ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੜਗੇ ਹੋਣ ਦਾ ਮਹੱਤਵ

06:50 AM Dec 25, 2023 IST

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਇੰਡੀਆ’ ਗੱਠਜੋੜ ਦੀ ਪਿਛਲੀ ਬੈਠਕ ਵਿਚ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਗੱਠਜੋੜ ਦਾ ਉਮੀਦਵਾਰ ਐਲਾਨੇ ਜਾਣ ਦੀ ਤਜਵੀਜ਼ ਪੇਸ਼ ਕਰ ਕੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਤਜਵੀਜ਼ ਦੀ ਤਾਈਦ ਕੀਤੀ ਸੀ ਪਰ ਖੜਗੇ ਨੇ ਕਿਹਾ ਕਿ ਗੱਠਜੋੜ ਨੂੰ ਪਹਿਲਾਂ ਆਪਣਾ ਧਿਆਨ 2024 ਦੀਆਂ ਲੋਕ ਸਭਾ ਚੋਣਾਂ ਲੜਨ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਬਿਹਾਰ ਦੀਆਂ ਪਾਰਟੀਆਂ ਅਤੇ ਖ਼ਾਸ ਕਰ ਕੇ ਜਨਤਾ ਦਲ (ਯੂਨਾਈਟਡ) ਇਸ ਤੋਂ ਖ਼ੁਸ਼ ਨਹੀਂ ਹਨ ਕਿਉਂਕਿ ਉਹ ਨਿਤੀਸ਼ ਕੁਮਾਰ ਨੂੰ ਇਸ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਦੀਆਂ ਆਈਆਂ ਹਨ। ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਇਸ ਲਈ ਇਸ ਦੇ ਹੱਕ ਵਿਚ ਹੈ ਕਿਉਂਕਿ ਨਿਤੀਸ਼ ਦੇ ਕੌਮੀ ਸਿਆਸਤ ਵਿਚ ਆਉਣ ਨਾਲ ਤੇਜੱਸਵੀ ਯਾਦਵ ਦੇ ਬਿਹਾਰ ਦੇ ਮੁੱਖ ਮੰਤਰੀ ਬਣਨ ਦਾ ਰਾਹ ਖੁੱਲ੍ਹਦਾ ਹੈ ਅਤੇ ਦੂਸਰਾ ਬਿਹਾਰ ਆਧਾਰਿਤ ਪਾਰਟੀ ਹੋਣ ਦੇ ਨਾਤੇ ਆਰਜੇਡੀ ਆਪਣੇ ਸੂਬੇ ਦੇ ਆਗੂ ਨੂੰ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨਾ ਚਾਹੇਗੀ।
ਜਨਤਾ ਦਲ (ਯੂਨਾਈਟਡ) ਦੇ ਇਕ ਵਿਧਾਇਕ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਨਿਤੀਸ਼ ਇਸ ਲਈ ਉਮੀਦਵਾਰ ਹੋਣੇ ਚਾਹੀਦੇ ਹਨ ਕਿਉਂਕਿ ਹਰ ਕੋਈ ਉਨ੍ਹਾਂ ਨੂੰ ਜਾਣਦਾ ਹੈ ਅਤੇ ਖੜਗੇ ਨੂੰ ਕੋਈ ਨਹੀਂ ਜਾਣਦਾ। ਕੀ ਇਹ ਟਿੱਪਣੀ ਸਹੀ ਹੈ? ਇਹ ਟਿੱਪਣੀ ਗ਼ਲਤ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੀ ਸਿਆਸਤ ਨੂੰ ਸਮਝਣ ਦੇ ਵੀ ਅਸਮਰੱਥ ਹੈ। ਖੜਗੇ ਦੱਖਣੀ, ਉੱਤਰੀ, ਕੇਂਦਰ ਤੇ ਪੂਰਬੀ ਭਾਰਤ ਵਿਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਉਸ ਦਾ ਅਕਸ ਅਜਿਹੇ ਤਜਬਰੇਕਾਰ ਅਤੇ ਦਿਆਨਤਦਾਰ ਆਗੂ ਵਜੋਂ ਉੱਭਰਿਆ ਹੈ ਜੋ ਵੱਖ ਵੱਖ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਸਮਰੱਥਾ ਰੱਖਦਾ ਹੈ। ਉਸ ਦੀ ਭਾਸ਼ਨਾਂ ਅਤੇ ਸਰੀਰਕ ਭਾਸ਼ਾ ’ਚੋਂ ਸੰਜੀਦਗੀ ਤੇ ਸਿਆਸੀ ਸੁਹਿਰਦਤਾ ਸਪੱਸ਼ਟ ਪ੍ਰਗਟ ਹੁੰਦੀ ਹੈ। ਉਸ ਨੇ ਕਾਂਗਰਸ ਦੀ ਅੰਦਰੂਨੀ ਸਿਆਸਤ ਵਿਚ ਵੀ ਸਕਾਰਾਤਮਕ ਭੂਮਿਕਾ ਨਿਭਾਈ ਹੈ ਅਤੇ ਇਸ ਭਰਮ ਨੂੰ ਦੂਰ ਕੀਤਾ ਹੈ ਕਿ ਨਹਿਰੂ-ਗਾਂਧੀ ਪਰਿਵਾਰ ਤੋਂ ਬਿਨਾਂ ਕੋਈ ਹੋਰ ਆਗੂ ਪਾਰਟੀ ਦੀ ਅਗਵਾਈ ਨਹੀਂ ਕਰ ਸਕਦਾ। ਖੜਗੇ ਦਾ ਅਕਸ ਮਹਿਜ਼ ਦਲਿਤ ਆਗੂ ਦਾ ਹੀ ਨਹੀਂ ਸਗੋਂ ਅਜਿਹੇ ਖਰੇ ਸਿਆਸਤਦਾਨ ਦਾ ਹੈ ਜੋ ਸਾਰੇ ਵਰਗਾਂ ਦੀ ਅਗਵਾਈ ਕਰ ਸਕਦਾ ਹੈ। ਬਹੁਤ ਸਾਰੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਖੜਗੇ ‘ਇੰਡੀਆ’ ਗੱਠਜੋੜ ਦਾ ਬਿਹਤਰੀਨ ਉਮੀਦਵਾਰ ਅਤੇ ਸਾਂਝਾ ਆਗੂ ਹੋ ਸਕਦਾ ਹੈ।
ਕੀ ਖੜਗੇ ਨੂੰ ‘ਇੰਡੀਆ’ ਗੱਠਜੋੜ ਦੁਆਰਾ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਪੇਸ਼ ਕਰਨਾ ਸੰਭਵ ਹੋਵੇਗਾ? ਸਿਆਸੀ ਸਮੀਕਰਨ ਇਹ ਸੰਕੇਤ ਕਰਦੇ ਹਨ ਕਿ ਇਨ੍ਹਾਂ ਹਾਲਾਤ ਜਿਨ੍ਹਾਂ ਵਿਚ ਇਸ ਗੱਠਜੋੜ ਦੀਆਂ ਪਾਰਟੀਆਂ ਅਜੇ ਸੀਟਾਂ ਦੇ ਲੈਣ-ਦੇਣ ਬਾਰੇ ਸਹਿਮਤੀ ਬਣਾਉਣੀ ਹੈ, ਵਿਚ ਇਹ ਮੁਮਕਿਨ ਨਹੀਂ ਲੱਗਦਾ। ਇਸ ਸਭ ਕੁਝ ਦੇ ਬਾਵਜੂਦ ਖੜਗੇ ਸੰਭਾਵੀ ਉਮੀਦਵਾਰ ਵਜੋਂ ਪੇਸ਼ ਹੋ ਚੁੱਕਾ ਹੈ ਅਤੇ ਮਮਤਾ ਬੈਨਰਜੀ ਦੁਆਰਾ ਪੇਸ਼ ਕੀਤੀ ਇਹ ਤਜਵੀਜ਼ ਵੋਟਰਾਂ ਦੇ ਮਨਾਂ ਨੂੰ ਟੁੰਬਦੀ ਰਹੇਗੀ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੀਆਂ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਵੱਖਰੀ ਤਰ੍ਹਾਂ ਦੀ ਰਣਨੀਤੀ ਅਪਣਾਈ ਸੀ। ਉਸ ਨੇ ਹਰ ਸੂਬੇ ਵਿਚ ਕਈ ਐਸੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਤਾਂ ਨਹੀਂ ਸੀ ਕੀਤਾ ਗਿਆ ਪਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਜ਼ਰੂਰ ਸੀ। ਉਦਾਹਰਨ ਵਜੋਂ ਮੱਧ ਪ੍ਰਦੇਸ਼ ਵਿਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸਾਬਕਾ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਕੈਲਾਸ਼ ਵਿਜੈਵਰਗੀਆ, ਪ੍ਰਲਹਾਦ ਪਟੇਲ ਆਦਿ ਸਭ ਆਗੂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਸਨ ਜਿਸ ਕਾਰਨ ਵੱਖ ਵੱਖ ਵਰਗਾਂ ਦੇ ਲੋਕਾਂ ਦੀ ਵੋਟ ਭਾਜਪਾ ਨੂੰ ਮਿਲੀ। ਇਸੇ ਤਰ੍ਹਾਂ ਰਾਜਸਥਾਨ ਵਿਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਬਾਬਾ ਬਾਲਕ ਨਾਥ, ਦੀਆ ਕੁਮਾਰੀ, ਸੀਪੀ ਜੋਸ਼ੀ, ਗਜਿੰਦਰ ਸਿੰਘ ਸ਼ੇਖਾਵਤ, ਭੁਪਿੰਦਰ ਚੌਧਰੀ, ਅਰਜਨ ਰਾਜ ਮੇਘਵਾਲ, ਸੁਨੀਲ ਬੰਸਲ, ਅਸ਼ਿਵਨੀ ਵੈਸ਼ਨਵ ਆਦਿ ਨੂੰ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਵਜੋਂ ਪੇਸ਼ ਕੀਤਾ ਗਿਆ। ‘ਇੰਡੀਆ’ ਗੱਠਜੋੜ ਵੀ ਅਜਿਹੀ ਰਣਨੀਤੀ ਅਪਣਾਉਂਦਾ ਹੋਇਆ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਈ ਸੰਭਾਵਨਾਵਾਂ ਨੂੰ ਪੇਸ਼ ਕਰ ਸਕਦਾ ਹੈ। ਜਿੱਥੇ ਖੜਗੇ ਦੀ ਉਮੀਦਵਾਰੀ ਦੱਖਣੀ ਭਾਰਤ ਦੇ ਸੂਬਿਆਂ ’ਚੋਂ ਵੋਟ ਪ੍ਰਾਪਤ ਕਰਨ ਵਿਚ ਕਾਰਗਰ ਹੋ ਸਕਦੀ ਹੈ, ਉੱਥੇ ਨਿਤੀਸ਼ ਦੀ ਉਮੀਦਵਾਰੀ ਇਹੀ ਕੰਮ ਉੱਤਰੀ ਭਾਰਤ ਦੇ ਸੂਬਿਆਂ ਵਿਚ ਕਰ ਸਕਦੀ ਹੈ। ‘ਇੰਡੀਆ’ ਗੱਠਜੋੜ ਵਿਚ ਪਹਿਲਾਂ ਨਿਤੀਸ਼ ਕੁਮਾਰ ਵੱਖ ਵੱਖ ਪਾਰਟੀਆਂ ਵਿਚਕਾਰ ਤਾਲਮੇਲ ਕਰਵਾਉਣ ਲਈ ਮੁੱਖ ਆਗੂ ਵਜੋਂ ਉੱਭਰਿਆ ਪਰ ਬਾਅਦ ਵਿਚ ਇਹ ਭੂਮਿਕਾ ਖੜਗੇ ਨਿਭਾ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਲਿਕਾਰਜੁਨ ਖੜਗੇ ਨੂੰ ਕੌਮੀ ਪੱਧਰ ਦੇ ਸਾਂਝੇ ਆਗੂ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ।

Advertisement

Advertisement