ਟਮਾਟਰਾਂ ਦੀ ਵਧਦੀ ‘ਲਾਲੀ’ ਨੇ ਲੋਕਾਂ ਦਾ ਰੰਗ ਉਡਾਇਆ
ਨਵੀਂ ਦਿੱਲੀ, 6 ਜੁਲਾੲੀ
ਅਸਮਾਨ ਛੂਹ ਰਹੀਆਂ ਟਮਾਟਰਾਂ ਦੀਆਂ ਕੀਮਤਾਂ ਵਿੱਚ ਹੋਰ ਇਜ਼ਾਫਾ ਹੋਇਆ ਹੈ ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਅੱਜ ਟਮਾਟਰ 162 ਰੁਪਏ ਪ੍ਰਤੀ ਕਿਲੋ ਵਿਕੇ। ਇਸੇ ਦੌਰਾਨ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਅਨੁਸਾਰ ਦੇਸ਼ ਭਰ ਵਿੱਚ ਟਮਾਟਰਾਂ ਦੀ ਔਸਤਨ ਕੀਮਤ 95.58 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਮੀਂਹ ਕਾਰਨ ਟਮਾਟਰਾਂ ਦੀ ਸਪਲਾਈ ’ਚ ਵਿਘਨ ਪਿਆ ਹੈ ਜਿਸ ਕਾਰਨ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਮੈਟਰੋ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਵਿੱਚ ਟਮਾਟਰ 152 ਰੁਪਏ ਪ੍ਰਤੀ ਕਿਲੋ, ਦਿੱਲੀ ਵਿੱਚ 120, ਚੇਨਈ ਵਿੱਚ 117 ਤੇ ਮੁੰਬਈ ਵਿੱਚ 108 ਰੁਪਏ ਦੀ ਕੀਮਤ ’ਤੇ ਵਿਕ ਰਹੇ ਹਨ। ਮੰਤਰਾਲੇ ਵੱਲੋਂ ਜਾਰੀ ਅੰਕੜੇ ਅਨੁਸਾਰ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਟਮਾਟਰ ਸਭ ਤੋਂ ਸਸਤੇ 31 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਇਸੇ ਤਰ੍ਹਾਂ ਅੱਜ ਗੁਰੂਗ੍ਰਾਮ ਵਿੱਚ ਟਮਾਟਰਾਂ ਦਾ ਪ੍ਰਚੂਨ ਮੁੱਲ 140 ਰੁਪਏ ਪ੍ਰਤੀ ਕਿਲੋ, ਬੰਗਲੂਰੂ ਵਿੱਚ 110, ਵਾਰਾਨਸੀ ਵਿੱਚ 107, ਹੈਦਰਾਬਾਦ ਵਿੱਚ 98 ਤੇ ਭੁਪਾਲ ਵਿੱਚ 90 ਰੁਪਏ ਰਿਹਾ। ਅਾਮ ਤੌਰ ’ਤੇ ਜੁਲਾਈ ਤੇ ਅਗਸਤ ਵਿੱਚ ਟਮਾਟਰ ਦੇ ਭਾਅ ਵਧ ਜਾਂਦੇ ਹਨ ਕਿਉਂਕਿ ਮੌਨਸੂਨ ਕਾਰਨ ਫਸਲ ਦੀ ਚੁਗਾੲੀ ਤੇ ਢੋਆ-ਢੁਆੲੀ ਵਿੱਚ ਦਿੱਕਤਾਂ ਪੇਸ਼ ਆਉਂਦੀਆਂ ਹਨ। -ਪੀਟੀਆਈ