For the best experience, open
https://m.punjabitribuneonline.com
on your mobile browser.
Advertisement

ਬਦਲ ਰਹੀ ਹੈ ਭਾਰਤ-ਪਾਕਿ ਦੀ ਫਿਜ਼ਾ

08:05 AM Aug 31, 2024 IST
ਬਦਲ ਰਹੀ ਹੈ ਭਾਰਤ ਪਾਕਿ ਦੀ ਫਿਜ਼ਾ
Advertisement

ਜਯੋਤੀ ਮਲਹੋਤਰਾ

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝਿਜਕ ਤਿਆਗਣ ਤੇ ਇਹ ਕਹਿਣ, ‘ਹਾਂ ਮੈਂ ਪਾਕਿਸਤਾਨ ਜਾਵਾਂਗਾ’, ਦਾ ਸਮਾਂ ਆ ਗਿਆ ਹੈ? ਜਿਹੜੇ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸ ਦੇਈਏ ਕਿ ਪਿਛਲੇ 48 ਘੰਟਿਆਂ ਵਿਚ ਕਈ ਕੁਝ ਵਾਪਰ ਚੁੱਕਾ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਸੁੰਗੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਖ਼ੁਦ ਨੂੰ ਮਜ਼ਬੂਤ ਕਰ ਰਹੀ ਹੈ ਤੇ ਿੲਹ ਵੀ ਧਿਆਨ ਦੇਣ ਵਾਲੀ ਗੱਲ ਹੈ ਿਕ ਉਸ ਦੇ ਵਿਧਾਇਕ, ਸਾਥੀ ਰਹੀ ਪਾਰਟੀ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ। ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਜਿਨ੍ਹਾਂ ਦੇ ਪਰਿਵਾਰ ਦੀਆਂ ਜੜ੍ਹਾਂ ਅੰਮ੍ਰਿਤਸਰ ਜ਼ਿਲ੍ਹੇ ’ਚ ਹਨ, ਨੇ ਮੋਦੀ ਨੂੰ ਪੱਤਰ ਲਿਖ ਕੇ ਅਕਤੂਬਰ ਮਹੀਨੇ ਇਸਲਾਮਾਬਾਦ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਕਿ ਸੱਦਾ ਪੱਤਰ ਮਿਲਿਆ ਹੈ, ਪਰ ਉਹ ਇਸ ਬਾਰੇ ਕੀ ਕਰਨਗੇ, ਇਹ ਹਾਲੇ ਨਹੀਂ ਦੱਸਿਆ। ਇਹ ਵੀ ਸੱਚ ਹੈ ਕਿ ਪਾਕਿਸਤਾਨੀ ਸੈਨਾ ਤੇ ਖੁਫ਼ੀਆ ਏਜੰਸੀਆਂ ਨੇ ਸ਼ਾਇਦ ਇਸ ਆਸ ਵਿਚ ਇਹ ਖ਼ਬਰ ਬਾਹਰ ਕੱਢੀ ਹੈ ਕਿ ਇਸ ਨਾਲ ਉਹ ਭਾਰਤ ਅੰਦਰ ਕੁਝ ਜਨਤਕ ਦਬਾਅ ਬਣਾ ਸਕਦੇ ਹਨ—- ਨਰਮ ਦਿਲ ਉਦਾਰਵਾਦੀ, ਜਿਨ੍ਹਾਂ ਦੀ ਰੋਜ਼ੀ-ਰੋਟੀ ਕਿਸੇ ਨਾ ਕਿਸੇ ਨੂੰ ਮਿਲਦੇ ਰਹਿਣ ਤੇ ਉਨ੍ਹਾਂ ਨੂੰ ਭਾਵਨਾਤਮਕ ਪੱਧਰ ’ਤੇ ਛੂਹਣ ’ਚੋਂ ਨਿਕਲਦੀ ਹੈ; ਤੇ ਨਾਲ ਹੀ ਵਾਹਗਾ ਦਾ ਮੋਮਬੱਤੀ ਬਾਲਣ ਵਾਲਾ ਦਲ, ਇਨ੍ਹਾਂ ਨੂੰ ਵਾਰਤਾ ਦਾ ਪੱਖ ਪੂਰਨ ਖਾਤਰ ਮੁਹਿੰਮ ਛੇੜਨ ਲਈ ਕਿਸੇ ਵੀ ਵੇਲੇ ਕਿਹਾ ਜਾ ਸਕਦਾ ਹੈ।
ਨਿੰਦਕਾਂ ਵੱਲੋਂ ਲਾਏ ਜਾਂਦੇ ਅਕਾਊ ਅੰਦਾਜ਼ੇ ਵੀ ਓਨੇ ਹੀ ਸਹੀ ਹਨ। ਮੋਦੀ ਇਸਲਾਮਾਬਾਦ ਨਹੀਂ ਜਾ ਸਕਦੇ, ਬਿਲਕੁਲ ਨਹੀਂ, ਨਹੀਂ ਜਾਣਾ ਚਾਹੀਦਾ ਕਿਉਂਕਿ ਪਾਕਿਸਤਾਨ ਦੁਸ਼ਮਣ ਹੈ ਿਜਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਵੀ ਇਸੇ ਕਿਸਮ ਦੇ ਹੋ, ਤਾਂ, ਤੁਹਾਨੂੰ ਜਲਦੀ ਆਪਣਾ ਬਸਤਾ ਬੰਨ੍ਹ ਗੁਰਦਾਸਪੁਰ ਵਾਲੀ ਅਗਲੀ ਬੱਸ ਫੜ ਲੈਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਆਪਣੀ ਇਸ ਵੈਰ-ਭਾਵਨਾ ਦੀ ਪੁਸ਼ਟੀ ਕਰਨ ਦਾ ਮੌਕਾ ਮਿਲ ਸਕੇ।
ਇਹੀ ਜਗ੍ਹਾ ਹੈ, ਜਿੱਥੇ ਡਰੋਨ ਜ਼ੀਰੋ ਰੇਖਾ ਤੋਂ ਬਿਲਕੁਲ ਥੁੱਕ ਸੁੱਟਣ ਜਿੰਨੀ ਦੂਰੀ ’ਤੇ ਡਿੱਗਦੇ ਹਨ, ਜੋ ਕਿ ਭਾਰਤ-ਪਾਕਿਸਤਾਨ ਬਾਰਡਰ ਦੇ ਕੁਝ ਕਿਲੋਮੀਟਰ ਅੰਦਰ ਜਾ ਕੇ ਹੈ, ਤੁਸੀਂ ਜਾਣਦੇ ਹੋ ਕਿ ਸਭ ਤੋਂ ਸ਼ੁੱਧ ਦਰਜੇ ਦੀ ‘ਵਾਈਟ ਹੈਰੋਇਨ’—- ਸਥਾਨਕ ਭਾਸ਼ਾ ਵਿਚ ‘‘ਚਿੱਟਾ’’—- ਜਿਸ ਨੂੰ ‘ਹੈਕਸਾਕੌਪਟਰ’ ਉਡਾ ਕੇ ਲੈ ਕੇ ਆਉਂਦੇ ਹਨ, ਪਾਕਿਸਤਾਨੀ ਸੈਨਾ ਦੇ ਨਿਰਦੇਸ਼ਾਂ ’ਤੇ ਪੈਕ ਹੁੰਦੀ ਤੇ ਸੁੱਟੀ ਜਾਂਦੀ ਹੈ। ਬਿਲਕੁਲ, ‘ਲੁਕਵੀਂ ਜੰਗ’ ਛੇੜਨ ਦੇ ਕਈ ਤਰੀਕੇ ਹਨ।
ਇਕ ਹੋਰ ਢੰਗ ਸਿਖਲਾਈ ਦੇ ਕੇ ਅਤਿਵਾਦੀਆਂ ਦੀ ਜੰਮੂ ਖੇਤਰ ਵਿਚ ਘੁਸਪੈਠ ਕਰਾਉਣਾ ਹੈ। ਫੌਜੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਾਲ ਦੇ ਮਹੀਨਿਆਂ ’ਚ ਭਾਰਤੀ ਸੈਨਿਕਾਂ ਤੇ ਨੀਮ ਫੌਜੀ ਬਲਾਂ ’ਤੇ ਘਾਤ ਲਾ ਕੇ ਕੀਤੇ ਗਏ ਹਮਲੇ ਪਾਕਿਸਤਾਨ ਦੀ ਸੋਚ-ਸਮਝ ਕੇ ਘੜੀ ਗਈ ਰਣਨੀਤੀ ਹੈ ਤਾਂ ਕਿ ਕਸ਼ਮੀਰ ਵਾਦੀ ਤੋਂ ਧਿਆਨ ਭਟਕਾਇਆ ਜਾ ਸਕੇ। ਇਨ੍ਹਾਂ ਹਮਲਿਆਂ ਵਿਚ ਹੁਣ ਤੱਕ ਬੀਤੀ ਗਰਮੀ ਦੀ ਰੁੱਤ ’ਚ ਹੀ ਲਗਭਗ 18 ਸੈਨਿਕ ਸ਼ਹੀਦ ਹੋ ਚੁੱਕੇ ਹਨ।
ਅਜਿਹੇ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ ਜਾਂ ਨਹੀਂ?
ਚੇਤੇ ਰਹੇ ਕਿ ਦਸ ਸਾਲ ਪਹਿਲਾਂ 2014 ਵਿਚ ਮੋਦੀ ਨੇ ਆਪਣੇ ਹਲਫ਼ਦਾਰੀ ਸਮਾਗਮ ਲਈ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਸੀ ਤੇ ਸ਼ਰੀਫ ਆਪਣੀ ਤਾਕਤਵਰ ਫੌਜ ਦੀ ਸਲਾਹ ਨਾ ਮੰਨਦਿਆਂ ਆ ਵੀ ਗਏ ਸਨ। ਇਹ ਕਿਹਾ ਜਾਂਦਾ ਹੈ ਕਿ ਜਦ ਸ਼ਰੀਫ ਦਿੱਲੀ ਤੋਂ ਮੁੜੇ ਤਾਂ ਉਹ ਤੇ ਉਨ੍ਹਾਂ ਦਾ ਅਹੁਦਾ ਖ਼ਤਰੇ ਵਿਚ ਸਨ ਕਿਉਂਕਿ ਉਨ੍ਹਾਂ ਉਸ ਵਿਅਕਤੀ ਨਾਲ ਹੱਥ ਮਿਲਾਇਆ ਸੀ ਜੋ ਉਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਜਦ 2002 ਵਿਚ ਉੱਥੇ ਦੰਗੇ ਹੋਏ ਸਨ, ਜਿਨ੍ਹਾਂ ’ਚ ਹਜ਼ਾਰ ਤੋਂ ਵੱਧ ਮੁਸਲਮਾਨ ਮਾਰੇ ਗਏ ਸਨ। ਸ਼ਰੀਫ ਨੇ ਜਿਵੇਂ ਇਸ ਨੂੰ ਬਿਆਨ ਕੀਤਾ, ‘ਮੋਦੀ ਦੱਖਣ ਏਸ਼ੀਆ ਦੇ ਸਭ ਤੋਂ ਤਾਕਤਵਰ ਮੁਲਕ ਦੇ ਪ੍ਰਧਾਨ ਮੰਤਰੀ ਹਨ, ਪਾਕਿਸਤਾਨ, ਭਾਰਤ ਦਾ ਗੁਆਂਢੀ ਹੈ ਅਤੇ ਦੋਵੇਂ ਇਤਿਹਾਸ ਦੇ ਬਿਖੜੇ ਪੈਂਡਿਆਂ ’ਚੋਂ ਲੰਘੇ ਹਨ; ਸ਼ਾਂਤੀ ਦਾ ਹੱਥ ਵਧਾਉਣਾ ਉਨ੍ਹਾਂ ਦਾ ਫ਼ਰਜ਼ ਸੀ।’
ਸ਼ਾਂਤੀ ਦੀ ਬੰਸਰੀ ਜ਼ਿਆਦਾ ਦੇਰ ਤੱਕ ਨਹੀਂ ਵੱਜੀ। ਪਹਿਲੀ ਜਨਵਰੀ, 2016 ਨੂੰ ਪਾਕਿਸਤਾਨੀ ਅਤਿਵਾਦੀਆਂ ਨੇ ਪਠਾਨਕੋਟ ਉਤੇ ਹਮਲਾ ਕਰ ਦਿੱਤਾ। ਜਲਦ ਹੀ ਮੋਦੀ ਨੇ ਐਲਾਨ ਕਰ ਦਿੱਤਾ ਕਿ ਉਹ ਉਦੋਂ ਤੱਕ ਪਾਕਿਸਤਾਨ ਨਾਲ ਗੱਲਬਾਤ ਖ਼ਤਮ ਕਰ ਰਹੇ ਹਨ ਜਦੋਂ ਤੱਕ ਸਰਹੱਦ-ਪਾਰਲਾ ਅਤਿਵਾਦ ਬੰਦ ਨਹੀਂ ਹੁੰਦਾ। ਫਿਰ ਰਿਸ਼ਤਿਆਂ ’ਚ ਲੰਮੇ ਸਮੇਂ ਲਈ ਖੜੋਤ ਆ ਗਈ।
ਪਰ ਸਚਾਈ ਇਹ ਹੈ ਕਿ ਨੌਂ ਸਾਲਾਂ ਬਾਅਦ ਵੀ ਸਰਹੱਦ ਪਾਰੋਂ ਅਤਿਵਾਦ ਬੰਦ ਨਹੀਂ ਹੋਇਆ ਹੈ। ਇਨ੍ਹਾਂ ਗਰਮੀਆਂ ’ਚ ਜੰਮੂ ਵਿਚ ਵਾਪਰੀਆਂ ਦਹਿਸ਼ਤੀ ਘਟਨਾਵਾਂ ਸੰਕੇਤ ਦਿੰਦੀਆਂ ਹਨ ਕਿ ਪਰਦੇ ਪਿੱਛਿਓਂ ਕੋਈ ਹੋਰ ਸਾਰਾ ਤਮਾਸ਼ਾ ਚਲਾ ਰਿਹਾ ਹੈ। 1999 ਦੀਆਂ ਗਰਮੀਆਂ ਵਿਚ ਕਾਰਗਿਲ ਜੰਗ ਦੇ ਸਿਖ਼ਰ ’ਤੇ, ਇਕ ਸੀਨੀਅਰ ਪਾਕਿਸਤਾਨੀ ਜਨਰਲ ਨੇ ਕਿਹਾ ਸੀ, (ਉਸ ਕੀ ਟੂਟੀ ਮੇਰੇ ਹਾਥ ਮੇਂ ਹੈ) ਕਿ ਸਰਹੱਦ-ਪਾਰੋਂ ਅਤਿਵਾਦ ਦਾ ਕੰਟਰੋਲ ਤਤਕਾਲੀ ਪਾਕਿਸਤਾਨੀ ਸੈਨਾ ਮੁਖੀ ਪਰਵੇਜ਼ ਮੁਸ਼ੱਰਫ ਕੋਲ ਸੀ। ਇਸ ਗੱਲਬਾਤ ਨੂੰ ਭਾਰਤੀ ਖੁਫ਼ੀਆ ਤੰਤਰ ਨੇ ਰਿਕਾਰਡ ਕੀਤਾ ਸੀ ਅਤੇ ਤਤਕਾਲੀ ਵਿਦੇਸ਼ ਮੰਤਰੀ ਸਰਤਾਜ਼ ਅਜ਼ੀਜ਼ ਨੂੰ ਦਿਖਾਇਆ ਸੀ, ਜਦ ਉਹ ਪੇਈਚਿੰਗ ਜਾਂਦਿਆਂ ਦਿੱਲੀ ਰੁਕੇ ਸਨ।
ਜਦ ਅਜ਼ੀਜ਼ ਨੂੰ ਟੇਪ ਸੁਣਾਈ ਗਈ ਕਿ ਉਹ ਉਸ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨੂੰ ਲੁਕਾਉਣਾ ਸੰਭਵ ਹੀ ਨਹੀਂ ਸੀ—- ਕਾਰਗਿਲ ’ਚ ਪਾਕਿਸਤਾਨੀ ਘੁਸਪੈਠ। ਇਸ ਤੋਂ ਬਾਅਦ ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਸੀ। ਮੋਦੀ ਵੀ 2016 ਤੋਂ ਇਸੇ ਦੁਚਿੱਤੀ ’ਚ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਕਿਸਤਾਨ ਦਾ ਸ਼ਾਸਨ ਤੰਤਰ ਬਦਲਿਆ ਨਹੀਂ ਹੈ ਤੇ ਨੇੜ ਭਵਿੱਖ ਵਿਚ ਬਦਲਣ ਦੀ ਸੰਭਾਵਨਾ ਵੀ ਨਹੀਂ ਹੈ। ਜੇ ਉਨ੍ਹਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਨੇੜਲੇ ਗੁਆਂਢ ਬੰਗਲਾਦੇਸ਼ ’ਚ ਸ਼ੇਖ ਹਸੀਨਾ ਦੇ ਯੋਜਨਾਬੱਧ ਢੰਗ ਨਾਲ ਤਖ਼ਤਾ ਪਲਟ ਤੋਂ ਅੰਦਾਜ਼ਾ ਲਾ ਸਕਦੇ ਹਨ ਕਿ ਭਾਰਤ ਦਾ ਆਂਢ-ਗੁਆਂਢ ਕਿੰਨਾ ਖਤਰਨਾਕ ਹੈ। ਹਾਲਾਂਕਿ ਕੋਈ ਸ਼ੱਕ ਨਹੀਂ ਕਿ ਸਥਿਤੀ ਨੂੰ ਇਸ ਪੱਧਰ ਤੱਕ ਪਹੁੰਚਣ ਦੇਣ ਲਈ ਹਸੀਨਾ ਖ਼ੁਦ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ।
ਤਾਂ ਕੀ ਮੋਦੀ ਨੂੰ ਸਖ਼ਤ ਰੁਖ਼ ਜਾਰੀ ਰੱਖਣਾ ਚਾਹੀਦਾ ਹੈ—- 2016 ’ਚ ‘ਸਰਜੀਕਲ ਸਟ੍ਰਾਈਕ’, ਮਗਰੋਂ 2019 ਵਿਚ ਬਾਲਾਕੋਟ ’ਚ ਮਿਜ਼ਾਈਲ ਹਮਲਾ—- ਜਦਕਿ ਇਹ ਸਪੱਸ਼ਟ ਹੈ ਕਿ ਪਾਕਿਸਤਾਨ, ਭਾਰਤ ਨੂੰ ਦੁਖੀ ਕਰਨ ਦੇ ਨਵੇਂ ਤਰੀਕੇ ਲੱਭ ਲਏਗਾ? ਜਾਂ ਫੇਰ ਉਨ੍ਹਾਂ ਨੂੰ ਅਟਲ ਬਿਹਾਰੀ ਵਾਜਪਈ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਉਸ ਮੁਲਕ ਨਾਲ ਸ਼ਾਂਤੀ ਵਾਰਤਾ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਨਾਲ ਵਾਜਪਈ ਨੂੰ ਯੁੱਧ ਕਰਨਾ ਪਿਆ?
ਸਪੱਸ਼ਟ ਹੈ ਕਿ ਭਾਰਤ ਪਾਕਿਸਤਾਨ ਵਾਲੇ ਪਾਸੇ ਹਵਾ ਦਾ ਰੁਖ਼ ਇਕ ਵਾਰ ਫਿਰ ਬਦਲਣਾ ਸ਼ੁਰੂ ਹੋ ਗਿਆ ਹੈ। ਮੋਦੀ ਤੀਜੇ ਕਾਰਜਕਾਲ ’ਚ ਅਜੇ ਵੀ ਮਜ਼ਬੂਤ ਪ੍ਰਧਾਨ ਮੰਤਰੀ ਹਨ ਪਰ ਯੂਕਰੇਨ ਦੇ ਸਵਾਲ ’ਤੇ ਉਨ੍ਹਾਂ ਨੂੰ ਰੂਸ ਅਤੇ ਅਮਰੀਕਾ ਦੋਵਾਂ ਨੂੰ ਖੁਸ਼ ਕਰਨ ਲਈ ਕਾਫ਼ੀ ਤਰੱਦਦ ਕਰਨਾ ਪਵੇਗਾ। ਇਹ ਗੱਲ ਸਪੱਸ਼ਟ ਨਹੀਂ ਹੈ ਕਿ ਕੀ ਵੱਡੀਆਂ ਤਾਕਤਾਂ ਇਹ ਚਾਹੁੰਦੀਆਂ ਹਨ ਕਿ ਮੋਦੀ ਪਾਕਿਸਤਾਨ ਨਾਲ ਨਵੇਂ ਸਿਰਿਓਂ ਰਾਬਤਾ ਬਣਾਵੇ। ਜਿਸ ਵਕਤ ਇਸਲਾਮਾਬਾਦ ਦਾ ਇਹ ਸੱਦਾ ਆਇਆ ਹੈ, ਉਸ ਤੋਂ ਇਹੀ ਗੱਲ ਸਮਝ ਪੈਂਦੀ ਹੈ। ਭਾਵੇਂ ਇਹ ਸੱਦਾ ਇਕ ਚੀਨ ਪੱਖੀ ਸੰਗਠਨ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਸਿਖਰ ਵਾਰਤਾ ਲਈ ਆਇਆ ਹੈ ਪਰ ਸ਼ਾਇਦ ਅਮਰੀਕੀ ਹਾਲਾਤ ਦਾ ਜਾਿੲਜ਼ਾ ਲੈ ਰਹੇ ਹਨ। ਉਹ ਹਰਗਿਜ਼ ਨਹੀਂ ਚਾਹੁਣਗੇ ਕਿ ਪਾਕਿਸਤਾਨ ਪੂਰੀ ਤਰ੍ਹਾਂ ਚੀਨ ਦੇ ਪਾਲੇ ਵਿਚ ਚਲਿਆ ਜਾਵੇ। ਅਤੇ ਫਿਰ ਕਸ਼ਮੀਰ ਵੀ ਹੈ। ਇਕ ਤੋਂ ਵੱਧ ਵਾਰ ਭਾਰਤ-ਪਾਕਿਸਤਾਨ-ਅਮਰੀਕਾ ਟਰੈਕ ਟੂ ਵਾਰਤਾ ’ਚ ਇਹ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਧਾਰਾ 370 ਦੀ ਮਨਸੂਖੀ ਬਾਰੇ ਨੁਕਤਾਚੀਨੀ ਦੀ ਸੁਰ ਥੋੜ੍ਹੀ ਮੱਠੀ ਕਰਨ ਲਈ ਰਾਜ਼ੀ ਅਤੇ ਗੱਲਬਾਤ ਵਿਚ ਦੁਬਾਰਾ ਸ਼ਾਮਲ ਹੋ ਸਕਦਾ ਹੈ, ਬਸ਼ਰਤੇ ਭਾਰਤ ਜੰਮੂ ਕਸ਼ਮੀਰ ਵਿਚ ਚੋਣਾਂ ਕਰਵਾ ਲਵੇ। ਅੰਦਾਜ਼ਾ ਲਾਓ ਕਿ ਸਤੰਬਰ ਵਿਚ ਉੱਥੇ ਕੀ ਹੋਣ ਜਾ ਰਿਹਾ ਹੈ। ਇਹ ਤੱਥ ਆਪਣੀ ਥਾਂ ’ਤੇ ਹੈ ਕਿ ਮੋਦੀ ਨੂੰ ਇਸਲਾਮਾਬਾਦ ਜਾਣ ਜਾਂ ਨਾ ਜਾਣ ਬਾਰੇ ਫੈਸਲਾ ਿੲਹ ਗੁਣ-ਦੋਸ਼ ਵਿਚਾਰ ਕੇ ਲੈਣਾ ਚਾਹੀਦਾ ਹੈ ਿਕ ਇਸ ਦਾ ਘਰੇਲੂ ਤੌਰ ’ਤੇ ਕਿਹੋ ਜਿਹਾ ਅਸਰ ਪਵੇਗਾ। ਇਕ ਤਾਂ ਇਸ ਨਾਲ ਵਾਹਗਾ ’ਤੇ ਮੋਮਬੱਤੀਆਂ ਬਾਲਣ ਵਾਲੇ ਪ੍ਰਭਾਵਸ਼ਾਲੀ ਹਲਕੇ ਵਿਚ ਉਨ੍ਹਾਂ ਦਾ ਅਕਸ ਚਮਕ ਜਾਵੇਗਾ। ਦੂਜਾ, ਮੋਦੀ ਜਾਣਦੇ ਹਨ ਕਿ ਮਜ਼ਬੂਤ ਆਗੂ ਅਤੇ ਰਾਸ਼ਟਰ ਕਿਸੇ ਨਾਲ ਵੀ, ਖਾਸਕਰ ਦੁਸ਼ਮਣਾਂ ਨਾਲ ਗੱਲ ਕਰਨ ਤੋਂ ਡਰਦੇ ਨਹੀਂ ਹੁੰਦੇ। ਤੀਜਾ, ਕੁਝ ਅਹਿਮ ਸੂਬਾਈ ਚੋਣਾਂ ਹੋਣ ਵਾਲੀਆਂ ਹਨ। ਜੇ ਉਹ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਹਾਰ ਜਾਂਦੇ ਹਨ ਤਾਂ ਭਾਜਪਾ ਅਤੇ ਮੋਦੀ ਨੂੰ ਧੱਕ ਕੇ ਹੋਰ ਖੂੰਜੇ ਲਾ ਦਿੱਤਾ ਜਾਵੇਗਾ। ਇਹ ਤੱਥ ਵੀ ਹੈ ਕਿ ਆਪਣੇ ਦੁਸ਼ਮਣ ਨਾਲ ਇਮਾਨਦਾਰਾਨਾ ਅਤੇ ਆਹਮੋ-ਸਾਹਮਣੀ ਵਾਰਤਾ ਵਾਕਈ ਭੜਾਸ ਨਿਕਲਣ ਵਾਂਗ ਹੁੰਦੀ ਹੈ ਪਰ ਇਸ ਤੋਂ ਇਲਾਵਾ ਇਹ ਅੰਦਾਜ਼ਾ ਲਾ ਕੇ ਦੇਖੋ ਕਿ ਜੇ ਮੋਦੀ ਪਾਕਿਸਤਾਨ ਚਲੇ ਜਾਂਦੇ ਹਨ ਤਾਂ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਕਿੰਨਾ
ਹੁਲਾਰਾ ਮਿਲੇਗਾ?

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement

Advertisement
Author Image

sukhwinder singh

View all posts

Advertisement