ਨਾਮਜ਼ਦਗੀ ਕੇਂਦਰ ’ਚ ਖੇਤੀ ਮੰਤਰੀ ਖੁੱਡੀਆਂ ਦੀ ਫੇਰੀ ਦਾ ਮਾਮਲਾ ਭਖ਼ਿਆ
ਇਕਬਾਲ ਸਿੰਘ ਸ਼ਾਂਤ
ਲੰਬੀ, 4 ਅਕਤੂਬਰ
ਪੰਚਾਇਤ ਚੋਣਾਂ ਦੀਆਂ ਨਾਮਜ਼ਦਗੀਆਂ ਮੌਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਖਿਓਵਾਲੀ ਆਈਟੀਆਈ ਵਿੱਚ ਫੇਰੀ ਨਾਲ ਸਿਆਸੀ ਅਤੇ ਲੋਕਤੰਤਰਿਕ ਸੁਆਲ ਖੜ੍ਹੇ ਹੋਏ ਹਨ। ਸਮੁੱਚੇ ਨਾਮਜ਼ਦਗੀ ਅਮਲ ਦੌਰਾਨ ਤਾਲਾਬੰਦ ਕੰਪਲੈਕਸ ਦੇ ਅੰਦਰ ਖੇਤੀ ਮੰਤਰੀ ਖੁੱਡੀਆਂ ਦੇ ਪੀਏ ਅਤੇ ਮੰਤਰੀ ਦੇ ਚਾਰ-ਪੰਜ ਅਤਿ ਨਜ਼ਦੀਕੀ ‘ਆਪ’ ਆਗੂਆਂ ਦੀ ਅਧਿਕਾਰੀਆਂ ਦੇ ਨਾਲ ਮੌਜੂਦਗੀ ਦਾ ਕੰਪਲੈਕਸ ਦੇ ਬਾਹਰ ਖਿੜਕੀਆਂ ’ਤੇ ਨਾਜ਼ਮਦਗੀਆਂ ਲਈ ਘੰਟਿਆਂਬੱਧੀ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਲੋਕਾਂ ਨੇ ਤਿੱਖਾ ਇਤਰਾਜ਼ ਜਤਾਇਆ। ਇਸ ਮਗਰੋਂ ਦੇਰ ਸ਼ਾਮ ਖੇਤੀ ਮੰਤਰੀ ਦੇ ਖਾਸ ਆਗੂਆਂ ਦੇ ਮੁੜ ਕੇਂਦਰ ਅੰਦਰ ਜਾਣ ਮੌਕੇ ਦੀ ਵੀਡੀਓ ਨੂੰ ਲੈ ਕੇ ਉਨ੍ਹਾਂ ਦੀ ਇੱਕ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਨਾਲ ਵਿਵਾਦ ਵੀ ਹੋਇਆ।
ਜਾਣਕਾਰੀ ਮੁਤਾਬਕ ਖੇਤੀ ਮੰਤਰੀ ਖੁੱਡੀਆਂ ਕਰੀਬ 20-22 ਮਿੰਟ ਤੱਕ ਆਈਟੀਆਈ ਕੰਪਲੈਕਸ ਵਿੱਚ ਰੁਕੇ ਰਹੇ। ਪੰਚ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਪੁੱਜੇ ਖੁੱਡੀਆਂ ਗੁਲਾਬ ਸਿੰਘ ਦੇ ਹਰਦੀਪ ਸਿੰਘ ਪੱਪੀ ਨੇ ਦੋਸ਼ ਲਗਾਇਆ ਕਿ ਨਾਮਜ਼ਦਗੀ ਵਾਲੇ ਕਮਰਿਆਂ ਵਿੱਚ ਅੰਦਰ ਤੁਰੇ-ਫਿਰਦੇ ਮੰਤਰੀ ਦੇ ਨੇੜਲੇ ਅਤੇ ‘ਆਪ’ ਆਗੂ ਉਨ੍ਹਾਂ ਦੀਆਂ ਫਾਈਲਾਂ ਨਾਲ ਛੇੜਛਾੜ ਕਰਦੇ ਰਹੇ। ਨਾਮਜ਼ਦਗੀ ਕਰਨ ਪੁੱਜੇ ਬਿੱਕਰ ਸਿੰਘ ਵਾਸੀ ਫਰੀਦਕੇਰਾ ਨੇ ਦੋਸ਼ ਲਗਾਇਆ ਕਿ ਪਹਿਲਾਂ ਉਨ੍ਹਾਂ ਦੀਆਂ ਫਾਈਲਾਂ ਲੈ ਕੇ ਰੱਖ ਲਈਆਂ ਗਈਆਂ ਅਤੇ ਡੇਢ-ਦੋ ਘੰਟੇ ਤੱਕ ਜੱਦੋ-ਜਹਿਦ ਮਗਰੋਂ ਉਨ੍ਹਾਂ ਨੂੰ ਰਸੀਦਾਂ ਮਿਲ ਸਕੀਆਂ। ਪਿੰਡ ਤਪਾਖੇੜਾ ਦੀ ਸੀਮਾ ਰਾਣੀ ਨਾਮਕ ਮਹਿਲਾ ਨੇ ਖੇਤੀ ਮੰਤਰੀ ਦੇ ਨੇੜਲੇ ਰਿਸ਼ਤੇਦਾਰ ’ਤੇ ਸਰਪੰਚ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਵੀ ਖੋਹ ਕੇ ਪਾੜਨ ਦੇ ਦੋਸ਼ ਲਗਾਏ। ਨਾਮਜ਼ਦਗੀ ਅਮਲ ਦੇ ਮੁੱਖ ਪੀਸੀਐੱਸ ਅਧਿਕਾਰੀ ਪੁਨੀਤ ਸ਼ਰਮਾ ਕਈ ਵਾਰ ਪੁੱਛਣ ’ਤੇ ਖੇਤੀ ਮੰਤਰੀ ਦੀ ਆਮਦ ਅਤੇ ਉਨ੍ਹਾਂ ਦੇ ਪੀਏ ਤੇ ਨੇੜਲਿਆਂ ਦੇ ਮਨਾਹੀ ਖੇਤਰ ’ਚ ਵਿਚਰਨ ਬਾਰੇ ਕੁੱਝ ਕਹਿਣਾ ਪਾਸਾ ਵੱਟ ਗਏ।
ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦੋਸ਼ ਲਗਾਇਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪੰਚਾਇਤ ਚੋਣਾਂ ਦੌਰਾਨ ਨਾਮਜ਼ਦਗੀਆਂ ਦੇ ਆਖਰੀ ਦਿਨ ਖੁਦ ਮੌਕੇ ’ਤੇ ਅੜ ਕੇ ਲੰਬੀ ਹਲਕੇ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਮਜ਼ਦਗੀਆਂ ਦੌਰਾਨ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਇਆ-ਧਮਕਾਇਆ ਗਿਆ। ਮਿੱਡੂਖੇੜਾ ਨੇ ਕਿਹਾ ਕਿ ਪਹਿਲਾਂ ਕਦੇ ਵਿਧਾਇਕਾਂ ਨੂੰ ਬੀਡੀਪੀਓ ਦਫਤਰ ਨਹੀਂ ਪੁੱਜਦੇ ਵੇਖਿਆ ਗਿਆ, ਪਰ ਲੰਬੀ ਹਲਕੇ ’ਚ ਕੈਬਨਿਟ ਮੰਤਰੀ ਖੁੱਡੀਆਂ ਆਪਣੇ ਲਾਮ ਲਸ਼ਕਰ ਲੈ ਕੇ ਪਹੁੰਚੇ ਹੋਏ ਸਨ। ਉਨ੍ਹਾਂ ਚੋਣ ਜ਼ਾਬਤੇ ਦੀ ਸਿੱਧੀ ਉਲੰਘਣਾ ਦੱਸਦੇ ਚੋਣ ਕਮਿਸ਼ਨ ਨੂੰ ਤੁਰੰਤ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਨਾਮਜ਼ਦਗੀ ਅਮਲ ’ਚ ਕੋਈ ਦਖ਼ਲ ਨਹੀਂ ਦਿੱਤਾ: ਗੁਰਮੀਤ ਖੁੱਡੀਆਂ
ਖੇੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਕਾਲੀ ਆਗੂ ਤੇਜਿੰਦਰ ਮਿੱਡੂਖੇੜਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਿਵੇਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਮੌਕੇ ਖੁਦ ਅਕਾਲੀ ਆਗੂ ਪੁੱਜੇ ਹੋਏ ਸਨ, ਉਸੇ ਤਰ੍ਹਾਂ ਉਹ (ਖੁੱਡੀਆਂ) ਵੀ ਗਏ ਸਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਾਮਜ਼ਦਗੀ ਅਮਲ ਵਿੱਚ ਕੋਈ ਦਖ਼ਲ ਨਹੀਂ ਦਿੱਤਾ, ਸਗੋਂ ਸਭ ਨੂੰ ਭਾਈਚਾਰਕ ਸਾਂਝ ਬਣਾਏ ਰੱਖਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਚੋਣ ਅਮਲ ’ਚ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਇਆ।