For the best experience, open
https://m.punjabitribuneonline.com
on your mobile browser.
Advertisement

ਪੰਜਾਬ ਦਾ ਭਵਿੱਖ ਅਤੇ ਸਿਆਸੀ ਲੀਡਰਸ਼ਿਪ

06:26 AM Jul 20, 2024 IST
ਪੰਜਾਬ ਦਾ ਭਵਿੱਖ ਅਤੇ ਸਿਆਸੀ ਲੀਡਰਸ਼ਿਪ
Advertisement

ਸੁੱਚਾ ਸਿੰਘ ਖੱਟੜਾ

Advertisement

ਖ਼ਾਲਿਸਤਾਨ ਦੀ ਧਾਰਨਾ ਉੱਤੇ ਪ੍ਰਿੰਟ ਅਤੇ ਬਿਜਲਈ ਪ੍ਰਚਾਰ ਸਾਧਨ ਭਰਪੂਰ ਚਰਚਾਵਾਂ ਕਰਵਾ ਰਹੇ ਹਨ। ਧਾਰਨਾ ਦੀ ਸਮੁੰਦਰ ਰਿੜਕਨ ਪ੍ਰਕਿਰਿਆ ਵਿੱਚ ਵਿਸ਼ਾ ਸਮੱਗਰੀ ਦੇ ਵਾਧੇ ਵਜੋਂ ਨਿਤ ਕੁਝ ਨਾ ਕੁਝ ਪੈਂਦਾ ਰਹਿਣਾ ਚਾਹੀਦਾ ਹੈ ਤਾਂ ਕਿ ਲੋਕ ਮਨਾਂ ਵਿੱਚੋਂ ਕੁਝ ਵੀ ਅਜਿਹਾ ਅਣ-ਵਿਆਖਿਅਤ ਨਾ ਰਹੇ ਜੋ ਸਮਾਜ ਦਾ ਨਾਸੂਰ ਬਣ ਕੇ ਮੁੜ ਰਿਸਣ ਲੱਗ ਜਾਵੇ।
1699 ਵਿੱਚ ਜਿਸ ਮਾਨਵ ਨੂੰ ਖ਼ਾਲਸਾ ਬਣਾਇਆ, ਉਸ ਦੀ ਰੂਹ ਦੀ ਘਾੜਤ ਤਾਂ ਬਾਬੇ ਨਾਨਕ ਤੋਂ ਸ਼ੁਰੂ ਸੀ। ਇਸ ਦੇ ਆਧਾਰ ਸਨ ਇੱਕ ਈਸ਼ਵਰ, ਅਸੀਂ ਸਭ ਉਸ ਦੇ ਬਾਲਕ। ਇੱਥੇ ਜਾਤ-ਪਾਤ, ਊਚ-ਨੀਚ ਸਮਾਪਤ ਹੈ। ਔਰਤ ਲਈ ਬਰਾਬਰੀ ਤੈਅ ਹੋ ਗਈ। ਕਿਰਤ ਅਤੇ ਕਿਰਤੀ ਸਤਿਕਾਰਤ ਹੋ ਗਏ। ਜ਼ੁਲਮ ਤੇ ਜ਼ਾਲਮ ਵਿਰੁੱਧ ਡਟਾ ਕਿਰਦਾਰ ਦਾ ਹਿੱਸਾ ਬਣ ਗਿਆ। ਪਰਾਇਆ ਹੱਕ ਪਾਪ ਹੋ ਗਿਆ। ਇਉਂ ਖ਼ਾਲਸਾ ਬਣਨਾ ਸ਼ੁਰੂ ਸੀ।
1699 ਵਿੱਚ ਖ਼ਾਲਸਾ ਪੰਥ ਨੂੰ ਸਾਕਾਰ ਕਰਨ ਲਈ ਖ਼ਾਲਸਾ ਫ਼ੌਜ ਦਾ ਨੀਂਹ ਪੱਥਰ ਰੱਖਿਆ ਗਿਆ। ਭਾਵ ਵਾਚਕ ਹੁਣ ਵਿਸ਼ੇਸ਼ਣ ਬਣ ਸ਼ਖ਼ਸੀਅਤ ਅਤੇ ਸਮੂਹ ਨਾਲ ਜੁੜ ਗਿਆ। ਇਤਿਹਾਸ ਦੇ ਕਾਲ ਖੰਡ ਵਿੱਚ ਚੁਣੌਤੀਆਂ ਆਈਆਂ, ਮੌਕੇ ਆਏ ਅਤੇ ਮਿਲੀ ਭੂਮਿਕਾ ਨਿਭਾਈ। ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਜ਼ਿਮੀਂਦਾਰੀ ਸਮਾਪਤ ਕਰ ਜ਼ਮੀਨਾਂ ਹਲ ਵਾਹਕਾਂ ਵਿੱਚ ਵੰਡ ਦਿੱਤੀਆਂ। ਮੌਤ ਸਾਹਮਣੇ ਆਈ, ਈਨ ਮੰਨਣ ਦੀ ਥਾਂ ਹੱਸਦਿਆਂ ਸ਼ਹੀਦੀਆਂ ਪਾ ਲਈਆਂ। ਅਬਦਾਲੀ ਅਤੇ ਦੁੱਰਾਨੀ ਨੇ ਦਿੱਲੀ ਉੱਤੇ ਹਮਲੇ ਕੀਤੇ। ਲੁੱਟੇ ਮਾਲ ਵਜੋਂ ਹਿੰਦੂ ਧੀਆਂ ਵੀ ਨਾਲ ਲਿਜਾਣ ਲੱਗੇ। ਪੰਜਾਬ ਦੀ ਧਰਤੀ ਉੱਤੇ ਖ਼ਾਲਸੇ ਨੇ ਧੀਆਂ ਛੁਡਵਾਈਆਂ ਅਤੇ ਪਰਿਵਾਰਾਂ ਪਾਸ ਵਾਪਸ ਪਹੁੰਚਾਈਆਂ। ਸਮਾਜ ਵਿੱਚ ਨਵਾਂ ਸੂਰਮਾ ਪੈਦਾ ਹੋ ਚੁੱਕਾ ਸੀ। ਖ਼ਾਲਸਾ ਇਉਂ ਸਮਾਜ ਦੀ ਸ਼ਰਧਾ ਤੇ ਸਤਿਕਾਰ ਦਾ ਪਾਤਰ ਬਣ ਗਿਆ। ਹਰ ਘਰ ਦੀ ਕਾੜ੍ਹਨੀ ਦਾ ਦੁੱਧ ਅਤੇ ਚਾਟੀ ਦਾ ਦਹੀਂ ਖ਼ਾਲਸੇ ਦਾ ਸੀ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ ਹਕੂਮਤ ਵਿਰੁੱਧ ਇਕੱਲਾ ਪੰਜਾਬ ਲੜ ਹੀ ਨਹੀਂ ਸੀ ਸਕਦਾ। ਇਹੀ ਕਾਰਨ ਸੀ ਕਿ ਗ਼ਦਰ ਪਾਰਟੀ ਨੇ ਆਪਣਾ ਦੇਸ ਪੰਜਾਬ ਨਹੀਂ, ਹਿੰਦੋਸਤਾਨ ਅਪਣਾਇਆ। ਮਗਰੋਂ ਜਿੰਨੀਆਂ ਕੁਰਬਾਨੀਆਂ ਹੋਈਆਂ, ਉਹ ਪੰਜਾਬ ਜਾਂ ਸਿੱਖ ਰਾਜ ਦੀ ਆਜ਼ਾਦੀ ਲਈ ਨਹੀਂ, ਹਿੰਦ ਦੀ ਆਜ਼ਾਦੀ ਲਈ ਦਿੱਤੀਆਂ। ਆਜ਼ਾਦੀ ਨਾਲ ਹੀ ਦੇਸ ਵੰਡਿਆ ਗਿਆ। ਪੰਜਾਬ ਉਸ ਪ੍ਰਭੁਤਾ ਵਾਲੇ ਦੇਸ ਦਾ ਸੂਬਾ ਬਣਿਆ ਜਿਹੜਾ ਲੋਕ ਰਾਜੀ ਸੰਸਦੀ ਸਿਸਟਮ ਦੀ ਸੰਵਿਧਾਨਕ ਗਰੰਟੀ ਵਾਲਾ ਹੈ। ਅੰਗਰੇਜ਼ ਵੱਖਰਾ ਦੇਸ ਸਿੱਖਾਂ ਨੂੰ ਦੇ ਸਕਦੇ ਸਨ, ਆਗੂਆਂ ਦੀ ਨਾਲਾਇਕੀ ਕਾਰਨ ਨਹੀਂ ਮਿਲਿਆ, ਇਹ ਝੂਠ ਹੈ। ਇੱਥੋਂ ਹੀ ਖ਼ਾਲਸਾ ਰਾਜ ਲਈ ਮ੍ਰਿਗ ਤ੍ਰਿਸ਼ਨਾ ਜਨਮ ਲੈਂਦੀ ਹੈ।
ਅੰਮ੍ਰਿਤਸਰ ਦੇ ਨਿਰੰਕਾਰੀ ਕਾਂਡ ਪਿੱਛੋਂ ਸੰਤ ਜਰਨੈਲ ਸਿੰਘ ਦੇ ਹਥਿਆਰਬੰਦ ਅੰਗ ਰੱਖਿਅਕਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਠਿਕਾਣਾ ਬਣਾਉਣ ਤੋਂ ਬਾਅਦ ਸਾਕਾ ਨੀਲਾ ਤਾਰਾ ਤੱਕ ਅਨੇਕ ਹਿੰਦੂ ਸਿੱਖ ਮਾਰੇ ਜਾ ਚੁੱਕੇ ਸਨ। ਇਨ੍ਹਾਂ ਵਿੱਚ ਸਿੱਖਾਂ ਨੂੰ ਪੰਜਾਬ ਪੁਲੀਸ ਨੇ ਮਾਰਿਆ ਦੱਸਿਆ ਜਾਂਦਾ ਹੈ। 21 ਅਪਰੈਲ 1986 ਨੂੰ ਪੰਥਕ ਕਮੇਟੀ ਦੇ ਖ਼ਾਲਿਸਤਾਨ ਦੇ ਐਲਾਨ ਤੋਂ ਬਾਅਦ ਬੱਸਾਂ ਵਿੱਚੋਂ ਇੱਕ ਫਿ਼ਰਕੇ ਦੇ ਲੋਕਾਂ ਨੂੰ ਕੱਢ-ਕੱਢ ਕੇ ਮਾਰਨਾ ਆਮ ਹੋ ਗਿਆ ਸੀ। ਮਾਨਵ ਦਾ ਬਾਬੇ ਨਾਨਕ ਤੋਂ ਦਸਵੇਂ ਪਾਤਸ਼ਾਹ ਤੱਕ ਪਹੁੰਚ ਕੇ ਖ਼ਾਲਸਾ ਬਣਨਾ ਅਤੇ ਆਪਣੇ ਕਿਰਦਾਰ ਨਾਲ ਦੂਰ-ਦੂਰ ਤੱਕ ਸਤਿਕਾਰ ਹਾਸਿਲ ਕਰਨਾ ਅਤੇ ਵੀਹਵੀਂ ਸਦੀ ਦੇ ਅੱਸੀਵਿਆਂ ਵਿੱਚ ਤਥਾਕਥਿਤ ਖ਼ਾਲਸੇ ਦਾ 180 ਡਿਗਰੀ ਦਾ ਮੋੜਾ ਕੱਟਣਾ ਅਤੇ ਦਹਿਸ਼ਤੀ ਹੋ ਜਾਣਾ ਸਮਝਣਾ ਬਣਦਾ ਹੈ। ਉਹ ਵੀ ਖ਼ਾਲਸਾ ਸੀ ਜੋ ਹਿੰਦੂ ਧੀਆਂ ਛੁਡਵਾ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਦਾ ਸੀ; ਇਹ ਵੀ ਖ਼ਾਲਸਾ ਸੀ ਜੋ ਬੱਸਾਂ ਵਿੱਚੋਂ ਕੱਢ-ਕੱਢ ਹਿੰਦੂਆਂ ਨੂੰ ਮਾਰਨ ਲੱਗ ਪਿਆ। ਕਾਹਦਾ ਬਦਲਾ? ਕਾਹਦੀ ਸਜ਼ਾ? ਮੁਗ਼ਲ ਹਕੂਮਤ ਨੇ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦੇ ਸ਼ਹੀਦ ਕੀਤੇ, ਖ਼ਾਲਸੇ ਨੇ ਕਿਸੇ ਨਿਹੱਥੇ ਮੁਸਲਮਾਨ ਨੂੰ ਨਿਸ਼ਾਨਾ ਨਹੀਂ ਬਣਾਇਆ। ਅੱਸੀਵਿਆਂ ਵਿੱਚ ਖ਼ਾਲਸਾ ਸਨਮਾਨ ਖੋਅ ਗਿਆ।
ਖ਼ਾਲਿਸਤਾਨ ਬਣਨ ਵਿੱਚ ਕੁਝ ਮੁੱਖ ਅੜਿੱਕੇ ਹਨ। ਸਿੱਖ ਗੁਰੂਆਂ ਅਤੇ ਆਜ਼ਾਦੀ ਘੁਲਾਟੀਆਂ, ਸਭ ਦੇ ਹਿੰਦੋਸਤਾਨ ਨਾਲ ਜੁੜਾਓ ਨੇ ਪੰਜਾਬੀਆਂ ਦੀ ਮਾਨਸਿਕਤਾ ਸਿਰਜੀ ਹੈ। ਇਹ ਅ-ਬਦਲ ਹੈ। ਖ਼ਾਲਿਸਤਾਨ ਇਸ ਮਾਨਸਿਕਤਾ ਨੂੰ ਬਦਲ ਕੇ ਹੀ ਬਣੇਗਾ। ਖ਼ਾਲਿਸਤਾਨ ਲਈ ਅੱਸੀਵਿਆਂ ਦੇ ਯਤਨਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਅਜਿਹੀ ਸੱਟ ਮਾਰੀ ਕਿ ਪੰਜਾਬ ਬਾਕੀ ਸੂਬਿਆਂ ਦੇ ਸਿਖਰ ਤੋਂ ਅੱਧੇ ਸੂਬਿਆਂ ਤੋਂ ਵੀ ਹੇਠਾਂ ਜਾ ਡਿੱਗਾ। ਉਦਯੋਗ ਬਾਹਰ ਚਲੇ ਗਏ। ਸਿੱਖਿਆ, ਸੁਰੱਖਿਆ, ਸਿਹਤ ਅਤੇ ਕੌਮੀ ਮੁਕਾਬਲਿਆਂ ਵਿੱਚ ਪੰਜਾਬੀ ਗੱਭਰੂਆਂ ਦੀਆਂ ਸਫਲਤਾਵਾਂ, ਸਭ ਚੌਪਟ ਹੋ ਗਿਆ। ਖ਼ਾਲਿਸਤਾਨ ਹੁਣ ਡਰਾਉਣਾ ਭੂਤ ਬਣ ਚੁੱਕਾ ਹੈ। ਪੰਜਾਬ ਤੋਂ ਬਾਹਰ ਦੇਸ ਦੇ ਕੋਨੇ-ਕੋਨੇ ਵਿੱਚ ਵੱਸਦੇ ਸਿੱਖ ਖ਼ਾਲਿਸਤਾਨ ਦੀ ਥਾਂ ਪੰਜਾਬ ਨੂੰ ਭਾਰਤ ਦੇ ਹਿੱਸੇ ਵਜੋਂ ਰੱਖਣ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ। ਅੱਜ ਧਰਮ ਦੇ ਆਧਾਰ ਉੱਤੇ ਦੇਸ ਖੜ੍ਹਾ ਕਰਨਾ ਪਿਛਾਖੜੀ ਸੋਚ ਹੈ। ਸੱਭਿਅਤਾ ਧਰਮ ਨਿਰਪੱਖ ਲੋਕਤੰਤਰੀ ਪ੍ਰਣਾਲੀਆਂ ਅਪਣਾ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ਦਾ ਜੋ ਵੀ ਮਹਾਨ ਹੈ, ਪੰਜਾਬੀ ਅਤੇ ਸਿੱਖ ਉਸ ਉੱਤੇ ਮਾਣ ਕਰਦਾ ਹੈ ਤੇ ਉਸ ਨੂੰ ਆਪਣਾ ਸਮਝਦਾ ਹੈ।
ਸਭ ਤੋਂ ਵੱਡਾ ਅੜਿੱਕਾ ਇਹ ਹੈ ਕਿ ਜਿਸ ਦੇਸ ਤੋਂ ਵੱਖ ਹੋ ਕੇ ਖ਼ਾਲਿਸਤਾਨ ਬਣਾਉਣਾ ਹੈ, ਉਸ ਨਾਲ ਟਕਰਾਅ ਖ਼ਾਲਿਸਤਾਨ ਦਾ ਨੀਂਹ ਪੱਥਰ ਹੈ। ਸਪਸ਼ਟ ਹੈ ਕਿ ਖ਼ਾਲਿਸਤਾਨ ਲਈ ਭਾਰਤੀ ਫ਼ੌਜ ਤੋਂ ਵੱਡੀ ਫ਼ੌਜ ਰੱਖਣੀ ਪਵੇਗੀ। ਪੰਜਾਬ ਦਾ ਰੇਲਵੇ ਸਿਸਟਮ ਸ਼ੰਭੂ ਤੱਕ ਰਹੇਗਾ। ਆਰਥਿਕਤਾ ਗਲੋਬਲ ਵਰਤਾਰਾ ਹੈ; ਦੇਸ-ਵਿਦੇਸ਼ ਦਾ ਕੋਈ ਖ਼ਾਲਿਸਤਾਨੀ ਆਪਣੇ ਆਰਥਿਕ ਮਾਡਲ ਦਾ ਚਾਰਟ ਬਣਾ ਕੇ ਦੇ ਦੇਵੇ ਪਰ ਭਾਰਤੀ ਫ਼ੌਜ ਤੋਂ ਵੱਡੀ ਫ਼ੌਜ, ਫ਼ੌਜੀ ਸਾਜ਼ੋ-ਸਮਾਨ, ਟੈਂਕ, ਲੜਾਕੂ ਹਵਾਈ ਜਹਾਜ਼ ਆਦਿ ਦੀ ਸਾਂਭ-ਸੰਭਾਲ ਦਾ ਖ਼ਰਚਾ ਪੂਰਾ ਕਰਨ ਵਾਲਾ ਆਰਥਿਕ ਮਾਡਲ ਹੋਣਾ ਚਾਹੀਦਾ ਹੈ। ਯਾਦ ਰਹੇ, ਇਸ ਫ਼ੌਜੀ ਅਤੇ ਆਰਥਿਕ ਪੱਖ ਨੂੰ ਡਾ. ਜਗਜੀਤ ਸਿੰਘ ਚੌਹਾਨ ਨੇ ਵੀ 16 ਜੂਨ 1980 ਦੇ ਆਪਣੇ ਐਲਾਨੇ ਖ਼ਾਲਿਸਤਾਨ ਦੇ ਖ਼ਾਕੇ ਵਿੱਚ ਕਿਤੇ ਦਰਜ ਨਾ ਕੀਤਾ। ਪੰਜਾਬ ਤੋਂ ਜਾ ਕੇ ਵਿਦੇਸ਼ ਬੈਠ ਕੇ ਖ਼ਾਲਿਸਤਾਨ ਪੰਜਾਬ ਵਿੱਚ ਬਣਾਉਣਾ ਖ਼ੁਫ਼ੀਆ ਏਜੰਸੀਆਂ ਦੀ ਖੇਡ ਹੈ। ਵਿਦੇਸ਼ ਬੈਠੇ ਖ਼ਾਲਿਸਤਾਨੀਆਂ ਨੂੰ ਅਪੀਲ ਹੈ ਕਿ ਉਨ੍ਹਾਂ ਨੂੰ ਸੱਜੇ ਖੱਬੇ ਵਾਰ-ਵਾਰ ਦੇਖਣ- ਕੀ ਉਨ੍ਹਾਂ ਦੇ ਫ਼ੈਸਲੇ ਸੁਤੰਤਰ ਹਨ?
ਪੰਜਾਬ ਵਿੱਚ ਕਿਸੇ ਅਜਿਹੀ ਸਿਆਸੀ ਲੀਡਰਸ਼ਿਪ ਦਾ ਉੱਠਣਾ ਜ਼ਰੂਰੀ ਹੈ ਜਿਹੜੀ ਪੰਜਾਬ ਨੂੰ ਸਿੱਖਿਆ ਅਤੇ ਸਕਿੱਲ (ਹੁਨਰ) ਦੀ ਹੱਬ ਬਣਾ ਸਕੇ। ਭਾਰਤ ਹੀ ਨਹੀਂ, ਵਿਦੇਸ਼ਾਂ ਤੋਂ ਵੀ ਵਿਦਿਆਰਥੀ ਪੰਜਾਬ ਵਿਚ ਸਿੱਖਿਆ ਪ੍ਰਾਪਤ ਕਰਨ ਆਉਣ ਅਤੇ ਪੰਜਾਬ ਤੋਂ ਸਿੱਖਿਅਤ ਹੋ ਕੇ ਦੁਨੀਆ ਦੇ ਹਰ ਕੋਨੇ ਵਿੱਚ ਜਾ ਕੇ ਆਪਣੀ ਬੌਧਿਕਤਾ ਦਾ ਕਮਾਲ ਦਿਖਾਉਣ। ਪੁਰਾਣੇ ਸਮਿਆਂ ਦਾ ਭਾਰਤ ਦਾ ਤਕਸ਼ਿਲਾ ਵਿਸ਼ਵਵਿਦਿਆਲਾ ਅਣਵੰਡੇ ਪੰਜਾਬ ਵਿੱਚ ਹੀ ਤਾਂ ਸੀ। ਇਸ ਅਮਲ ਨਾਲ ਪੰਜਾਬੀ ਵੀ ਸਿੱਖਿਅਤ ਹੋ ਕੇ ਬਾਹਰ ਜਾ ਕੇ ਪੰਜਾਬ ਨੂੰ ਵਿਦੇਸ਼ੀ ਕਰੰਸੀ ਨਾਲ ਮਾਲਾਮਾਲ ਕਰ ਸਕਣਗੇ। ਜਦੋਂ ਪੰਜਾਬ ਦੀ ਆਰਥਿਕਤਾ ਹੈ ਹੀ ਖੇਤੀਬਾੜੀ ਉੱਤੇ ਆਧਾਰਿਤ, ਫਿਰ ਖੇਤੀ ਜਿਨਸਾਂ ਵਿੱਚ ਵੰਨ-ਸਵੰਨਤਾ ਅਤੇ ਹਰ ਵੰਨਗੀ ਲਈ ਮੁੱਲ-ਵਾਧੇ ਦੇ ਛੋਟੇ ਵੱਡੇ ਉਦਯੋਗ ਖੜ੍ਹੇ ਕਰਨੇ ਪੈਣਗੇ। ਇਉਂ ਸਿੱਖਿਆ ਅਤੇ ਖੇਤੀ ਖੇਤਰ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਵਿੱਚ ਸਹਾਈ ਹੋਣਗੇ।
ਨਵੀਂ ਲੀਡਰਸ਼ਿਪ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹਾਸਲ ਕਰੇ, ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਹੱਕਦਾਰੀ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰੇ। ਪੰਜਾਬ ਰੰਗਲਾ ਤਾਂ ਹੀ ਬਣੇਗਾ ਜੇ ਨਸ਼ਾ ਮੁਕਤ ਹੋਵੇਗਾ। ਪੰਜਾਬ ਵਿੱਚ ਹਿੰਦੂਆਂ ਸਿੱਖਾਂ ਦੀ ਸਾਂਝ ਬਾਦਲਾਂ ਦੇ ਫਾਰਮੂਲੇ ਦੀ ਥਾਂ ਮਹਾਰਾਜਾ ਰਣਜੀਤ ਸਿੰਘ ਵੇਲਿਆਂ ਦੀ ਭਾਵਨਾ ਉੱਤੇ ਆਧਾਰਿਤ ਹੋਵੇ। ਨਵੀਂ ਲੀਡਰਸ਼ਿਪ ਨੂੰ ਨਵੀਂ ਪਾਰਟੀ ਵੀ ਬਣਾਉਣੀ ਪੈ ਜਾਵੇ, ਬਣਾ ਲਈ ਜਾਵੇ ਪਰ ਇਸ ਨਵੀਂ ਬਣੀ ਪਾਰਟੀ ਵਿੱਚੋਂ ‘ਪੰਜਾਬ ਸਾਰਾ ਜਿਊਂਦਾ ਗੁਰਾਂ ਦੇ ਨਾਮ ’ਤੇ’ ਵਾਲੀ ਝਲਕ ਹੀ ਨਹੀਂ, ਇਸ ਵਿਚਾਰ ਨਾਲ ਓਤ-ਪੋਤ ਹੋਣੀ ਚਾਹੀਦੀ ਹੈ। ਇਤਿਹਾਸਕ ਗੁਰਦੁਆਰਿਆਂ ਨੂੰ ਅੰਦਰੂਨੀ ਬਹਿਰੂਨੀ ਏਜੰਸੀਆਂ ਦੀ ਘੁਸਪੈਠ ਤੋਂ ਬਚਾਉਣਾ ਪਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੈਡੀਕਲਾਂ ਦੇ ਕਬਜ਼ੇ ਵਿੱਚ ਜਾਣ ਤੋਂ ਰੋਕਣਾ, ਨਾਲ ਹੀ ਸਿਆਸਤ ਤੋਂ ਮੁਕਤ ਕਰਵਾ ਕੇ ਨਿਰੋਲ ਸਿੱਖੀ ਪ੍ਰਚਾਰ ਲਈ ਵਚਨਬੱਧ ਸ਼ਖ਼ਸੀਅਤਾਂ ਦੇ ਹੱਥਾਂ ਵਿੱਚ ਦੇਣਾ ਸੰਭਵ ਬਣਾਉਣਾ ਪਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਆਗੂਆਂ ਦੇ ਕਿਰਦਾਰਾਂ ਵਿੱਚ ਗਿਰਾਵਟ ਦਰ ਗਿਰਾਵਟ ਰੋਕਣ ਵਿੱਚ ਅਸਫਲ ਹੈ ਅਤੇ ਅਸਫਲ ਰਹੇਗਾ। ਵਾਰ-ਵਾਰ ਗ਼ਲਤੀਆਂ ਕਰਨਾ, ਮੁਆਫ਼ੀਆਂ ਦੇਣਾ ਅਤੇ ਤਨਖ਼ਾਹਾਂ ਲਾਉਣ ਦੀ ਕਵਾਇਦ ਤੋਂ ਸਿੱਖਾਂ ਦੀ ਇਸ ਸਰਵਉੱਚ ਸੰਸਥਾ ਨੂੰ ਹੁਣ ਬਾਹਰ ਹੋ ਜਾਣਾ ਚਾਹੀਦਾ ਹੈ। ਇਨ੍ਹਾਂ ਆਦਤਨ ਗੁਨਾਹਗਾਰਾਂ ਨੂੰ ਕਿਹਾ ਜਾਵੇ ਕਿ ਇਹ ਆਪ ਹੀ ਸੇਵਾ ਕਰ ਕੇ ਆਪਣੀ ਸ਼ੁੱਧੀ ਕਰ ਲਿਆ ਕਰਨ। ਪੰਜਾਬ ਦੀ ਨਵ-ਉਸਾਰੀ ਲਈ ਰਚਨਾਤਮਕ ਏਜੰਡਾ ਹੀ ਖ਼ਾਲਿਸਤਾਨ ਦੀ ਮ੍ਰਿਗ ਤ੍ਰਿਸ਼ਨਾ ਦੂਰ ਕਰ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਬਚ ਕੇ ਰਹਿਣਾ ਪਏਗਾ। ਇਨ੍ਹਾਂ ਤੋਂ ਏਜੰਸੀਆਂ ਅਜਿਹਾ ਕੁਝ ਲਾਜਿ਼ਮ ਕਰਵਾਉਣਗੀਆਂ ਜਿਸ ਨਾਲ ਪੰਜਾਬ ਅੱਸੀਵਿਆਂ ਨੂੰ ਦੁਹਰਾਉਣ ਵੱਲ ਧੱਕਿਆ ਜਾਵੇਗਾ। ਆਰਐੱਸਐੱਸ ਦੇ ਅਨੇਕ ਵਿੰਗ ਪੰਜਾਬ ਅੰਦਰ ਸਿੱਖੀ ਅਤੇ ਸਿੱਖਾਂ ਵਿਰੁੱਧ ਨਿਤ ਊਲ-ਜਲੂਲ ਬੋਲਦੇ ਹਨ; ਦੂਜੇ ਪਾਸੇ, ਨਿਹੰਗ ਬਾਣੇ ਵਿੱਚ ਮੋੜਵਾਂ ਜਵਾਬ ਦੇਣ ਵਾਲੇ ਪਹਿਲਾਂ ਹੀ ਤਿਆਰ ਹਨ। ਅਕਸਰ ਕੋਈ ਤਾਂ ਇਨ੍ਹਾਂ ਪਿੱਛੇ ਜ਼ਰੂਰ ਹੈ। ਸਰਕਾਰਾਂ ਦੀ ਨਾਲਾਇਕੀ ਕਾਰਨ ਪੰਜਾਬ ਬਾਰੂਦ ਦੇ ਢੇਰ ਉੱਤੇ ਲਿਆ ਖੜ੍ਹਾ ਕਰ ਦਿੱਤਾ ਹੈ। ਹਿੰਦੂ ਅਤੇ ਸਿੱਖ ਵੀਰਾਂ ਨੂੰ ਆਪੋ-ਆਪਣੇ ਖ਼ਰੂਦੀ ਤੱਤਾਂ ਵਿਰੁੱਧ ਖੁੱਲ੍ਹ ਕੇ ਆਵਾਜ਼ ਉਠਾਉਣੀ ਚਾਹੀਦੀ ਹੈ; ਵਰਨਾ ਬਾਰੂਦ ਦੇ ਢੇਰ ਨੂੰ ਪਲੀਤਾ ਕਦੇ ਵੀ ਲਾਇਆ ਜਾ ਸਕਦਾ ਹੈ।
ਸੰਪਰਕ: 94176-52947

Advertisement

Advertisement
Author Image

joginder kumar

View all posts

Advertisement