ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦੁੱਤੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ

06:21 AM Dec 23, 2023 IST

ਦਲਬੀਰ ਸਿੰਘ ਸੱਖੋਵਾਲੀਆ

ਪੋਹ ਦਾ ਮਹੀਨਾ ਸਿੱਖ ਭਾਈਚਾਰੇ ਲਈ ਸ਼ਹਾਦਤਾਂ ਦੇ ਸਫ਼ਰ ਵਜੋਂ ਜਾਣਿਆ ਜਾਂਦਾ ਹੈ। ਪੋਹ ਦੇ ਇਨ੍ਹਾਂ ਦਿਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਗਏ ਸਨ। ਮੁਗ਼ਲ ਅਤੇ ਪਹਾੜੀ ਫੌਜਾਂ ਵੱਲੋਂ ਵਾਅਦਾਖਿਲਾਫੀ ਕਰ ਕੇ ਕੀਤੇ ਹਮਲੇ ਦੌਰਾਨ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦੁਸ਼ਮਣ ਫੌਜਾਂ ਵਿਚ ਘਿਰ ਜਾਂਦੇ ਹਨ ਤਾਂ ਬਾਬਾ ਜੀਵਨ ਸਿੰਘ ਘੋੜੇ ਦੀਆਂ ਵਾਗਾਂ ਮੂੰਹ ਵਿਚ ਪਾ ਕੇ ਦੋਹਾਂ ਹੱਥਾਂ ਵਿਚ ਤਲਵਾਰ ਲਹਿਰਾਉਂਦੇ ਦੁਸ਼ਮਣ ’ਤੇ ਟੁੱਟ ਪਏ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ ਨੂੰ ਉਨ੍ਹਾਂ ਆਪਣੀ ਯੁੱਧ ਕਲਾ ਤੇ ਦਲੇਰੀ ਨਾਲ ਸੁਰੱਖਿਅਤ ਕੱਢਿਆ। ਇੱਥੇ ਹੀ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਸਨ।
ਬਾਬਾ ਜੀਵਨ ਸਿੰਘ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਧ ਭਰੋਸੇਮੰਦ ਅਤੇ ਵਫ਼ਾਦਾਰ ਸਨ। ਉਹ (ਭਾਈ ਜੈਤਾ ਜੀ) ਅਤੇ ਉਨ੍ਹਾਂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਪਿਤਾ ਭਾਈ ਸਦਾਨੰਦ ਦੇ ਪੜਦਾਦਾ ਭਾਈ ਕਲਿਆਣਾ ਜੀ ਦਾ ਜ਼ਿਕਰ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਜਾਰੀ ਹੁਕਮਨਾਮਿਆਂ ਵਿਚ ਵੀ ਮਿਲਦਾ ਹੈ। ਉਨ੍ਹਾਂ ਦਾ ਪਰਿਵਾਰ ਤਾਂ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਖ਼ਰੀ ਸਾਹਾਂ ਤੱਕ ਸਾਥ ਰਿਹਾ। ਬਾਬਾ ਜੀਵਨ ਸਿੰਘ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹੋਏ। ਉਹ ਯੁੱਧ ਵਿੱਦਿਆ ਦੇ ਮਾਹਿਰ, ਰਹਿਤਨਾਮਾਕਾਰ, ਕਵੀ ਅਤੇ ਵਿਦਵਾਨ ਸਨ।
ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੱਖ ਵੱਖ ਜੰਗਾਂ ਵਿਚ ਹਿੱਸਾ ਲਿਆ। ਜਦੋਂ ਗੁਰੂ ਤੇਗ ਬਹਾਦਰ ਜੀ ਆਪਣੀ ਦੂਸਰੀ ਯਾਤਰਾ ਪਟਨਾ (ਬਿਹਾਰ) ਗਏ ਸਨ ਤਾਂ ਗੁਰੂ ਕੇ ਮਹਿਲ (ਮਾਤਾ ਗੁਜਰੀ ਜੀ) ਭਾਈ ਸਦਾਨੰਦ ਅਤੇ ਉਨ੍ਹਾਂ ਦੀ ਪਤਨੀ ਪ੍ਰੇਮੋ (ਮਾਤਾ ਲਾਜਵੰਤੀ) ਵੀ ਨਾਲ ਹੀ ਗਏ ਸਨ ਜਿੱਥੇ ਭਾਈ ਜੈਤਾ ਦਾ ਜਨਮ ਹੋਇਆ ਸੀ। ਪ੍ਰੇਮੋ ਦੇ ਦੋ ਪੁੱਤਰ ਜੈਤਾ (ਬਾਬਾ ਜੀਵਨ ਸਿੰਘ) ਅਤੇ ਸੰਗਤਾ (ਭਾਈ ਸੰਗਤ ਸਿੰਘ) ਹੋਏ। ਬਾਬਾ ਜੀਵਨ ਸਿੰਘ ਰਚਿਤ ‘ਸੀ ਗੁਰੂ ਕਥਾ’ ਵਿਚ ਉਨ੍ਹਾਂ ਦੇ ਸਮੇਂ ਦੇ ਧਾਰਮਿਕ, ਸਮਾਜਿਕ, ਰਾਜਸੀ ਹਾਲਾਤ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਦਸਵੇਂ ਗੁਰੂ ਦੇ ਰੋਜ਼ਾਨਾ ਕਾਰਜ, ਸੇਵਾ, ਭਗਤੀ, ਕੁਰਬਾਨੀ ਅਤੇ ਆਤਮਿਕ ਸਚਾਈਆਂ ਬਾਰੇ ਵੀ ਲਿਖਿਆ।
ਜਦੋਂ ਨੌਵੇਂ ਗੁਰੂ ਜੀ ਨੂੰ ਦਿੱਲੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਗੁਰੂ ਜੀ ਨੇ ਕੈਦ ਵਿਚ ਹੀ ਭਾਈ ਜੈਤਾ ਜੀ ਨੂੰ 57 ਸਲੋਕ, ਪੰਜ ਪੈਸੇ, ਨਾਰੀਅਲ ਅਤੇ ਹੋਰ ਸਮੱਗਰੀ ਦੇ ਕੇ ਆਨੰਦਪੁਰ ਸਾਹਿਬ ਭੇਜਿਆ; ਇਉਂ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ) ਨੂੰ ਦਸਵੇਂ ਗੁਰੂ ਦੇ ਰੂਪ ਵਿਚ ਗੁਰਗੱਦੀ ਦਿੱਤੀ ਗਈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਵਿਚ ਵੀ ਬਹੁਤ ਨੇੜਿਓਂ ਜੁੜੇ ਹੋਏ ਹਨ। ਨੌਵੇਂ ਗੁਰੂ ਜੀ ਦੀ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਜਦੋਂ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਤਾਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਗੁਰੂ ਜੀ ਨੇ ਚਾਰ ਸਾਹਿਬਜ਼ਾਦਿਆਂ ਨਾਲ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾਉਣ ਮਗਰੋਂ ਉਨ੍ਹਾਂ ਦਾ ਨਾਮ ਜੀਵਨ ਸਿੰਘ ਰੱਖਿਆ ਗਿਆ। ਇਤਿਹਾਸਕਾਰ ਨਰੰਜਨ ਆਰਿਫ਼ੀ ਦੀ ਕਿਤਾਬ ‘ਸ਼ਹੀਦ ਭਾਈ ਜੈਤਾ ਜੀ’ ਵਿਚ ਦੱਸਿਆ ਗਿਆ ਕਿ ਬਾਬਾ ਜੀਵਨ ਸਿੰਘ ਜੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗਤਕਾ, ਘੋੜਸਵਾਰੀ ਅਤੇ ਯੁੱਧ ਦੇ ਹੋਰ ਦਾਅ ਪੇਚ ਸਿਖਾਉਣ ਦਾ ਮਾਣ ਵੀ ਮਿਲਿਆ। ਉਹ ਇੱਕੋ-ਇੱਕ ਅਜਿਹੇ ਯੋਧੇ ਹੋਏ ਜੋ ਆਪਣੀਆਂ ਦੋ ਬੰਦੂਕਾਂ ਨਾਗਣੀ ਅਤੇ ਬਾਗਣੀ ਨੂੰ ਇੱਕੋ ਸਮੇਂ ਚਲਾਉਣ ਦੀ ਮੁਹਾਰਤ ਰੱਖਦੇ ਸਨ।
ਬਾਬਾ ਜੀਵਨ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਖ਼ਰੀ ਦਮ ਤੱਕ ਬਿਖੜੇ ਰਾਹਾਂ ਦਾ ਪਾਂਧੀ ਬਣਿਆ ਰਿਹਾ। ਬਾਬਾ ਜੀਵਨ ਸਿੰਘ ਦੇ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਸਰਸਾ ਨਦੀ ਕੰਢੇ ਸ਼ਹੀਦ ਹੋ ਗਏ। ਉਨ੍ਹਾਂ ਦੇ ਮਾਤਾ ਪ੍ਰੇਮੋ, ਪਤਨੀ ਰਾਜ ਕੌਰ ਸਰਸਾ ਨਦੀ ਦੇ ਕੰਢੇ ਜਾਂ ਤਾਂ ਸ਼ਹੀਦ ਹੋ ਗਏ ਜਾਂ ਨਦੀ ’ਚ ਵਹਿ ਗਏ। ਉਨ੍ਹਾਂ ਦੇ ਵੱਡੇ ਪੁੱਤਰ ਸੇਵਾ ਸਿੰਘ ਅਤੇ ਸੁੱਖਾ ਸਿੰਘ, ਭਰਾ ਭਾਈ ਸੰਗਤ ਸਿੰਘ ਅਤੇ ਸਹੁਰਾ ਭਾਈ ਖਜ਼ਾਨ ਸਿੰਘ ਰਿਆੜ (ਵਾਸੀ ਪੱਟੀ) ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਦੌਰਾਨ ਸ਼ਹੀਦ ਹੋ ਗਏ।
ਜਦੋਂ ਚਮਕੌਰ ਦੀ ਗੜ੍ਹੀ ਵਿਚ ਗਿਣਤੀ ਦੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡਣ ਦੀ ਸਲਾਹ ਦਿੱਤੀ ਤਾਂ ਗੁਰੂ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਦਸਤਾਰ, ਖ਼ੁਦ ਕਲਗੀ ਸਜਾ ਕੇ ਗੜ੍ਹੀ ਦੀ ਮਮਟੀ ’ਤੇ ਬਿਠਾਇਆ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਯੁੁੱਧ ਵਿਚ ਦੁਸ਼ਮਣ ਫੌਜਾਂ ਨੂੰ ਹਾਜ਼ਰ ਹੋਣ ਦਾ ਭੁਲੇਖਾ ਪੈਂਦਾ ਰਹੇ। ਦਸਵੇਂ ਗੁਰੂ ਦੇ ਦਰਬਾਰੀ ਕਵੀ ਭਾਈ ਕੰਕਣ ਰਚਿਤ ‘ਸੰਛੇਪ ਦਸ ਗੁਰੂ ਕਥਾ’ ਦੇ ਪੰਨਾ ਨੰਬਰ 66 ’ਤੇ ਲਿਖਿਆ ਹੈ: ‘ਨਿਜ ਕਲਗੀ ਸਿਰ ਦਈ ਸਜਾਇ, ਦਈ ਪੁਸਾਕ ਆਪਨੀ ਪਹਿਰਾਇ। ਜੀਵਨ ਸਿੰਘ ਕੋ ਬੁਰਜ ਬਠਾਇ, ਤਜਿ ਗੜੀ ਗੁਰੂ ਗੋਬਿੰਦ ਸਿੰਘ ਜਾਇ।’
ਰਤਨ ਸਿੰਘ ਭੰਗੂ ਰਚਿਤ ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ ਪੰਨਾ 57 ’ਤੇ ਦਰਜ ਹੈ- ‘ਜੀਵਨ ਸਿੰਘ ਰੰਘਰੇਟੜੋ ਬੰਦੂਕੀ ਖੂਬ ਅਖਵਾਇ। ਏਕ ਬੁਰਜ ਮਧ ਸੋ ਬਹਯੋ ਏਕਲ ਹੀ ਥੋ ਸਾਇ।’ ਇਸ ਤਰ੍ਹਾਂ ਬਾਬਾ ਜੀਵਨ ਸਿੰਘ ਗੜ੍ਹੀ ਦੀ ਮਮਟੀ ’ਤੇ ਫੌਜ ਨੂੰ ਟੱਕਰ ਦਿੰਦੇ ਰਹੇ ਤੇ ਅੰਤ ਨੂੰ ਸ਼ਹੀਦ ਹੋ ਗਏ। ਉਹ ਚਮਕੌਰ ਦੀ ਗੜ੍ਹੀ ਦੇ ਆਖ਼ਿਰੀ ਅੱਠ ਸਿੰਘਾਂ ਵਿਚ ਸ਼ਾਮਲ ਸਨ ਜੋ 23 ਦਸੰਬਰ 1704 ਦੀ ਸਵੇਰ ਨੂੰ ਦੁਸ਼ਮਣ ਫ਼ੌਜਾਂ ਨਾਲ ਜੰਗ ਲੜਦਿਆਂ ਸ਼ਹੀਦ ਹੋਏ।
ਸੰਪਰਕ: 97794-79439

Advertisement

Advertisement