ਜੀਂਦ ਕਾਂਡ: ਚੁੱਪ ਦੀ ਸਾਜਿ਼ਸ਼
ਰਾਜੇਸ਼ ਰਾਮਚੰਦਰਨ
ਪਿਛਲੇ ਦਿਨੀਂ ਸਾਡੇ ਸਮਾਜ ਦਾ ਤਨ ਪੂਰੀ ਤਰ੍ਹਾਂ ਬੇਪਰਦ ਹੋ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਇਸ ਦੀ ਸੂਰਤ ਰੋਜ਼-ਬ-ਰੋਜ਼ ਬਦਸੂਰਤ ਹੋ ਰਹੀ ਹੈ। ਜੀਂਦ (ਹਰਿਆਣਾ) ਵਿਚ ਲੜਕੀਆਂ ਦੇ ਇਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਕਰੀਬ 50 ਕੁੜੀਆਂ ਦਾ ਜਿਨਸੀ ਸ਼ੋਸ਼ਣ ਹੋਇਆ; ਉਨ੍ਹਾਂ ’ਚੋਂ ਕੁਝ ਬੱਚੀਆਂ ’ਤੇ ਹਮਲਾ ਕੀਤਾ ਗਿਆ ਅਤੇ ਕੁਝ ਨਾਲ ਕਥਿਤ ਤੌਰ ’ਤੇ ਸਕੂਲ ਦੇ ਪ੍ਰਿੰਸੀਪਲ ਨੇ ਬਲਾਤਕਾਰ ਕੀਤਾ। ਉਸ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੱਚਿਆਂ ਨੂੰ ਜਿਨਸੀ ਹਮਲਿਆਂ ਤੋਂ ਬਚਾਉਣ ਬਾਰੇ ਕਾਨੂੰਨ (ਪੋਕਸੋ) ਤਹਿਤ ਜਿਨਸੀ ਹਮਲੇ ਅਤੇ ਭਾਰਤੀ ਦੰਡ ਵਿਧਾਨ ਤਹਿਤ ਔਰਤਾਂ ਦੀ ਅਜ਼ਮਤ ਨਾਲ ਖਿਲਵਾੜ ਕਰਨ ਅਤੇ ਬੰਦੀ ਬਣਾ ਕੇ ਰੱਖਣ ਦੇ ਦੋਸ਼ ਦਰਜ ਕੀਤੇ ਗਏ ਹਨ।
ਇਹ ਕਹਾਣੀ ਇੰਨੀ ਖੌਫ਼ਨਾਕ ਹੈ ਕਿ ਇਸ ਨੂੰ ਤਫ਼ਸੀਲ ਵਿਚ ਬਿਆਨ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਸ਼ੁਰੂ ਵਿਚ 31 ਅਗਸਤ ਨੂੰ ਸਕੂਲ ਦੀਆਂ ਕੁਝ ਵਿਦਿਆਰਥਣਾਂ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਚਿੱਠੀ ਲਿਖੀ ਪਰ ਵਿਦਿਆਰਥਣਾਂ ਦੇ ਨਾਂ ਜ਼ਾਹਿਰਾ ਤੌਰ ’ਤੇ ਫ਼ਰਜ਼ੀ ਸਨ। ਜਿ਼ਲ੍ਹਾ ਅਧਿਕਾਰੀਆਂ ਨੇ 25 ਅਕਤੂਬਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਉਸੇ ਦਿਨ ਉਹ ਪ੍ਰਿੰਸੀਪਲ ਜਿ਼ਲ੍ਹਾ ਸਿੱਖਿਆ ਦਫ਼ਤਰ ਦੀ ਪ੍ਰਵਾਨਗੀ ਲਏ ਬਗ਼ੈਰ 50 ਵਿਦਿਆਰਥਣਾਂ ਨੂੰ ਲੈ ਕੇ ਤਿੰਨ ਦਿਨਾਂ ਦੇ ਟੂਰ ’ਤੇ ਅੰਮ੍ਰਿਤਸਰ ਪਹੁੰਚ ਗਿਆ। ਮੀਡੀਆ ਦੀਆਂ ਰਿਪੋਰਟਾਂ ਵਿਚ ਇਹ ਗੱਲ ਆਈ ਸੀ ਕਿ ਇਹ ਟੂਰ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕਵਾਇਦ ਸੀ। ਵਾਪਸੀ ’ਤੇ ਵਧੀਕ ਮੁੱਖ ਸਕੱਤਰ ਨੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ।
ਬਾਅਦ ਵਿਚ ਡਿਪਟੀ ਕਮਿਸ਼ਨਰ ਵਲੋਂ ਕਾਇਮ ਕੀਤੀ ਜਿਨਸੀ ਛੇੜਛਾੜ ਕਮੇਟੀ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਪਹਿਲੀ ਨਜ਼ਰੇ ਇਨ੍ਹਾਂ ਦੋਸ਼ਾਂ ਵਿਚ ਕੁਝ ਸਚਾਈ ਜਾਪਦੀ ਹੈ। 4 ਨਵੰਬਰ ਨੂੰ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਤੋਂ ਬਾਅਦ ਹੋਰ ਦੋਸ਼ ਸਾਹਮਣੇ ਆਉਣ ਲੱਗੇ। ਇਸ ਮਾਮਲੇ ਨੂੰ ਲੈ ਕੇ ਚੱਲ ਰਹੇ ਰੋਸ ਮੁਜ਼ਾਹਰਿਆਂ ਦੀ ਅਗਵਾਈ ਜਨਵਾਦੀ ਮਹਿਲਾ ਸਮਿਤੀ ਅਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਵਲੋਂ ਆਪਣੇ ਤੌਰ ’ਤੇ ਇਸ ਮਾਮਲੇ ਦੀ ਦੇਖ ਰੇਖ ਕੀਤੀ ਜਾ ਰਹੀ ਸੀ। ਇਕ ਮੁਕਾਮੀ ਕਾਰਕੁਨ ਸਿੱਕਮ ਨੈਨ ਨੇ ਦੋਸ਼ ਲਾਇਆ ਕਿ ਪ੍ਰਿੰਸੀਪਲ ਨੇ 30 ਬੱਚੀਆਂ ਨਾਲ ਸਰੀਰਕ ਸਬੰਧ ਬਣਾਏ ਸਨ। ਨਾਬਾਲਗ ਬੱਚੀਆਂ ਨਾਲ ਸਰੀਰਕ ਸਬੰਧਾਂ ਨੂੰ ਬਲਾਤਕਾਰ ਦੀ ਹੀ ਸੰਗਿਆ ਦਿੱਤੀ ਜਾਂਦੀ ਹੈ। ਇਸ ਲਈ ਜੇ ਕੋਈ ਕਾਰਕੁਨ ਪ੍ਰਿੰਸੀਪਲ ਵਲੋਂ ਕੀਤੇ ਗਏ ਬਲਾਤਕਾਰ ਵੱਲ ਇਸ਼ਾਰਾ ਕਰਦਾ ਹੈ ਤਾਂ ਇਸ ਕੇਸ ਦੀ ਜਾਂਚ ਵਿਚ ਨਵਾਂ ਮੋੜ ਆ ਜਾਵੇਗਾ ਕਿਉਂਕਿ ਹਾਲੇ ਤੱਕ ਮੁਲਜ਼ਮ ਖਿਲਾਫ਼ ਬਲਾਤਕਾਰ ਦੇ ਦੋਸ਼ ਸ਼ਾਮਲ ਨਹੀਂ ਕੀਤੇ ਗਏ ਸਨ ਤੇ ਨਾ ਹੀ ਮੁਕਾਮੀ ਪੁਲੀਸ ਨੇ ਇਨ੍ਹਾਂ ਲੀਹਾਂ ’ਤੇ ਜਾਂਚ ਕੀਤੀ ਸੀ।
ਲੰਘੀ 30 ਸਤੰਬਰ ਨੂੰ ਗਿਆਰਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਸੀ। ਇਕ ਕਮਜ਼ੋਰ ਤਬਕੇ ਨਾਲ ਸਬੰਧਿਤ ਇਸ ਵਿਦਿਆਰਥਣ ਨੇ ਜਿਸ ਦਿਨ ਇਹ ਕਦਮ ਚੁੱਕਿਆ ਸੀ, ਉਸ ਦਿਨ ਉਹ ਸਕੂਲ ਵੀ ਗਈ ਸੀ। ਨਾ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ ਅਤੇ ਨਾ ਹੀ ਪੁਲੀਸ ਨੇ ਮੁਕਾਮੀ ਕਾਰਕੁਨਾਂ ਵਲੋਂ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਲਾਏ ਦੋਸ਼ਾਂ ਵੱਲ ਕੋਈ ਕੰਨ ਧਰਿਆ। ਇਸ ਕੇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਦੌਰਾਨ ਹੀ ਇਸੇ ਸਕੂਲ ਦੀਆਂ ਦੋ ਹੋਰ ਵਿਦਿਆਰਥਣਾਂ ਦੀ ਮੌਤ ਦੀਆਂ ਰਿਪੋਰਟਾਂ ਵੀ ਮਿਲੀਆਂ ਸਨ। ਪੁਲੀਸ, ਮੁਕਾਮੀ ਪ੍ਰਸ਼ਾਸਨ ਜਾਂ ਸਕੂਲ ਪ੍ਰਬੰਧਨ ਵਿਚੋਂ ਕਿਸੇ ਨੇ ਵੀ ਇਨ੍ਹਾਂ ਅਜੀਬ ਘਟਨਾਵਾਂ ਮੁਤੱਲਕ ਧਿਆਨ ਦੇ ਕੇ ਕੋਈ ਤਫ਼ਸੀਲੀ ਰਿਪੋਰਟ ਤਿਆਰ ਕਰਨ ਦੀ ਖੇਚਲ ਨਹੀਂ ਕੀਤੀ। ਇਨ੍ਹਾਂ ਦੇ ਦਰਾਂ ਨੂੰ ਖੜਕਾਉਣ ਦੀ ਹਰ ਕੋਸ਼ਿਸ਼ ਨੂੰ ਕੇਵਲ ਇਕ ਹੀ ਘੜਿਆ ਘੜਾਇਆ ਜਵਾਬ ਮਿਲਦਾ ਰਿਹਾ।
‘ਦਿ ਟ੍ਰਿਬਿਊਨ’ ਅਖ਼ਬਾਰ ਨੇ ਆਪਣੇ ਹੀ ਬੱਚਿਆਂ ਨੂੰ ਨਿਗਲ ਰਹੇ ਇਸ ਪ੍ਰਿੰਸੀਪਲ ਨਾਲ ਜੁੜੀ ਇਸ ਖੌਫ਼ਨਾਕ ਵਰਤਾਰੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦਾ ਕੋਈ ਫ਼ਾਇਦਾ ਨਾ ਹੋਇਆ। ਉਸ ਤੋਂ ਬਾਅਦ ਆਏ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਨੇ ਆਪਣੇ ਸਹਿਕਰਮੀ ਖਿਲਾਫ਼ ਦੋਸ਼ਾਂ ਨੂੰ ਫਜ਼ੂਲ ਦੱਸਦਿਆਂ ਦਾਅਵਾ ਕੀਤਾ ਕਿ ਇਕ ਵਾਰ ਉਸ ਦੇ ਖਿਲਾਫ਼ ਵੀ ਅਜਿਹੀ ਸਿ਼ਕਾਇਤ ਆਈ ਸੀ ਜਿਸ ’ਚੋਂ ਕੁਝ ਨਹੀਂ ਨਿਕਲਿਆ ਸੀ। ਸਬਬੀਂ ਇਹ ਰਿਪੋਰਟਾਂ ਵੀ ਆਈਆਂ ਹਨ ਕਿ ਜੀਂਦ ਦੇ ਇਸ ਸਕੂਲ ਵਿਚ ਪ੍ਰਿੰਸੀਪਲ ਬਣ ਕੇ ਆਉਣ ਤੋਂ ਪਹਿਲਾਂ ਵੀ ਮੁਲਜ਼ਮ ਖਿਲਾਫ਼ ਜਿਨਸੀ ਛੇੜਛਾੜ ਦੀਆਂ ਕਈ ਸ਼ਿਕਾਇਤਾਂ ਆ ਚੁੱਕੀਆਂ ਸਨ। ਜਾਪਦਾ ਹੈ ਕਿ ਜਿਨਸੀ ਛੇੜਛਾੜ ਦੀਆਂ ਸ਼ਿਕਾਇਤਾਂ ਹਰਿਆਣਾ ਦੇ ਸਕੂਲਾਂ ਦੇ ਕੋਰਸ ਦਾ ਹਿੱਸਾ ਬਣ ਗਈਆਂ ਹਨ ਅਤੇ ਇਨ੍ਹਾਂ ਸ਼ਿਕਾਇਤਾਂ ਕਾਰਨ ਵਿਭਾਗ ਨੂੰ ਖ਼ਾਸ ਤੌਰ ’ਤੇ ਲੜਕੀਆਂ ਦੇ ਸਕੂਲਾਂ ਵਿਚ ਅਜਿਹੇ ਦਾਗੀ ਅਧਿਆਪਕਾਂ ਨੂੰ ਤਾਇਨਾਤ ਕਰਨ ਵਿਚ ਕੋਈ ਫ਼ਰਕ ਨਹੀਂ ਪੈਂਦਾ।
ਇਹ ਗੱਲ ਨਹੀਂ ਹੈ ਕਿ ਸਾਰੀ ਜਿ਼ੰਮੇਵਾਰੀ ਬਸ ਸਿੱਖਿਆ ਵਿਭਾਗ ਜਾਂ ਸਕੂਲਾਂ ਦੀ ਹੀ ਹੈ। ਕਿਸੇ ਮੁਕਾਮੀ ਸਿਆਸਤਦਾਨ ਨੇ ਇਸ ਕੇਸ ਬਾਰੇ ਆਪਣਾ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਦਿਖਾਈ। ਚਾਰੇ ਪਾਸੇ ਸਾਜਿ਼ਸ਼ ਦੀ ਚੁੱਪ ਪਸਰੀ ਹੋਈ ਹੈ। ਹਰਿਆਣਾ ਵਿਚ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਆਪੋ ਵਿਚ ਘਿਓ ਖਿੱਚੜੀ ਹੋਈਆਂ ਪਈਆਂ ਹਨ। ਕੁਝ ਦਿਨ ਪਹਿਲਾਂ ਜ਼ਹਿਰੀਲੀ ਸ਼ਰਾਬ ਕਾਰਨ 20 ਮੌਤਾਂ ਹੋ ਗਈਆਂ ਅਤੇ ਇਸ ਮਾਮਲੇ ਵਿਚ ਵਿਰੋਧੀ ਧਿਰ ਦੀ ਇਕ ਪਾਰਟੀ ਦਾ ਆਗੂ ਅਤੇ ਸੱਤਾਧਾਰੀ ਪਾਰਟੀ ਦੇ ਇਕ ਵੱਡੇ ਆਗੂ ਦਾ ਪੁੱਤਰ ਮੁਲਜ਼ਮਾਂ ਵਿਚ ਸ਼ਾਮਲ ਦੱਸੇ ਜਾਂਦੇ ਹਨ। ਪੰਜਾਬ ਅਤੇ ਹਰਿਆਣਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਇਨ੍ਹਾਂ ਤਰਾਸਦੀਆਂ ਨੂੰ ਇੰਝ ਹੀ ਰਫ਼ਾ ਦਫ਼ਾ ਕਰ ਦਿੱਤਾ ਜਾਂਦਾ ਹੈ।
ਹਾਲ ਹੀ ਵਿਚ ਯਮੁਨਾਨਗਰ ਵਿਚ ਹੋਈ ਘਟਨਾ ਦੀ ਹੀ ਮਿਸਾਲ ਲੈ ਲਓ। ਮੁੱਖ ਮੁਲਜ਼ਮ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਦੇ ਸਿਆਸਤਦਾਨਾਂ ਦਾ ਇਕ ਬੇਨਾਮੀ ਮੋਹਰਾ ਹੈ ਜਿਸ ਕੋਲ ਸ਼ਰਾਬ ਦੇ 22 ਠੇਕਿਆਂ ਦੇ ਲਾਇਸੈਂਸ ਸਨ ਅਤੇ ਉਹ ਸ਼ਰੇਆਮ ਐਕਸਟ੍ਰਾ ਨਿਊਟ੍ਰਲ ਅਲਕੋਹਲ (ਈਐੱਨਏ) ਦੇ ਮਿਸ਼ਰਨ ਵਾਲੀ ਸ਼ਰਾਬ ਵੇਚ ਰਿਹਾ ਸੀ। ਸਿੱਧੀ ਜਿਹੀ ਗੱਲ ਹੈ ਕਿ ਜਦੋਂ ਈਐੱਨਏ ਦੀ ਬਜਾਇ ਮੀਥਾਇਲ ਅਲਕੋਹਲ ਜਾਂ ਸਿੰਥੈਟਿਕ (ਡੀਨੇਚਰਡ) ਸਪਿਰਟ ਵੇਚੀ ਜਾਂਦੀ ਹੈ ਤਾਂ ਮੌਤਾਂ ਹੁੰਦੀਆਂ ਹਨ। ਇਸ ਕਰ ਕੇ ਸ਼ਰਾਬ ਦੀਆਂ ਫੈਕਟਰੀਆਂ, ਲਾਇਸੈਂਸੀ ਠੇਕੇਦਾਰਾਂ, ਆਬਕਾਰੀ ਅਫਸਰਾਂ ਅਤੇ ਭ੍ਰਿਸ਼ਟ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਚਲਦੇ ਇਸ ਆਬਕਾਰੀ ਘਪਲੇ ਕਾਰਨ ਸ਼ਰਾਬ ਦੀਆਂ ਇਹ ਤਰਾਸਦੀਆਂ ਹੁੰਦੀਆਂ ਹਨ ਜਿਸ ਲਈ ਸਿਰਫ਼ ਪੀੜ੍ਹੀਆਂ ਤੋਂ ਮੁਕਾਮੀ ਖਪਤ ਵਾਲੀ ਸ਼ਰਾਬ ਕੱਢਣ ਵਾਲੇ ਪਰਿਵਾਰਾਂ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ।
ਬਹਰਹਾਲ, ਜੀਂਦ ਦੀਆਂ 50 ਕੁੜੀਆਂ ਦੀ ਹੋਣੀ ਇਸ ਤਰ੍ਹਾਂ ਦੀ ਬੇਤੁਕੀ ਜਾਂਚ ਦੇ ਸਿੱਟਿਆਂ ’ਤੇ ਨਹੀਂ ਛੱਡੀ ਜਾ ਸਕਦੀ। ਇਹ ਇਕਹਿਰਾ ਕੇਸ ਹੀ ਨਾ ਕੇਵਲ ਹਵਾ ਵਿਚ ਤੈਰਦੇ ਕੁੜੀਆਂ ਨਾਲ ਬਲਾਤਕਾਰ ਅਤੇ ਖੁਦਕੁਸ਼ੀ ਦੇ ਸਾਰੇ ਦੋਸ਼ਾਂ ਲਈ ਸਗੋਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਜਿ਼ੰਮੇਵਾਰ ਸਿਸਟਮ ਦੇ ਢਹਿ ਢੇਰੀ ਹੋ ਜਾਣ ਲਈ ਵੀ ਬਹੁਤ ਅਹਿਮ ਹੈ। ਸਾਫ਼ ਜ਼ਾਹਿਰ ਹੈ ਕਿ ਸਕੂਲ ਪ੍ਰਬੰਧਕ ਕਮੇਟੀ, ਜਿ਼ਲ੍ਹਾ ਬਾਲ ਭਲਾਈ ਕਮੇਟੀ, ਬਾਲ ਹੱਕਾਂ ਦੀ ਰਾਖੀ ਲਈ ਕਮਿਸ਼ਨ ਅਤੇ ਹੋਰ ਸਾਰੇ ਸਰਕਾਰੀ ਵਿਭਾਗ ਅਤੇ ਵਿਧਾਨਕ ਅਦਾਰੇ ਫੇਲ੍ਹ ਹੋਏ ਹਨ।
ਜੇ ਜੀਂਦ ਵਿਚ ਵਾਪਰਿਆ ਇਹ ਵਰਤਾਰਾ ਸਿਸਟਮ ਦੀ ਨਾਕਾਮੀ ਦਾ ਸਿੱਟਾ ਹੈ ਤਾਂ ਦੂਜੇ ਸਰਕਾਰੀ ਸਕੂਲਾਂ ਦੇ ਹਾਲਾਤ ਵੱਖਰੇ ਕਿਵੇਂ ਹੋ ਸਕਦੇ ਹਨ? ਸਰਕਾਰੀ ਸਕੂਲਾਂ ਦਾ ਮਾਯੂਸਕੁਨ ਤੱਥ ਇਹ ਹੈ ਕਿ ਇਨ੍ਹਾਂ ਵਿਚ ਆਰਥਿਕ ਅਤੇ ਸਮਾਜਿਕ ਤੌਰ ’ਤੇ ਸਭ ਤੋਂ ਵੱਧ ਪਛੜੇ ਵਰਗਾਂ ਦੇ ਬੱਚੇ-ਬੱਚੀਆਂ ਹੀ ਪੜ੍ਹਨ ਜਾਂਦੇ ਹਨ। ਜਦੋਂ ਇਨ੍ਹਾਂ ਬੱਚੇ-ਬੱਚੀਆਂ ਨੂੰ ਇਸ ਕਿਸਮ ਦੀ ਜ਼ਲਾਲਤ ਹੰਢਾਉਣੀ ਪੈਂਦੀ ਹੈ ਤਾਂ ਉਨ੍ਹਾਂ ਦੇ ਮਾਪੇ ਲਾਚਾਰ ਹੋ ਕੇ ਰਹਿ ਜਾਂਦੇ ਹਨ। ਉਨ੍ਹਾਂ ਦੇ ਬੱਚਿਆਂ ਵਾਂਗ ਉਹ ਵੀ ਸਮਾਜਿਕ ਤਿਰਸਕਾਰ ਦੇ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ ਅਤੇ ਮੂੰਹ ਲੁਕੋ ਕੇ ਜੀਣ ਲਈ ਮਜਬੂਰ ਹੋ ਜਾਂਦੇ ਹਨ। ਪੁਲੀਸ ਦੀ ਪੁੱਛ ਪੜਤਾਲ ਦੇ ਡਰੋਂ ਉਹ ਸ਼ਿਕਾਇਤ ਨਹੀਂ ਕਰਦੇ ਜਿਸ ਨਾਲ ਹਰ ਕਿਸੇ ਲਈ ਅਜਿਹੇ ਮਾਮਲਿਆਂ ਨੂੰ ਰਫ਼ਾ ਦਫ਼ਾ ਕਰਨਾ ਸੌਖਾ ਹੋ ਜਾਂਦਾ ਹੈ ਪਰ ਇਕ ਸਮਾਜ ਦੇ ਤੌਰ ’ਤੇ ਅਸੀਂ ਪਿੱਤਰਸੱਤਾ ਦੀ ਧੌਂਸ ਦਿਖਾ ਕੇ ਚੁੱਪ ਕਰਾਉਣ ਅਤੇ ਅਜਿਹੇ ਆਦਮਖੋਰ ਨੂੰ ਬਰੀ ਕਰਾ ਕੇ ਇਨ੍ਹਾਂ ਬੱਚਿਆਂ ਨੂੰ ਨਾਕਾਮ ਹੁੰਦਾ ਨਹੀਂ ਦੇਖ ਸਕਦੇ।
*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।