For the best experience, open
https://m.punjabitribuneonline.com
on your mobile browser.
Advertisement

ਮਾਨਵਤਾ ਦੀ ਧੜਕਣ ਬਣਿਆ ਭਾਰਤੀ ਦਿਲ

08:01 AM Jul 05, 2024 IST
ਮਾਨਵਤਾ ਦੀ ਧੜਕਣ ਬਣਿਆ ਭਾਰਤੀ ਦਿਲ
Advertisement

ਰਾਮ ਸਵਰਨ ਲੱਖੇਵਾਲੀ
ਮੁਹੱਬਤ ਤੇ ਸਾਝਾਂ ਦੇਸ਼ ਦੁਨੀਆ ਵਿੱਚ ਜਿਊਣ ਦਾ ਬਲ ਬਣਦੀਆਂ। ਘਰ ਪਰਿਵਾਰ ਵਸਾਉਂਦੇ, ਰਿਸ਼ਤਿਆਂ ਨੂੰ ਪਾਲਦੇ ਲੋਕ। ਸੁੱਖ ਦੁੱਖ ਵਿੱਚ ਇੱਕ ਦੂਸਰੇ ਦਾ ਸਹਾਰਾ ਬਣਦੇ।
ਮਨੁੱਖੀ ਹਮਦਰਦੀ ਦੀ ਅਜਿਹੀ ਅਨੂਠੀ ਮਿਸਾਲ ਚੇਨੱਈ ਤੋਂ ਮਿਲੀ ਜਿਸ ਨੇ ਦੁਨੀਆ ਦੇ ਅੰਬਰ ’ਤੇ ਮੁਹੱਬਤ ਦਾ ਪੈਗਾਮ ਲਿਖਿਆ। ਵਿਗਿਆਨ ਤੇ ਡਾਕਟਰਾਂ ਦੀ ਟੀਮ ਨੇ ਗੁਆਂਢੀ ਦੇਸ਼ ਦੀ ਧੀ ਦੇ ਸਿਰ ’ਤੇ ਹੱਥ ਧਰਿਆ। ਉਸ ਦੇ ਦੁੱਖ ਦਰਦ ਨੂੰ ਆਪਣਾ ਸਮਝਿਆ। ਮਨੁੱਖਤਾ ਨਾਤੇ ਉਸ ਨੂੰ ਨਵਾਂ ਜੀਵਨ ਦੇਣ ਲਈ ਪੂਰਾ ਤਾਣ ਲਗਾਇਆ। ਡਾਕਟਰੀ ਕਿੱਤੇ ਵਿੱਚ ਮਹਿਕੇ ਮਾਨਵਤਾ ਦੇ ਇਸ ਸ਼ੋਖ ਰੰਗ ਨੇ ਦੇਸ਼, ਦੁਨੀਆ ਦਾ ਦਿਲ ਜਿੱਤਿਆ।
ਇਸ ਅਮਲ ਨੇ ਵਕਤ ਦੇ ਸਫ਼ਿਆਂ ’ਤੇ ਇਹ ਗਾਥਾ ਲਿਖੀ। ਕਰਾਚੀ ਦੀ ਰਹਿਣ ਵਾਲੀ 19 ਸਾਲਾ ਆਇਸ਼ਾ ਰਸ਼ੀਦ। ਮਾਂ ਘਰੇਲੂ ਔਰਤ। ਸਿਰ ’ਤੇ ਬਾਪ ਦਾ ਸਾਇਆ ਨਹੀਂ। ਬਚਪਨ ’ਚ 7 ਸਾਲ ਦੀ ਉਮਰ ਵਿੱਚ ਹੀ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ। ਡਾਕਟਰੀ ਜਾਂਚ ਦੌਰਾਨ ਉਸ ਦੇ ਦਿਲ ਵਿੱਚ ਗੰਭੀਰ ਨੁਕਸ ਹੋਣ ਦਾ ਪਤਾ ਲੱਗਿਆ। ਡਾਕਟਰਾਂ ਦੇ ਮਸ਼ਵਰੇ ਅਨੁਸਾਰ ਸਾਲ 2019 ਵਿੱਚ ਚੇਨੱਈ ਇਲਾਜ ਲਈ ਪਹੁੰਚੀ। ਇੱਥੇ ਇਲਾਜ ਦੌਰਾਨ ਉਸ ਨੂੰ ਦਿਲ ਦੇ ਦੌਰੇ ਨੇ ਆਪਣੀ ਲਪੇਟ ਵਿੱਚ ਲਿਆ ਜਿਸ ਕਰਕੇ ਉਸ ਨੂੰ ਬਨਾਉਟੀ ਹਾਰਟ ਪੰਪ ਲਗਾਇਆ ਗਿਆ। ਪਾਕਿਸਤਾਨ ਪਰਤਣ ’ਤੇ ਆਇਸ਼ਾ ਨੂੰ ਲਗਾਤਾਰ ਦਿਲ ਦੇ ਰੋਗ ਦੀ ਪ੍ਰੇਸ਼ਾਨੀ ਝੱਲਣੀ ਪਈ। ਦੋ ਸਾਲਾਂ ਬਾਅਦ ਇਨਫੈਕਸ਼ਨ ਹੋਣ ’ਤੇ ਉਸ ਦੀ ਜੀਵਨ ਡੋਰ ਡਗਮਗਾਉਂਦੀ ਨਜ਼ਰ ਆਈ। ਉਸ ਦੀ ਜ਼ਿੰਦਗੀ ਬਚਾਉਣ ਲਈ ਹਾਰਟ ਟਰਾਂਸਪਲਾਂਟ ਹੀ ਇੱਕੋ ਇੱਕ ਹੱਲ ਬਚਿਆ ਸੀ। ਭਾਰਤ ਦਾ ਵੀਜ਼ਾ ਮਿਲਿਆ ਤਾਂ ਆਇਸ਼ਾ ਦੀ ਮਾਂ ਆਪਣੀ ਧੀ ਦਾ ਜੀਵਨ ਦੀਪ ਜਗਦਾ ਰੱਖਣ ਲਈ ਮੁੜ ਚੇਨੱਈ ਪਹੁੰਚੀ।
ਚੇਨੱਈ ਦਾ ਹਾਰਟ ਟਰਾਂਸਪਲਾਂਟ ਹਸਪਤਾਲ ਜਿੱਥੇ ਹਰ ਸਾਲ 100 ਦਿਲ ਟਰਾਂਸਪਲਾਂਟ ਕੀਤੇ ਜਾਂਦੇ ਹਨ। ਐਮ.ਜੀ.ਐੱਮ. ਹੈਲਥਕੇਅਰ ਹਸਪਤਾਲ ਆਇਸ਼ਾ ਦਾ ਸਹਾਰਾ ਬਣਿਆ। ਉਸ ਦੀ ਜ਼ਿੰਦਗੀ ਦੇ ਰਾਹ ਵਿੱਚ ਵੱਡੀ ਮੁਸ਼ਕਿਲ ਸਾਹਵੇਂ ਆ ਖੜ੍ਹੀ। ਦਿਲ ਦੇ ਟਰਾਂਸਪਲਾਂਟ ਦਾ ਕੁੱਲ ਖਰਚਾ 35 ਲੱਖ ਦੇ ਕਰੀਬ ਸੀ। ਆਇਸ਼ਾ ਦੀ ਮਾਂ ਸਨੋਬਰ ਏਨਾ ਖਰਚਾ ਦੇਣ ਤੋਂ ਅਸਮਰੱਥ ਸੀ। ਹਸਪਤਾਲ ਦੇ ਮੁੱਖ ਡਾਕਟਰ ਕ੍ਰਿਸ਼ਨਨ ਦੱਸਦੇ ਹਨ, ‘‘ਆਇਸ਼ਾ ਮੇਰੀ ਧੀ ਜਿਹੀ ਸੀ। ਅਸੀਂ ਉਸ ਦੀ ਮਦਦ ਲਈ ਉੱਦਮ ਕੀਤਾ। ਅੰਗ ਹਾਸਲ ਕਰਨ ਵਾਲੇ ਦਾਨੀ ਮਰੀਜ਼ਾਂ ਦੀ ਡੋਨੇਸ਼ਨ ਨਾਲ ਚੱਲਦੇ ਐਸ਼ਵਰਯਾਮ ਟਰੱਸਟ ਨਾਲ ਆਇਸ਼ਾ ਦੀ ਮਾਂ ਦੀ ਮੁਲਾਕਾਤ ਕਰਵਾਈ। ਉੱਦਮੀ ਪ੍ਰਬੰਧਕਾਂ ਵੱਲੋਂ ਮੁਕੰਮਲ ਇਲਾਜ ਦਾ ਭਰੋਸਾ ਮਿਲਿਆ। ਨਾਲ ਹੀ ਸਾਡੀ ਟੀਮ ਨੇ ਵੀ ਇਲਾਜ ਦੇ ਵੱਡੇ ਖ਼ਰਚ ਵਿੱਚ ਹਿੱਸਾ ਪਾਉਣ ਦਾ ਫ਼ੈਸਲਾ ਕੀਤਾ।’’
ਆਇਸ਼ਾ ਨੂੰ ਲਗਾਤਾਰ 10 ਮਹੀਨੇ ਆਪਣੇ ਲਈ ਨਵੇਂ ਦਿਲ ਦੀ ਉਡੀਕ ਕਰਨੀ ਪਈ। ਆਖਰ ਹਾਰਟ ਡੋਨਰ ਬਣੇ ਭਾਰਤੀ ਬਾਪ ਦਾ ਦਿਲ ਆਇਸ਼ਾ ਦੇ ਹਿੱਸੇ ਆਇਆ। 31 ਜਨਵਰੀ 2024 ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਦਿਲ 5 ਘੰਟਿਆਂ ਵਿੱਚ ਦਿੱਲੀ ਤੋਂ ਚੇਨੱਈ ਪਹੁੰਚਾਇਆ ਗਿਆ। ਹਸਪਤਾਲ ਦੇ ਡਾ. ਕੇ.ਆਰ.ਬਾਲਾਕ੍ਰਿਸ਼ਨਨ, ਸਹਾਇਕ ਡਾ. ਸੁਰੇਸ਼ ਰਾਓ ਤੇ ਸਮੁੱਚੀ ਟੀਮ ਹਾਰਟ ਟਰਾਂਸਪਲਾਂਟ ਦੇ ਕੰਮ ਵਿੱਚ ਜੁਟ ਗਈ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸਫ਼ਲਤਾ ਮਿਲੀ। ਡਾ. ਕ੍ਰਿਸ਼ਨਨ ਅਨੁਸਾਰ ‘ਆਇਸ਼ਾ ਅਹਿਲ ਪਈ ਸੀ। ਸਾਨੂੰ ਉਸ ਦੇ ਨਵੇਂ ਜੀਵਨ ਦਾ ਚਿਰਾਗ਼ ਜਗਣ ਦੀ ਪੂਰਨ ਆਸ ਸੀ। ਜਿੰਨਾ ਚਿਰ ਭਾਰਤੀ ਬਾਪ ਦਾ ਦਿਲ ਆਇਸ਼ਾ ਦੇ ਸੀਨੇ ਵਿੱਚ ਨਹੀਂ ਧੜਕਿਆ ਅਸੀਂ ਬੇਚੈਨ ਰਹੇ। ਆਖ਼ਰ ਸਮੁੱਚੀ ਟੀਮ ਦੀ ਮਿਹਨਤ ਰੰਗ ਲਿਆਈ। ਆਇਸ਼ਾ ਵਿੱਚ ਟਰਾਂਸਪਲਾਂਟ ਕੀਤਾ ਦਿਲ ਧੜਕਣ ਲੱਗਾ ਤਾਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਆਇਸ਼ਾ ਦੀ ਸਰਜਰੀ ਸਫ਼ਲ ਰਹੀ ਜਿਸ ਦਾ ਸਾਰਾ ਖਰਚ ਦਾਨ ਦੁਆਰਾ ਮਿਲੀ ਮਦਦ ਤੇ ਡਾਕਟਰੀ ਟੀਮ ਦੇ ਸਹਿਯੋਗ ਨਾਲ ਪੂਰਾ ਹੋਇਆ।’’
ਆਇਸ਼ਾ ਦੀ ਮਾਂ ਸਨੋਬਰ ਡਾਕਟਰਾਂ ਵੱਲੋਂ ਉਸ ਦੀ ਧੀ ਦੇ ਕੀਤੇ ਸਫ਼ਲ ਇਲਾਜ ਲਈ ਰਿਣੀ ਹੈ। ਨਵਾਂ ਦਿਲ ਹਾਸਲ ਕਰਨ ਵਾਲੀ ਫੈਸ਼ਨ ਡਿਜ਼ਾਈਨਰ ਬਣਨਾ ਲੋਚਦੀ ਆਇਸ਼ਾ ਦੀ ਖ਼ੁਸ਼ੀ ਦਾ ਕੋਈ ਅੰਤ ਹੀ ਨਹੀਂ ਹੈ। ਉਹ ਆਖਦੀ ਹੈ, ‘‘ਸਾਝਾਂ ਦੇ ਇਹ ਪੁਲ ਸਾਡਾ ਸਰਮਾਇਆ ਹਨ ਜਿਸ ਦੇ ਬਲਬੂਤੇ ਮੈਨੂੰ ਨਵਾਂ ਜੀਵਨ ਮਿਲਿਆ ਹੈ।’’ ਚੇਨੱਈ ਦੇ ਡਾਕਟਰਾਂ ਤੇ ਐਸ਼ਵਰਯਾਮ ਟਰੱਸਟ ਦਾ ਇਹ ਸ਼ਲਾਘਾਯੋਗ ਉੱਦਮ ਆਪਣੇ ਆਪ ਵਿੱਚ ਮੁਹੱਬਤ, ਦੋਸਤੀ ਤੇ ਤਿਆਗ ਦਾ ਪੈਗ਼ਾਮ ਹੈ। ਆਇਸ਼ਾ ਨੂੰ ਨਵਾਂ ਜੀਵਨ ਦੇਣ ਵਾਲੇ ਭਾਰਤੀ ਬਾਪ ਦਾ ਦਿਲ ਮਾਨਵਤਾ ਦੀ ਧੜਕਣ ਬਣਿਆ। ਮਾਨਵਤਾ ਲਈ ਧੜਕਦਾ ਦਿਲ ਦੇਸ਼ ਦੁਨੀਆ ਲਈ ਜੀਵਨ ਸੰਦੇਸ਼ ਦਾ ਪ੍ਰਤੀਕ ਹੈ। ਮਾਨਵਤਾ ਦਾ ਕਲਾਵਾ ਮੁਹੱਬਤ, ਸਾਂਝ ਤੇ ਸੁਖ ਜਿਹੇ ਮੋਤੀ ਵੰਡਣਾ ਲੋਚਦਾ ਹੈ। ਰਲ-ਮਿਲ ਰਹਿਣਾ, ਦੁੱਖ ਦਰਦ ਵੰਡਾਉਣਾ ਉਸ ਦਾ ਅਹਿਦ ਹੈ, ਪਰ ਇਹ ਧਰਮ, ਰੰਗ, ਨਸਲ, ਜਾਤ, ਨਫ਼ਰਤ ਤੇ ਸਰਹੱਦਾਂ ਤੋਂ ਉੱਪਰ ਉੱਠ ਕੇ ਤੁਰਿਆਂ ਹੀ ਸੰਭਵ ਹੈ।
ਸੰਪਰਕ: 95010-06626

Advertisement

Advertisement
Author Image

sanam grng

View all posts

Advertisement
Advertisement
×