ਸਾਡੇ ਸਮਿਆਂ ’ਚ ਚਿੰਤਨਸ਼ੀਲ ਮਿਲਣੀਆਂ ਦਾ ਮਹੱਤਵ
ਅਮੋਲਕ ਸਿੰਘ
ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ 9 ਅਗਸਤ ਨੂੰ ਇਤਿਹਾਸਕ ਤੇ ਵਿਲੱਖਣ ਜੋੜ-ਮੇਲ ਹੋ ਰਿਹਾ ਹੈ। ਚਿੰਤਨਸ਼ੀਲ ਮਿਲਣੀ ਦਾ ਇਹ ਮੇਲਾ ਭੁੱਲੇ ਵਿਸਰੇ ਇਤਿਹਾਸ, ਵਿਰਾਸਤ ਅਤੇ ਸਭਿਆਚਾਰ ਦੇ ਗੌਰਵਮਈ ਪੰਨੇ ਸਾਹਮਣੇ ਲਿਆਏਗਾ। ਇਤਿਹਾਸ ਦੇ ਉਹ ਸਫ਼ੇ ਜਿਨ੍ਹਾਂ ਤੋਂ ਅੱਖ ਚੁਰਾਉਣ ਕਾਰਨ ਅੱਜ ਪੰਜਾਬ ਨੂੰ ਹੀ ਨਹੀਂ, ਪੂਰੇ ਮੁਲਕ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ। ਇਹ ਚਿੰਤਨ ਮਿਲਣੀਆਂ ਹਰ ਮਹੀਨੇ ਹੋਣਗੀਆਂ। ਇਹਨਾਂ ਵਿਚ ਮਘਦੇ ਭਖ਼ਦੇ ਮਸਲਿਆਂ ਅਤੇ ਇਤਿਹਾਸ ਦੇ ਅਣਫੋਲੇ, ਅਣਗੌਲੇ ਸਫ਼ਿਆਂ ’ਤੇ ਵਿਚਾਰਾਂ ਹੋਣਗੀਆਂ। ਮਿਲਣੀਆਂ ਦਾ ਇਸ ਵਰ੍ਹੇ ਸਿਖ਼ਰ ਹੋਏਗਾ- ਪਹਿਲੀ ਨਵੰਬਰ, ਮੇਲਾ ਗ਼ਦਰੀ ਬਾਬਿਆਂ ਦਾ।
ਇਹ ਵੇਲ਼ਾ ਹੈ ਮਿਲ਼-ਬਹਿ ਵਿਚਾਰਨ ਦਾ ਕਿ ਅਸੀਂ ਅਗਸਤ ਨੂੰ ਪੰਜਾਬ ਤੋਂ ਲੈ ਕੇ ਦੇਸ਼ ਦੁਨੀਆ ਅੰਦਰ ਇਸ ਨੂੰ ਸਾਉਣ-ਭਾਦੋਂ ਦੀਆਂ ਝੜੀਆਂ ਦਾ ਜਾਂ ਤੀਆਂ ਲਾਉਣ ਦਾ ਮਹੀਨਾ ਸਮਝਣ ਤੱਕ ਮਹਿਦੂਦ ਨਾ ਰਹੀਏ। ਅਗਸਤ ਮਹਾਨ ਲਹਿਰਾਂ, ਇਤਿਹਾਸਕ ਲੜੀਆਂ ਦਾ ਮਹੀਨਾ ਹੈ। ਸਾਡੀ ਅਮੀਰ ਵਿਰਾਸਤ ਨੂੰ ਆਪਣੇ ਸੀਨੇ ਅੰਦਰ ਸਾਂਭਣ ਦਾ ਮਹੀਨਾ ਹੈ। ਇਹ ਪੀਘਾਂ ਝੂਟਣ ਦਾ ਹੀ ਨਹੀਂ ਸਗੋਂ ਜੋ ਮੁਲਕ ਦੀ ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨਾਲ ਝੂਟ ਗਏ, ਉਹਨਾਂ ਦੀਆਂ ਮਾਣਮੱਤੀਆਂ ਪੈੜਾਂ ਨੂੰ ਵੀ ਸਿਜਦਾ ਕਰਨ ਦਾ ਮਹੀਨਾ ਹੈ।
ਇਸ ਮਹੀਨੇ ਰੱਖੜੀ ਦਾ ਤਿਓਹਾਰ ਮਨਾਉਣ ਲੱਗੇ ਖ਼ੁਦ ਨਾਲ ਆਪਣੇ ਸਮਾਜ ਨਾਲ ਸਿਹਤਮੰਦ ਸੰਵਾਦ ਰਚਾਉਣਾ ਕਿਤੇ ਜ਼ਿਆਦਾ ਮੁੱਲਵਾਨ ਹੈ ਕਿ ਕੌਮਾਂਤਰੀ ਪਹਿਲਵਾਨ ਖਿਡਾਰਨਾਂ ਨਾਲ ਅਤੇ ਮਨੀਪੁਰ ਦੀਆਂ ਸੜਕਾਂ ’ਤੇ ਨਿਰਵਸਤਰ ਕਰ ਕੇ ਬੇਹਯਾਈ ਦੀਆਂ ਸਭ ਹੱਦਾਂ ਪਾਰ ਕਰਨ ਦਾ ਜੋ ਨੰਗਾ ਨਾਚ ਨੱਚਿਆ ਗਿਆ, ਉਹਨਾਂ ਦੀ ਰਾਖੀ ਲਈ ਸਾਡੇ ਸਮਾਜ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਕਿੰਨੀ ਕੁ ਪਛਾਣੀ ਹੈ। ਰੱਖੜੀ ਬੰਨ੍ਹਦੇ ਜਾਂ ਬੰਨ੍ਹਾਉਂਦੇ ਸਮੇਂ ਇਹ ਜਵਾਬਦੇਹੀ ਦਾ ਵੇਲ਼ਾ ਹੈ ਕਿ ਔਰਤਾਂ ਦੇ ਸਵੈਮਾਣ ਦੀ ਰਾਖੀ ਕਰਨ ਸਮੇਂ ਰੱਖੜੀ ਦੇ ਧਾਗੇ ਕਿੰਨੇ ਕੁ ਫ਼ਰਜ਼ ਅਦਾ ਕਰ ਸਕੇ। ਮਨੀਪੁਰ, ਹਰਿਆਣਾ, ਰਾਜਸਥਾਨ, ਕਸ਼ਮੀਰ, ਦਿੱਲੀ, ਗੁਜਰਾਤ, ਲਖ਼ੀਮਪੁਰ ਖੇੜੀ, ਸ਼ਾਹੀਨ ਬਾਗ਼ ਅਤੇ ਜੇਲ੍ਹ ਵਿਚ ਤਾੜੀਆਂ ਮੁਲਕ ਦੀਆਂ ਬੌਧਿਕ ਸ਼ਖ਼ਸੀਅਤਾਂ ਨਾਲ ਹੋ ਰਿਹਾ ਘੋਰ ਜ਼ੁਲਮ ਕੀ ਪੰਜਾਬ ਦੀ ਮਿੱਟੀ ਲਈ ਕਾਫ਼ੀ ਨਹੀਂ? ਕੀ ਅਸੀਂ ਫ਼ਿਰਕੂ ਦਰਿੰਦਗੀ ਲਈ ਮੁੱਖ ਹਿੱਟ ਲਿਸਟ ’ਤੇ ਪੰਜਾਬ ਦੇ ਆਉਣ ਦੀ ਉਡੀਕ ਕਰ ਰਹੇ ਹਾਂ? ਅਗਸਤ ਮਹੀਨੇ ਆਜ਼ਾਦੀ ਦੀ ਜੱਦੋ-ਜਹਿਦ ਵਿਚ ਸਭ ਕੁਝ ਕੁਰਬਾਨ ਕਰਨ ਵਾਲੇ 15 ਅਗਸਤ ਵਾਲੇ ਦਿਨ ਦਿੱਲੀ ਆਜ਼ਾਦੀ ਜਸ਼ਨਾਂ ਮੌਕੇ ਆਜ਼ਾਦੀ, ਜਮਹੂਰੀਅਤ, ਬਰਾਬਰੀ, ਨਿਆਂ ਤਲਾਸ਼ਦੇ ਲੋਕ ਬਿਰਖ਼ ਹੋ ਜਾਣਗੇ। ਇਸ ਦਿਨ 15 ਅਗਸਤ 1947 ਨੂੰ ਮੁਲਕ ਦੇ ਭਵਿੱਖ ਦੀ ਚਿੰਤਾ ਦੇ ਸਾਗਰ ਵਿਚ ਸਦੀਵੀ ਡੁੱਬ ਗਿਆ ਸੀ ਪਗੜੀ ਸੰਭਾਲ ਲਹਿਰ ਦਾ ਮੋਢੀ ਨਾਇਕ ਚਾਚਾ ਅਜੀਤ ਸਿੰਘ। ਕੀ ਉਹ ਸਾਨੂੰ ਯਾਦ ਰਹਿਣਗੇ?
ਇਹ ਮਹੀਨਾ ਹੜ੍ਹਾਂ ਵਿਚ ਰੁੜ੍ਹ ਗਈਆਂ ਅਨਮੋਲ ਜ਼ਿੰਦਾ, ਸਾਜ਼ੋ-ਸਾਮਾਨ, ਫਸਲਾਂ, ਮਿੱਟੀ, ਚਾਅ ਮਲਾਰਾਂ ਬਾਰੇ ਗਹਿਰ ਗੰਭੀਰ ਵਿਚਾਰਾਂ ਦਾ ਤਾਂ ਹੈ ਹੀ ਉਹ ਹੜ੍ਹ ਵੱਲ ਧਿਆਨ ਜਾਣਾ ਵੀ ਅਤੀ ਜ਼ਰੂਰੀ ਹੈ ਜਿਹੜਾ ਸਾਡੀ ਸਿੱਖਿਆ, ਸਿਹਤ, ਰੁਜ਼ਗਾਰ, ਰੋਟੀ ਰੋਜ਼ੀ, ਜੰਗਲ-ਜਲ-ਜ਼ਮੀਨ, ਮਾਂ-ਬੋਲੀ, ਇਤਿਹਾਸ, ਵਿਰਾਸਤ, ਸਭਿਆਚਾਰ ਅਤੇ ਜ਼ਿੰਦਗੀ ਦੀਆਂ ਅਨਮੋਲ ਕਲਾਵਾਂ ਨੂੰ ਸਾਡੀਆਂ ਅੱਖਾਂ ਸਾਹਵੇਂ ਹੜ੍ਹਾ ਕੇ ਲਿਜਾ ਰਿਹਾ ਹੈ।
ਜ਼ਿੰਦਗੀ ਦੇ ਵਿਸ਼ਾਲ ਕੈਨਵਸ ’ਤੇ ਆਪਣੇ ਰੰਗ ਦਿਖਾ ਰਹੇ ਅਜਿਹੇ ਅਨੇਕਾਂ ਸੁਆਲ ਨੇ ਜੋ ਸੰਵੇਦਨਸ਼ੀਲ ਮਨਾਂ ਅੰਦਰ ਪਰਿਕਰਮਾ ਕਰਦੇ ਕਰਦੇ ਬੁਝਣ, ਮੱਧਮ ਪੈਣ ਜਾਂ ਖ਼ੁਦਕੁਸ਼ੀਆਂ ਦਾ ਰਾਹ ਫੜ ਰਹੇ ਹਨ। ਅਜਿਹੇ ਹਾਲਾਤ ਨੂੰ ਸਾਡੇ ਇਤਿਹਾਸਕ ਅਤੀਤ ਦੀਆਂ ਅਮੀਰ ਕਦਰਾਂ-ਕੀਮਤਾਂ, ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਸਰ ਕਰਨ ਦੇ ਉਚੇਰੇ ਕਾਰਜ ਵੱਲ ਸੇਧਤ ਕਰਨਾ ਲਾਜ਼ਮੀ ਹੈ, ਨਹੀਂ ਤਾਂ ਜਮੂਦ ਦੀ ਹਾਲਤ ਉਦਾਸੀ ਦੇ ਆਲਮ ਵਿਚ ਲੋਕਾਈ ਨੂੰ ਹੋਰ ਵੀ ਬੁਰੀ ਤਰ੍ਹਾਂ ਜਕੜ ਲਵੇਗੀ।
ਇਸ ਪ੍ਰਸੰਗ ਵਿਚ ਦੇਸ਼ ਭਗਤ ਯਾਦਗਾਰ ਹਾਲ ਅੰਦਰ 9 ਅਗਸਤ ਦੀ ਸੰਵੇਦਨਾ ਭਰੀ ਮਿਲਣੀ ਵਿਚ ਇਤਿਹਾਸ, ਸਾਹਿਤ ਅਤੇ ਸਭਿਆਚਾਰ, ਤਰਕਸ਼ੀਲ, ਵਿਗਿਆਨ ਅਤੇ ਜਮਹੂਰੀ ਲਹਿਰ ਨਾਲ ਜੁੜੇ ਹਿੱਸੇ ਅਗਸਤ ਮਹੀਨੇ ਦੀਆਂ ਸਾਕਾ ਵੱਲਾ ਪੁਲ ਸਮੇਤ ਸਮੂਹ ਇਤਿਹਾਸਕ ਘਟਨਾਵਾਂ ਦੇ ਹਵਾਲਿਆਂ ਨਾਲ ਅਜੋਕੇ ਸਮੇਂ ਦੀਆਂ ਮੂੰਹ ਅੱਡੀਂ ਖੜ੍ਹੀਆਂ ਚੁਣੌਤੀਆਂ ਉਪਰ ਚਰਚਾ ਕੀਤੀ ਜਾ ਰਹੀ ਹੈ। ਮੁਲਕ ਦੀ ਆਜ਼ਾਦੀ ਲਈ ਲੜੇ ਸੰਗਰਾਮ ਅੰਦਰ ਵਿਲੱਖਣ ਇਨਕਲਾਬੀ ਪਛਾਣ ਰੱਖਦੀ ਗ਼ਦਰ ਪਾਰਟੀ ਦੇ ਅਨਮੋਲ ਹੀਰੇ ਜੋ ਅਗਸਤ ਮਹੀਨੇ ਸ਼ਹਾਦਤ ਦਾ ਜਾਮ ਪੀ ਗਏ, ਉਹਨਾਂ ਅਤੇ ਅਮਰੀਕੀ ਹਕੂਮਤ ਵੱਲੋਂ 6 ਤੇ 9 ਅਗਸਤ 1945 ਨੂੰ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉਪਰ ਪਰਮਾਣੂ ਬੰਬ ਧਮਾਕੇ ਕਰ ਕੇ ਲੱਖਾਂ ਲੋਕਾਂ ਨੂੰ ਪਲਾਂ ਛਿਣਾਂ ਵਿਚ ਮੌਤ ਦੀ ਗੋਦ ਵਿਚ ਸਦਾ ਦੀ ਨੀਂਦ ਸੁਲਾ ਦੇਣ ਅਤੇ ਅਪੰਗ ਕਰਨ ਦੀ ਤ੍ਰਾਸਦੀ ਪਿੱਛੇ ਕੰਮ ਕਰਦੇ ਮਾਨਵ-ਦੋਖੀ ਅਤੇ ਧਾੜਵੀ ਮਨਸ਼ਿਆਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਹੋਏਗਾ।
ਅਗਸਤ ਦੀਆਂ ਅਹਿਮ ਇਤਿਹਾਸਕ ਘਟਨਾਵਾਂ ਦੀਆਂ ਪੈੜਾਂ ਬੋਲਦੀਆਂ ਹਨ ਕਿ 9 ਅਗਸਤ 1915 ਨੂੰ ਅੰਮ੍ਰਿਤਸਰ ਜਿ਼ਲ੍ਹੇ ਨਾਲ ਸਬੰਧਿਤ ਆਤਮਾ ਸਿੰਘ ਠੱਠੀਖਾਰਾ, ਕਾਲ਼ਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ ਅਤੇ ਹਰਨਾਮ ਸਿੰਘ ਠੱਠੀਖਾਰਾ ਨੂੰ ਵੱਲਾ ਪੁਲ ਸਾਜ਼ਿਸ਼ ਕੇਸ ਵਿਚ ਅਤੇ 12 ਅਗਸਤ 1915 ਨੂੰ ਗ਼ਦਰੀ ਬੰਤਾ ਸਿੰਘ ਸੰਘਵਾਲ (ਜਲੰਧਰ), ਬੂਟਾ ਸਿੰਘ ਅਕਾਲਗੜ੍ਹ (ਲੁਧਿਆਣਾ) ਨੂੰ ਕੇਂਦਰੀ ਜੇਲ੍ਹ ਲਾਹੌਰ ਵਿਚ, 17 ਅਗਸਤ 1909 ਨੂੰ ਲੰਡਨ ਵਿਚ ਮਦਨ ਲਾਲ ਢੀਂਗਰਾ, ਰਾਮ ਕਿਸ਼ਨ ਵਿਸ਼ਵਾਸ ਨੂੰ 4 ਅਗਸਤ 1931 ਨੂੰ ਅਲੀਪੁਰ ਜੇਲ੍ਹ (ਬੰਗਾਲ), ਪਿੰਡ ਪਿੱਥੋ (ਬਠਿੰਡਾ) ਦੇ ਕੂਕਾ ਲਹਿਰ ਦੇ ਯੋਧਿਆਂ ਨੂੰ 5 ਅਗਸਤ 1871 ਨੂੰ ਰਾਏਕੋਟ (ਲੁਧਿਆਣਾ) ਦੀ ਜੇਲ੍ਹ ਵਿਚ, ਬੱਬਰ ਕਰਤਾਰ ਸਿੰਘ ਕਿਰਤੀ ਚੱਕ ਕਲਾਂ (ਜਲੰਧਰ), ਬੱਬਰ ਅਕਾਲੀ ਦਲੇਰ ਸਿੰਘ ਮੰਢਾਲੀ (ਜਲੰਧਰ), ਖ਼ੁਦੀ ਰਾਮ ਬੋਸ ਨੂੰ 11 ਅਗਸਤ 1908 ਨੂੰ ਫਾਂਸੀ ਲਾਇਆ ਗਿਆ। ਕਰਨੈਲ ਸਿੰਘ ਈਸੜੂ ਦੀ 15 ਅਗਸਤ 1955 ਨੂੰ ਸ਼ਹਾਦਤ ਹੋਈ। 21 ਅਗਸਤ 1922 ਨੂੰ ਗੁਰੂ ਕੇ ਬਾਗ਼ ਦੇ ਮੋਰਚੇ ਦਾ ਆਰੰਭ ਹੋਇਆ। 23 ਅਗਸਤ 2002 ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਜਾਗੀਰ ਸਿੰਘ ਜੋਗਾ ਦਾ ਵਿਛੋੜਾ ਹੋਇਆ। ਇਹਨਾਂ ਸਭਨਾਂ ਦੇ ਵਿਚੀਂ ਗੁਜ਼ਰਦਿਆਂ ਚਿੰਤਨ ਮਿਲਣੀ ਇਹਨਾਂ ਦੇ ਅਜੋਕੇ ਸਮੇਂ ਪ੍ਰਸੰਗਕਤਾ ਉਭਾਰਨ ਲਈ ਸੰਵਾਦ ਰਚਾਏਗੀ।
ਇਹ ਸਿਲਸਿਲੇਵਾਰ ਮਿਲਣੀਆਂ ਇੱਕ ਤਰ੍ਹਾਂ ਗ਼ਦਰੀ ਬਾਬਿਆਂ ਦੇ ਮੇਲੇ ਵਾਂਗ ਹਰ ਮਹੀਨੇ ‘ਵਿਚਾਰ ਚਰਚਾਵਾਂ ਦੀ ਮਿਲਣੀ’ ਸਥਾਪਤ ਹੋਣਗੀਆਂ। ਮਿਲਣੀ ਕਾਫ਼ਲੇ ਦਾ ਇਹ ਉੱਦਮ ਪੰਜਾਬ ਨੂੰ ਚੇਤਨਾ ਅਤੇ ਚਿੰਤਨ ਦੇ ਲੜ ਲਾਉਣਾ, ਖ਼ਾਸ ਕਰ ਕੇ ਪੰਜਾਬ ਦੀ ਜੁਆਨੀ ਨੂੰ ਮ੍ਰਿਗ ਤ੍ਰਿਸ਼ਨਾਵਾਂ, ਭਟਕਣਾਂ, ਕੁਰਾਹਿਆਂ ਤੋਂ ਬਚਾ ਕੇ, ਸਿਰਜਣਾਤਕ ਪ੍ਰਕਿਰਿਆਂ ਸੰਗ ਜੋੜਨ ਲਈ ਹੈ। ਹਰ ਮਹੀਨੇ ਮੰਥਨ ਹੋਏਗਾ ਕਿ ਸਾਡੇ ਐਨੇ ਮਹਾਨ ਇਤਿਹਾਸ ਅਤੇ ਵਿਰਾਸਤ ਦੇ ਬਾਵਜੂਦ ਲੋਕ ਅਜੇ ਵੀ ਹਨੇਰਾ ਕਿਉਂ ਢੋਅ ਰਹੇ ਹਨ? ਲੋਕ ਹੋਰ ਕਿੰਨੀ ਦੇਰ ਅਜਿਹੀ ਘੁੰਮਣਘੇਰੀ ਵਿਚ ਹੀ ਘਿਰੇ ਰਹਿਣਗੇ। ਕੁਰਬਾਨੀਆਂ, ਸ਼ਹੀਦੀਆਂ, ‘ਮਰਨੋਂ ਮੂਲ਼ ਨਾ ਡਰਨ ਵਾਲੇ, ਖਾੜਕੂ, ਸੀਸ ਤਲੀ ’ਤੇ ਧਰਨ ਵਾਲੇ, ਮੌਤ ਨੂੰ ਮਖੌਲਾਂ ਕਰਨ ਵਾਲੇ’ ਵਰਗੀਆਂ ਵਡਿਆਈਆਂ ਸੁਣ ਕੇ ਗੈਰ-ਹਕੀਕੀ ਹਵਾਵਾਂ ਵਿਚ ਉੱਡਣ ਦੀ ਬਜਾਇ ਆਪਣੀ ਜ਼ਿੰਦਗੀ ਦੇ ਹਕੀਕੀ ਸੁਆਲਾਂ ਅਤੇ ਆਪਣੀ ਹਕੀਕੀ ਭੂਮਿਕਾ ਵੱਲ ਕਿਵੇਂ ਮੋੜਾ ਕੱਟਣਗੇ, ਇਹ ਇਨ੍ਹਾਂ ਚਿੰਤਨ ਮਿਲਣੀਆਂ ਲਈ ਸੁਆਲਾਂ ਦਾ ਸੁਆਲ ਹੈ। ਵਿਅਕਤੀਗਤ ਨਾਇਕਪੁਣੇ ਤੋਂ ਉਪਰ ਉੱਠ ਕੇ ਗ਼ਦਰ ਪਾਰਟੀ ਅਤੇ ਉਸ ਤੋਂ ਅਗਲੀਆਂ ਇਤਿਹਾਸਕ ਲੜੀਆਂ ਦੇ ਸਹੀ ਪ੍ਰਸੰਗ ਵਿਚ ਸੰਤੁਲਤ ਮੁਲੰਕਣ ਦਾ ਚਿੰਤਨਸ਼ੀਲ ਸਿਲਸਿਲਾ ਸਾਰਥਕ ਰੂਪ ਵਿਚ ਸਾਹਮਣੇ ਆ ਸਕੇ ਤਾਂ ਇਹ ਮਾਣਯੋਗ ਕਾਰਜ ਹੋਏਗਾ। ਸਾਡੇ ਸਮਿਆਂ ਵਿਚ ਲੋੜੀਂਦੀਆਂ ਇਹ ਚਿੰਤਨ ਮਿਲਣੀਆਂ ਮੱਥੇ ਵੱਜਦੇ ਤਿੱਖੇ ਸੁਆਲਾਂ ਦਾ ਕੋਈ ਸਾਰਥਕ ਹੱਲ ਤਲਾਸ਼ਣ ਵਿਚ ਮਦਦਗਾਰ ਹੋਣ ਅਤੇ ਇਸ ਫ਼ਿਕਰ ਦੀ ਬਾਂਹ ਫੜਨ ਦੇ ਕਾਬਲ ਹੋਣ ਲਈ ਸਕੂਲ ਦਾ ਕੰਮ ਕਰਨਗੀਆਂ।
ਸੰਪਰਕ: 98778-68710