For the best experience, open
https://m.punjabitribuneonline.com
on your mobile browser.
Advertisement

ਅਦਬੀ ਮੇਲਾ

06:11 AM Oct 25, 2024 IST
ਅਦਬੀ ਮੇਲਾ
Advertisement

ਜਗਦੀਪ ਸਿੱਧੂ

Advertisement

ਅਦਬੀ ਮੇਲਾ... ਜਦ ਇਸ ਮੇਲੇ ਬਾਰੇ ਸੰਵਾਦ ਚੱਲ ਰਿਹਾ ਸੀ ਤਾਂ ਮੇਰੇ ਮਨ ਵਿਚ ‘ਮੇਲੇ’ ਦੀ ਧੁਨੀ ਉੱਚੀ ਹੋ-ਹੋ ਗੂੰਜਣ ਲੱਗੀ। ਸ਼ਬਦ ਹੀ ਮੈਨੂੰ ਤੋਰੀ ਫਿਰਦੇ ਨੇ। ਬਚਪਨ ਵਿਚ ਪੁੱਜਦਾਂ। ਮੇਰੇ ਨਾਨਕੀ ‘ਜੋਗੇ’ ਪੁਲਾੜੇ ਦਾ ਮੇਲਾ ਲੱਗਦਾ। ਅਸੀਂ ਸਾਰੇ ਮਾਮੇ ਭੂਆ
ਦੇ ਪੁੱਤ, ਆਂਢ-ਗੁਆਂਢ ਦੇ ਜੁਆਕ, ਵੱਡਿਆਂ ਨਾਲ਼ ਮੇਲਾ ਦੇਖਣ ਜਾਂਦੇ।
ਸੋਚਦਾਂ, ‘ਮੇਲਾ’ ਸ਼ਬਦ ਮੇਲ ਤੋਂ ਬਣਿਆ ਹੋਵੇਗਾ; ਜਿੱਥੇ ਚਾਹ ਪਕੌੜਿਆਂ, ਘੁੰਮਣ-ਫਿਰਨ, ਖ਼ਰੀਦਦਾਰੀ ਦੇ ਨਾਲ਼-ਨਾਲ਼ ਦੂਰ-ਦੁਰਾਡੇ ਦੇ ਪਿੰਡਾਂ ਵਿੱਚੋਂ ਆਪਣੇ ਹਾਣੀਆਂ, ਰਿਸ਼ਤੇ-ਨਾਤਿਆਂ ਨਾਲ਼ ਗੱਲਾਂ-ਬਾਤਾਂ, ਮੇਲ-ਮਿਲਾਪ ਹੁੰਦਾ ਹੋਵੇਗਾ।
ਜਹਾਜ਼ ਵਿਚ ਬੈਠਿਆਂ ਇਹਦੀ ਉਡਾਣ ਦੀ, ਬਚਪਨ ਵਿਚ ਟਰੈਕਟਰ-ਟਰਾਲੀ ਵਿਚ ਬੈਠਣ ਜਿੰਨੀ ਖੁਸ਼ੀ ਹੋਈ।
ਸਿਕਿਉਰਟੀ ਚੈੱਕ ਵੇਲ਼ੇ ਛੂਹਣ ਜਿੰਨਾ ਅਹਿਸਾਸ ਹੋਇਆ, ਚਾਅ ਹੀ ਏਨਾ ਸੀ। ਦਿੱਲੀਓਂ 11.35 ਸਵੇਰੇ ਚੱਲੇ ਤੇ 4.30 ’ਤੇ ਲੰਡਨ ਪਹੁੰਚ ਗਏ। ਨੌਂ ਘੰਟੇ ਦੇ ਸਫ਼ਰ ਤੋਂ ਬਾਅਦ ਵੀ ਘੁਸਮੁਸਾ ਤੱਕ ਵੀ ਨੇੜੇ-ਤੇੜੇ ਨਹੀਂ ਸੀ।
ਲੱਗਦਾ ਸੀ, ਸਾਨੂੰ ਹੋਟਲਾਂ ਵਿਚ ਠਹਿਰਾਇਆ ਜਾਵੇਗਾ। ਮੇਲੇ ਦੇ ਪ੍ਰਬੰਧਕ ਅਜ਼ੀਮ ਸ਼ੇਖਰ ਹੋਰੀਂ ਪਹਿਲਾਂ ਸਾਨੂੰ ਆਪਣੇ ਘਰ, ਫਿਰ ਇਕ ਹੋਰ ਥਾਂ ਲੈ ਗਏ। ਘਰ ਅੰਦਰ ਗਏ ਤਾਂ ਸਾਡਾ ਇੰਨਾ ਚਾਅ ਹੋਇਆ ਕਿ ਮੈਨੂੰ ਲੱਗਾ, ਮੇਲਾ ਹੈ ਤੇ
ਮੈਂ ਨਾਨਕੀਂ ਆਇਆਂ।
ਇਸ ਤੋਂ ਬਾਅਦ ਜਦ ਸੇਵਾ ਹੋਈ ਤਾਂ ‘ਲੱਗਾ’ ਸ਼ਬਦ ‘ਯਕੀਨ’ ਵਿਚ ਬਦਲ ਗਿਆ। ਵਰ੍ਹਿਆਂ ਪਹਿਲਾਂ ਤੁਰ ਗਏ ਮੇਰੇ ਸਕੇ ਉਸ ਘਰ ਵਿਚ ਧੜਕਦੇ ਮਹਿਸੂਸ ਹੋਏ।
ਹੁਣ ਮਹਿਸੂਸ ਕਰਦਾਂ, ਅਦਬੀਅਤ ਦੀ ਪਹਿਲੀ ਸਿੱਖਿਆ ਮੁਹੱਬਤ, ਆਪਣਾਪਨ, ਇਸ ਸੰਧਾਵਾਲੀਆ ਪਰਿਵਾਰ ਵਿਚ ਮੈਨੂੰ ਮਿਲਿਆ, ਉਸ ਤਰ੍ਹਾਂ ਦਾ ਖਲੂਸ ਮੇਰੇ ਹੋਰ ਸਾਥੀਆਂ ਨੂੰ ਅਜ਼ੀਮ ਸ਼ੇਖਰ, ਰਾਜਿੰਦਰਜੀਤ ਤੇ ਅਬੀਰ ਦੇ ਘਰੋਂ ਮਿਲਿਆ। ਇਹ ਸਭ ਅਸੀਂ ਜ਼ਰੂਰ ਅਗਾਂਹ ਤੋਰਾਂਗੇ। ਜਲਦੀ ਦੀ ਇਹ ਸਾਡੇ ਸੁਭਾਅ ਦਾ ਹਿੱਸਾ ਬਣੇਗਾ।
ਪੁਲਾੜੇ ਦੇ ਮੇਲੇ ਵਿਚ ਤ੍ਰੀਮਤਾਂ, ਮਰਦ ਮਿਲਦੇ, ਗੱਲਾਂ ਕਰਦੇ। ਫਸਲ-ਬਾੜੀਆਂ, ਪਿੰਡਾਂ ਦੇ ਹਾਲਾਤ ਸਾਂਝੇ ਕਰਦੇ; ਹੱਲ ਕੱਢਣ ਵੱਲ ਤੁਰਦੇ।
ਅਸੀਂ ਦੇਖਦੇ-ਸੁਣਦੇ, ਦੂਰ ਬੈਠੇ ਸ਼ਰੀਕੇ-ਕਬੀਲੇ ਦੇ ਹੋਰ ਲੋਕ ਬਿਨਾਂ ਜਾਣੇ-ਬੁੱਝੇ ਇਨ੍ਹਾਂ ਵਿਚ ਮੀਨ-ਮੇਖ ਕੱਢਦੇ। ਹੁਣ ਜਦ ਵੱਡੇ ਹੋਏ ਹਾਂ ਤਾਂ ਹੈਰਾਨੀ ਹੁੰਦੀ, ਇਹ ਹਰ ਯੁਗ ਵਿਚ ਬਦਲਵੇਂ ਰੂਪ ਵਿਚ ਹੁੰਦਾ ਹੀ ਹੈ।
ਅਦਬੀ ਮੇਲੇ (ਲੰਡਨ) ਦੌਰਾਨ ਹੋਈਆਂ ਮਿਲਣੀਆਂ, ਕਵੀ ਦਰਬਾਰ, ਨਾਟਕ, ਗਾਇਕੀ ਨੇ ਮੈਨੂੰ ਬਚਪਨ ਦੇ ‘ਮੇਲੇ’ ਦੌਰਾਨ ਹੁੰਦੇ ਮੇਲ-ਮਿਲਾਪ, ਕਵੀਸ਼ਿਰੀ, ਢਾਡੀ ਚੇਤੇ ਕਰਵਾ ਦਿੱਤੇ।
ਸਾਡਾ ਨਾਨਕੇ ਜਾਣ ਦਾ ਮਕਸਦ ਜ਼ਿਆਦਾਤਰ ਮੇਲੇ-ਮੁਸਾਹਬੇ, ਤਿਉਹਾਰ ਹੀ ਹੁੰਦੇ। ਉਸ ਦਿਨ ਸਾਰਾ ਪਿੰਡ ਹੀ ਨਾਨਕਾ ਹੁੰਦਾ; ਆਂਢੀ-ਗੁਆਂਢੀ ਘਰਾਂ ’ਚੋਂ ਸਾਨੂੰ ਸੱਦੇ ਮਿਲਦੇ ਰਹਿੰਦੇ ਜਿੱਥੇ ਮੋਹ ਪਿਆਰ ਨਾਨਕੇ ਘਰ ਨਾਲ਼ੋਂ ਕਿਵੇਂ ਵੀ ਘੱਟ ਨਹੀਂ ਸੀ ਹੁੰਦਾ।
ਅਦਬੀ ਮੇਲੇ ਦੇ ਸਹਿਯੋਗੀ ਸਾਥੀਆਂ ਦੇ ਘਰ ਮਹਿਫ਼ਲਾਂ ਵਿਚ ਜਿਸ ਤਰ੍ਹਾਂ ਦੀ ਤਰਤੀਬ, ਸਲੀਕਾ ਦੇਖਿਆ ਸਿੱਖਿਆ, ਉਹ ਅਭੁੱਲ ਹੈ।
ਮੇਰੇ ਮਾਮੇ ਦੇ ਮੁੰਡੇ ਜਿਸ ਤਰ੍ਹਾਂ ਮੇਲੇ, ਤੀਜ-ਤਿਉਹਾਰਾਂ ’ਤੇ ਕੰਮ ਕਰਵਾਉਂਦੇ, ਹੁਣ ਲੱਗਦਾ ਜਿਸ ਤਰ੍ਹਾਂ ਬਚਪਨ ਵਿਚ ਉਨ੍ਹਾਂ ਦੀ ਨੀਂਹ ਧਰੀ ਗਈ ਸੀ। ਇਸੇ ਦਾ ਫਲ ਹੈ ਕਿ ਉਹ ਆਪਣੇ ਮਾਂ ਬਾਪ ਵਾਂਗ ਹੀ ਅਦਬ, ਸਲੀਕੇ ਨਾਲ਼ ਸੰਸਾਰ ਵਿਚ ਵਿਚਰਦੇ ਹਨ।
ਅਜ਼ੀਮ ਸ਼ੇਖਰ ਦੀਆਂ ਤਿੰਨੇ ਧੀਆਂ, ਸੰਧਾਵਾਲੀਆ ਦਾ ਲਾਡਲਾ ਪ੍ਰੀਤ, ਇਨ੍ਹਾਂ ਨੇ ਸਾਬਤ ਕੀਤਾ ਕਿ ਨਵੀਂ ਪੀੜ੍ਹੀ ਅਦਬ ਤੇ ਅਦਬੀਅਤ ਨਾਲ਼ ਜ਼ਰੂਰ ਜੁੜ ਸਕਦੀ ਹੈ ਬਸ਼ਰਤੇ ਉਹ ਇਸ ਤਰ੍ਹਾਂ ਦੇ ਮੇਲੇ ਦੇਖਦੇ ਰਹਿਣ; ਉਨ੍ਹਾਂ ਦੇ ਕਾਰਜ ਰਾਹੀਂ ਇਹ ਗੱਲ ਅਗਾਂਹ ਤੁਰ ਕੇ ਵਧੀਆ ਸੁਨੇਹਾ ਪਹੁੰਚਾ ਰਹੀ ਹੈ।
ਪੁਲਾੜੇ ਦੀ ਇਤਿਹਾਸਕਤਾ ਇਹ ਸੀ ਕਿ ਇੱਥੇ ਪੰਜ ਪਾਂਡਵ ਆਪਣੇ ਅਗਿਆਤਵਾਸ ਦੌਰਾਨ ਰੁਕੇ ਸਨ। ਅਸੀਂ ਵਣ ਦੇਖਦੇ ਤੇ ਉੱਥੋਂ ਦੇ ਛੱਪੜ ਦੀ ਮਹੱਤਤਾ ਬਾਰੇ ਜਾਣਦੇ; ਤੇ ਅਕਸਰ ਉਤਸ਼ਾਹਿਤ ਹੁੰਦੇ।
ਅਦਬੀ ਮੇਲੇ ਦੇ ਇਕ ਹਿੱਸੇ ਵਜੋਂ ਸਾਨੂੰ ਵਡਮੁੱਲੀਆਂ ਥਾਵਾਂ ਦਿਖਾਈਆਂ। ਅਸੀਂ ਉਹ ਜੇਲ੍ਹ ਦੇਖੀ ਜਿੱਥੇ ਊਧਮ ਸਿੰਘ ਨੂੰ ਰੱਖਿਆ ਗਿਆ ਸੀ। ਅਸੀਂ ਸਮੁੰਦਰ, ਥੇਮਜ਼ ਦਰਿਆ ਦੇਖਿਆ ਜਿਸ ਨੇ ਸਾਡੇ ਵਿਚ ਮਨ ਵਿਚ ਵਿਸ਼ਾਲਤਾ ਭਰੀ। ਸ਼ੇਕਸਪੀਅਰ ਦੇ ਰਹਿਣ-ਸਥਾਨ ਤੋਂ ਅਸੀਂ ਗ੍ਰਹਿਣ ਕੀਤਾ ਕਿ ਸੰਭਾਲ ਕੀ ਹੁੰਦੀ ਹੈ। ਅਸੀਂ ਉਤਰਾਅ-ਚੜ੍ਹਾਅ ਵਾਲੇ ਲੈਂਡਸਕੇਪ ਦੇਖੇ ਜਿਸ ਤੋਂ ਅਨੁਭਵ ਹੋਇਆ ਕਿ ਜ਼ਿੰਦਗੀ ਉਚਾਣਾ ਨਿਵਾਣਾ ਦੇ ਬਾਵਜੂਦ ਖੂਬਸੂਰਤ ਹੈ।
ਮੁੜਨ ਨੂੰ ਹੋਏ, ਸਾਡੇ ਮੇਜ਼ਬਾਨ ਸਾਨੂੰ ਏਅਰਪੋਰਟ ’ਤੇ ਛੱਡਣ ਆਏ। ਅਸੀਂ ਵਿਛੋੜੇ ਦੀ ਗਹਿਰੀ ਉਦਾਸੀ ਉਨ੍ਹਾਂ ਦੇ ਚਿਹਰਿਆਂ ਤੋਂ ਪੜ੍ਹੀ। ਆਪਣੀ ਬੋਲੀ, ਭਾਸ਼ਾ ਪੜ੍ਹਨ, ਸੁਣਨ ਆਏ ਅਸੀਂ ਇਸ ਤਰ੍ਹਾਂ ਦੀ ਸਰੀਰਕ ਭਾਸ਼ਾ ਪੜ੍ਹਨ ਦੇ ਆਦੀ ਨਹੀਂ ਹਾਂ। ਸਾਡੀਆਂ ਅੱਖਾਂ ਛਲਛਲਾ ਉੱਠੀਆਂ।
ਸੰਪਰਕ: 98762-22868

Advertisement

Advertisement
Author Image

joginder kumar

View all posts

Advertisement