ਭਾਰਤੀ ਕਿਸਾਨ ਯੂਨੀਅਨ ਦੇ ਅੰਦੋਲਨ ਦਾ ਅਸਰ ਮੰਡੀਆਂ ਵਿੱਚ ਦਿਖਣ ਲੱਗਿਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਜੂਨ
ਮਾਰਕੀਟ ਕਮੇਟੀ ਦੇ ਸਕੱਤਰ ਕ੍ਰਿਸ਼ਨ ਕੁਮਾਰ ਮਲਿਕ ਆਪਣੇ ਦਫਤਰ ਤੇ ਹੋਰ ਅਧਿਕਾਰੀਆਂ ਨਾਲ ਅੱਜ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਮਿਲਣ ਪੁੱਜੇ। ਉਨ੍ਹਾਂ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਸੂਰਜਮੁਖੀ ਦੀ ਫ਼ਸਲ ਭਾਵੰਤਰ ਭਰਪਾਈ ਯੋਜਨਾ ਤਹਿਤ ਵੇਚਣ ਦੀ ਅਪੀਲ ਕੀਤੀ। ਕਿਸਾਨ ਮਹਿੰਦਰ ਸਿੰਘ, ਗੁਰਮੀਤ ਸਿੰਘ, ਲਾਭ ਸਿੰਘ ਅਸ਼ੋਕ ਕੁਮਾਰ, ਸਣੇ ਮੰਡੀ ਵਿੱਚ ਮੌਜੂਦ ਕਈ ਕਿਸਾਨਾਂ ਨਾਲ ਗਲਬਾਤ ਕਰਦੇ ਮਾਰਕੀਟ ਕਮੇਟੀ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਭਾਵੰਤਰ ਭਰਪਾਈ ਯੋਜਨਾ ਤਹਿਤ ਸਰਕਾਰ ਤੁਹਾਡੇ ਕੋਲੋਂ ਸੂਰਜਮੁਖੀ ਖਰੀਦਣ ਆਈ ਹੈ। ਸਕੱਤਰ ਦੀ ਗਲ ਨੂੰ ਸਿਰੇ ਤੋਂ ਨਕਾਰਦੇ ਹੋਏ ਜ਼ਿਆਦਾਤਰ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਤੇ ਸਰਕਾਰ ਵਿਚਾਲੇ ਫੈਸਲਾ ਹੋਣ ਤਕ ਕੁਝ ਵੀ ਨਾ ਕਹਿਣ ਦੀ ਗੱਲ ਕੀਤੀ। ਕਿਸਾਨਾਂ ਨੇ ਕਿਹਾ ਕਿ ਜਦ ਤਕ ਭਾਰਤੀ ਕਿਸਾਨ ਯੂਨੀਅਨ ਤੇ ਸਰਕਾਰ ਵਿਚ ਕੋਈ ਫੈਸਲਾ ਨਹੀਂ ਹੋ ਜਾਂਦਾ ਤਦ ਤਕ ਉਹ ਆਪਣੀ ਫਸਲ ਦਾ ਇਕ ਦਾਣਾ ਵੀ ਨਹੀਂ ਵੇਚਣਗੇ। ਅਜਿਹੀ ਹਾਲਤ ਵਿਚ ਮੰਡੀ ਦੇ ਚਾਰੇ ਪਾਸੇ ਸੂਰਜਮੁਖੀ ਦੇ ਅੰਬਾਰ ਲਗੇ ਹੋਏ ਹਨ। ਅਨਾਜ ਮੰਡੀ ਦਾ ਕੋਈ ਵੀ ਫੜ੍ਹ ਜਾਂ ਸ਼ੈੱਡ ਅਜਿਹਾ ਨਹੀਂ ਜਿਥੇ ਸੂਰਜਮੁਖੀ ਖਿਲਰੀ ਪਈ ਨਾ ਹੋਵੇ। ਇਥੋਂ ਤਕ ਮੰਡੀ ਵਿਚ ਥਾਂ ਨਾ ਹੋਣ ਦੇ ਬਾਵਜੂਦ ਕਿਸਾਨ ਅਨਾਜ ਮੰਡੀ ਦੀਆਂ ਸਾਰੀਆਂ ਸੜਕਾਂ ਤੋਂ ਇਲਾਵਾ ਬਰਾੜਾ ਰੋਡ, ਲਾਡਵਾ ਰੋਡ ‘ਤੇ ਫਸਲ ਸੁਕਾਉਣ ਲਈ ਮਜਬੂਰ ਹਨ। ਹਜ਼ਾਰਾਂ ਕੁਇੰਟਲ ਸੂਰਜਮੁਖੀ ਸੁਕਾ ਕੇ ਕਈ ਕਿਸਾਨ ਆਪਣੇ ਘਰਾਂ ਵਿਚ ਲਿਜਾ ਚੁੱਕੇ ਹਨ। ਕਿਸਾਨਾਂ ਵੱਲੋਂ ਸੂਰਜਮੁਖੀ ਭਾਵੰਤਰ ਭਰਪਾਈ ਯੋਜਨਾ ਰਾਹੀਂ ਨਾ ਵੇਚ ਕੇ ਸਿਰਫ ਘੱਟੋ ਘੱਟ ਸਮਰਥਨ ਮੁੱਲ ਦੇ ਵੇਚਣ ਦੇ ਸੰਘਰਸ਼ ਦੌਰਾਨ ਅਜੇ ਤੱਕ ਇਕ ਦਾਣਾ ਵੀ ਖਰੀਦਿਆ ਨਹੀਂ ਗਿਆ। ਉਧਰ, ਅਨਾਜ ਮੰਡੀ ਵਿਚ ਅਜੇ ਤਕ ਸੂਰਜਮੁੱਖੀ ਦੀ ਖਰੀਦ ਸ਼ੁਰੂ ਨਾ ਹੋਣ ਦੀ ਵਜ੍ਹਾ ਬਣੀ ਐੱਮਐੱਸਪੀ ਦੀ ਲੜਾਈ ਬਾਦਸਤੂਰ ਜਾਰੀ ਹੈ। ਜਿੱਥੇ ਸਰਕਾਰ ਭਾਵੰਤਰ ਭਰਪਾਈ ਯੋਜਨਾ ਨੂੰ ਲੈ ਕੇ ਟਸ ਤੋਂ ਮਸ ਹੋਣ ਲਈ ਤਿਆਰ ਨਹੀਂ, ਉਥੇ ਹੀ ਕਿਸਾਨ ਸੂਰਜਮੁਖੀ ਨੂੰ ਘੱਟੋ ਘੱਟ ਮੁੱਲ ‘ਤੇ ਵੇਚਣ ਲਈ ਅੜੇ ਹੋਏ ਹਨ। ਇਸ ਦੇ ਬਾਵਜੂਦ ਕਿਸਾਨ ਸੰਘਰਸ਼ ਵੀ ਕਰ ਰਹੇ ਹਨ। ਕਿਸਾਨਾਂ ਨੇ ਜੀਟੀ ਰੋਡ ਤੋਂ ਉਠ ਕੇ ਹੁਣ ਸ਼ਾਹਬਾਦ ਦੇ ਨੇੜੇ ਲਿੰਕ ਸੜਕਾਂ ‘ਤੇ ਧਰਨੇ ਲਾਏ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ 4800 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਉਪਰ 1000 ਰੁਪਏ ਦੇ ਭਾਵੰਤਰ ਦੀ ਕੋਈ ਲਿਖਤੀ ਗਾਰੰਟੀ ਨਹੀਂ ਹੈ। ਹਾਲਾਂ ਕਿ ਮਾਰਕੀਟ ਕਮੇਟੀ ਦੇ ਸਕੱਤਰ ਕ੍ਰਿਸ਼ਨ ਮਲਿਕ ਨੇ ਕਿਸਾਨਾਂ ਨੂੰ ਸਮਝਾਉਂਦੇ ਹੋਏ ਲਿਖਤੀ ਗਾਰੰਟੀ ਦੇਣ ਦੀ ਗੱਲ ਕਹੀ। ਪਰ ਭਾਵੰਤਰ ਭਰਪਾਈ ਯੋਜਨਾ ਵਿਚ ਆਪਣੇ ਪਹਿਲਾਂ ਦੇ ਤਜਰਬੇ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਅਜੇ ਤਕ ਪਿਛਲੇ ਸਾਲ ਦੇ ਆਲੂਆਂ ਦਾ ਭਾਵੰਤਰ ਦਾ ਪੈਸਾ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਆਇਆ, ਜਿਸ ਕਰਕੇ ਉਨ੍ਹਾਂ ਦਾ ਭਾਵੰਤਰ ਭਰਪਾਈ ਯੋਜਨਾ ‘ਤੇ ਭਰੋਸਾ ਨਹੀਂ ਰਿਹਾ।