ਜੰਮੂ ਕਸ਼ਮੀਰ ਕੈਬਨਿਟ ਵੱਲੋਂ ਸੂਬੇ ਦੀ ਦਰਜਾ ਬਹਾਲੀ ਲਈ ਮਤਾ ਪਾਸ
ਸ੍ਰੀਨਗਰ, 18 ਅਕਤੂਬਰ
ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਹੇਠ ਹੋਈ ਜੰਮੂ ਕਸ਼ਮੀਰ ਕੈਬਨਿਟ ਦੀ ਪਹਿਲੀ ਮੀਟਿੰਗ ਦੌਰਾਨ ਸੂਬੇ ਦੀ ਦਰਜਾ ਬਹਾਲੀ ਲਈ ਮਤਾ ਪਾਸ ਕਰ ਦਿੱਤਾ ਗਿਆ। ਸੂਤਰਾਂ ਨੇ ਕਿਹਾ ਕਿ ਮਤੇ ’ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਫੌਰੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਤੇ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਮਰ ਅਬਦੁੱਲਾ ਆਉਂਦੇ ਕੁਝ ਦਿਨਾਂ ’ਚ ਦਿੱਲੀ ਜਾ ਕੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਣਗੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਧਾਰਾ 370 ਰੱਦ ਕਰਕੇ 5 ਅਗਸਤ, 2019 ਨੂੰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਸੀ।
ਉਮਰ ਅਬਦੁੱਲਾ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ’ਚ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ, ਮੰਤਰੀ ਸਕੀਨਾ ਮਸੂਦ ਇੱਤੂ, ਜਾਵੇਦ ਅਹਿਮਦ ਰਾਣਾ, ਜਾਵੇਦ ਅਹਿਮਦ ਡਾਰ ਅਤੇ ਸਤੀਸ਼ ਸ਼ਰਮਾ ਹਾਜ਼ਰ ਸਨ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਨਹੀਂ ਹੁੰਦਾ, ਉਨ੍ਹਾਂ ਦੀ ਪਾਰਟੀ ਮੰਤਰੀ ਮੰਡਲ ’ਚ ਸ਼ਾਮਲ ਨਹੀਂ ਹੋਵੇਗੀ। ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਆਸ ਜਤਾਈ ਕਿ ਕੇਂਦਰ ਛੇਤੀ ਹੀ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰੇਗਾ। ਫਾਰੂਕ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਸੂਬੇ ਦੇ ਦਰਜਾ ਬਹਾਲੀ ਸਬੰਧੀ ਅਰਜ਼ੀ ’ਤੇ ਸੁਣਵਾਈ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕੇਂਦਰ ਸਰਕਾਰ ਛੇਤੀ ਇਹ ਦਰਜਾ ਬਹਾਲ ਕਰੇਗੀ। ਧਾਰਾ 370 ਰੱਦ ਕਰਨ ਖ਼ਿਲਾਫ਼ ਵਿਧਾਨ ਸਭਾ ’ਚ ਮਤਾ ਪੇਸ਼ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਫਾਰੂਕ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਦਲੀਲਾਂ ਦੇਣ ਲਈ ਅਦਾਲਤ ਦਾ ਮੁੜ ਤੋਂ ਰੁਖ਼ ਕਰਨਾ ਪਵੇਗਾ। ਲਾਲ ਚੌਕ ਦੇ ਆਪਣੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਸੜਕਾਂ ’ਤੇ ਕੋਈ ਵੀ ਵੀਆਈਪੀ ਸੱਭਿਆਚਾਰ ਨਹੀਂ ਹੋਵੇਗਾ ਅਤੇ ਲੋਕਾਂ ਦਾ ਸਾਇਰਨਾਂ ਦੀਆਂ ਆਵਾਜ਼ਾਂ ਤੋਂ ਖਹਿੜਾ ਛੁੱਟਣਾ ਚਾਹੀਦਾ ਹੈ। -ਆਈਏਐੱਨਐੱਸ
ਪੀਡੀਪੀ ਸਣੇ ਹੋਰ ਧਿਰਾਂ ਨੇ ਮਤੇ ’ਤੇ ਹੈਰਾਨੀ ਜਤਾਈ
ਸ੍ਰੀਨਗਰ: ਜੰਮੂ ਕਸ਼ਮੀਰ ਸਰਕਾਰ ਵੱਲੋਂ ਸੂਬੇ ਦੀ ਦਰਜਾ ਬਹਾਲੀ ਦਾ ਮਤਾ ਪਾਸ ਕਰਨ ’ਤੇ ਵੱਖ ਵੱਖ ਪਾਰਟੀਆਂ ਨੇ ਹੈਰਾਨੀ ਜਤਾਈ ਹੈ। ਉਨ੍ਹਾਂ ਮੁਤਾਬਕ ਕੈਬਨਿਟ ਨੂੰ ਧਾਰਾ 370 ਬਹਾਲ ਕਰਨ ਸਬੰਧੀ ਮਤਾ ਪਾਸ ਕਰਨਾ ਚਾਹੀਦਾ ਸੀ। ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਸਰਕਾਰ ਦਾ ਪਹਿਲਾ ਮਤਾ, ਜਿਸ ’ਚ ਧਾਰਾ 370 ਨੂੰ ਨਹੀਂ ਸਗੋਂ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ, ਇਕ ਵੱਡਾ ਝਟਕਾ ਹੈ। ਪੀਡੀਪੀ ਨੇ ਕਿਹਾ ਕਿ ਇਹ ਮਤਾ ਕੇਂਦਰ ਦੇ 2019 ਦੇ ਫ਼ੈਸਲੇ ’ਤੇ ਮੋਹਰ ਲਾਉਣ ਵਾਂਗ ਹੈ। ਪੀਡੀਪੀ ਦੀ ਯੂਥ ਇਕਾਈ ਦੇ ਪ੍ਰਧਾਨ ਅਤੇ ਪੁਲਵਾਮਾ ਤੋਂ ਵਿਧਾਇਕ ਬਣੇ ਵਹੀਦ ਪਾਰਾ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਨੈਸ਼ਨਲ ਕਾਨਫਰੰਸ ਨੇ ਧਾਰਾ 370 ਬਹਾਲ ਕਰਨ ਦਾ ਵਾਅਦਾ ਕਰਕੇ ਲੋਕਾਂ ਤੋਂ ਵੋਟ ਲਏ ਹਨ ਅਤੇ ਹੁਣ ਇਸ ਦੀ ਮੰਗ ਨਾ ਕਰਨਾ ਝਟਕੇ ਤੋਂ ਘੱਟ ਨਹੀਂ ਹੈ। -ਪੀਟੀਆਈ
ਉਮਰ ਨੇ ਲੋਕਾਂ ’ਚ ਸਾਖ਼ ਬਣਾਉਣ ਲਈ ਮਤਾ ਲਿਆਂਦਾ: ਭਾਜਪਾ
ਸ੍ਰੀਨਗਰ: ਜੰਮੂ ਕਸ਼ਮੀਰ ਭਾਜਪਾ ਦੇ ਆਗੂ ਅਲਤਾਫ਼ ਠਾਕੁਰ ਨੇ ਉਮਰ ਅਬਦੁੱਲਾ ਦੀ ਅਗਵਾਈ ਹੇਠਲੀ ਕੈਬਨਿਟ ਵੱਲੋਂ ਸੂਬੇ ਦਾ ਦਰਜਾ ਬਹਾਲ ਕਰਨ ਸਬੰਧੀ ਮਤਾ ਪਾਸ ਕੀਤੇ ਜਾਣ ’ਤੇ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ’ਚ ਆਪਣੀ ਸਾਖ਼ ਕਾਇਮ ਰੱਖਣ ਲਈ ਇਹ ਮਤਾ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਹੀ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ ਅਤੇ ਇਸ ਮਤੇ ਦੀ ਕੋਈ ਤੁੱਕ ਨਹੀਂ ਹੈ। -ਏਐੱਨਆਈ