ਮਾਸੂਮੀਅਤ
ਦਰਸ਼ਨ ਸਿੰਘ
ਕਿਹਾ ਜਾਂਦਾ, ਸਿਆਣਿਆਂ ਦੀਆਂ ਗੱਲਾਂ ਦੇ ਭਾਵ ਜਾਣਨੇ-ਸੁਣਨੇ-ਸੋਚਣੇ ਜ਼ਰੂਰੀ ਹਨ। ਉਂਝ ਨਿਆਣਿਆਂ ਦੀਆਂ ਮਾਸੂਮੀਅਤ ਭਰਪੂਰ ਗੱਲਾਂ ਵੀ ਕਈ ਵਾਰ ਬਹੁਤ ਵੱਡੀਆਂ ਹੁੰਦੀਆਂ ਹਨ। “ਦਾਦੂ, ਚੱਲੀਏ?” ਛੁੱਟੀਆਂ ’ਚ ਮੇਰੇ ਕੋਲ ਆਈ ਮੇਰੀ ਪੌਣੇ ਪੰਜ ਕੁ ਸਾਲ ਦੀ ਪੋਤੀ ਮੈਨੂੰ ਰੋਜ਼ ਕਹਿੰਦੀ। “ਕਿੱਥੇ?” ਮੈਂ ਪੁੱਛਦਾ। ਕਮੇਟੀ ਪਾਰਕ ਉਸ ਦੀ ਵਧੇਰੇ ਪਸੰਦੀਦਾ ਜਗ੍ਹਾ ਸੀ। ਉਂਗਲ ਫੜਦੀ ਉਹ ਮੈਨੂੰ ਆਪਣੇ ਨਾਲ ਤੋਰ ਲੈਂਦੀ। ਥੱਕਿਆ ਹੋਇਆ ਵੀ ਉਸ ਨਾਲ ਤੁਰੀ ਜਾਂਦਾ ਤੇ ਗੱਲਾਂ ਕਰੀ ਜਾਂਦਾ। ਤੁਰ-ਫਿਰ ਕੇ ਗੱਲਾਂ ਵੈਸੇ ਵੀ ਵਧੀਆ ਹੁੰਦੀਆਂ। “ਇਹ ਕੀ ਹੈ?... ਉਹ ਕੀ?” ਉਸ ਦੇ ਨਿੱਕੇ ਨਿੱਕੇ ਸਵਾਲ ਕਈ ਵਾਰ ਮੇਰੇ ਅੰਦਰ ਡੂੰਘੀ ਹੈਰਾਨੀ ਤੇ ਗੁੰਝਲਾਂ ਭਰ ਦਿੰਦੇ ਸਨ।
ਉਸ ਦੇ ਇਕ ਸਵਾਲ ਨੇ ਮੈਨੂੰ ਜਿਵੇਂ ਧੁਰ ਅੰਦਰੋਂ ਹਿਲਾ ਦਿੱਤਾ ਹੋਵੇ: “ਦਾਦੂ, ਮੇਰੀ ਦਾਦੀ ਕਿੱਥੇ ਹੈ?” ਮੇਰੀ ਪਤਨੀ ਦੀ ਕੰਧ ’ਤੇ ਟੰਗੀ ਤਸਵੀਰ ਨੂੰ ਦੇਖਦਿਆਂ ਇਕ ਦਿਨ ਉਸ ਨੇ ਮੈਨੂੰ ਪੁੱਛਿਆ। ਸਵਾਲ ਸੁਣਦਿਆਂ ਉਸ ਦੀ ਨਿਗ੍ਹਾ ਨੂੰ ਮੈਂ ਫੋਟੋ ’ਤੇ ਲਗਾਤਾਰ ਟਿਕੇ ਦੇਖਿਆ। ‘ਉਹ ਕੀ ਸੋਚਦੀ ਹੋਵੇਗੀ? ਕਿਹੜੇ ਖਿਆਲ ਉਸ ਅੰਦਰ ਹੋਣਗੇ?’ ਮੈਂ ਸੋਚਿਆ। “ਉਹ ਹੁਣ ਵਾਹਿਗੁਰੂ ਜੀ ਕੋਲ ਹਨ।” ਕੋਲ ਬੈਠੇ ਉਸ ਦੇ ਪਾਪਾ ਨੇ ਕਿਹਾ।
ਮੇਰੇ ਸਾਹਮਣੇ ਮੇਰਾ ਬਚਪਨ ਸੀ।... ਮਾਂ ਦੱਸਦੀ ਹੁੰਦੀ ਸੀ ਕਿ ਨਿਆਣੀ ਉਮਰੇ ਮੈਂ ਬੜਾ ਇੱਲਤੀ ਹੁੰਦਾ ਸੀ। ਵਿਹੜੇ ’ਚ ਖੇਡਦਾ ਪਤਾ ਨਹੀਂ ਕਿਹੜੇ ਵੇਲੇ ਬਾਹਰ ਬੀਹੀ ’ਚ ਭੱਜ ਜਾਂਦਾ। ਪਿੱਛੇ ਪਿੱਛੇ ਸਾਰਾ ਟੱਬਰ ਹੁੰਦਾ। ਕੋਈ ਬਾਹੋਂ ਫੜ ਕੇ ਅੰਦਰ ਧੂਹ ਲਿਆਉਂਦਾ। “ਬਾਹਰ ਝੋਲੇ ਵਾਲਾ ਬਾਬਾ ਫੜ ਕੇ ਲੈ ਜੂ।” ਝੋਲੇ ਵਾਲਾ ਇਹ ਬਾਬਾ ਕੌਣ ਸੀ? ਕਿਥੋਂ ਆਉਂਦਾ ਸੀ? ਪਤਾ ਨਹੀਂ। ਮੇਰੇ ਅੰਦਰ ਕੋਈ ਡਰ ਜ਼ਰੂਰ ਬੈਠ ਗਿਆ ਸੀ। ਇਹੋ ਡਰ ਕਈ ਵਰ੍ਹੇ ਮੇਰਾ ਪਿੱਛਾ ਕਰਦਾ ਰਿਹਾ। ਸੁਫ਼ਨੇ ਵਿਚ ਵੀ ਡਰ ਕੇ ਕਈ ਵਾਰ ਮੈਂ ਰੋਣ ਲਗਦਾ।
ਹੁਣ ਵੀ ਕਈ ਵਾਰ ਮਾਪਿਆਂ ਨੂੰ ਆਪਣੇ ਬੱਚੇ ਘਰੋਂ ਬਾਹਰ ਜਾਣੋਂ ਰੋਕਣ ਲਈ ਕਹਿੰਦੇ ਸੁਣਦਾ ਹਾਂ, “ਬਾਹਰ ਮਾਊਂ ਬੈਠਾ। ਦੰਦੀ ਵੱਢੂ...।” ਮਾਪਿਆਂ ਦਾ ਇਹ ਕਾਲਪਨਿਕ ‘ਮਾਊਂ’ ਬੱਚੇ ਦੇ ਮਨ ’ਚ ਸਦਾ ਲਈ ਵਸ ਗਿਆ। ਅੰਦਰ ਬਾਹਰ ਜਾਣ ਤੋਂ ਹੀ ਉਹ ਬੁਰੀ ਤਰ੍ਹਾਂ ਡਰਨ ਲੱਗਾ। ਮੁੱਢਲੇ ਇਲਾਜ ਪਿੱਛੋਂ ਉਸ ਦੇ ਮਨ ਦਾ ਇਹ ਡਰ ਘਟਿਆ ਜ਼ਰੂਰ, ਪੂਰੀ ਤਰ੍ਹਾਂ ਗਿਆ ਨਹੀਂ।
ਪੜ੍ਹ-ਲਿਖ ਜਾਣ ਕਾਰਨ ਮੈਨੂੰ ਇਸ ਗੱਲ ਦੀ ਸਮਝ ਆ ਗਈ ਕਿ ਨਿਆਣੀ ਉਮਰ ਦਾ ਕੋਮਲ ਤੇ ਸੂਖਮ ਮਨ ਸਵਾਲਾਂ, ਜਵਾਬਾਂ ਤੇ ਹੋਰ ਅਜਿਹੀਆਂ ਗੱਲਾਂ ਦੇ ਡੂੰਘੇ ਅਸਰ ਬੜੀ ਛੇਤੀ ਕਬੂਲਦਾ ਹੈ। ਉਮਰ ਦੇ ਪਹਿਲੇ ਚਾਰ ਪੰਜ ਸਾਲ ਇਸ ਪੱਖੋਂ ਬਹੁਤ ਅਹਿਮ ਹੁੰਦੇ। “ਬੱਚੇ ਨੂੰ ਪੰਜ ਸਾਲ ਲਈ ਮੈਨੂੰ ਦੇ ਦਿਉ, ਮੈਂ ਬੱਚੇ ਨੂੰ ਡਾਕਟਰ, ਇੰਜਨੀਅਰ ਜਾਂ ਜੋ ਕਹੋਗੇ, ਬਣਾ ਦਿਆਂਗਾ।” ਇਕ ਵਿਦਵਾਨ ਦਾ ਕਿਹਾ ਮੈਨੂੰ ਯਾਦ ਹੈ।
ਪੋਤੀ ਦੀਆਂ ਛੁੱਟੀਆਂ ਖ਼ਤਮ ਹੋਣ ਵਾਲੀਆਂ ਸਨ। ਚਾਰ ਪੰਜ ਦਿਨਾਂ ਨੂੰ ਉਹਨੇ ਵਾਪਸ ਚਲੇ ਜਾਣਾ ਸੀ। ਇਕ ਸ਼ਾਮ ਮੈਂ ਉਹਨੂੰ ਨਾਲ ਲੈ ਕੇ ਗੁਰਦੁਆਰੇ ਚਲਾ ਗਿਆ। “ਇਹ ਵਾਹਿਗੁਰੂ ਜੀ ਦਾ ‘ਰੂਮ’ ਹੈ?” ਇਕ ਕਮਰੇ ਜਿੱਥੇ ਪਾਠ ਕੀਤਾ ਜਾ ਰਿਹਾ ਸੀ, ਵੱਲ ਉਂਗਲ ਕਰਦਿਆਂ ਉਸ ਨੇ ਸਵਾਲ ਕੀਤਾ। ਮੈਂ ‘ਹਾਂ’ ਵਿਚ ਹੁੰਗਾਰਾ ਭਰਿਆ। ਉਹ ਅੰਦਰ ਚਲੀ ਗਈ। ਪਲ ਛਿਣ ’ਚ ਹੀ ਵਾਪਸ ਮੁੜ ਆਈ। ਮੇਰੀ ਉਂਗਲ ਫੜ ਕੇ ਉਸੇ ‘ਰੂਮ’ ਵਲ ਲਿਜਾਂਦੀ ਕਹਿਣ ਲੱਗੀ, “ਦਾਦੂ, ਮੈਨੂੰ ਮੇਰੀ ਦਾਦੀ ਦਿਖਾਉ...।” “ਉਹ ਇੱਥੇ ਨਹੀਂ ਹੈ।” ਮੈਂ ਸਮਝਾਇਆ। “ਪਾਪਾ ਕਹਿੰਦੇ ਸੀ, ਦਾਦੀ ਵਾਹਿਗੁਰੂ ਜੀ ਕੋਲ ਹੈ।” ਉਸ ਦੇ ਪਾਪਾ ਦੀ ਕਹੀ ਗੱਲ ਉਸ ਨੂੰ ਕਈ ਦਿਨਾਂ ਪਿੱਛੋਂ ਵੀ ਯਾਦ ਸੀ। “ਦਾਦੀ ਮੈਨੂੰ ਮਿਲਣ ਕਿਉਂ ਨਹੀਂ ਆਉਂਦੀ?”... ਉਸ ਦੀ ਜ਼ਿੱਦ ਨੂੰ ਕਿਵੇਂ ਨਾ ਕਿਵੇਂ ਸ਼ਾਂਤ ਤਾਂ ਕਰ ਲਿਆ ਪਰ ਉਸ ਦੇ ਚਿਹਰੇ ਉੱਤੇ ਕਈ ਉਲਝਣ ਭਰੇ ਸਵਾਲ ਮੈਨੂੰ ਖੜ੍ਹੇ ਜਾਪੇ। ਮੈਂ ਉਸ ਦਾ ਧਿਆਨ ਇਸ ਪਾਸਿਉਂ ਮੋੜਨ ਦੀ ਕੋਸ਼ਿਸ਼ ’ਚ ਸੀ।
“ਦਾਦੂ!”
“ਬੋਲੋ।”
“ਤੁਹਾਡੀ ਵੀ ਦਾਦੀ ਸੀ?”
“ਹਾਂ... ਮੇਰੀ ਵੀ ਸੀ।”
“ਫੋਨ ’ਚ ਉਹਦੀ ਫੋਟੋ ਹੈ?”
...ਮੈਂ ਚੁੱਪ ਰਿਹਾ। ਮੈਨੂੰ ਦਾਦੀ ਯਾਦ ਆਉਣ ਲੱਗੀ। ਮੇਰੀ ਬਾਲ-ਉਮਰ ਦਾ ਟੋਟਾ ਦਾਦੀ ਤੋਂ ਬੁਝਾਰਤਾਂ ਤੇ ਪਰੀ ਕਹਾਣੀਆਂ ਸੁਣ ਸੁਣ ਗੁਜ਼ਰਿਆ ਸੀ। ਇਨ੍ਹਾਂ ਕਹਾਣੀਆਂ ਦੇ ਸੱਚ ਦਾ ਪ੍ਰਭਾਵ ਮੇਰੇ ਨਾਲ ਵਰ੍ਹੇ ਦਰ ਵਰ੍ਹੇ ਰਿਹਾ।
ਮੈਂ ਦਾਦੀ ਕੋਲੋਂ ਸੁਣੀਆਂ ਬਾਤਾਂ-ਬੁਝਾਰਤਾਂ ’ਚੋਂ ਇਕ ਉਸ ਨੂੰ ਸੁਣਾ ਦਿੱਤੀ ਜੋ ਮੈਨੂੰ ਯਾਦ ਸੀ। ਸਮਝ ਉਸ ਦੇ ਕੁਝ ਨਾ ਪਿਆ। “ਦਾਦੂ, ਤੁਸੀਂ ਮੈਨੂੰ ਮੇਰੀ ਦਾਦੀ ਵਾਹਿਗੁਰੂ ਜੀ ਕੋਲ ਕਿਉਂ ਨਹੀਂ ਦਿਖਾਈ?”
ਕੀ ਆਖਦਾ ਉਸ ਨੂੰ ਕਿ ਇਹੋ ਹੀ ਤਾਂ ਜ਼ਿੰਦਗੀ ਦੀ ਬੁਝਾਰਤ ਹੈ ਜਿਸ ਨੂੰ ਕੋਈ ਬੁਝ ਨਹੀਂ ਸਕਿਆ। “ਆਈਸ ਕਰੀਮ ਖਾਣੀ ਹੈ ਦਾਦੂ।” ਸੁਣਦਿਆਂ ਹੀ ਮੈਂ ਬਿਨਾ ਦੇਰੀ ਕੀਤੇ ਉਸ ਨੂੰ ਆਈਸ ਕਰੀਮ ਲੈ ਦਿੱਤੀ। ਚੰਗੀ ਗੱਲ ਸੀ ਕਿ ਉਸ ਦਾ ਧਿਆਨ ਕਿਸੇ ਹੋਰ ਪਾਸੇ ਮੁੜਿਆ ਸੀ।
ਛੁੱਟੀਆਂ ਹੁਣ ਮੁੱਕ ਗਈਆਂ ਸਨ। ਆਖ਼ਰੀ ਛੁੱਟੀ ਸੀ। ਅਗਲੇ ਦਿਨ ਸਕੂਲ ਜਾਣਾ ਸੀ। “ਦਾਦੂ, ਹੁਣ ਜਦੋਂ ਮੈਂ ਆਵਾਂਗੀ... ਦਾਦੀ ਮੈਨੂੰ ਮਿਲੇਗੀ?” ਮੈਂ ਚੁੱਪ ਰਿਹਾ। ਨਾ ਝੂਠ ਬੋਲ ਸਕਦਾ ਸੀ, ਨਾ ਸੱਚ। ਮੈਨੂੰ ਜਾਪਿਆ, ਚਿਹਰੇ ’ਤੇ ਮੁਸਕਾਣ ਭਰਦੀ ਮੇਰੇ ਵੱਲ ਦੇਖਦੀ ਸ਼ਾਇਦ ਉਹ ਆਪਣੇ ਸਵਾਲ ਦਾ ਜਵਾਬ ਜਿਵੇਂ ਉਡੀਕ ਰਹੀ ਹੋਵੇ। ਨਾ ਕੰਧ ’ਤੇ ਟੰਗੀ ਤਸਵੀਰ ਦੇ ਅਰਥ ਉਸ ਨੂੰ ਪਤਾ ਸਨ, ਨਾ ਪੁੱਛੇ ਗਏ ਸਵਾਲਾਂ ਦੀ ਹਕੀਕਤ। ਉਸ ਦੇ ਬੋਲਾਂ ’ਚ ਸਾਂਭਿਆ ਰਿਸ਼ਤਾ ਅਤੇ ਮੈਨੂੰ ਕੀਤੇ ਸਵਾਲ ਮੇਰੇ ਸਮਝਣ ਲਈ ਕਾਫੀ ਸਨ ਕਿ ਮਾਸੂਮੀਅਤ ਕਿੰਨੀ ਖ਼ੂਬਸੂਰਤ ਹੁੰਦੀ ਹੈ!
ਸੰਪਰਕ: 94667-37933