ਬਠਿੰਡਾ ਨਿਗਮ ਦੇ ਆਮ ਇਜਲਾਸ ’ਚ ਪਾਰਕਿੰਗ ਦਾ ਮੁੱਦਾ ‘ਸੁਲਝਿਆ’
ਸ਼ਗਨ ਕਟਾਰੀਆ
ਬਠਿੰਡਾ, 23 ਅਗਸਤ
ਸ਼ਹਿਰ ’ਚ ਪਾਰਕਿੰਗ ਦੇ ਮੁੱਦੇ ’ਤੇ ਉੱਠਿਆ ਵਿਵਾਦ ਅੱਜ ਕਾਫ਼ੀ ਹੱਦ ਤੱਕ ਸੁਲਝ ਗਿਆ। ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਕੌਂਸਲਰਾਂ ਵੱਲੋਂ ਇਸ ਮੁੱਦੇ ’ਤੇ ਲੰਬੇ ਮੰਥਨ ਤੋਂ ਬਾਅਦ ਪਾਰਕਿੰਗ ਠੇਕੇਦਾਰ ਵੱਲੋਂ ਗੱਡੀਆਂ ਨੂੰ ਟੋਅ ਕਰਨ ਦੇ ਹੁੰਦੇ ਕੰਮ ਨੂੰ ਨਿਗਮ ਨੇ ਵਾਪਸ ਲੈ ਕੇ ਆਪਣੇ ਹੱਥ ਵਿੱਚ ਲੈ ਲਿਆ।
ਕੌਂਸਲਰਾਂ ਦੀ ਮੀਟਿੰਗ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਹੋਰਨਾਂ ਮੁੱਦਿਆਂ ’ਤੇ ਮੀਟਿੰਗ ’ਚ ਪਾਰਕਿੰਗ ਦਾ ਮੁੱਦਾ ਭਾਰੂ ਰਿਹਾ। ਕੌਂਸਲਰਾਂ ਨੇ ਕਿਹਾ ਕਿ 15 ਅਗਸਤ ਨੂੰ ਸ਼ਹਿਰ ਦੇ ਵਪਾਰੀ ਤਬਕੇ ਨੇ ਆਪਣੇ ਕਾਰੋਬਾਰ ਠੱਪ ਰੱਖ ਕੇ ਕੀਤਾ ਪ੍ਰਦਰਸ਼ਨ ਗੰਭੀਰ ਮਾਮਲਾ ਸੀ। ਉਨ੍ਹਾਂ ਕਿਹਾ ਕਿ ਪਾਰਕਿੰਗ ਠੇਕੇਦਾਰ ’ਤੇ ਬਾਜ਼ਾਰਾਂ ’ਚ ਗ਼ਲਤ ਪਾਰਕਿੰਗ ਕੀਤੀਆਂ ਗੱਡੀਆਂ ਨੂੰ ਟੋਅ ਵੈਨ ਰਾਹੀਂ ਲਿਜਾਣ ਤੋਂ ਬਾਅਦ ਭਾਰੀ ਜੁਰਮਾਨੇ ਦੀ ਵਸੂਲੀ ਤੋਂ ਬਾਅਦ ਛੱਡਿਆ ਜਾਂਦਾ ਹੈ। ਅਜਿਹੇ ’ਚ ਕਾਰੋਬਾਰੀਆਂ ਨੂੰ ਸਖ਼ਤ ਇਤਰਾਜ਼ ਹੈ ਕਿ ਇੰਜ ਗਾਹਕੀ ’ਤੇ ਸੱਟ ਵੱਜਦੀ ਹੈ ਅਤੇ ਇਸ ਕਵਾਇਦ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਲੰਮੀ ਚਰਚਾ ਤੋਂ ਮਗਰੋਂ ਮੁੱਦਾ ਇਸ ਸਿੱਟੇ ’ਤੇ ਅੱਪੜਿਆ ਕਿ ਕਾਨੂੰਨੀ ਨਜ਼ਰੀਏ ਤੋਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਪਾਰਕਿੰਗ ਦਾ ਠੇਕਾ ਤਾਂ ਰੱਦ ਨਹੀਂ ਕੀਤਾ ਜਾ ਸਕਦਾ ਪਰ ਟੋਅ ਦਾ ਕੰਮ ਨਿਗਮ ਭਵਿੱਖ ’ਚ ਆਪਣੇ ਕਰਮਚਾਰੀਆਂ ਦੀ ਨਿਗਰਾਨੀ ’ਚ ਕਰੇਗਾ। ਇਹ ਵੀ ਫ਼ੈਸਲਾ ਹੋਇਆ ਕਿ ਅਣਜਾਣ ਲੋਕਾਂ ਨੂੰ ਸੂਚਨਾ ਦੇਣ ਲਈ ਸ਼ਹਿਰ ’ਚ ਬੋਰਡ ਲਾਏ ਜਾਣਗੇ ਅਤੇ ਬਹੁ-ਮੰਜ਼ਿਲੀ ਆਧੁਨਿਕ ਪਾਰਕਿੰਗ ਇਮਾਰਤ ਦੇ ਨਜ਼ਦੀਕ ਫਾਇਰ ਬ੍ਰਿਗੇਡ ਚੌਕ ’ਚ ਬਿਜਲੀ ਨਾਲ ਚੱਲਣ ਵਾਲਾ ਡਿਜੀਟਲ ਸੂਚਨਾ ਬੋਰਡ ਵੀ ਚੌਵੀ ਘੰਟੇ ਚਾਲੂ ਰੱਖਿਆ ਜਾਵੇਗਾ। ਇਹ ਵੀ ਫ਼ੈਸਲਾ ਹੋਇਆ ਕਿ ਟੋਅ ਵੈਨ ਨਿਗਮ ਦੇ ਕਰਮਚਾਰੀ ਚਲਾਉਣਗੇ। ਗ਼ਲਤ ਪਾਰਕਿੰਗ ਦੀ ਸ਼ਨਾਖ਼ਤ ਲਈ ਬਾਜ਼ਾਰਾਂ ਵਿੱਚ ਵੀ ਕੈਮਰੇ ਲਾਉਣ ਦਾ ਫ਼ੈਸਲਾ ਕੀਤਾ ਗਿਆ। ਟੋਅ ਕੀਤੀ ਗੱਡੀ ਦੇ ਮਾਲਕ ਵੱਲੋਂ ਚੁਣੌਤੀ ਦਿੱਤੇ ਜਾਣ ਦੀ ਸੂਰਤ ’ਚ ਅੰਤਿਮ ਨਿਰਣਾ ਲੈਣ ਲਈ ਕਮੇਟੀ ਦੇ ਗਠਨ ਦਾ ਵੀ ਸੁਝਾਅ ਰੱਖਿਆ ਗਿਆ।
ਨਿਗਮ ਦਫ਼ਤਰ ਅੱਗੇ ਸ਼ਹਿਰੀਆਂ ਵੱਲੋਂ ਧਰਨਾ
ਇੱਥੇ ਜਦੋਂ ਮੀਟਿੰਗ ਚੱਲ ਰਹੀ ਸੀ ਤਾਂ ਸ਼ਹਿਰ ਦੇ ਪਤਵੰਤਿਆਂ ਅਤੇ ਦੁਕਾਨਦਾਰਾਂ ਨੇ ਕੌਂਸਲਰਾਂ ’ਤੇ ਯੋਗ ਫ਼ੈਸਲੇ ਲਈ ਦਬਾਅ ਬਣਾਉਣ ਲਈ ਨਿਗਮ ਦਫ਼ਤਰ ਦੇ ਗੇਟ ਅੱਗੇ ਧਰਨਾ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਫ਼ੈਸਲਾ ਨਹੀਂ ਹੁੰਦਾ ਜਾਂ ਨਾਂਹ-ਪੱਖੀ ਹੁੰਦਾ ਹੈ ਤਾਂ ਸ਼ਹਿਰੀਏ ਭਵਿੱਖ ’ਚ ਵੱਡੇ ਸੰਘਰਸ਼ ਦਾ ਪ੍ਰੋਗਰਾਮ ਉਲੀਕਣਗੇ। ਫ਼ੈਸਲਾ ਆਉਣ ’ਤੇ ਫ਼ਿਲਹਾਲ ਸ਼ਹਿਰੀਆਂ ਨੇ ਇਹ ਕਹਿ ਕੇ ਧਰਨੇ ਦੀ ਸਮਾਪਤੀ ਕੀਤੀ ਕਿ ਉਹ ਵਪਾਰੀ ਤੇ ਦੁਕਾਨਦਾਰ ਸਮੂਹਕ ਤੌਰ ’ਤੇ ਇਸ ਦੀ ਅਗਲੇ ਦਿਨੀਂ ਸਮੀਖਿਆ ਕਰ ਕੇ ਕਿਸੇ ਨਿਰਣੇ ’ਤੇ ਪੁੱਜਣਗੇ।