For the best experience, open
https://m.punjabitribuneonline.com
on your mobile browser.
Advertisement

ਯੂਰੋਪੀਅਨ ਸ਼ਹਿਰ ਦਾ ਭੁਲੇਖਾ

05:17 AM Dec 04, 2024 IST
ਯੂਰੋਪੀਅਨ ਸ਼ਹਿਰ ਦਾ ਭੁਲੇਖਾ
Advertisement

ਸ ਸ ਛੀਨਾ

Advertisement

ਸਾਡਾ ਪਰਿਵਾਰ 1947 ਵਿੱਚ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਤੋਂ ਰਫਿਊਜੀਆਂ ਵਜੋਂ ਧਾਰੀਵਾਲ ਸ਼ਹਿਰ ਦੇ ਨਜ਼ਦੀਕ ਆਇਆ। 1950 ਵਿੱਚ ਮੈਂ ਮਿਸ਼ਨ ਸਕੂਲ ਧਾਰੀਵਾਲ ਵਿੱਚ ਦਾਖ਼ਲ ਹੋਇਆ ਜਿਸ ਨੂੰ ਮਿਸ਼ਨਰੀ ਸੁਸਾਇਟੀ ਚਲਾ ਰਹੀ ਸੀ। ਅਸੀਂ ਉਸ ਸਮੇਂ ਸ਼ਹਿਰ ਵਿੱਚ ਕਈ ਅੰਗਰੇਜ਼ ਔਰਤਾਂ ਨੂੰ ਘੋੜਿਆਂ ’ਤੇ ਚੜ੍ਹੇ ਹੋਏ ਦੇਖਦੇ ਹੁੰਦੇ ਸਾਂ। ਅੰਗਰੇਜ਼ ਲੜਕੇ ਸਰਦੀਆਂ ਦੇ ਦਿਨਾਂ ’ਚ ਸਕੂਲ ਦੇ ਨਾਲ ਦੀਆਂ ਗਰਾਊਂਡਾਂ ’ਚ ਫੁਟਬਾਲ ਖੇਡਦੇ। ਕਈ ਅੰਗਰੇਜ਼ ਔਰਤਾਂ ਆਪਣੇ ਬੱਚਿਆਂ ਨੂੰ ਪਰੈਮ ਵਿੱਚ ਸੈਰ ਕਰਵਾਉਂਦੀਆਂ ਪਰ ਉਹ ਕਿਸੇ ਨਾਲ ਵੀ ਗੱਲ ਨਹੀਂ ਸਨ ਕਰਦੀਆਂ। ਜਾਣਕਾਰੀ ਵਿੱਚ ਜਿਉਂ-ਜਿਉਂ ਵਾਧਾ ਹੁੰਦਾ ਗਿਆ ਤਾਂ ਪਤਾ ਲੱਗਿਆ ਕਿ ਇੰਗਲੈਂਡ ਤੋਂ ਆਏ ਅੰਗਰੇਜ਼ਾਂ ਨੇ ਇਸ ਸ਼ਹਿਰ ਨੂੰ ਇੰਗਲੈਂਡ ਦੇ ਸ਼ਹਿਰਾਂ ਵਾਂਗ ਵਿਕਸਤ ਕੀਤਾ ਸੀ।
1849 ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਸਾਰਾ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸੀ ਅਤੇ ਇੰਗਲੈਂਡ ਦੀਆਂ ਕਈ ਕੰਪਨੀਆਂ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਕਾਰਖਾਨੇ ਤਾਂ ਲਾਏ ਸਨ ਪਰ ਪੰਜਾਬ ਉਨ੍ਹਾਂ ਦੇ ਅਧਿਕਾਰ ਤੋਂ ਬਾਹਰ ਹੋਣ ਕਰ ਕੇ ਇੱਥੇ ਉਨ੍ਹਾਂ ਦਾ ਕੋਈ ਕਾਰੋਬਾਰ ਨਹੀਂ ਸੀ। 1849 ਵਿੱਚ ਦੂਸਰੀ ਐਂਗਲੋ-ਸਿੱਖ ਜੰਗ ਤੋਂ ਬਾਅਦ ਪੰਜਾਬ ਵੀ ਅੰਗਰੇਜ਼ਾਂ ਅਧੀਨ ਆ ਗਿਆ ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਵਿੱਚ ਵੀ ਕਈ ਕਾਰੋਬਾਰ ਸ਼ੁਰੂ ਕੀਤੇ।
ਸਾਡਾ ਸ਼ਹਿਰ ਧਾਰੀਵਾਲ ਛੋਟਾ ਜਿਹਾ ਪਿੰਡ ਹੀ ਸੀ ਜਿਸ ਦੇ ਨਾਲ ਅੱਪਰ ਬਾਰੀ ਦੁਆਬ ਨਹਿਰ ਵਗਦੀ ਸੀ। ਵੱਖ-ਵੱਖ ਖੇਤਰਾਂ ਦੀ ਸਿੰਜਾਈ ਲਈ ਨਹਿਰ ਦੇ ਕਈ ਰਜਵਾਹ ਵੀ ਇੱਥੋਂ ਹੀ ਨਿਕਲਦੇ ਸਨ। ਬ੍ਰਿਟਿਸ਼ ਇੰਡੀਆ ਕਾਰਪੋਰੇਸ਼ਨ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਕਾਰੋਬਾਰ ਕਰ ਰਹੀ ਸੀ। 1880 ਵਿੱਚ ਉਨ੍ਹਾਂ ਦੀ ਨਜ਼ਰ ਧਾਰੀਵਾਲ ’ਤੇ ਪਈ ਅਤੇ ਉਨ੍ਹਾਂ ਨੇ ਇੱਥੇ ਗਰਮ ਕੱਪੜੇ ਦੀ ਮਿੱਲ ਲਾਉਣੀ ਸ਼ੁਰੂ ਕਰ ਦਿੱਤੀ। ਇਸ ਖੇਤਰ ’ਚ ਉੱਨ ਨਹੀਂ ਸੀ ਮਿਲਦੀ, ਮਿੱਲ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਉੱਨ ਮੰਗਵਾ ਕੇ ਗਰਮ ਕੱਪੜੇ ਜਿਵੇਂ ਲੋਈਆਂ, ਜਰਸੀਆਂ, ਸਵੈਟਰਾਂ, ਕੰਬਲ ਆਦਿ ਬਣਾ ਕੇ ਦੁਨੀਆ ਭਰ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ। ਇਉਂ ਧਾਰੀਵਾਲ ਦਾ ਨਾਂ ਉਸ ਮਿੱਲ ਕਰ ਕੇ ਹਰ ਥਾਂ ਪ੍ਰਸਿੱਧ ਹੋ ਗਿਆ।
ਮਿੱਲ ਵਿੱਚ ਅਤੇ ਇਰਦ-ਗਿਰਦ ਖੇਤਰ ਨੂੰ ਇੰਗਲੈਂਡ ਦੇ ਕਿਸੇ ਸ਼ਹਿਰ ਵਾਂਗ ਵਿਕਸਤ ਕੀਤਾ ਗਿਆ। ਕਰਮਚਾਰੀਆਂ ਲਈ ਯੋਜਨਾਬੰਦ ਢੰਗ ਨਾਲ ਕੁਆਰਟਰ ਬਣਾਏ, ਮਿੱਲ ਦੇ ਅਫਸਰਾਂ ਲਈ ਵੱਡੀਆਂ ਕੋਠੀਆਂ। ਕਈ ਤਰ੍ਹਾਂ ਦੇ ਦਰੱਖ਼ਤ ਇੰਗਲੈਂਡ ਤੋਂ ਲਿਆ ਕੇ ਸ਼ਹਿਰ ਨੂੰ ਹਰਿਆ-ਭਰਿਆ ਕਰ ਦਿੱਤਾ। ਸ਼ਹਿਰ ਦੇ ਇਰਦ-ਗਿਰਦ ਇਲਾਕੇ ਦੇ ਲੋਕਾਂ ਦੇ ਖੇਡਣ ਲਈ ਖੁੱਲ੍ਹੀਆਂ ਗਰਾਊਂਡਾਂ ਅਤੇ ਗੋਲਫ ਗਰਾਊਂਡ ਜਿਹੜੀ ਉਸ ਵਕਤ ਜਾਂ ਧਾਰੀਵਾਲ ਹੁੰਦੀ ਸੀ ਜਾਂ ਲਾਹੌਰ। ਇਸ ਗੋਲਫ ਗਰਾਊਂਡ ਵਿੱਚ ਮਿੱਲ ਵਿੱਚ ਲੱਗੇ ਅੰਗਰੇਜ਼ ਅਫਸਰ ਖੇਡਦੇ ਸਨ। ਮਿੱਲ ’ਚ ਕਲੱਬ ਜਿਸ ’ਚ ਹਰ ਆਧੁਨਿਕ ਖੇਡ ਜਿਵੇਂ ਬੈਡਮਿੰਟਨ, ਟੈਨਿਸ, ਸਕੁਐਸ਼, ਬਿਲੀਅਰਡ ਆਦਿ ਸਭ ਕੁਝ ਸੀ।
ਇੱਕ ਹੋਰ ਮਿਸ਼ਨਰੀ ਸਾਲਵੇਸ਼ਨ ਆਰਮੀ ਨੇ ਧਾਰੀਵਾਲ ਵਿੱਚ ਆਧੁਨਿਕ ਸਹੂਲਤਾਂ ਵਾਲਾ ਮੈਕਰਾਬਰਟ ਹਸਪਤਾਲ ਬਣਾ ਦਿੱਤਾ ਜਿਸ ਦੇ ਡਾਕਟਰ ਅਤੇ ਨਰਸਾਂ ਅੰਗਰੇਜ਼ ਸਨ। 1904 ਵਿੱਚ ਲੜਕੇ ਤੇ ਲੜਕੀਆਂ ਦਾ ਸਕੂਲ ਅਤੇ ਸਕੂਲ ਨਾਲ ਹੋਸਟਲ ਦੀ ਸਹੂਲਤ ਵੀ ਹੋ ਗਈ। ਸ਼ਹਿਰ ਵਿੱਚ ਸੈਰ ਕਰਨ ਲਈ ਫੁੱਟਪਾਥ ਬਣਾਇਆ; ਸ਼ਾਇਦ ਪੰਜਾਬ ਵਿੱਚ ਇਹ ਇੱਕੋ ਸ਼ਹਿਰ ਸੀ ਜਿੱਥੇ ਉਸ ਵਕਤ ਤੁਰਨ ਲਈ ਵੱਖਰਾ ਫੁੱਟਪਾਥ ਸੀ।
ਸਭ ਤੋਂ ਵੱਡੀ ਗੱਲ, ਉਸ ਖੇਤਰ ਦੇ ਕੋਈ 6000 ਕਰਮਚਾਰੀ ਮਿੱਲ ਵਿੱਚ ਨੌਕਰੀ ਕਰਦੇ ਸਨ ਜਿਸ ਨੇ ਇਸ ਖੇਤਰ ਦੀ ਆਰਥਿਕਤਾ ਨੂੰ ਬੜੀ ਮਜ਼ਬੂਤੀ ਦਿੱਤੀ। ਸਕੂਲ ਦੇ ਅਧਿਆਪਕਾਂ ਨੂੰ ਮਿਸ਼ਨਰੀ ਭਾਵਨਾ ਨਾਲ ਅਤੇ ਹਸਪਤਾਲ ਦੇ ਡਾਕਟਰਾਂ, ਨਰਸਾਂ ਨੂੰ ਹਰ ਵਕਤ ਮਨੁੱਖਤਾ ਦੀ ਸੇਵਾ ਦਾ ਪਾਠ ਪੜ੍ਹਾਇਆ ਜਾਂਦਾ ਸੀ। ਉਸ ਵਕਤ ਦਾ ਧਾਰੀਵਾਲ ਸ਼ਹਿਰ ਕਿਸੇ ਯੂਰੋਪੀਅਨ ਸ਼ਹਿਰ ਦਾ ਭੁਲੇਖਾ ਪਾਉਂਦਾ ਸੀ।

Advertisement

Advertisement
Author Image

joginder kumar

View all posts

Advertisement