ਦੋ ਪਾਕਿਸਤਾਨੀ ਬੱਚਿਆਂ ਦੀ ਵਤਨ ਵਾਪਸੀ ਦਾ ਮੁੱਦਾ ਹਾਈ ਕੋਰਟ ਪੁੱਜਿਆ
ਜਸਵੰਤ ਜੱਸ
ਫਰੀਦਕੋਟ, 3 ਫ਼ਰਵਰੀ
ਫ਼ਰੀਦਕੋਟ ਦੀ ਬਾਲ ਜੇਲ੍ਹ ਵਿੱਚ ਨਜ਼ਰਬੰਦ ਦੋ ਪਾਕਿਸਤਾਨੀ ਬੱਚਿਆਂ ਦੀ ਵਤਨ ਵਾਪਸੀ ਦਾ ਮੁੱਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੁੱਜ ਗਿਆ ਹੈ। ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਵਿਭਾਗ ਕੋਲੋਂ ਪੁੱਛਿਆ ਹੈ ਕਿ ਦੋ ਪਾਕਿਸਤਾਨੀ ਬੱਚਿਆਂ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਸਾਲ ਬਾਅਦ ਵੀ ਉਨ੍ਹਾਂ ਦੀ ਵਤਨ ਵਾਪਸੀ ਕਿਉਂ ਨਹੀਂ ਹੋ ਸਕੀ? ਸੂਚਨਾ ਅਨੁਸਾਰ ਤਰਨ ਤਾਰਨ ਪੁਲੀਸ ਨੇ ਪਹਿਲੀ ਸਤੰਬਰ 2022 ਨੂੰ ਪਾਕਿਸਤਾਨੀ ਮੂਲ ਦੇ ਦੋ ਬੱਚਿਆਂ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਅੰਦਰ ਦਾਖਲ ਹੋਣ ਦੇ ਦੋਸ਼ ਹੇਠ ਪਾਸਪੋਰਟ ਐਕਟ ਤਹਿਤ ਕੇਸ ਦਰਜ ਕੀਤਾ ਸੀ। ਮਗਰੋਂ ਜੁਵੈਨਾਈਲ ਜਸਟਿਸ ਬੋਰਡ ਤਰਨ ਤਾਰਨ ਨੇ ਅਪਰੈਲ 2023 ਵਿੱਚ ਦੋਹਾਂ ਬੱਚਿਆਂ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਸੀ ਕਿ ਬੱਚਿਆਂ ਨੂੰ ਛੋਟੀ ਉਮਰ ਵਿੱਚ ਦੇਸ਼ਾਂ ਦੀਆਂ ਸਰਹੱਦਾਂ ਬਾਰੇ ਗਿਆਨ ਨਹੀਂ ਹੁੰਦਾ। ਜਿੱਥੋਂ ਬੱਚਿਆਂ ਦੀ ਗ੍ਰਿਫ਼ਤਾਰੀ ਹੋਈ, ਉੱਥੇ ਕੰਡਿਆਲੀ ਤਾਰ ਵੀ ਨਹੀਂ ਲੱਗੀ ਸੀ। ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਐੱਨ.ਐੱਸ. ਸ਼ੇਖਾਵਤ ਫਰੀਦਕੋਟ ਜ਼ਿਲ੍ਹੇ ਦੀਆਂ ਜੇਲ੍ਹਾਂ, ਅਦਾਲਤਾਂ, ਥਾਣਿਆਂ ਅਤੇ ਬਾਲ ਸੁਧਾਰ ਘਰਾਂ ਦਾ ਦੌਰਾ ਕਰਨ ਆਏ ਸਨ ਤਾਂ ਇਨ੍ਹਾਂ ਦੋਹਾਂ ਬੱਚਿਆਂ ਨੇ ਜਸਟਿਸ ਸ਼ੇਖਾਵਤ ਸਾਹਮਣੇ ਵਤਨ ਵਾਪਸੀ ਦੀ ਬੇਨਤੀ ਕੀਤੀ ਸੀ। ਜਸਟਿਸ ਸ਼ੇਖਾਵਤ ਨੇ ਇਹ ਮਾਮਲਾ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਧਿਆਨ ਵਿੱਚ ਲਿਆਂਦਾ ਸੀ। ਹਾਈ ਕੋਰਟ ਦੇ ਚੀਫ਼ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਨਿਧੀ ਗੁਪਤਾ ਨੇ ਸਰਕਾਰ ਨੂੰ 26 ਫਰਵਰੀ ਲਈ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਬੱਚਿਆਂ ਦੀ ਰਿਹਾਈ ਲਈ ਕੀ ਕਦਮ ਉਠਾਏ ਗਏ ਹਨ। ਦੋਵੇਂ ਬੱਚੇ ਲਾਹੌਰ ਦੇ ਰਹਿਣ ਵਾਲੇ ਹਨ।