‘ਸਿਆਸੀ ਦਖ਼ਲ’ ਕਾਰਨ ਮਨਰੇਗਾ ਮੇਟ ਬਦਲਣ ਦਾ ਮੁੱਦਾ ਭਖਿਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਅਗਸਤ
ਪਿੰਡ ਬਰਸਾਲ ਅਤੇ ਖੁਦਾਈ ਚੱਕ ਦੀਆਂ ਮਨਰੇਗਾ ਮੇਟ ਬਦਲਣ ਦਾ ਮੁੱਦਾ ਭਖ ਗਿਆ ਹੈ ਅਤੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੇ ਕਾਰਕੁਨ ਅਤੇ ਮਨਰੇਗਾ ਮਜ਼ਦੂਰ ਸੜਕਾਂ ’ਤੇ ਉੱਤਰ ਆਏ। ਮੁਜ਼ਾਹਰੇ ਮਗਰੋਂ ਉਪ ਮੰਡਲ ਮੈਜਿਸਟਰੇਟ ਨੂੰ ਮੰਗ-ਪੱਤਰ ਦੇ ਕੇ ਦੋਸ਼ ਲਾਇਆ ਗਿਆ ਕਿ ਦੋਵੇਂ ਮੇਟ ਬੀਬੀਆਂ ਨੂੰ ‘ਸਿਆਸੀ ਦਖ਼ਲ’ ਕਾਰਨ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਿੰਡ ਬਰਸਾਲ ਦੀ ਮਨਰੇਗਾ ਮੇਟ ਚਰਨਜੀਤ ਕੌਰ ਦਾ ਮਾਮਲਾ ਹਲਕਾ ਜਗਰਾਉਂ ਨਾਲ ਜੁੜਿਆ ਹੋਇਆ ਹੈ ਜਦਕਿ ਪਿੰਡ ਖੁਦਾਈ ਚੱਕ ਦੀ ਮੇਟ ਕਿਰਨਦੀਪ ਕੌਰ ਦਾ ਮਾਮਲਾ ਹਲਕਾ ਦਾਖਾ ਨਾਲ ਸਬੰਧਤ ਹੈ। ਪੇਂਡੂ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਅਵਤਾਰ ਸਿੰਘ ਰਸੂਲਪੁਰ, ਡਾ. ਸੁਖਦੇਵ ਸਿੰਘ ਭੂੰਦੜੀ, ਸੁਖਦੇਵ ਮਾਣੂੰਕੇ, ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਪਹਿਲੇ ਮਾਮਲੇ ਵਿੱਚ ਜਗਰਾਉਂ ਤੋਂ ਵਿਧਾਇਕ ਤੇ ‘ਆਪ’ ਆਗੂਆਂ ਜਦਕਿ ਦੂਜੇ ਮਾਮਲੇ ‘ਚ ਹਲਕਾ ਦਾਖਾ ਦੇ ਇੰਚਾਰਜ ਡਾ. ਕੇਐੱਨਐੱਸ ਕੰਗ ਤੇ ਉਨ੍ਹਾਂ ਦੇ ਪੀਏ ਬਦਲੀ ਕਰਵਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਬਦਲੀਆਂ ਜਾ ਰਹੀਆਂ ਮੇਟ ਪੰਚਾਇਤੀ ਮਤੇ ਪਾਸ ਕਰਕੇ ਨਿਯਮਾਂ ਮੁਤਾਬਕ ਰੱਖੀਆਂ ਹੋਈਆਂ ਹਨ। ਮੇਟ ਚਰਨਜੀਤ ਕੌਰ ਦੇ ਕੰਮ ਤੋਂ ਸਾਰੇ ਮਨਰੇਗਾ ਕਾਮੇ ਸੰਤੁਸ਼ਟ ਹਨ। ਪਰ ਹਾਕਮ ਧਿਰ ਦੇ ਆਗੂਆਂ ਤੇ ਸਰਪੰਚ ਨੂੰ ਇਹ ਪਸੰਦ ਨਹੀਂ ਕਿਉਂਕਿ ਚਰਨਜੀਤ ਕੌਰ ਨੇ ਖਾਲੀ ਕਾਗਜ਼ਾਂ ਉੱਪਰ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰੋਸ ਵਜੋਂ ਪਿੰਡ ਬਰਸਾਲ ਵਿੱਚ ਤਿੰਨ ਦਿਨ ਪਹਿਲਾਂ ਧਰਨਾ ਵੀ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਖੁਦਾਈ ਚੱਕ ਦੀ ਮਨਰੇਗਾ ਮੇਟ ਕਿਰਨਦੀਪ ਕੌਰ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਹਾਕਮ ਧਿਰ ਦੇ ਆਗੂਆਂ ਦੀ ਸਿਆਸੀ ਦਖ਼ਲਅੰਦਾਜ਼ੀ ਤਹਿਤ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਮੂਹ ਮਨਰੇਗਾ ਮਜ਼ਦੂਰ ਕਾਨੂੰਨੀ ਤੌਰ ’ਤੇ ਚੁਣੀਆਂ ਗਈਆਂ ਇਨ੍ਹਾਂ ਮੇਟ ਬੀਬੀਆਂ ਨੂੰ ਹੀ ਮਾਨਤਾ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਬੇਲੋੜੇ ਸਿਆਸੀ ਦਖ਼ਲ ਕਾਰਨ ਪਿੰਡਾਂ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਐੱਸਡੀਐੱਮ ਮਨਜੀਤ ਕੌਰ ਨੇ ਭਰੋਸਾ ਦਵਿਾਇਆ ਕਿ ਮਾਮਲੇ ਦੀ ਪੜਤਾਲ ਕਰਕੇ ਢੁੱਕਵੀਂ ਕਾਰਵਾਈ ਹੋਵੇਗੀ ਅਤੇ ਕਿਸੇ ਨਾਲ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕੁਲਵੰਤ ਸਿੰਘ ਸੋਨੀ, ਹਰਦੀਪ ਕੌਰ, ਸੁਖਦੀਪ ਕੌਰ, ਜਸਵੀਰ ਕੌਰ, ਪਿੰਕੀ ਕੌਰ, ਸੰਦੀਪ ਕੌਰ, ਹਰਬੰਤ ਕੌਰ, ਸੁਰਿੰਦਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਜਸਪ੍ਰੀਤ ਸਿੰਘ, ਪ੍ਰਦੀਪ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਾਜ਼ਰ ਸਨ।