਸੰਦੇਸ਼ ਭੇਜਿਆ। ਇਸ ਸੰਦੇਸ਼ ਵਿੱਚ ਉਸ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਪ੍ਰਬੰਧਕਾਂ ਅਤੇ ਦੂਸਰੇ ਲੋਕਾਂ ਨੂੰ ਅਪੀਲ ਕੀਤੀ ਕਿ ‘ਸੁਰਜੀਤ ਹੋਈ ਓਲੰਪਿਕ ਭਾਵਨਾ ਦੀ ਜਿਓਤੀ (ਮਸ਼ਾਲ) ਸਦਾ ਲਈ ਜ਼ਿੰਦਾ ਰੱਖਿਓ।’ ਓਲੰਪਿਕ ਮਸ਼ਾਲ ਇਸੇ ਭਾਵਨਾ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਯੂਨਾਨ ਦੇ ਓਲੰਪੀਆ ਪਿੰਡ ਵਿੱਚ ਮਸ਼ਾਲ ਜਲਾਉਣ ਅਤੇ ਉੱਥੋਂ ਇਸ ਨੂੰ ਓਲੰਪਿਕ ਖੇਡਾਂ ਵਾਲੇ ਸ਼ਹਿਰ ਵਿੱਚ ਲੈ ਕੇ ਆਉਣ ਦਾ ਵਿਚਾਰ ਜਰਮਨੀ ਵਾਸੀਆਂ ਦਾ ਹੈ। 1936 ਦੀਆਂ ਓਲੰਪਿਕ ਖੇਡਾਂ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹੋਣੀਆਂ ਸਨ। ਬਰਲਿਨ ਓਲੰਪਿਕ ਖੇਡਾਂ ਦੇ ਪ੍ਰਧਾਨ ਕਾਰਲ ਡਾਇਮ ਦੀ ਸਲਾਹ ਨਾਲ ਇਸ ਸੂਰਜ ਦੀਆਂ ਕਿਰਨਾਂ ਰਾਹੀਂ ਜਲਾਈ ਗਈ ਵਿਸ਼ੇਸ਼ ਮਸ਼ਾਲ ਨੂੰ ਯੂਨਾਨ ਦੇ ਓਲੰਪੀਆ ਪਿੰਡ ਤੋਂ ਜਲਾ ਕੇ ਬਰਲਿਨ ਤੱਕ ਲਿਆਂਦਾ ਗਿਆ ਸੀ। ਓਲੰਪਿਕ ਮਸ਼ਾਲ 3331 ਖਿਡਾਰੀਆਂ ਦੇ ਹੱਥਾਂ ਵਿੱਚੋਂ ਹੁੰਦੀ ਹੋਈ 3187 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਓਲੰਪੀਆ ਪਿੰਡ ਤੋਂ ਬਰਲਿਨ ਪੁੱਜੀ ਸੀ। ਇਸ ਤਰ੍ਹਾਂ ਓਲੰਪੀਆਂ ਪਿੰਡ ਤੋਂ ਸੂਰਜ ਦੀਆਂ ਕਿਰਨਾਂ ਰਾਹੀਂ ਜਲਾਈ ਗਈ ਜੋਤ ਲਿਆ ਕੇ ਓਲੰਪਿਕ ਮਸ਼ਾਲ ਜਲਾਉਣ ਦੀ ਰਸਮ ਦੀ ਸ਼ੁਰੂਆਤ 1936 ਦੀਆਂ ਬਰਲਿਨ ਓਲੰਪਿਕ ਖੇਡਾਂ ਤੋਂ ਹੋਈ ਹੈ ਜੋ ਅੱਜ ਤੱਕ ਲਗਾਤਾਰ ਚੱਲ ਰਹੀ ਹੈ।
ਓਲੰਪੀਆ ਪਿੰਡ ਵਿੱਚੋਂ ਇਸ ਪਾਵਨ ਅਗਨੀ ਨੂੰ ਲਿਆਉਣਾ ਅਤੇ ਫਿਰ ਉਸ ਅਗਨੀ ਨਾਲ ਓਲੰਪਿਕ ਮਸ਼ਾਲ ਜਲਾਉਣ ਨੂੰ ਓਲੰਪਿਕ ਖੇਡਾਂ ਵਿੱਚ ਇਸ ਦੀ ਚਿੰਨ੍ਹਾਤਮਕ ਪ੍ਰਤੀਨਿਧਤਾ ਮੰਨਿਆ ਜਾਂਦਾ ਹੈ। ਇਹ ਮਸ਼ਾਲ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਲੈ ਕੇ ਸਮਾਪਤੀ ਸਮਾਰੋਹ ਤੱਕ ਲਗਾਤਾਰ ਉਸ ਸਟੇਡੀਅਮ ਵਿੱਚ ਜਗਦੀ ਰਹਿੰਦੀ ਹੈ, ਜਿੱਥੇ ਓਲੰਪਿਕ ਖੇਡਾਂ ਹੋ ਰਹੀਆਂ ਹੁੰਦੀਆਂ ਹਨ।
ਮਸ਼ਾਲ ਜਲਾਉਣ ਦੀ ਰਸਮ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਸ਼ਾਲ ਜਿੱਥੋਂ ਤੱਕ ਸੰਭਵ ਹੋ ਸਕੇ ਦੌੜਾਕ ਪੈਦਲ ਦੌੜਦੇ ਹੋਏ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਂਦੇ ਹਨ। ਇਹ ਮਸ਼ਾਲ ਰਿਲੇਅ ਦੌੜ ਵਾਂਗ ਇੱਕ ਦੌੜਾਕ ਤੋਂ ਦੂਸਰੇ ਦੌੜਾਕ ਤੱਕ ਪਹੁੰਚਦੀ ਹੋਈ, ਵੱਖ ਵੱਖ ਥਾਵਾਂ ਦਾ ਚੱਕਰ ਲਗਾ ਕੇ ਆਪਣੇ ਆਖਰੀ ਪੜਾਅ ’ਤੇ ਉਸ ਸ਼ਹਿਰ ਵਿੱਚ ਪਹੁੰਚ ਜਾਂਦੀ ਹੈ, ਜਿੱਥੇ ਓਲੰਪਿਕ ਖੇਡਾਂ ਹੋਣੀਆ ਹੋਣ। ਖੇਡਾਂ ਵਾਲੇ ਸ਼ਹਿਰ ਤੱਕ ਦੇ ਸਫ਼ਰ ਦੌਰਾਨ ਮਸ਼ਾਲ ਜਿਸ ਵੀ ਦੇਸ਼ ਵਿੱਚ ਪਹੁੰਚਦੀ ਹੈ, ਉਸ ਦੇਸ਼ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਸ਼ਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਣ ਵਾਲੇ ਦੌੜਾਕਾਂ ਦਾ ਪ੍ਰਬੰਧ ਕਰੇ। ਇਹ ਦੌੜਾਕ ਆਮ ਤੌਰ ’ਤੇ ਸਬੰਧਤ ਦੇਸ਼ ਦੇ ਪ੍ਰਸਿੱਧ ਖਿਡਾਰੀ ਹੁੰਦੇ ਹਨ। ਮਸ਼ਾਲ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਲਈ ਹੋਰ ਵੱਖ-ਵੱਖ ਸਾਧਨਾਂ ਜਿਵੇਂ ਸਮੁੰਦਰੀ ਜਹਾਜ਼, ਹਵਾਈ ਜਹਾਜ਼, ਕਿਸ਼ਤੀਆਂ, ਊਠਾਂ ਅਤੇ ਘੋੜਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਸਟੇਡੀਅਮ ਵਿੱਚ ਮਸ਼ਾਲ ਲਿਆਉਣ ਅਤੇ ਸਟੇਡੀਅਮ ਵਿੱਚ ਸਥਾਪਤ ਕੀਤੀ ਹੋਈ ਮਸ਼ਾਲ ਜਲਾਉਣ ਵਾਲੇ ਅਥਲੀਟ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਉਹ ਮੇਜ਼ਬਾਨ ਦੇਸ਼ ਨਾਲ ਸਬੰਧਤ ਕੋਈ ਮਸ਼ਹੂਰ ਖਿਡਾਰੀ ਜਾਂ ਕੋਈ ਨਵਾਂ ਉੱਭਰਦਾ ਅਥਲੀਟ ਵੀ ਹੋ ਸਕਦਾ ਹੈ। ਮਸ਼ਾਲ ਦੇ ਨਾਲ ਸਟੇਡੀਅਮ ਅੰਦਰ ਉਸ ਖਿਡਾਰੀ ਦੀ ਆਮਦ ਖੇਡਾਂ ਦੇ ਉਦਘਾਟਨ ਸਮੇਂ ਹੀ ਹੁੰਦੀ ਹੈ। ਇਹ ਮਸ਼ਾਲ ਓਲੰਪਿਕ ਖੇਡਾਂ ਦੌਰਾਨ ਦਿਨ ਰਾਤ ਲਗਾਤਾਰ ਜਲਦੀ ਰਹਿੰਦੀ ਹੈ। ਓਲੰਪਿਕ ਮਸ਼ਾਲ ਦਾ ਡਿਜ਼ਾਇਨ ਹਰ ਓਲੰਪਿਕ ਸਮੇਂ ਨਵਾਂ ਤਿਆਰ ਕੀਤਾ ਜਾਂਦਾ ਹੈ। 2024 ਦੀਆਂ ਪੈਰਿਸ ਓਲੰਪਿਕ ਖੇਡਾਂ ਲਈ ਬਣਾਈ ਗਈ ਮਸ਼ਾਲ ਦਾ ਡਿਜ਼ਾਇਨ ਪ੍ਰਸਿੱਧ ਫਰੈਂਚ ਡਿਜ਼ਾਈਨਰ ਮੈਥਿਊ ਲੇਹਾਨਿਊਰ ਵੱਲੋਂ ਤਿਆਰ ਕੀਤਾ ਗਿਆ ਹੈ।
ਓਲੰਪਿਕ ਮਸ਼ਾਲ ਦੀ ਯਾਤਰਾ ਦੇ ਸਭ ਤੋਂ ਯਾਦਗਾਰੀ ਪਲ 1976 ਦੀਆਂ ਮੌਂਟਰੀਅਲ (ਕੈਨੇਡਾ) ਓਲੰਪਿਕ ਖੇਡਾਂ ਸਮੇਂ ਵਾਪਰੇ ਸਨ, ਜਦੋਂ ਓਲੰਪੀਆ (ਯੂਨਾਨ) ਵਿੱਚ ਸੂਰਜ ਦੀਆਂ ਕਿਰਨਾਂ ਦੁਆਰਾ ਪਵਿੱਤਰ ਅਗਨੀ ਜਲਾਉਣ ਤੋਂ ਬਾਅਦ ਇਸ ਨੂੰ ਰੇਡਿਓ ਤਰੰਗਾਂ ਵਿੱਚ ਬਦਲਿਆ ਗਿਆ। ਓਲੰਪੀਆ ਤੋਂ ਸੈਟੇਲਾਈਟ ਰਾਹੀਂ ਇਨ੍ਹਾਂ ਰੇਡਿਓ ਤਰੰਗਾਂ ਨੂੰ ਮੌਂਟਰੀਅਲ (ਕੈਨੇਡਾ) ਪਹੁੰਚਾਇਆ ਗਿਆ। ਇੱਥੇ ਲੇਜ਼ਰ ਕਿਰਨਾਂ ਰਾਹੀਂ ਇਨ੍ਹਾਂ ਤਰੰਗਾਂ ਤੋਂ ਓਲੰਪਿਕ ਮਸ਼ਾਲ ਨੂੰ ਜਲਾਇਆ ਗਿਆ ਸੀ। 2000 ਦੀਆਂ ਸਿਡਨੀ (ਆਸਟਰੇਲੀਆ) ਓਲੰਪਿਕ ਖੇਡਾਂ ਸਮੇਂ ਓਲੰਪਿਕ ਮਸ਼ਾਲ ਨੂੰ ਗੋਤਾਖੋਰਾਂ ਰਾਹੀਂ ਪਾਣੀ ਦੇ ਹੇਠਾਂ ਦੀ ਲਿਜਾਇਆ ਗਿਆ ਸੀ।
2004 ਦੀਆਂ ਏਥਨਜ਼ (ਯੂਨਾਨ) ਓਲੰਪਿਕ ਖੇਡਾਂ ਸਮੇਂ ਓਲੰਪਿਕ ਮਸ਼ਾਲ ਨੇ 78 ਦਿਨਾਂ ਵਿੱਚ 78,000 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਸੀ। ਇਸ ਦੌਰਾਨ 11,300 ਦੌੜਾਕਾਂ ਨੇ ਮਸ਼ਾਲ ਲਈ ਦੌੜ ਲਗਾਈ ਸੀ। ਓਲੰਪਿਕ ਦੇ ਇਤਿਹਾਸ ਵਿੱਚ ਇਹ ਮਸ਼ਾਲ ਪਹਿਲੀ ਵਾਰ ਅਫ਼ਰੀਕਾ ਅਤੇ ਦੱਖਣੀ ਅਮਰੀਕਾ ਰਾਹੀਂ ਹੁੰਦੇ ਹੋਏ ਓਲੰਪਿਕ ਖੇਡਾਂ ਨਾਲ ਸਬੰਧਤ ਸਾਰੇ ਪੁਰਾਣੇ ਸ਼ਹਿਰਾਂ ਦਾ ਵੱਡਾ ਚੱਕਰ ਕੱਟ ਕੇ ਏਥਨਜ਼ (ਯੂਨਾਨ) ਪਹੁੰਚੀ ਸੀ ਜਿੱਥੇ 28ਵੀਆਂ ਓਲੰਪਿਕ ਖੇਡਾਂ ਹੋਣੀਆਂ ਸਨ।
2012 ਦੀਆਂ ਲੰਡਨ ਵਿੱਚ ਹੋਈਆਂ 30ਵੀਆਂ ਓਲੰਪਿਕ ਖੇਡਾਂ ਲਈ ਓਲੰਪਿਕ ਮਸ਼ਾਲ ਦੀ 70 ਦਿਨਾਂ ਯਾਤਰਾ ਓਲੰਪੀਆ ਪਿੰਡ ਤੋਂ ਚੱਲ ਕੇ ਲੰਡਨ ਦੇ ਸਟਰੇਟਫੋਰਡ ਸਟੇਡੀਅਮ ਵਿੱਚ ਖੇਡਾਂ ਦੇ ਉਦਘਾਟਨੀ ਸਮਾਰੋਹ ਸਮੇਂ ਮਸ਼ਾਲ ਜਲਾਉਣ ਨਾਲ ਸਮਾਪਤ ਹੋਈ ਸੀ। ਇਸ ਦੌਰਾਨ ਓਲੰਪਿਕ ਮਸ਼ਾਲ ਓਲੰਪੀਆ ਨਗਰ ਤੋਂ ਲੰਡਨ ਪਹੁੰਚਣ ਲਈ 12875 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ 8,000 ਖਿਡਾਰੀਆਂ ਦੇ ਹੱਥਾਂ ਦਾ ਸ਼ਿੰਗਾਰ ਬਣੀ ਸੀ।
ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜੇਨੇਰੋ ਵਿਖੇ ਹੋਈਆਂ 31ਵੀਆਂ ਓਲੰਪਿਕ ਖੇਡਾਂ ਦੀ ਮਸ਼ਾਲ ਯਾਤਰਾ ਓਲੰਪੀਆ ਪਿੰਡ ਤੋਂ ਆਰੰਭ ਹੋ ਕੇ 106 ਦਿਨਾਂ ਵਿੱਚ 20000 ਕਿਲੋਮੀਟਰ ਤੋਂ ਜ਼ਿਆਦਾ ਸਫ਼ਰ ਤੈਅ ਕਰਨ ਤੋਂ ਬਾਅਦ 12000 ਤੋਂ ਜ਼ਿਆਦਾ ਖਿਡਾਰੀਆਂ ਦੇ ਹੱਥਾਂ ਵਿੱਚੋਂ ਦੀ ਹੁੰਦੀ ਹੋਈ ਖੇਡਾਂ ਦੇ ਉਦਘਾਟਨ ਵਾਲੇ ਦਿਨ ਰੀਓ ਡੀ ਜੇਨੇਰੋ ਦੇ ਸਟੇਡੀਅਮ ਵਿਖੇ ਪਹੁੰਚੀ ਸੀ।
2020 ਦੀਆਂ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋਈਆਂ 32ਵੀਆਂ ਓਲੰਪਿਕ ਖੇਡਾਂ (ਕਰੋਨਾ ਮਹਾਮਾਰੀ ਕਾਰਨ ਜੁਲਾਈ 2021 ਵਿੱਚ ਹੋਈਆਂ) ਦੀ ਮਸ਼ਾਲ 114 ਦਿਨਾਂ ਵਿੱਚ 12500 ਖਿਡਾਰੀਆਂ ਦੇ ਹੱਥਾਂ ਵਿੱਚੋਂ ਹੁੰਦੀ ਹੋਈ 20 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਟੋਕੀਓ ਪਹੁੰਚੀ ਸੀ। ਇਸ ਸਾਲ ਪੈਰਿਸ (ਫਰਾਂਸ) ਵਿਖੇ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੀਆਂ 33ਵੀਆਂ ਓਲੰਪਿਕ ਖੇਡਾਂ ਦੀ ਮਸ਼ਾਲ ਯਾਤਰਾ ਧਾਰਮਿਕ ਰਸਮਾਂ ਤੋਂ ਬਾਅਦ 16 ਅਪਰੈਲ ਨੂੰ ਓਲੰਪੀਆ (ਯੂਨਾਨ) ਤੋਂ ਸ਼ੁਰੂ ਹੋ ਚੁੱਕੀ ਹੈ। ਯੂਨਾਨ ਤੋਂ ਫਰਾਂਸ ਦਾ ਚੱਕਰ ਲਗਾ ਕੇ ਇਹ ਮਸ਼ਾਲ ਯਾਤਰਾ 26 ਜੁਲਾਈ ਨੂੰ ਪੈਰਿਸ ਦੇ ਮੁੱਖ ਓਲੰਪਿਕ ਸਟੇਡੀਅਮ ਵਿੱਚ ਪਹੁੰਚੇਗੀ। ਓਲੰਪਿਕ ਮਸ਼ਾਲ ਦੀ ਇਸ ਯਾਤਰਾ ਦੌਰਾਨ 79 ਦਿਨਾਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਖਿਡਾਰੀ ਇਨ੍ਹਾਂ ਮਾਣਮੱਤੇ ਪਲਾਂ ਦੇ ਗਵਾਹ ਬਣਨਗੇ।
ਸੰਪਰਕ: 94178-30981

Advertisement
Advertisement
Advertisement