ਬਣਾਂਵਾਲਾ ਤਾਪਘਰ ਨੂੰ ਜਾਂਦੇ ਰੇਲਵੇ ਟਰੈਕ ’ਤੇ ਰਾਹ ਦਾ ਮਾਮਲਾ ਮੁੜ ਉਲਝਿਆ
ਪੱਤਰ ਪ੍ਰੇਰਕ
ਮਾਨਸਾ, 20 ਅਗਸਤ
ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਡ (ਟੀਐਸਪੀਐਲ) ਨੂੰ ਜਾਂਦੇ ਰੇਲਵੇ ਟਰੈਕ ਦਾ ਮਾਮਲਾ ਇੱਕ ਵਾਰ ਸ਼ਾਂਤ ਹੋਣ ਤੋਂ ਬਾਅਦ ਹੁਣ ਮੁੜ ਭਖਣ ਲੱਗਿਆ ਹੈ। ਪੰਜਾਬ ਕਿਸਾਨ ਯੂਨੀਅਨ ਨੇ ਇਸ ਮਸਲੇ ਦੇ ਹੱਲ ਲਈ ਥਾਣਾ ਸਦਰ ਮਾਨਸਾ ਅੱਗੇ 24 ਅਗਸਤ ਨੂੰ ਇੱਕ ਰੋਜ਼ਾ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਸ ਮਸਲੇ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਕਰਵਾਏ ਸਮਝੌਤੇ ਤੋਂ ਦੂਜੀ ਧਿਰ ਭੱਜ ਗਈ ਹੈ। ਇਸ ਕਰ ਕੇ ਪੀੜਤ ਕਿਸਾਨ ਸੁਖਵੀਰ ਸਿੰਘ ਰਾਜੂ ਦੇ ਖੇਤ ਵਿੱਚ ਝੋਨਾ ਲੱਗਣ ਤੋਂ ਰਹਿ ਗਿਆ ਹੈ ਜਦੋਂਕਿ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਅਤੇ ਲਵਾਈ ਦਾ ਵੇਲਾ ਲੰਘ ਗਿਆ ਹੈ।
ਜਥੇਬੰਦੀ ਦੀ ਅੱਜ ਇੱਥੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਣਾਂਵਾਲਾ ਥਰਮਲ ਪਲਾਂਟ ਨਾਲ ਜ਼ਮੀਨ ਨੂੰ ਰਸਤਾ ਕੱਢਣ ਦਾ ਮਸਲਾ ਹੱਲ ਹੁੰਦਾ-ਹੁੰਦਾ ਫਿਰ ਉਲਝ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਪੀੜਤ ਕਿਸਾਨਾਂ ਦੀ ਮੱਕੀ ਵਢਵਾ ਕੇ ਰਸਤਾ ਫਿਰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਝੋਨਾ ਲਾਉਣ ਤੋਂ ਅਸਮਰੱਥ ਹੈ, ਜਿਸ ਕਾਰਨ ਜ਼ਮੀਨ ਵਿਹਲੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਅੱਜ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਫ਼ੈਸਲਾ ਲਿਆ ਹੈ ਕਿ ਥਾਣਾ ਸਦਰ ਮਾਨਸਾ ਅੱਗੇ 24 ਅਗਸਤ ਨੂੰ ਇੱਕ ਰੋਜ਼ਾ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਣਾਂਵਾਲਾ ਤਾਪਘਰ ਦੀ ਮੈਨੇਜਮੈਂਟ ’ਤੇ ਦਬਾਅ ਬਣਾ ਕੇ ਪੀੜਤ ਨੂੰ ਰਸਤਾ ਦਿਵਾਏ ਤੇ ਜੇ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਲੰਬਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ।
ਇਸ ਮੌਕੇ ਰਾਮਫਲ ਚੱਕ ਅਲੀਸ਼ੇਰ, ਗੋਰਾ ਸਿੰਘ ਭੈਣੀਬਾਘਾ, ਗੁਰਨਾਮ ਸਿੰਘ ਭੀਖੀ, ਭੋਲਾ ਸਿੰਘ ਸਮਾਓਂ, ਗੁਰਜੰਟ ਸਿੰਘ ਮਾਨਸਾ, ਪੰਜਾਬ ਸਿੰਘ ਅਕਲੀਆ, ਨਰਿੰਦਰ ਕੌਰ ਬੁਰਜ ਹਮੀਰਾ, ਕਰਨੈਲ ਸਿੰਘ ਮਾਨਸਾ, ਤਰਸੇਮ ਅਕਲੀਆ, ਜਗਤਾਰ ਸਿੰਘ ਸਹਾਰਨਾ, ਅਮਰੀਕ ਸਿੰਘ ਕੋਟਧਰਮੂ, ਲੱਖਾ ਸਿੰਘ ਭੈਣੀ ਵੀ ਮੌਜੂਦ ਸਨ।