For the best experience, open
https://m.punjabitribuneonline.com
on your mobile browser.
Advertisement

ਥਾਣਾ ਮੁਖੀ ਵੱਲੋਂ ਥੱਪੜ ਮਾਰਨ ਦੀ ਘਟਨਾ ਸੀਸੀਟੀਵੀ ’ਚ ਕੈਦ

07:56 AM Dec 22, 2023 IST
ਥਾਣਾ ਮੁਖੀ ਵੱਲੋਂ ਥੱਪੜ ਮਾਰਨ ਦੀ ਘਟਨਾ ਸੀਸੀਟੀਵੀ ’ਚ ਕੈਦ
ਚੀਮਾਂ ਵਿੱਚ ਥਾਣਾ ਮੁਖੀ ਵੱਲੋਂ ਨੌਜਵਾਨਾਂ ਨੂੰ ਥੱਪੜ ਮਾਰਨ ਦੀ ਸੀਸੀਟੀਵੀ ’ਚ ਕੈਦ ਤਸਵੀਰ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਦਸੰਬਰ
ਚੀਮਾਂ ਵਿੱਚ ਬੀਤੀ ਰਾਤ ਫੈਕਟਰੀ ਦੇ ਸਾਹਮਣੇ ਪੁਲੀਸ ਸਟੇਸ਼ਨ ਚੀਮਾਂ ਦੇ ਐੱਸਐੱਚਓ ਵੱਲੋਂ ਨੌਜ਼ਵਾਨਾਂ ਦੇ ਕਥਿਤ ਤੌਰ ’ਤੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ ਜਿਨ੍ਹਾਂ ਦਾ ਚਾਲਾਨ ਕਰਨ ਦੀ ਬਜਾਏ ਪੁਲੀਸ ਅਧਿਕਾਰੀ ਨੇ ਉਨ੍ਹਾਂ ਦੇ ਥੱਪੜ ਮਾਰੇ। ਉਧਰ ਐੱਸ.ਐੱਚ.ਓ. ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਉਸ ਨਾਲ ਬਦਤਮੀਜ਼ੀ ਕੀਤੀ ਗਈ।
ਮਾਮਲਾ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦਾ ਦੱਸਿਆ ਜਾ ਰਿਹਾ ਹੈ। ਫੈਕਟਰੀ ਵਿੱਚ ਕੰਮ ਕਰਨ ਤੋਂ ਬਾਅਦ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਰਤ ਰਹੇ ਸਨ ਅਤੇ ਮੋਟਰਸਾਈਕਲ ਉੱਪਰ ਦੋ ਤੋਂ ਵੱਧ ਨੌਜਵਾਨ ਸਵਾਰ ਸਨ ਜੋ ਟਰੈਫਿਕ ਨਿਯਮਾਂ ਦੀ ਉਲੰਘਣਾ ਸੀ। ਮੌਕੇ ’ਤੇ ਪੁੱਜੇ ਪੁਲੀਸ ਸਟੇਸ਼ਨ ਚੀਮਾਂ ਦੇ ਐੱਸ.ਐੱਚ.ਓ. ਨੇ ਤੈਸ਼ ਵਿੱਚ ਆਉਂਦਿਆਂ ਨੌਜਵਾਨਾਂ ਦੇ ਥੱਪੜ ਜੜ ਦਿੱਤੇ। ਸੀਸੀਟੀਵੀ ਫੁਟੇਜ ਵਿੱਚ ਪੁਲੀਸ ਅਧਿਕਾਰੀ ਦੋ ਨੌਜਵਾਨਾਂ ਦੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਇਹ ਵੀ ਨਜ਼ਰ ਆ ਰਿਹਾ ਹੈ ਕਿ ਪੁਲੀਸ ਅਧਿਕਾਰੀ ਨੌਜਵਾਨ ਦੇ ਪੈਰ ਉਪਰ ਪੈਰ ਰੱਖ ਕੇ ਥੱਪੜ ਮਾਰ ਰਿਹਾ ਹੈ। ਪੁਲੀਸ ਸਟੇਸ਼ਨ ਚੀਮਾਂ ਦੇ ਐੱਸ.ਐੱਚ.ਓ. ਲਖਵੀਰ ਸਿੰਘ ਦਾ ਕਹਿਣਾ ਹੈ ਕਿ ਇੱਕ ਮੋਟਰਸਾਈਕਲ ਉਪਰ ਚਾਰ ਨੌਜਵਾਨ ਚੜ੍ਹ ਜਾਂਦੇ ਹਨ ਅਤੇ ਉਹ ਨੌਜਵਾਨਾਂ ਨੂੰ ਰੋਕਣ ਲਈ ਗਿਆ ਸੀ ਤਾਂ ਨੌਜਵਾਨਾਂ ਵੱਲੋਂ ਉਸ ਨਾਲ ਬਦਤਮੀਜ਼ੀ ਕੀਤੀ ਗਈ। ਉਧਰ ਇਸ ਮਾਮਲੇ ’ਤੇ ਡੀ.ਐੱਸ.ਪੀ. ਸੁਨਾਮ ਭਰਪੂਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ ਸਗੋਂ ਇੱਕ ਸੀਸੀਟੀਵੀ ਫੁਟੇਜ ਆਈ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×