For the best experience, open
https://m.punjabitribuneonline.com
on your mobile browser.
Advertisement

ਰਿਸ਼ਤੇ ਦੀ ਪਾਕੀਜ਼ਗੀ

06:20 AM Oct 23, 2024 IST
ਰਿਸ਼ਤੇ ਦੀ ਪਾਕੀਜ਼ਗੀ
Advertisement

ਗੁਰਦੀਪ ਢੁੱਡੀ

Advertisement

ਰਿਸ਼ਤਿਆਂ ਦੀ ਗੱਲ ਚੱਲਦੀ ਹੈ ਤਾਂ ਖ਼ੂਨ ਤੇ ਸਾਕਦਾਰੀ ਦੇ ਅਤੇ ਸਮਾਜਿਕ ਰਿਸ਼ਤੇ ਸਾਡੇ ਵਾਸਤੇ ਅਹਿਮ ਹੁੰਦੇ ਹਨ। ਇਨ੍ਹਾਂ ਸਾਰਿਆਂ ਤੋਂ ਬਾਹਰੀ ਵੀ ਕੁਝ ਰਿਸ਼ਤੇ ਵੀ ਸਾਨੂੰ ਹਰ ਤਰ੍ਹਾਂ ਦੇ ਰਿਸ਼ਤਿਆਂ ਤੋਂ ਉੱਪਰ ਲੱਗਦੇ ਹਨ। ਬਹੁਤ ਵਾਰ ਕੰਮ ਵਾਲੀਆਂ ਥਾਵਾਂ ’ਤੇ ਪਈ ਸਾਡੀ ਸਾਂਝ ਚਿਰ ਸਥਾਈ ਹੋ ਨਿੱਬੜਦੀ ਹੈ। ਇੱਥੇ ਮੈਂ ਅਜਿਹੇ ਰਿਸ਼ਤੇ ਦੀ ਗੱਲ ਛੋਹਣ ਲੱਗਾ ਹਾਂ ਜਿਹੜਾ ਇੱਕ ਨਿਰਧਾਰਤ ਸਮੇਂ ਦੇ ਮਿਲਾਪ ਤੋਂ ਬਾਅਦ ਵਿਛੋੜੇ ਵਾਲਾ ਬਣ ਜਾਂਦਾ ਹੈ। ਥੋੜ੍ਹੇ ਸਮੇਂ ਦੀ ਭਾਵੁਕਤਾ ਮਗਰੋਂ ਇਸ ਵਿੱਚ ਖੜੋਤ ਜਿਹੀ ਆ ਜਾਂਦੀ ਹੈ ਅਤੇ ਫਿਰ ਸਿਰਫ਼ ਮਿਲਣ ਵਾਲੇ ਸਮੇਂ ਹੀ ਸਾਨੂੰ ਉਹ ਰਿਸ਼ਤਾ ਯਾਦ ਆਉਂਦਾ ਹੈ ਜਦੋਂਕਿ ਬਾਅਦ ਵਿੱਚ ਵਿਸਰਿਆਂ ਵਾਂਗ ਹੋਇਆ ਰਹਿੰਦਾ ਹੈ। ਮੇਰੀ ਸਕੂਲ ਦੀ ਪੜ੍ਹਾਈ ਸਮੇਂ ਦੇ ਅਧਿਆਪਕਾਂ ਨਾਲ ਮੇਲ-ਮਿਲਾਪ ਅਤੇ ਸਾਂਝ ਵਾਹਵਾ ਸਮਾਂ ਬਣੀ ਰਹੀ ਹੈ। ਇਸੇ ਤਰ੍ਹਾਂ ਇਸ ਨਾਲ ਮਿਲਦਾ ਜੁਲਦਾ ਕੁਝ ਮੇਰੇ ਅਧਿਆਪਨ ਕਾਰਜ ਸਮੇਂ ਵੀ ਹੋਇਆ ਹੈ।
ਅਧਿਆਪਨ ਕੋਰਸ ਕਰਨ ਉਪਰੰਤ ਮੇਰੀ ਨਿਯੁਕਤੀ ਗਿੱਦੜਬਾਹਾ ਦੇ ਹਾਈ ਸਕੂਲ ’ਚ ਹੋਈ। ਦਸੰਬਰ ਵਿੱਚ ਮੇਰੀ ਨਿਯੁਕਤੀ ਹੋਈ ਸੀ ਅਤੇ ਫਰਵਰੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਠਵੀਂ ਜਮਾਤ ਦਾ ਇਮਤਿਹਾਨ ਆ ਗਿਆ। ਲਿਖਤੀ ਪ੍ਰੀਖਿਆ ਮੁੱਕਣ ਤੋਂ ਬਾਅਦ ਸਾਇੰਸ ਦੀ ਪ੍ਰਯੋਗੀ ਪ੍ਰੀਖਿਆ ਹੋਣੀ ਸੀ ਅਤੇ ਮੈਨੂੰ ਸਕੂਲ ਵਿੱਚ ਪੜ੍ਹਾਉਂਦੇ ਰਹੇ ਜੋਗਿੰਦਰ ਸਿੰਘ ਗਾਂਧੀ ਦੀ ਸਾਇੰਸ ਦੀ ਪ੍ਰਯੋਗੀ ਪ੍ਰੀਖਿਆ ਦੇ ਸੰਚਾਲਨ ਵਿੱਚ ਡਿਊਟੀ ਲੱਗ ਗਈ। ਉਨ੍ਹਾਂ ਨੂੰ ਇਸ ਸਕੂਲ ਵਿੱਚ ਮੇਰੀ ਤਾਇਨਾਤੀ ਦਾ ਪਤਾ ਸੀ। ਪਹਿਲੇ ਦਿਨ ਆਉਂਦਿਆਂ ਸਾਰ ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਆਪਣੇ ਨੇੜੇ ਤੇੜੇ ਰਹਿਣ ਦੀ ਹਦਾਇਤ ਕੀਤੀ। ਗਿੱਦੜਬਾਹਾ ਤੋਂ ਫ਼ਰੀਦਕੋਟ ਦੀ ਦੂਰੀ ਵਾਹਵਾ ਸੀ ਅਤੇ ਬੱਸ ਸਰਵਿਸ ਵੀ ਜ਼ਿਆਦਾ ਨਾ ਹੋਣ ਕਰਕੇ ਗਾਂਧੀ ਹੋਰਾਂ ਨੇ ਤਿੰਨ ਦਿਨ ਗਿੱਦੜਬਾਹਾ ਹੀ ਰਹਿਣਾ ਸੀ। ਸਕੂਲ ਦੇ ਮੁੱਖ ਅਧਿਆਪਕ ਅਤੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਆਪਣੇ ਮਹਿਮਾਨ ਬਣਨ ਲਈ ਆਖਿਆ ਪਰ ਉਨ੍ਹਾਂ ਨੇ ਮੇਰੇ ਕੋਲ ਰਹਿਣ ਦਾ ਕਹਿੰਦਿਆਂ ਉਨ੍ਹਾਂ ਦੀ ਮੰਗ ਨੂੰ ਠੁਕਰਾ ਦਿੱਤਾ। ਦੋ ਤਿੰਨ ਦਿਨ ਉਨ੍ਹਾਂ ਨੇ ਮੈਨੂੰ ਅਧਿਆਪਕ ਵਾਂਗ ਨਸੀਹਤਾਂ ਵੀ ਦਿੱਤੀਆਂ ਅਤੇ ਮੇਰੀ ਸੰਗ ਲਾਹੁਣ ਦੀ ਕੋਸ਼ਿਸ਼ ਵੀ ਕੀਤੀ।
ਸਮਾਂ ਬੀਤਿਆ ਅਤੇ ਮੈਂ ਮਿਹਨਤ ਕੀਤੀ ਅਤੇ ਸਿੱਧੀ ਭਰਤੀ ਰਾਹੀਂ ਲੈਕਚਰਰ ਵਜੋਂ ਨਿਯੁਕਤੀ ਹਾਸਲ ਕੀਤੀ। ਫਿਰ 2010 ਵਿੱਚ ਵਿਭਾਗੀ ਪਦਉੱਨਤੀ ਰਾਹੀਂ ਪ੍ਰਿੰਸੀਪਲ ਵਜੋਂ ਮੁਕਤਸਰ ਜ਼ਿਲ੍ਹੇ ਦੀ ਵੱਖੀ ਵਿੱਚ ਵੱਸੇ ਪਿੰਡ ਗੋਨਿਆਣਾ ਵਿਖੇ ਹਾਜ਼ਰ ਹੋ ਗਿਆ। ਕੁਝ ਦਿਨਾਂ ਬਾਅਦ ਜਦੋਂ ਮੈਂ ਬੱਸ ਰਾਹੀਂ ਫ਼ਰੀਦਕੋਟ ਤੋਂ ਗੋਨਿਆਣਾ ਜਾਣ ਲਈ ਬੱਸ ਵਿੱਚ ਚੜ੍ਹਿਆ ਤਾਂ ਅੱਗੇ ਇਤਫ਼ਾਕਵੱਸ ਜੋਗਿੰਦਰ ਸਿੰਘ ਗਾਂਧੀ ਸੀਟ ’ਤੇ ਬੈਠੇ ਸਨ। ‘‘ਆ ਜਾ, ਆ ਜਾ, ਗੁਰਦੀਪ ਬਹਿ ਜਾ।’’ ਆਖਦਿਆਂ ਉਹ ਸੀਟ ਦੇ ਇੱਕ ਪਾਸੇ ਜਿਹੇ ਨੂੰ ਹੋ ਗਏ। ਸੀਟ ’ਤੇ ਬੈਠਣ ਸਾਰ ਮੈਂ ਉਨ੍ਹਾਂ ਦੇ ਚਿਹਰੇ ਵੱਲ ਵੇਖਿਆ। ਉਸੇ ਤਰ੍ਹਾਂ ਮਾਵੇ ਵਾਲੀ ਪੋਚਵੀਂ ਪੱਗ ਉਨ੍ਹਾਂ ਨੇ ਬੰਨ੍ਹੀ ਹੋਈ ਸੀ। ਪੈਂਟ ਕਮੀਜ਼ ਵਿੱਚ ਉਹ ਬੁਢਾਪੇ ਵਿੱਚ ਵੀ ਚੁਸਤ ਮਹਿਸੂਸ ਹੁੰਦੇ ਸਨ। ਉਹ 1973 ਤੱਕ ਸਾਨੂੰ ਸਕੂਲ ਵਿੱਚ ਪੜ੍ਹਾਉਂਦੇ ਰਹੇ ਸਨ। ਸਕੂਲ ਸਮੇਂ ਉਨ੍ਹਾਂ ਦੀ ਇੱਕ ਆਦਤ ’ਤੇ ਅਸੀਂ ਵਿਦਿਆਰਥੀ ਬਹੁਤ ਹੱਸਿਆ ਕਰਦੇ ਸਾਂ। ਉਹ ਆਪਣੀ ਦਾੜ੍ਹੀ ਅਤੇ ਮੁੱਛਾਂ ਦੇ ਵਾਲ਼ਾਂ ਨੂੰ ਪਹਿਲਾਂ ਹੱਥ ਦੀਆਂ ਉਂਗਲ਼ਾਂ ਵਿੱਚ ਪਲੋਸਦੇ ਅਤੇ ਫਿਰ ਇੱਕ ਵਾਲ ਨੂੰ ਦੋਵੇਂ ਉਂਗਲ਼ਾਂ ਵਿੱਚ ਅੜਾ ਕੇ ਖਿੱਚ ਲੈਂਦੇ। ਵਾਲ ਵੱਲ ਵੇਖਦੇ ਅਤੇ ਫਿਰ ਥੱਲੇ ਸੁੱਟ ਦਿੰਦੇ। ਇਸੇ ਕਰਕੇ ਹੁਣ ਉਨ੍ਹਾਂ ਦੇ ਮੂੰਹ ’ਤੇ ਦਾੜ੍ਹੀ ਦਾ ਕੋਈ ਵੀ ਵਾਲ ਬਾਕੀ ਨਹੀਂ ਰਹਿ ਗਿਆ ਸੀ। ‘‘ਅੱਜ ਕਿੱਧਰ ਚੱਲਿਐਂ?’’ ਉਨ੍ਹਾਂ ਨੇ ਮੈਨੂੰ ਸੁਭਾਵਿਕ ਹੀ ਪੁੱਛਿਆ। ‘‘ਜੀ, ਪ੍ਰਿੰਸੀਪਲ ਵਜੋਂ ਮੇਰੀ ਪ੍ਰਮੋਸ਼ਨ ਹੋ ਗਈ ਹੈ ਅਤੇ ਮੁਕਤਸਰ ਦੇ ਗੋਨਿਆਣਾ ਵਿਖੇ ਹਾਜ਼ਰ ਹੋਇਆ ਹਾਂ। ਅੱਜ ਉਧਰ ਹੀ ਚੱਲਿਆ ਹਾਂ।’’ ਮੈਂ ਹਲੀਮੀ ਜਿਹੀ ਨਾਲ ਜਵਾਬ ਦਿੱਤਾ। ਖ਼ੁਸ਼ੀ ਵਿੱਚ ਉਹ ਖੜ੍ਹੇ ਹੋ ਗਏ ਤੇ ਮੇਰੇ ਖੜ੍ਹੇ ਹੋਣ ’ਤੇ ਉਨ੍ਹਾਂ ਨੇ ਮੈਨੂੰ ਜੱਫ਼ੀ ਪਾ ਲਈ। ਉਨ੍ਹਾਂ ਦੇ ਚਿਹਰੇ ’ਤੇ ਅੰਤਾਂ ਦੀ ਖ਼ੁਸ਼ੀ ਵੇਖ ਕੇ ਮੈਂ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕੀਤਾ।
ਕੁੱਲ ਇਕਤਾਲੀ ਸਾਲ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਮੈਂ ਅਧਿਆਪਨ ਕੀਤਾ ਹੈ। ਇਸ ਵਿੱਚ ਬਤੌਰ ਪ੍ਰਿੰਸੀਪਲ ਮੇਰਾ ਸੱਤ ਸਾਲ ਤੋਂ ਵਧੇਰੇ ਦਾ ਕਾਰਜਕਲ ਹੈ। ਹੁਣ ਮੈਨੂੰ ਜਦੋਂ ਕੋਈ ਵਿਦਿਆਰਥੀ ਮਿਲਦਾ ਹੈ ਅਤੇ ਉਸ ਨੇ ਵਿਸ਼ੇਸ਼ ਪ੍ਰਾਪਤੀ ਕੀਤੀ ਹੁੰਦੀ ਹੈ ਤਾਂ ਮੇਰੇ ਵਾਸਤੇ ਅੰਤਾਂ ਦੇ ਸਕੂਨ ਦੇ ਪਲ ਹੁੰਦੇ ਹਨ। ਆਪਣੀ ਸੇਵਾ ਦੇ ਪਿਛਲੇ ਸੱਤ ਸਾਲ ਮੈਂ ਲੜਕੀਆਂ ਦੇ ਸਕੂਲ ਵਿੱਚ ਸੇਵਾ ਕੀਤੀ। ਇਸ ਸਮੇਂ ਦੌਰਾਨ ਪੜ੍ਹਦੀਆਂ ਕੁੜੀਆਂ ਵਿੱਚੋਂ ਇੱਕ ਲੜਕੀ ਦੇ ਕਿਸਾਨ ਅੰਦੋਲਨ ਵਿੱਚ ਨਿਭਾਈ ਸਰਗਰਮ ਭੂਮਿਕਾ ਦਾ ਜ਼ਿਕਰ ਉਸ ਸਮੇਂ ਐਨ.ਡੀ.ਟੀ.ਵੀ. ਦੇ ਐਂਕਰ ਰਵੀਸ਼ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਕੀਤਾ ਸੀ। ਇਸ ਲੜਕੀ ਦੀ ਸਟੇਜ ਦੀ ਝਿਜਕ ਲਾਹੁਣ ਵਿੱਚ ਮੈਂ ਵਿਸ਼ੇਸ਼ ਕੰਮ ਕੀਤਾ ਸੀ। ਮੇਰੇ ਵਾਸਤੇ ਇਹ ਵੱਡੀ ਪ੍ਰਾਪਤੀ ਸੀ। ਅੱਜਕੱਲ੍ਹ ਸਕੂਲ ਅਧਿਆਪਕਾ ਲੱਗ ਕੇ ਇਹ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਾਸਤੇ ਚੋਖਾ ਉਪਰਾਲਾ ਕਰ ਰਹੀ ਹੈ। ਇਸੇ ਤਰ੍ਹਾਂ ਬੈਂਕ, ਦਫ਼ਤਰ, ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵੀ ਬੜੀਆਂ ਲੜਕੀਆਂ ਮਿਲੀਆਂ ਹਨ ਅਤੇ ਹੁਣ ਜਦੋਂ ਖੇਤੀਬਾੜੀ ਵਿਭਾਗ ਵਿੱਚ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ ਲੱਗੀਆਂ ਕੁੜੀਆਂ ਮਿਲੀਆਂ ਤਾਂ ਮੈਨੂੰ ਜਾਪਿਆ ਕਿ ਵਾਕਈ ਮੈਂ ਆਪਣੇ ਕਿੱਤੇ ਨਾਲ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਦੀ ਪਾਕੀਜ਼ਗੀ ਨਿਭਾਉਣ ਦਾ ਯਤਨ ਕੀਤਾ ਹੈ।
ਸੰਪਰਕ: 95010-20731

Advertisement

Advertisement
Author Image

joginder kumar

View all posts

Advertisement