ਇਨਕਲਾਬੀ ਮਹਿਕਾਂ ਵੰਡਦੇ ਸਤਵਰਗ ਦੀਆਂ ਅਮਿੱਟ ਪੈੜਾਂ
ਬੂਟਾ ਸਿੰਘ ਮਹਿਮੂਦਪੁਰ
ਇਨਕਲਾਬੀ ਕਲਮਕਾਰ ਅਤੇ ਉੱਘੇ ਕਮਿਊਨਿਸਟ ਆਗੂ ਬਾਰੂ ਸਤਵਰਗ 26 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਸਾਢੇ ਸੱਤ ਦਹਾਕੇ ਲੰਮੀ ਜ਼ਿੰਦਗੀ ਆਪਣੇ ਆਪ ਵਿਚ ਇਕ ਇਤਿਹਾਸ ਹੈ - ਦੱਬੇ-ਕੁਚਲੇ ਕਿਰਤੀ ਪਰਿਵਾਰ ਦੇ ਜਾਏ ਦੇ ਰੋਜ਼ੀ-ਰੋਟੀ ਲਈ ਸੰਘਰਸ਼ ਦਾ, ਇਨਕਲਾਬੀ ਸਾਹਿਤ ਦੀ ਸਿਰਜਣਾ ਦਾ ਅਤੇ ਮਲਕ ਭਾਗੋਆਂ ਦੀ ਥੋਪੀ ਨਾ-ਬਰਾਬਰੀ, ਬੇਰਹਿਮ ਲੁੱਟ-ਖਸੁੱਟ ਤੇ ਦਾਬੇ ਤੋਂ ਭਾਈ ਲਾਲੋਆਂ ਦੀ ਮੁਕਤੀ ਲਈ ਸੰਘਰਸ਼ਾਂ ਦਾ ਇਤਿਹਾਸ। 13 ਅਕਤੂਬਰ 1945 ਨੂੰ ਕਿਰਤੀ ਪਰਿਵਾਰ ਵਿਚ ਜਨਮੇ ਬਾਰੂ ਬੇਹੱਦ ਮੁਸ਼ਕਿਲ ਹਾਲਾਤ ਨਾਲ ਮੱਥਾ ਲਾਉਂਦਿਆਂ ਜੇਬੀਟੀ ਕਰ ਕੇ ਅਧਿਆਪਕ ਲੱਗ ਗਏ ਪਰ ਨੌਕਰੀ ਦੀ ਸਹੂਲਤ ਵਾਲੀ ਜ਼ਿੰਦਗੀ ਜਿਊਣ ਦੀ ਬਜਾਇ ਉਨ੍ਹਾਂ ਅਧਿਆਪਨ ਦੇ ਨਾਲ ਨਾਲ ਸਮਾਜ ਦੇ ਸਭ ਤੋਂ ਦੱਬੇ-ਕੁਚਲੇ ਲੋਕਾਂ ਦੇ ਭਵਿੱਖ ਨੂੰ ਸੰਵਾਰਨ ਲਈ ਸੱਤਾ ਨਾਲ ਮੱਥਾ ਲਾਉਣ ਦਾ ਬਿਖੜਾ ਰਾਹ ਚੁਣਿਆ, ਆਪਣੀ ਕਰਮ ਭੂਮੀ ਦਲਿਤ ਵਿਹੜਿਆਂ ਨੂੰ ਬਣਾਇਆ ਅਤੇ ਤਾਉਮਰ ਇਸ ਲੰਮੇਰੇ ਪੰਧ ਦੇ ਅਡੋਲ ਪਾਂਧੀ ਬਣ ਕੇ ਨਿਭੇ।
ਬਾਰੂ ਸਤਵਰਗ ਪਿੰਡ ਰਾਇਪੁਰ (ਜ਼ਿਲ੍ਹਾ ਮਾਨਸਾ) ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਸਨ ਜਦੋਂ 1970ਵਿਆਂ ਦੇ ਸ਼ੁਰੂ ਵਿਚ ਇਸੇ ਪਿੰਡ ਦੇ ਦੋ ਨੌਜਵਾਨਾਂ ਸਮੇਤ ਪੰਜ ਨਕਸਲੀਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰਿਆ ਗਿਆ। ਰਾਜਕੀ ਦਹਿਸ਼ਤਵਾਦ ਨਾਲ ਟਕਰਾ ਰਹੇ ਨਕਸਲੀ ਇਨਕਲਾਬੀਆਂ ਦੇ ਜਾਂਬਾਜ਼ ਕਾਰਨਾਮਿਆਂ ਦੀ ਚਰਚਾ ਨੇ ਜਿਗਿਆਸੂ ਨੌਜਵਾਨ ਦੇ ਮਨ ਵਿਚ ਨਕਸਲੀ ਲਹਿਰ ਨੂੰ ਸਮਝਣ ਦੀ ਉਤਸੁਕਤਾ ਪੈਦਾ ਕੀਤੀ। ਉਨ੍ਹਾਂ ਇਨਕਲਾਬੀ ਸਾਹਿਤ ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਨਕਸਲੀ ਸਿਆਸਤ ਉਨ੍ਹਾਂ ਦੀ ਜ਼ਿੰਦਗੀ ਦਾ ਰਾਹ-ਦਸੇਰਾ ਬਣ ਗਈ। ਇਹ ਕੁਰਬਾਨੀਆਂ, ਸ਼ਹਾਦਤਾਂ ਅਤੇ ਜੁਝਾਰੂ ਸਾਹਿਤ ਦੀ ਸਿਰਜਣਾ ਜੋਸ਼ੀਲਾ ਦਾ ਦੌਰ ਸੀ। ਸੰਤ ਰਾਮ ਉਦਾਸੀ ਵਰਗੇ ਜੁਝਾਰੂ ਕਵੀਆਂ ਦੇ ਵਿਦਰੋਹੀ ਬੋਲ ਪੰਜਾਬ ਦੀ ਫ਼ਿਜ਼ਾ ਵਿਚ ਗੂੰਜ ਰਹੇ ਸਨ। ਬਾਰੂ ਦਾ ਸੰਵੇਦਨਸ਼ੀਲ ਮਨ ਇਸ ਤੋਂ ਕਿਵੇਂ ਅਣਭਿੱਜ ਰਹਿ ਸਕਦਾ ਸੀ। ਉਹ ਸੰਘਰਸ਼ ਅਤੇ ਕਲਮ, ਦੋਹਾਂ ਮੁਹਾਜ਼ਾਂ ’ਤੇ ਸਰਗਰਮ ਹੋ ਗਏ। ਇਨਕਲਾਬੀ ਵਲਵਲੇ ਕਵਿਤਾ ਤੇ ਲੇਖਾਂ ਦਾ ਰੂਪ ਅਖ਼ਤਿਆਰ ਕਰਨ ਲੱਗੇ।
ਬਾਬਾ ਬੂਝਾ ਸਿੰਘ ਦੇ ਸਿਧਾਂਤਕ ਸਕੂਲਾਂ ਨੇ ਉਨ੍ਹਾਂ ਦੇ ਜਮਾਤੀ ਨਜ਼ਰੀਏ ਨੂੰ ਸਾਣ ’ਤੇ ਲਾਇਆ। ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੇ ਪਹਿਲਾਂ ‘ਕਿਰਤੀ ਕਿੱਸਾ’ ਤੇ ਫਿਰ ‘ਕਿਰਤੀ ਯੁਗ’ ਰਸਾਲੇ ਕੱਢਣੇ ਸ਼ੁਰੂ ਕੀਤੇ। ਬਾਰੂ ਸਤਵਰਗ, ਸੁਰਜੀਤ ਅਰਮਾਨੀ ਅਤੇ ਬੋਘੜ ਸਿੰਘ ਜੇਲ੍ਹ ਵਿਚ ਡੱਕ ਦਿੱਤੇ ਗਏ। ਬਠਿੰਡਾ ਅਤੇ ਫ਼ਿਰੋਜ਼ਪੁਰ ਦੀਆਂ ਜੇਲ੍ਹਾਂ ਵਿਚ ਬੰਦ ਪ੍ਰੋਫੈਸਰ ਸੋਹੀ, ਦੇਵਾ ਸਿੰਘ ਮਾਹਲਾ, ਅਮਰ ਸਿੰਘ ਅੱਚਰਵਾਲ, ਸੁਰਜੀਤ ਘੋਲੀਆ ਆਦਿ ਉੱਘੇ ਕਮਿਊਨਿਸਟ ਆਗੂਆਂ ਨਾਲ ਵਿਚਰ ਕੇ ਉਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਅਤੇ ਮਾਰਕਸਵਾਦੀ ਸਿਧਾਂਤ ਨੂੰ ਗਹਿਰਾਈ ਵਿਚ ਸਮਝਣ ਦਾ ਮੌਕਾ ਮਿਲਿਆ। ਜੇਲ੍ਹ ਜ਼ਿੰਦਗੀ ਨੇ ਉਨ੍ਹਾਂ ਦੀ ਨਿਹਚਾ ਅਤੇ ਵਚਨਬੱਧਤਾ ਨੂੰ ਹੋਰ ਵੀ ਜਿ਼ਆਦਾ ਦ੍ਰਿੜ ਕਰ ਦਿੱਤਾ।
ਇਸ ਤੋਂ ਅੱਗੇ ਚੱਲ ਸੋ ਚੱਲ, ਉਹ ਸਾਹਿਤਕ ਸਭਾਵਾਂ ਤੇ ਲੋਕ ਜਥੇਬੰਦੀਆਂ ਬਣਾਉਣ ਅਤੇ ਜਥੇਬੰਦੀਆਂ ਨੂੰ ਚਲਾਉਣ ਤੇ ਅਗਵਾਈ ਦੇਣ ਦੇ ਅਣਥੱਕ ਕੰਮ ਵਿਚ ਜੁੱਟ ਗਏ। ਅਪਰੈਲ 1981 ਵਿਚ ਉਨ੍ਹਾਂ ਨੇ ਸਥਾਪਤੀ ਪੱਖੀ ਕਲਮਕਾਰਾਂ ਨਾਲੋਂ ਨਿਖੇੜੇ ਦੀ ਸਿੱਧੀ ਲਕੀਰ ਖਿੱਚਦਿਆਂ ਭਾਅਜੀ ਗੁਰਸ਼ਰਨ ਸਿੰਘ, ਦੇਵਾ ਸਿੰਘ ਮਾਹਲਾ, ਸੰਤੋਖ ਸਿੰਘ ਬਾਜਵਾ, ਡਾ. ਸਾਧੂ ਸਿੰਘ ਨਾਲ ਮਿਲ ਕੇ ‘ਕ੍ਰਾਂਤੀਕਾਰੀ ਸਾਹਿਤ ਸਭਾ’ ਬਣਾਈ ਅਤੇ ਵੱਖ ਵੱਖ ਸਮੇਂ ਇਸ ਦੇ ਪ੍ਰਧਾਨ ਤੇ ਸਕੱਤਰ ਰਹੇ।
ਪ੍ਰੋਫੈਸਰ ਵਰਾਵਰਾ ਰਾਓ, ਗ਼ਦਰ ਅਤੇ ਹੋਰ ਇਨਕਲਾਬੀ ਬੁੱਧੀਜੀਵੀਆਂ ਵੱਲੋਂ ਆਲ ਇੰਡੀਆ ਲੀਗ ਫਾਰ ਰੈਵੋਲੂਸ਼ਨਰੀ ਕਲਚਰ ਬਣਾਏ ਜਾਣ ’ਤੇ ਉਨ੍ਹਾਂ ਨੇ ਪਹਿਲਕਦਮੀ ਕਰ ਕੇ ਕ੍ਰਾਂਤੀਕਾਰੀ ਸਾਹਿਤ ਸਭਾ ਨੂੰ ਆਲ ਇੰਡੀਆ ਮੰਚ ਨਾਲ ਜੋੜਿਆ। ਉਹ ਲੀਗ ਦੀਆਂ ਦੇਸ਼ਵਿਆਪੀ ਸਰਗਰਮੀਆਂ ਦਾ ਹਿੱਸਾ ਬਣੇ ਅਤੇ ਵੱਖ ਵੱਖ ਰਾਜਾਂ ਵਿਚ ਜਾ ਕੇ ਮੀਟਿੰਗਾਂ, ਸੈਮੀਨਾਰਾਂ, ਗੋਸ਼ਟੀਆਂ ਤੇ ਸੱਭਿਆਚਾਰਕ ਸਮਾਗਮਾਂ ਵਿਚ ਯੋਗਦਾਨ ਪਾਉਂਦੇ ਰਹੇ। ਉਨ੍ਹਾਂ ਦੀ ਅਗਵਾਈ ਹੇਠ ਪਿੰਡਾਂ ਦੇ ਕਿਰਤੀਆਂ ਦੀ ਜਥੇਬੰਦੀ ਕਿਰਤੀ ਮਜ਼ਦੂਰ ਯੂਨੀਅਨ ਬਣਾਈ ਗਈ ਜਿਸ ਨੇ ਭਾਰਤ ਵਿਚ ਸਮਾਜੀ ਤਬਦੀਲੀ ਅੰਦਰ ਜਾਤਪਾਤ ਵਿਰੁੱਧ ਲੜਾਈ ਦੇ ਮਹੱਤਵ ਅਤੇ ਕਿਰਤੀਆਂ ਦੇ ਮਸਲਿਆਂ ਨੂੰ ਲੈ ਕੇ ਜ਼ੋਰਦਾਰ ਸਰਗਰਮੀਆਂ ਕੀਤੀਆਂ। ਉਹ ਪੰਜਾਬ ਤੇ ਦੇਸ਼ ਦੇ ਜਮਹੂਰੀ ਮਸਲਿਆਂ ਉੱਪਰ ਸੰਘਰਸ਼ ਲਈ ਜਮਹੂਰੀ ਮੋਰਚਾ ਬਣਾਏ ਜਾਣ ਵਾਲੇ ਮੋਢੀਆਂ ’ਚ ਸ਼ੁਮਾਰ ਸਨ।
ਕਲਮ ਦੇ ਮੋਰਚੇ ’ਤੇ ਉਨ੍ਹਾਂ ਨੇ ਸਾਹਿਤ ਸਿਰਜਣਾ ਨੂੰ ਇਨਕਲਾਬੀ ਜਮਾਤੀ ਚੇਤਨਾ ਦੇਣ ਦਾ ਹਥਿਆਰ ਬਣਾਉਂਦਿਆਂ ਪੰਜ ਨਾਵਲ (ਲਹੂ ਪਾਣੀ ਨਹੀਂ ਬਣਿਆ, ਫੱਟੜ ਸ਼ੀਹਣੀ, ਨਿੱਘੀ ਬੁੱਕਲ, ਸ਼ਰਧਾ ਦੇ ਫੁੱਲ, ਪੰਨਾ ਇੱਕ ਇਤਿਹਾਸ ਦਾ) ਅਤੇ ਇਕ ਨਾਟਕ ਸੰਗ੍ਰਹਿ ਪੰਜਾਬੀ ਬੋਲੀ ਦੀ ਝੋਲੀ ਪਾਏ ਅਤੇ ਬਹੁਤ ਸਾਰੀਆਂ ਕਵਿਤਾਵਾਂ ਤੇ ਗੀਤ ਵੀ ਲਿਖੇ। ਉਨ੍ਹਾਂ ਦੇ ਨਾਵਲਾਂ ਦੇ ਸਜਿੰਦ ਪਾਤਰ ਸਿੱਧੇ-ਸਾਦੇ ਕਿਰਤੀ ਲੋਕ ਅਤੇ ਲੋਕ-ਮੁਕਤੀ ਲਈ ਜੂਝਦੇ ਇਨਕਲਾਬੀ ਹਨ। ‘ਕਿਰਤੀ ਕਿੱਸਾ’ ਤੇ ‘ਕਿਰਤੀ ਯੁਗ’ ਦੇ ਸੰਪਾਦਕ ਅਤੇ ਮਸ਼ਾਲ, ਪ੍ਰਚੰਡ, ਪ੍ਰਚੰਡ ਲਹਿਰ, ਸਮਕਾਲੀ ਦਿਸ਼ਾ, ਸੁਲਗਦੇ ਪਿੰਡ, ਲੋਕ ਕਾਫ਼ਲਾ ਆਦਿ ਰਸਾਲਿਆਂ ਦੀ ਸੰਪਾਦਕੀ ਟੀਮ ਮੈਂਬਰ ਵਜੋਂ ਕੰਮ ਕਰਦਿਆਂ ਸਾਹਿਤ ਆਲੋਚਨਾ ਅਤੇ ਸਿਧਾਂਤਕ ਤੇ ਸਿਆਸੀ ਲੇਖਾਂ ਰਾਹੀਂ ਉਨ੍ਹਾਂ ਨੇ ਸਿਧਾਂਤਕ ਬਹਿਸ-ਮੁਬਾਹਸੇ ਤੇ ਇਨਕਲਾਬੀ ਪ੍ਰਕਾਸ਼ਨਾ ਵਿਚ ਵੱਡਮੁੱਲਾ ਯੋਗਦਾਨ ਦਿੱਤਾ। ਮਾਰਕਸਵਾਦੀ ਫ਼ਲਸਫ਼ੇ ਨੂੰ ਰੱਦ ਕਰਨ ਵਾਲੇ ਭਟਕਾਵਾਂ ਵਿਰੁੱਧ ਡਟਵਾਂ ਸਟੈਂਡ ਉਨ੍ਹਾਂ ਦੀ ਪ੍ਰਪੱਕ ਸਿਧਾਂਤਕ ਸੂਝ ਦਾ ਪ੍ਰਮਾਣ ਹੈ।
ਬਾਰੂ ਸਤਵਰਗ ਕਮਿਊਨਿਸਟ ਵਿਚਾਰਧਾਰਾ ਅਨੁਸਾਰ ਇਨਕਲਾਬੀ ਕਾਰਕੁਨਾਂ ਦੀ ਜਮਾਤੀ ਕਾਇਆਪਲਟੀ ਉੱਪਰ ਵਿਸ਼ੇਸ਼ ਜ਼ੋਰ ਦਿੰਦੇ ਸਨ ਅਤੇ ਇਸੇ ਕਾਇਆਪਲਟੀ ਵਿਚ ਢਲੀ ਉਨ੍ਹਾਂ ਦੀ ਆਪਣੀ ਸਾਦਗੀ ਭਰੀ ਤਰਜ਼ੇ-ਜ਼ਿੰਦਗੀ ਕਹਿਣੀ ਤੇ ਕਰਨੀ ਦੇ ਸੁਮੇਲ ਦਾ ਮੁਜੱਸਮਾ ਸੀ। ਇਸ ਦਾ ਗੂੜ੍ਹਾ ਪ੍ਰਭਾਵ ਖ਼ਾਸ ਕਰ ਕੇ ਉਨ੍ਹਾਂ ਦੀਆਂ ਧੀਆਂ ਦੀ ਸੋਚ ’ਚ ਉੱਘੜਵੇਂ ਰੂਪ ਵਿਚ ਝਲਕਦਾ ਹੈ ਜਿਨ੍ਹਾਂ ਨੇ ਹਰ ਤਰ੍ਹਾਂ ਦੀਆਂ ਫਜ਼ੂਲ ਰਸਮਾਂ ਨੂੰ ਤਿਆਗ ਕੇ ਤੇ ਅਗਾਂਹਵਧੂ ਤਰੀਕੇ ਨਾਲ ਆਪਣੇ ਬਾਬਲ ਨੂੰ ਅੰਤਮ ਵਿਦਾਇਗੀ ਦੇ ਕੇ ਨਿਵੇਕਲੀ ਮਿਸਾਲ ਕਾਇਮ ਕੀਤੀ। ਕਹਿਣੀ ਤੇ ਕਰਨੀ ਦੇ ਅਜਿਹੇ ਸੁਮੇਲ ਦੀਆਂ ਵਿਰਲੀਆਂ ਮਿਸਾਲਾਂ ਹੀ ਮਿਲਦੀਆਂ ਹਨ।
ਕੰਮੀਆਂ ਦੇ ਵਿਹੜਿਆਂ ਦਾ ‘ਸਤਵਰਗ’ ਬੇਸ਼ੱਕ ਜਿਸਮਾਨੀ ਤੌਰ ’ਤੇ ਸਦੀਵੀ ਵਿਛੋੜਾ ਦੇ ਗਿਆ ਪਰ ਉਸ ਦੀ ਸੋਚ ਅਤੇ ਕਰਮਯੋਗੀ ਸ਼ਖ਼ਸੀਅਤ ਦੀ ਮਹਿਕ ਕਦੇ ਨਹੀਂ ਮਰੇਗੀ। ਅੱਜ ਪਿੰਡ ਮਹਿਰਾਜ ਵਿਚ ਸ਼ਰਧਾਂਜਲੀ ਸਮਾਗਮ ਕਰ ਕੇ ਉਨ੍ਹਾਂ ਦੀ ਘਾਲਣਾ ਨੂੰ ਸਲਾਮ ਕੀਤਾ ਜਾ ਰਿਹਾ ਹੈ।
ਸੰਪਰਕ: 94634-74342