For the best experience, open
https://m.punjabitribuneonline.com
on your mobile browser.
Advertisement

ਪਛਾਣ ਦਾ ਮਸਲਾ

06:18 AM Nov 23, 2023 IST
ਪਛਾਣ ਦਾ ਮਸਲਾ
Advertisement

ਪ੍ਰੋ. ਮੋਹਣ ਸਿੰਘ

ਅੰਗਰੇਜ਼ਾਂ ਨੇ 1849 ਵਿਚ ਪੰਜਾਬ ਦਾ ਰਾਜ-ਭਾਗ ਸੰਭਾਲਦਿਆਂ ਹੀ ਇਥੇ ਕਲਕੱਤਾ ਯੂਨੀਵਰਸਿਟੀ ਦੀ ਤਰਜ਼ ’ਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਵੱਲ ਧਿਆਨ ਕੇਂਦਰਿਤ ਕੀਤਾ। ਅੰਗਰੇਜ਼ੀ ਸਮਝਣ ਵਾਲੀ ਵਸੋਂ ਵੀ ਕਾਫ਼ੀ ਸੀ। 1882 ਵਿਚ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਈ ਕਰਾਉਣ ਵਾਲੀ ਇਹ ਦੂਜੀ ਯੂਨੀਵਰਸਿਟੀ ਸਥਾਪਤ ਹੋ ਗਈ। ਪੰਜਾਬੀ, ਹਿੰਦੀ ਅਤੇ ਉਰਦੂ, ਤਿੰਨਾਂ ਹੀ ਭਾਸ਼ਾਵਾਂ ਵਿਚ ਆਪੋ-ਆਪਣੀ ਤਰਜ਼ ਦੇ ਕੋਰਸ ਰੱਖੇ ਗਏ। ਪੰਜਾਬੀ ਵਿਚ ਵਿਦਵਾਨੀ, ਬੁੱਧੀਮਾਨੀ ਅਤੇ ਗਿਆਨੀ। ਹਿੰਦੀ ਵਿਚ ਪ੍ਰਭਾਕਰ। ਕੋਈ ਵੀ ਕਿਸੇ ਵੀ ਕੋਰਸ ਦਾ ਇਮਤਿਹਾਨ ਦੇ ਸਕਦਾ ਸੀ। ਦਿਲਚਸਪ ਅਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਪਹਿਲੀਆਂ ਵਿਚ ਕਈਆਂ ਨੇ ਗਿਆਨੀ ਪਾਸ ਕੀਤੀ ਜ਼ਰੂਰ ਪਰ ਉਰਦੂ ਯਾਨੀ ਸ਼ਾਹਮੁਖੀ ਲਿੱਪੀ ਵਿਚ। ਮੇਰੇ ਮਾਮਾ ਜੀ ਆਪਣੇ ਨਾਉਂ ਪਿੱਛੇ ਐੱਚਪੀਐੱਲਐੱਲ ਲਿਖਦੇ ਹੰੁਦੇ ਸਨ; ਮਤਲਬ ‘ਔਨਰਜ਼ ਇਨ ਪੰਜਾਬੀ ਲੈਂਗੁਇਜ਼ ਐਂਡ ਲਿਟਰੇਚਰ’। ਤਿਆਰੀ ਆਪ ਹੀ ਕਰਨੀ ਪੈਂਦੀ ਤੇ ਨਤੀਜਾ ਮਸਾਂ 20 ਜਾਂ 25% ਨਿਕਲਦਾ ਸੀ। ਸਕੂਲਾਂ ਵਿਚ ਪੰਜਾਬੀ/ਹਿੰਦੀ ਅਧਿਆਪਕ ਦੀ ਨੌਕਰੀ ਤਕਰੀਬਨ ਯਕੀਨੀ ਹੁੰਦੀ ਸੀ ਜਾਂ ਅਗਾਂਹ ਬੀਏ (ਕੇਵਲ ਅੰਗਰੇਜ਼ੀ) ਕਰ ਕੇ ਐੱਮਏ ਕਰਨ ਦਾ ਰਾਹ ਖੁੱਲ੍ਹ ਜਾਂਦਾ ਸੀ।
ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਲਾਗੇ ਦੋ ਥਾਵਾਂ ਮਸ਼ਹੂਰ ਸਨ: ਇਕ ਨਿਹਾਲ ਸਿੰਘ ਰਸ ਦਾ ਗਿਆਨੀ ਕਾਲਜ ਅਤੇ ਦੂਜਾ ਐੱਸਐੱਸ ਅਮੋਲ ਦਾ ਗੁਰੂ ਰਾਮਦਾਸ ਕਾਲਜ। ਜਦੋਂ 1954 ਵਿਚ ਅਮੋਲ ਹੁਰਾਂ ਕਾਲਜ ਛੱਡ ਦਿੱਤਾ ਤਾਂ ਉਹੋ ਕਾਲਜ ਵਿਧਾਤਾ ਸਿੰਘ ਤੀਰ ਨੇ ਸੰਭਾਲ ਲਿਆ। ਪਤਾ ਨਹੀਂ ਕਿਉਂ, ਮੈਟ੍ਰਿਕ ਬਾਅਦ ਮੈਂ ਅਤੇ ਮੇਰਾ ਇਕ ਦੋਸਤ ਗਿਆਨੀ ਕਰਨ ਲਈ ਗੁਰੂ ਰਾਮਦਾਸ ਕਾਲਜ ਜਾ ਵੜੇ। ਲੱਗੀ ਹੋਈ ਕਲਾਸ ਜਿਸ ਵਿਚ ਜਿ਼ਆਦਾਤਰ ਲੜਕੀਆਂ ਸਨ, ਛੱਡ ਕੇ ਭਾਪਾ ਜੀ ਨੇ ਪੁੱਛਿਆ ਕਿ ਵਾਰਾਂ ਆਉਂਦੀਆਂ? ਮੈਂ ਕਿਹਾ, “ਜੀ ਸਾਰੀਆਂ ਆਉਂਦੀਆਂ।” ਅਖੇ- “ਕਿਹੜੀਆਂ-ਕਿਹੜੀਆਂ?” ਮੈਂ ਸਮਝਿਆ ਕਿ ਜੰਗਾਂ ਦੇ ਨਾਉਂ ਪੁੱਛੇ ਹਨ। ਮੈਂ ਫਟਾ-ਫਟ ਜਵਾਬ ਦਿੱਤਾ, “ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਵਾਰ ਔਫ ਸਪੈਨਿਸ਼ ਸਕਸੈੱਸ਼ਨ, ਵਾਰ ਔਫ ਰੋਜਿ਼ਜ, ਹੰਡਰਡ ਯੀਰਜ਼ ਵਾਰ...’ ਤੇ ਇਸ ਤਰ੍ਹਾਂ ਜਿਹੜੀ ਜਿਹੜੀ ‘ਵਾਰ’ ਅਸੀਂ ਮੈਟ੍ਰਿਕ ਦੇ ਹਿਸਟਰੀ ਕੋਰਸ ਵਿਚ ਰਟਦੇ ਰਹੇ ਸਾਂ, ਸਾਰੀਆਂ ਗਿਣਾ ਦਿੱਤੀਆਂ। ਵਿਧਾਤਾ ਸਿੰਘ ਤੀਰ ਨੇ ਸਾਨੂੰ ਤੁਰੰਤ ਕਮਰੇ ਵਿਚੋਂ ਬਾਹਰ ਕੱਢ ਦਿੱਤਾ ਤੇ ਜਮਾਤ ਨੂੰ ਸੰਬੋਧਿਤ ਹੋਏ, “ਆਸਾ ਦੀ ਵਾਰ ਦਾ ਨਾਂ ਤੱਕ ਨਹੀਂ ਪਤਾ ਤੇ ਆ ਗਏ ਗਿਆਨੀ ਕਰਨ।” ਮੈਂ ਜਦੋਂ ‘ਆਸਾ ਦੀ ਵਾਰ’ ਸੁਣਿਆ ਤਾਂ ਪਿਛਾਂਹ ਮੁੜਿਆ ਅਤੇ ‘ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥...‘ ਸਾਰਾ ਸ਼ਬਦ ਸੁਣਾ ਦਿੱਤਾ। ਹੁਣ ਭਾਪਾ ਜੀ ਖੁਸ਼, ਬੜੇ ਖੁਸ਼। ਛੁੱਟੀ ਦੀ ਅਰਜ਼ੀ ਲਿਖਵਾਈ, ਮੈਂ ਖੁਸ਼ਖ਼ਤ ਲਿਖ ਫੜਾਈ। ਬੱਸ, ਮੈਂ ਦਾਖ਼ਲ ਹੋ ਗਿਆ। ਉਦੋਂ ਕੁ ਇਮਤਿਹਾਨ ਲਈ ਦਾਖ਼ਲੇ ਵੀ ਜਾ ਰਹੇ ਸਨ। ਇਮਤਿਹਾਨ ਆ ਗਿਆ। ਚੰਗੇ ਨੰਬਰਾਂ ਨਾਲ ‘ਗਿਆਨੀ’ ਹੋ ਗਈ ਹਾਲਾਂਕਿ ਕੱਦ-ਕਾਠ, ਉਮਰ ਅਤੇ ਗੱਲ-ਬਾਤ ਕਰਨ ਦਾ ਢੰਗ ਇਸ ਤੱਥ ਦੀ ਪੁਸ਼ਟੀ ਨਹੀਂ ਸਨ ਕਰਦੇ।
ਮੇਰੇ ਗੁਆਂਢ ਵਿਚ ਦੋ ਰੇਲਵੇ ਕਰਮਚਾਰੀ ਰਹਿੰਦੇ ਸਨ, ਦੋਵੇਂ ਵਰਕਸ਼ਾਪ ਵਿਚ ਸਨ ਅਤੇ ਦੋਵਾਂ ਦੇ ਪਰਿਵਾਰ ਪਿੰਡ ਰਹਿੰਦੇ ਸਨ। ਬਾਜ਼ਾਰ ਵੱਲ ਲੱਗਦਾ ਇਕ ਕਮਰਾ ਉਨ੍ਹਾਂ ਨੇ ਕਿਰਾਏ ’ਤੇ ਲਿਆ ਹੋਇਆ ਸੀ ਅਤੇ ਆਪਣੀ ਰੋਟੀ ਡਿਓਢੀ ਵਿਚ ਪਕਾਉਂਦੇ ਸਨ, ਸਾਂਝੇ ਖਰੀਦੇ ਹੋਏ ਸਟੋਵ ’ਤੇ। ਕਮਰੇ ਵਿਚ ਦੋ ਮੰਜੀਆਂ, ਛੋਟਾ-ਮੋਟਾ ਸਮਾਨ ਅਤੇ ਇਕ ਅਲਮਾਰੀ ਸੀ। ਕੁਰਸੀ ਮੇਜ਼ ਕੋਈ ਨਹੀਂ ਸੀ ਰੱਖਿਆ ਹੋਇਆ। ਕੰਜੂਸ ਦੋਵੇਂ ਰੱਜ ਕੇ ਸਨ। ਇਥੋਂ ਤੱਕ ਕਿ ਚਾਨਣ ਲਈ ਲਾਲਟੈਣ ਵੀ ਨਹੀਂ ਸੀ ਰੱਖੀ ਹੋਈ, ਬੱਸ ਵੱਡਾ ਸਾਰਾ ਮਿੱਟੀ ਦਾ ਦੀਵਾ ਸੀ ਜਿਸ ਦਾ ਮਾਲਕ ਗੁਲਜ਼ਾਰ ਸਿੰਘ ਸੀ। ਪਤਾ ਨਹੀਂ ਕਿਉਂ, ਕਿਸੇ ਗੱਲੋਂ ਦੋਹਾਂ ਵਿਚ ਬੋਲ-ਚਾਲ ਬੰਦ ਹੋ ਗਿਆ। ਉਹ ਆਪੋ-ਆਪਣੇ ਦੋ ਦੋ ਫੁਲਕੇ, ਵਾਰੀ ਵਾਰੀ ਉਸੇ ਸਾਂਝੇ ਸਟੋਵ ’ਤੇ ਲਾਹੁਣ ਲੱਗੇ; ਇਥੋਂ ਤੱਕ ਕਿ ਜਦੋਂ ਗੁਲਜ਼ਾਰ ਸਿੰਘ ਨੇ ਦੇਖਿਆ ਕਿ ਉਹਦੇ ਦੀਵੇ ਦਾ ਚਾਨਣ ਤਾਂ ਰੂੜ ਸਿੰਘ ਵਾਲੇ ਪਾਸੇ ਵੀ ਜਾ ਰਿਹਾ ਹੈ ਤਾਂ ਉਸ ਨੇ ਅੱਧ ਵਿਚਕਾਰ ਰੱਸੀ ਬੰਨ੍ਹ ਕੇ ਕੱਪੜੇ ਦਾ ਪਰਦਾ ਤਾਣ ਦਿੱਤਾ। ਰੂੜ ਸਿੰਘ ਵਾਲਾ ਪਾਸਾ ਗਲੀ ਵੱਲ ਸੀ, ਉਸ ਨੂੰ ਸਾਹਮਣੇ ਪੈਂਦੀ ਸਟਰੀਟ ਲਾਈਟ ਦਾ ਫਾਇਦਾ ਸੀ। ਖੈਰ... ਕੁਝ ਦਿਨ ਬਾਅਦ ਉਸ ਨੇ ਨਾਲ ਲੱਗਦੇ ਮਕਾਨ ਦਾ ਵੱਖਰਾ ਬਾਹਰਲਾ ਕਮਰਾ ਲੈ ਲਿਆ।
ਜਦੋਂ ਰੂੜ ਸਿੰਘ ਨੂੰ ਮੇਰੇ ਬਾਰੇ ਪਤਾ ਲੱਗਾ ਕਿ ਆਹ ਨਿਕਚੂ ਜਿਹਾ ਗਿਆਨੀ ਕਰ ਗਿਆ ਹੈ ਤਾਂ ਉਹਨੂੰ ਵੀ ਸ਼ੌਕ ਜਾਗਿਆ। ਉਸ ਕੋਲ ਪੜ੍ਹਾਈ ਕਰਨ ਲਈ ਵਿਹਲ ਬਿਲਕੁਲ ਨਹੀਂ ਸੀ। ਕਲਾਸਾਂ ਵੀ ਸ਼ਾਮੀਂ ਲੱਗਦੀਆਂ ਸਨ ਪਰ ਉਸ ਦਾ ਹਠ ਦੇਖਣ ਵਾਲਾ ਸੀ। ਬੜੀ ਰੋਹਬ ਵਾਲੀ ਦਿੱਖ ਸੀ ਅਤੇ ਬਹੁਤ ਲੋਕੀਂ ਤਾਂ ਉਸ ਨੂੰ ਕਹਿੰਦੇ ਹੀ ‘ਗਿਆਨੀ ਜੀ’ ਸਨ। ਉਹਨੇ ਸੋਚਿਆ ਕਿ ਗਿਆਨੀ ਬਣ ਕੇ ਹੀ ਗਿਆਨੀ ਅਖਵਾਉਣ ਦਾ ਮਜ਼ਾ ਹੈ। ਦਾਖ਼ਲਾ ਭੇਜਿਆ। ਇਮਤਿਹਾਨ ਹੋ ਗਿਆ। ਪਰਚੇ ਵੀ ਠੀਕ ਹੋ ਗਏ ਤੇ ਨਤੀਜੇ ਦੀ ਉਡੀਕ ਸੀ। ਉਹਨੇ ਬੜੀ ਸੋਹਣੀ ਐਲੂਮੀਨੀਅਮ ਦੀ ਰੰਗਦਾਰ ਨੇਮ ਪਲੇਟ ਵੀ ਬਣਵਾ ਲਈ: ‘ਗਿਆਨੀ ਰੂੜ ਸਿੰਘ ਜੱਬਲ’ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਨਤੀਜਾ ਮਾੜਾ ਨਿਕਲਿਆ ਤੇ ਜੱਬਲ ਸਾਿਹਬ ਦੀ ਲਿਸ਼ਕਾਂ ਮਾਰਦੀ ਨੇਮ ਪਲੇਟ ਅਲਮਾਰੀ ਵਿਚ ਹੀ ਸਜੀ ਰਹੀ।
ਅਗਲੀ ਵਾਰ ਜਦੋਂ ਨਤੀਜਾ ‘ਪਾਸ’ ਨਿਕਲਿਆ ਤਾਂ ਉਸੇ ਵੇਲੇ ‘ਗਿਆਨੀ’ ਰੂੜ ਸਿੰਘ ਜੱਬਲ ਨੇ ਉਹ ਸ਼ਾਨਦਾਰ ਪਲੇਟ ਆਪਣੇ ਕਿਰਾਏ ਵਾਲੇ ਘਰ ’ਚ ਬਾਹਰ ਦੋ ਪੇਚਾਂ ਨਾਲ ਕੱਸ ਦਿੱਤੀ। ਕੁਝ ਦੇਰ ਬਾਅਦ ਜਦੋਂ ਉਹਨੂੰ ਉਹ ਕਮਰਾ ਕਿਸੇ ਕਾਰਨ ਛੱਡਣਾ ਪਿਆ ਤਾਂ ਉਸ ਨੇ ਨੇੜੇ ਹੀ ਇਕ ਹੋਰ ਕਮਰਾ ਲੈ ਲਿਆ। ਸਮਾਨ ਤਾਂ ਇਕ ਦੋ ਦਿਨ ਬਾਅਦ ਵਿਚ ਤਬਦੀਲ ਕੀਤਾ, ਸਭ ਤੋਂ ਪਹਿਲਾਂ ਗਿਆਨੀ ਹੁਰਾਂ ਆਪਣੀ ਉਹ ਲਿਸ਼ਕਦੀ ਨੇਮ ਪਲੇਟ ਸ਼ਿਫਟ ਕੀਤੀ। ਮੈਨੂੰ ਯਾਦ ਹੈ, ਗਿਆਨੀ ਹੁਰੀਂ ਗੁਆਂਢ ’ਚ ਰਹਿੰਦੀ ਸਕੂਲ ਜਾਂਦੀ ਲੜਕੀ ਨੂੰ ਪੁੱਛ ਰਹੇ ਸੀ ਕਿ ਗੁੱਡੀ ਤੁਹਾਡਾ ਘਰ ਕਿੱਥੇ ਹੈ? ਲੜਕੀ ਨੇ ਆਪਣੇ ਢੰਗ ਨਾਲ ਪੂਰੀ ਜਾਣਕਾਰੀ ਦੇ ਦਿੱਤੀ। ਗਿਆਨੀ ਹੁਰੀਂ ਉਸ ਨੂੰ ਸਮਝਾ ਰਹੇ ਸੀ ਕਿ ਜੇ ਕੋਈ ਪੁੱਛੇ ਤਾਂ ਸਿੱਧਾ ਆਖਿਆ ਕਰੋ ਕਿ ਸਾਡਾ ਘਰ ਗਿਆਨੀ ਰੂੜ ਸਿੰਘ ਜੱਬਲ ਦੇ ਘਰ ਤੋਂ ਤੀਜਾ ਮਕਾਨ ਹੈ। ਜਿੰਨੀ ਵਾਰੀ ਵੀ ਗਿਆਨੀ ਹੁਰਾਂ ਆਪਣਾ ਕਮਰਾ ਬਦਲਿਆ, ਸਭ ਤੋਂ ਪਹਿਲਾਂ ਉਥੇ ਉਨ੍ਹਾਂ ਦੀ ਪਲੇਟ ਹੀ ਜਾਂਦੀ। ਕਾਫ਼ੀ ਸਾਲਾਂ ਬਾਅਦ ਉਨ੍ਹਾਂ ਨੇ ਨਾਲ ਲੱਗਦੀ ਗਲੀ ਵਿਚ ਆਪਣਾ ਮਕਾਨ ਖਰੀਦ ਲਿਆ। ਰਜਿਸਟਰੀ ਤੋਂ ਫੌਰਨ ਬਾਅਦ ਲੋੜੀਂਦੀ ਮੁਰੰਮਤ ਤੇ ਕਲੀ-ਪੇਂਟ ਤੋਂ ਵੀ ਪਹਿਲਾਂ ਨੇਮ ਪਲੇਟ ਉਥੇ ਗਈ, ਪਰਿਵਾਰ ਬਾਅਦ ’ਚ।
ਅਸਲ ਮਸਲਾ ਹੁੰਦਾ ਹੈ ਹਰ ਸ਼ਖਸ ਦੀ ਆਪਣੀ ਪਛਾਣ ਦਾ। ਮੈਂ ਵੀ ਜਦੋਂ 1957 ਵਿਚ ਬੀਐੱਸਸੀ ਬੀਟੀ ਕੀਤੀ ਤਾਂ ਫਟਾ-ਫਟ ਇਸੇ ਤਰ੍ਹਾਂ ਆਪਣੀ ਨੇਮ ਪਲੇਟ ਬਣਵਾਈ ਸੀ। ਮੁੱਖ ਗੇਟ ’ਤੇ ਕੁਝ ਮਹੀਨੇ ਲੱਗੀ ਵੀ ਰਹੀ ਪਰ ਮੈਨੂੰ ਛੇਤੀ ਹੀ ਇਸ ਵਿਚਲੇ ਬਚਪਨੇ ਦਾ ਅਹਿਸਾਸ ਹੋ ਗਿਆ। ਘਰ ਦੇ ਬਾਹਰ ਮੁੱਖ ਵਸਨੀਕ ਦਾ ਨਾਂ ਅਤੇ ਕੋਈ ਅਹੁਦਾ ਲਿਖਿਆ ਹੋਣਾ ਜ਼ਰੂਰੀ ਜਾਣਕਾਰੀ ਤਾਂ ਹੈ ਅਤੇ ਨਵੇਂ ਆਏ ਗਏ ਲਈ ਸਹੂਲਤ ਵੀ ਪਰ ਦੇਖਣ ਵਿਚ ਆਉਂਦਾ ਹੈ ਕਿ ਕਈਆਂ ਨੇਮ ਪਲੇਟਾਂ ’ਤੇ ਨਾਂ ਤੋਂ ਬਾਅਦ ਚਾਰ ਚਾਰ ਪੰਜ ਪੰਜ ਡਿਗਰੀਆਂ ਅਤੇ ਡਿਪਲੋਮੇ ਵੀ ਲਿਖੇ ਹੁੰਦੇ ਹਨ। ਸੋਚੀਦਾ ਹੈ ਕਿ ਇਹ ਕਿਹੜੇ ਡਾਕੀਏ ਨੇ ਪੜ੍ਹਨੇ ਹਨ? ਇਥੇ ਹੀ ਬੱਸ ਨਹੀਂ ਜਦੋਂ ਚੋਣਾਂ ਦੇ ਨਤੀਜੇ ਆਉਂਦੇ ਹਨ ਤਾਂ ਜੇਤੂ ਸਰਪੰਚ, ਕੌਂਸਲਰ, ਐੱਮਐੱਲਏ, ਮੇਅਰ ਜਾਂ ਸੰਸਦ ਮੈਂਬਰ ਜਲਦੀ ਤੋਂ ਜਲਦੀ ਤੀਰ ਦੀ ਨੋਕ ਨਾਲ ਰਿਹਾਇਸ਼ ਦਾ ਪਤਾ ਦੱਸਦੀਆਂ ਕਈ ਕਈ ਨੇਮ ਪਲੇਟਾਂ, ਥਾਂ ਥਾਂ ’ਤੇ ਲਗਵਾਉਂਦੇ ਹਨ। ਇਹ ਗੱਲ ਵੱਖਰੀ ਹੈ ਕਿ ਜਦੋਂ ਕੋਈ ਸ਼ਖ਼ਸ ਉਸ ਪਤੇ ’ਤੇ ਮਿਲਣ ਜਾਂਦਾ ਹੈ ਤਾਂ ਅਕਸਰ ਉਹ ਉਪਲਭਧ ਨਹੀਂ ਹੁੰਦੇ।

Advertisement

Advertisement
Advertisement
Author Image

joginder kumar

View all posts

Advertisement