ਖੇਤੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਚੋਣ ’ਚ ‘ਆਪ’ ਨੇ ਬਾਜ਼ੀ ਮਾਰੀ
ਸ਼ਗਨ ਕਟਾਰੀਆ
ਬਠਿੰਡਾ, 11 ਸਤੰਬਰ
ਖੇਤੀ ਵਿਕਾਸ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਬਾਜ਼ੀ ਮਾਰ ਗਈ ਹੈ। ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਦੀ ਅਗਵਾਈ ਹੇਠ ਪਾਰਟੀ ਦੇ ਸੱਤ ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਚੋਣ ਜਿੱਤਣ ਵਾਲੇ ਇਹ ਸੱਤ ਡਾਇਰੈਕਟਰਾਂ ਵਿੱਚੋਂ ਪੰਜ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਖੇਤੀ ਵਿਕਾਸ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਚੋਣ ਰੱਖੀ ਗਈ ਸੀ, ਜਿਸ ਲਈ ਆਮ ਆਦਮੀ ਪਾਰਟੀ ਦੇ ਸੱਤ ਡਾਇਰੈਕਟਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਸਨ, ਜਦੋਂ ਕਿ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਡਾਇਰੈਕਟਰ ਦੀ ਚੋਣ ਲਈ ਕਾਗਜ਼ ਦਾਖਲ ਨਹੀਂ ਕੀਤੇ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਸੱਤੇ ਡਾਇਰੈਕਟਰ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿਚ ਜ਼ੋਨ ਨੰਬਰ ਇਕ ਬਾਂਡੀ ਤੋਂ ਮਹਿੰਦਰ ਸਿੰਘ, ਜ਼ੋਨ ਨੰਬਰ ਦੋ ਜੰਗੀਰਾਣਾ ਤੋਂ ਸੁਰਿੰਦਰ ਕੌਰ, ਜ਼ੋਨ ਨੰਬਰ ਚਾਰ ਚੁੱਘੇ ਕਲਾਂ ਤੋਂ ਭੁਪਿੰਦਰ ਸਿੰਘ, ਜ਼ੋਨ ਨੰਬਰ ਪੰਜ ਦਿਉਣ ਤੋਂ ਸੁਖਮੰਦਰ ਸਿੰਘ, ਜ਼ੋਨ ਨੰਬਰ ਸੱਤ ਕੋਟਸ਼ਮੀਰ ਤੋਂ ਪਰਮਜੀਤ ਸਿੰਘ ਕੋਟਫੱਤਾ, ਜ਼ੋਨ ਨੰਬਰ ਅੱਠ ਮਹਿਮਾ ਤੋਂ ਬਲਦੇਵ ਸਿੰਘ ਅਤੇ ਜ਼ੋਨ ਨੰਬਰ ਨੌਂ ਜੰਡਾਂਵਾਲਾ ਤੋਂ ਭੋਲਾ ਸਿੰਘ ਡਾਇਰੈਕਟਰ ਚੁਣੇ ਗਏ। ਇਨ੍ਹਾਂ ਬਿਨਾਂ ਮੁਕਾਬਲਾ ਚੋਣ ਜਿੱਤਣ ਵਾਲੇ ਡਾਇਰੈਕਟਰਾਂ ਦਾ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਬਿਨਾਂ ਮੁਕਾਬਲਾ ਸੱਤ ਡਾਇਰੈਕਟਰ ਜਿੱਤਣ ਦੀ ਖੁਸ਼ੀ ਵਿਚ ਆਮ ਆਦਮੀ ਪਾਰਟੀ ਵੱਲੋਂ ਲੱਡੂ ਵੰਡੇ ਗਏ।
ਇਸ ਮੌਕੇ ਸ੍ਰੀ ਭੱਲਾ ਨੇ ਆਖਿਆ ਕਿ ਖੇਤੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਲਈ ਰਵਾਇਤੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭੇ, ਜਿਸ ਕਾਰਨ ਉਨ੍ਹਾਂ ਦੇ ਸੱਤ ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਅੰਦਰ ਸਿਰਫ ਆਮ ਆਦਮੀ ਪਾਰਟੀ ਦਾ ਪਰਚਮ ਹੀ ਲਹਿਰਾ ਰਿਹਾ ਹੈ। ਜੰਗਲਾਤ ਵਿਭਾਗ ਦੇ ਚੇਅਰਮੈਨ ਰਕੇਸ਼ ਪੁਰੀ ਨੇ ਵੀ ਮੌਕੇ ’ਤੇ ਪੁੱਜ ਕੇ ਬਿਨਾਂ ਮੁਕਾਬਲਾ ਜੇਤੂ ਰਹੇ ਡਾਇਰੈਕਟਰਾਂ ਦਾ ਮੂੰਹ ਮਿੱਠਾ ਕਰਵਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਡਾਇਰੈਕਟਰ ਖੇਤੀ ਵਿਕਾਸ ਬੈਂਕ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਨਗੇ।