ਸੰਘਰਸ਼ ਨੂੰ ਕਵਿਤਾ ਵਾਂਗ ਪਰਦੇ ’ਤੇ ਰਚਣ ਵਾਲਾ ਫਿਲਮਸਾਜ਼ ਸ਼ਿਆਮ ਬੈਨੇਗਲ
ਡਾ. ਕ੍ਰਿਸ਼ਨ ਕੁਮਾਰ ਰੱਤੂ
ਫਿਲਮਸਾਜ਼ ਸ਼ਿਆਮ ਬੈਨੇਗਲ ਦੀ ਮੌਤ ਨਾਲ ਭਾਰਤੀ ਫਿਲਮਾਂ ਦਾ ਸੁਨਹਿਰਾ ਯੁੱਗ ਖ਼ਤਮ ਹੋ ਗਿਆ। ਉਹ ਕਿਹਾ ਕਰਦੇ ਸਨ: “ਸਿਨੇਮਾ ਸਾਡੇ ਸਮਾਜ ਦਾ ਚਿਤਰਨ ਤੇ ਉਹ ਕਲਾ ਹੈ ਜੋ ਲੋਕ ਮਨਾਂ ਨੂੰ ਪਰਦੇ ’ਤੇ ਦਿਖਾਉਂਦਾ ਹੈ। ਭਾਰਤੀ ਲੋਕਾਂ ਦੇ ਦਿਲ ਵਿੱਚ ਵਸਿਆ ਸਿਨੇਮਾ ਅਸਲ ਵਿੱਚ ਭਾਰਤੀਆਂ ਦੀ ਜ਼ਿੰਦਗੀ ਹੈ।” ਦੇਸ਼ ਦੇ ਚੋਟੀ ਦੇ ਉਨ੍ਹਾਂ ਫਿਲਮਸਾਜ਼ਾਂ ਵਿੱਚੋਂ ਸਨ ਜਿਨ੍ਹਾਂ ਨੂੰ ਫਿਲਮ ਦੀ ਵਿਆਕਰਨ ਦਾ ਮਾਸਟਰ ਮੰਨਿਆ ਜਾਂਦਾ ਰਿਹਾ ਹੈ।
ਕੌਮਾਂਤਰੀ ਪੱਧਰ ’ਤੇ ਭਾਰਤੀ ਫਿਲਮਾਂ ਦੀ ਪਛਾਣ ਕਰਵਾਉਣ ਵਾਲੇ ਮਿਸਾਲੀ ਫਿਲਮਸਾਜ਼ ਸੱਤਿਆਜੀਤ ਰੇਅ ਤੋਂ ਬਾਅਦ ਸ਼ਿਆਮ ਬੈਨੇਗਲ ਅਜਿਹੇ ਫਿਲਮਸਾਜ਼ ਸਨ ਜਿਨ੍ਹਾਂ ਨੇ ਭਾਰਤ ਨੂੰ ਉਸ ਕਲਾ ਨਕਸ਼ੇ ’ਤੇ ਆਬਾਦ ਕੀਤਾ। ਉਨ੍ਹਾਂ ਭਾਰਤੀ ਜਨਜੀਵਨ, ਲੋਕਾਂ ਦੀਆਂ ਸਮੱਸਿਆਵਾਂ ਅਤੇ ਆਮ ਲੋਕਾਂ ਦੀ ਗੱਲ ਨੂੰ ਪਰਦੇ ’ਤੇ ਲਿਆਂਦਾ। ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਫਿਲਮਸਾਜ਼ੀ ਦੇ ਲੇਖੇ ਲਾਈ। ਉਨ੍ਹਾਂ 35 ਤੋਂ ਜ਼ਿਆਦਾ ਫਿਲਮਾਂ, 1500 ਤੋਂ ਜ਼ਿਆਦਾ ਇਸ਼ਤਿਹਾਰੀ ਫਿਲਮਾਂ ਅਤੇ ਟੈਲੀਵਿਜ਼ਨ ਵਾਸਤੇ ਲੜੀਵਾਰ ਬਣਾਏ। ਇਨ੍ਹਾਂ ਵਿੱਚੋਂ ‘ਭਾਰਤ ਏਕ ਖੋਜ’ ਦੂਰਦਰਸ਼ਨ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਲੜੀਵਾਰਾਂ ਵਿੱਚ ਸ਼ੁਮਾਰ ਹੋਇਆ। ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਕਿਤਾਬ ‘ਡਿਸਕਵਰੀ ਆਫ ਇੰਡੀਆ’ ’ਤੇ ਆਧਾਰਿਤ ਇਸ ਲੜੀਵਾਰ ਵਿੱਚ ਉਨ੍ਹਾਂ ਭਾਰਤ ਬਾਰੇ ਉਹ ਘਟਨਾਵਾਂ ਪੇਸ਼ ਕੀਤੀਆਂ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ।
ਉਨ੍ਹਾਂ ਦੀਆਂ ਫਿਲਮਾਂ ਨੇ ਸਮਾਨਾਂਤਰ ਸਿਨੇਮੇ ਵਾਲੀ ਲਹਿਰ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਆਪਣੀਆਂ ਫਿਲਮਾਂ ਵਿੱਚ ਭਾਰਤੀਆਂ ਦੀ ਸਾਧਾਰਨ ਜ਼ਿੰਦਗੀ ਰੂਪਮਾਨ ਕੀਤੀ, ਸਾਧਾਰਨ ਕਲਾਕਾਰਾਂ ਨਾਲ ਅਸਾਧਾਰਨ ਫਿਲਮਾਂ ਬਣਾਈਆਂ। ਉਨ੍ਹਾਂ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਸ਼ਬਾਨਾ ਆਜ਼ਮੀ, ਓਮ ਪੁਰੀ, ਸਾਧੂ ਮਿਹਰ ਵਰਗੇ ਕਲਾਕਾਰ ਤਰਾਸ਼ੇ। ਇਨ੍ਹਾਂ ਦੀ ਅਦਾਕਾਰੀ ਦਾ ਲੋਹਾ ਅੱਜ ਪੂਰੀ ਦੁਨੀਆ ਮੰਨਦੀ ਹੈ।
ਸ਼ਿਆਮ ਬੈਨੇਗਲ ਮੇਰੇ ਲਈ ਹਮੇਸ਼ਾ ਪ੍ਰੇਰਨਾਦਾਇਕ ਬਣੇ ਰਹੇ। ਫਿਲਮ ਇੰਸਟੀਚਿਊਟ ਦੀ ਕਨਵੋਕੇਸ਼ਨ ਵਿੱਚ ਡਿਗਰੀ ਉਨ੍ਹਾਂ ਤੋਂ ਮਿਲੀ ਸੀ। ਬਾਅਦ ਵਿੱਚ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਵਿੱਚ ਉਨ੍ਹਾਂ ਨੂੰ ਜਾਣਨ, ਸਮਝਣ ਤੇ ਸਿੱਖਣ ਦਾ ਜਿਹੜਾ ਮੌਕਾ ਮਿਲਿਆ, ਉਹ ਮੇਰੀ ਜ਼ਿੰਦਗੀ ਦੇ ਅਭੁੱਲ ਪਲ ਹਨ।
ਸ਼ਿਆਮ ਬੈਨੇਗਲ ਨੂੰ ਫਿਲਮੀ ਵਿਰਾਸਤ ਆਪਣੇ ਪਰਿਵਾਰਕ ਮਾਹੌਲ ’ਚੋਂ ਮਿਲੀ। ਉਨ੍ਹਾਂ ਦੇ ਪਿਤਾ ਹੈਦਰਾਬਾਦ ਵਿੱਚ ਸਿਨਮਾਟੋਗ੍ਰਾਫਰ ਸਨ ਅਤੇ ਕਰਨਾਟਕ ਦੇ ਕੋਂਕਣੀ ਬੋਲਣ ਵਾਲੇ ਪਰਿਵਾਰ ਨਾਲ ਸਬੰਧਿਤ ਸਨ। ਸ਼ਿਆਮ ਬੈਨੇਗਲ ਦਾ ਜਨਮ 14 ਦਸੰਬਰ 1934 ਨੂੰ ਹੈਦਰਾਬਾਦ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ੍ਰੀਧਰ ਬੀ ਬੈਨੇਗਲ ਮੂਲ ਰੂਪ ਵਿੱਚ ਫੋਟੋਗ੍ਰਾਫਰ ਸਨ। ਉਨ੍ਹਾਂ ਸ਼ਿਆਮ ਬੈਨੇਗਲ ਨੂੰ ਛੋਟਾ ਕੈਮਰਾ ਦਿੱਤਾ ਜਿਸ ਨਾਲ ਉਨ੍ਹਾਂ ਆਪਣੀ ਪਹਿਲੀ ਫਿਲਮ 12 ਸਾਲ ਦੀ ਉਮਰ ਵਿੱਚ ਬਣਾਈ। ਉਨ੍ਹਾਂ ਹੈਦਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਡਿਗਰੀ ਹਾਸਿਲ ਕੀਤੀ ਅਤੇ ਹੈਦਰਾਬਾਦ ਫਿਲਮ ਸੁਸਾਇਟੀ ਦੀ ਸਥਾਪਨਾ ਕੀਤੀ।
1959 ਵਿੱਚ ਉਨ੍ਹਾਂ ਮੁੰਬਈ ਦੀ ਇੱਕ ਐਡਵਰਟਾਈਜਿ਼ੰਗ ਏਜੰਸੀ ਵਿੱਚ ਕੰਮ ਸ਼ੁਰੂ ਕੀਤਾ। 1962 ਵਿੱਚ ਉਨ੍ਹਾਂ ਪਹਿਲੀ ਦਸਤਾਵੇਜ਼ੀ ਫਿਲਮ ‘ਘਰ ਬੈਠ ਗੰਗਾ ਨਾਲ’ (ਗੁਜਰਾਤੀ) ਬਣਾਈ। 1963 ਵਿੱਚ ਉਨ੍ਹਾਂ ਫਿਲਮ ਟੈਲੀਵਿਜ਼ਨ ਇੰਸਟੀਚਿਊਟ ਪੁਣੇ ਤੋਂ ਪੜ੍ਹਾਈ ਕੀਤੀ। ਬਾਅਦ ਵਿੱਚ ਉਹ 1980 ਤੋਂ 1983 ਅਤੇ 1979 ਤੋਂ 1992 ਤੱਕ ਇਸੇ ਫਿਲਮ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਚੇਅਰਮੈਨ ਰਹੇ। 1967 ਵਿੱਚ ਉਨ੍ਹਾਂ ਦੀ ਫਿਲਮ ‘ਚਾਈਲਡ ਆਫ ਸਟ੍ਰੀਟਸ’ ਨੇ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ। ਉਨ੍ਹਾਂ ਦੀ ਫਿਲਮ ‘ਅੰਕੁਰ’ ਨੇ 1975 ਵਿੱਚ ਕੌਮੀ ਫਿਲਮ ਇਨਾਮ ਜਿੱਤਿਆ। 1975 ਵਿੱਚ ‘ਨਿਸ਼ਾਂਤ’ ਅਤੇ 1976 ਵਿੱਚ ‘ਬੰਧਨ’ ਫਿਲਮਾਂ ਨੇ ਭਰਪੂਰ ਹਾਜ਼ਰੀ ਲਵਾਈ। ਫਿਲਮ ‘ਭੂਮਿਕਾ’ (1997) ਵਿੱਚ ਉਨ੍ਹਾਂ ਸਮਤਾ ਪਾਟਿਲ ਅਤੇ ਹੰਸਾ ਵਾਡੇਕਰ ਨੂੰ ਪਹਿਲੀ ਵਾਰ ਪੇਸ਼ ਕੀਤਾ। ਉਨ੍ਹਾਂ ਨੇ ਉਨ੍ਹਾਂ ਵਿਸ਼ਿਆਂ ’ਤੇ ਫਿਲਮਾਂ ਬਣਾਈਆਂ ਹਨ ਜਿਹੜੇ ਭਾਰਤ ਦੀ ਹਕੀਕਤ ਅਤੇ ਪਿੰਡਾਂ ਦੀ ਨੁਮਾਇੰਦਗੀ ਕਰਦੀਆਂ ਹਨ।
‘ਮੰਡੀ’ ਵਰਗੀ ਫਿਲਮ ਬਣਾਉਣਾ ਅਤੇ ਜ਼ੁਬੈਦਾ, ਸਰਦਾਰੀ ਬੇਗ਼ਮ ਵਰਗੇ ਕਿਰਦਾਰ ਪਰਦੇ ’ਤੇ ਪੇਸ਼ ਕਰਨਾ ਸ਼ਿਆਮ ਬੈਨੇਗਲ ਦੇ ਵੱਸ ਵਿੱਚ ਹੀ ਸੀ। ਉਨ੍ਹਾਂ ਸੱਤਿਆਜੀਤ ਰੇਅ ’ਤੇ ਦਸਤਾਵੇਜ਼ੀ ਫਿਲਮ ਬਣਾਈ। ਪੁਣੇ ਇੰਸਟੀਚਿਊਟ ਦੇ ਹਾਲ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਫਿਲਮਾਂ ਸਾਡਾ ਵਰਤਮਾਨ ਹਨ ਅਤੇ ਅਗਲੀ ਪੀੜ੍ਹੀ ਲਈ ਇਤਿਹਾਸ। ਉਨ੍ਹਾਂ ਯੂਨੀਸੈਫ ਅਤੇ ਦੂਰਦਰਸ਼ਨ ਲਈ ਅਣਗਿਣਤ ਲੜੀਵਾਰ ਬਣਾਏ।
ਆਪਣੀ 90 ਵਰ੍ਹਿਆਂ ਦੀ ਜ਼ਿੰਦਗੀ ਅਤੇ ਫਿਲਮੀ ਸਫ਼ਰ ਦੌਰਾਨ ਸ਼ਿਆਮ ਬੈਨੇਗਲ ਅਸਲ ਨੂੰ ਦੁਨੀਆ ਭਰ ਵਿੱਚ ਇਨਾਮਾਂ ਨਾਲ ਸਨਮਾਨਿਆ ਗਿਆ। ਉਨ੍ਹਾਂ ਨੂੰ 1976 ਵਿੱਚ ਪਦਮਸ਼੍ਰੀ, 1991 ਵਿੱਚ ਪਦਮ ਭੂਸ਼ਣ, 2005 ਵਿੱਚ ਦਾਦਾ ਸਾਹਿਬ ਫਾਲਕੇ ਅਤੇ 2013 ਵਿੱਚ ਈਐੱਨਆਰ ਕੌਮੀ ਇਨਾਮ ਹਾਸਲ ਹੋਏ।
ਭਾਰਤੀ ਫਿਲਮ ਜਗਤ ਵਿੱਚ ਜਦੋਂ ਵੀ ਸ਼ਿਆਮ ਬੈਨੇਗਲ ਦੀ ਗੱਲ ਹੋਏਗੀ ਤਾਂ ਉਨ੍ਹਾਂ ਦੀਆਂ ਫਿਲਮਾਂ ‘ਸਰਦਾਰੀ ਬੇਗ਼ਮ’ ਅਤੇ ‘ਜ਼ੁਬੈਦਾ’ ਯਾਦ ਆਉਣਗੀਆਂ। ਮੁਸਲਿਮ ਔਰਤਾਂ ਬਾਰੇ ਉਨ੍ਹਾਂ ਦੀ ਫਿਲਮ ‘ਮੰਮੋ’ ਹਮੇਸ਼ਾ ਯਾਦ ਰੱਖੀ ਜਾਵੇਗੀ। ਉਨ੍ਹਾਂ 1992 ਵਿੱਚ ਡਾਕਟਰ ਧਰਮਵੀਰ ਭਾਰਤੀ ਦੇ ਨਾਵਲ ‘ਸੂਰਜ ਕਾ ਸਾਤਵਾਂ ਘੋੜਾ’ ਫਿਲਮ ਬਣਾਈ। ਉਨ੍ਹਾਂ ਮਹਾਤਮਾ ਗਾਂਧੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਸ਼ੇਖ ਮੁਜੀਬਰ ਰਹਿਮਾਨ ਬਾਰੇ ਫਿਲਮਾਂ ਬਣਾਈਆਂ। ਹੁਣ ਭਾਵੇਂ ਉਹ ਬਿਮਾਰ ਸਨ ਪਰ ਉਨ੍ਹਾਂ ਕਈ ਪ੍ਰਾਜੈਕਟਾਂ ’ਤੇ ਕੰਮ ਛੇੜਿਆ ਹੋਇਆ ਸੀ।
ਸ਼ਿਆਮ ਬੈਨੇਗਲ ਨੇ ਕਈ ਦਹਾਕੇ ਭਾਰਤੀ ਸਿਨੇਮਾ ਨੂੰ ਖਾਸ ਦਸ਼ਾ ਤੇ ਦਿਸ਼ਾ ਦਿੱਤੀ। ਉਹ ਆਪਣੇ ਸਮਿਆਂ ਦੇ ਰੋਮਾਂਚ ਅਤੇ ਸਾਧਾਰਨ ਚੀਜ਼ਾਂ ਨੂੰ ਵਿਲੱਖਣ ਢੰਗ ਨਾਲ ਪਰਦੇ ’ਤੇ ਪੇਸ਼ ਕਰਨ ਵਾਲੇ ਫਿਲਮਸਾਜ਼ ਸਨ। ਉਨ੍ਹਾਂ ਫਿਲਮ ਦੀ ਹਰ ਵਿਧਾ ’ਤੇ ਕੰਮ ਕੀਤਾ। ਉਨ੍ਹਾਂ ਨਾਲ ਕੰਮ ਕਰਨਾ ਅਤੇ ਸਿੱਖਣਾ ਇਸ ਤਰ੍ਹਾਂ ਸੀ ਜਿਵੇਂ ਪਰਿਵਾਰ ਦੇ ਕਿਸੇ ਜੀਅ ਨਾਲ ਗੱਲਾਂ ਕਰਦੇ ਹੋਈਏ। ਅਸਲ ਵਿੱਚ ਉਹ ਭਾਰਤੀ ਫਿਲਮਾਂ ਦਾ ਆਕਾਸ਼ ਸਨ। ਉਨ੍ਹਾਂ ਆਪਣੀਆਂ ਫਿਲਮਾਂ ਰਾਹੀਂ ਭਾਰਤ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ। ਉਨ੍ਹਾਂ ਕਈ ਭਾਸ਼ਾਵਾਂ ਦੀਆਂ ਫਿਲਮਾਂ ਅਤੇ ਇਸ਼ਤਿਹਾਰੀ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਸੰਵਿਧਾਨ ਨੂੰ ਲੈ ਕੇ ਦੂਰਦਰਸ਼ਨ ਲਈ ਲੜੀਵਾਰ ਬਣਾਇਆ ਜਿਸ ਵਿੱਚ ਮੈਨੂੰ ਵੀ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਸ਼ਿਆਮ ਬੈਨੇਗਲ ਦੀ ਵਿਦਾਈ ਨਾਲ ਭਾਰਤੀ ਸਿਨੇਮਾ ਉਸ ਸਿਤਾਰੇ ਤੋਂ ਵਿਰਵਾ ਹੋ ਗਿਆ ਹੈ ਜਿਸ ਨੇ ਭਾਰਤੀ ਫਿਲਮ ਖੇਤਰ ਵਿੱਚ ਸਮਾਨਾਂਤਰ ਸਿਨੇਮੇ ਦਾ ਨਵਾਂ ਅਧਿਆਇ ਲਿਖਿਆ ਅਤੇ ਦਿਖਾਇਆ ਕਿ ਸਾਧਾਰਨ ਚਿਹਰੇ ਅਤੇ ਆਮ ਘਰਾਂ ’ਚੋਂ ਆਏ ਬੱਚੇ ਵੀ ਦੁਨੀਆ ਵਿੱਚ ਅਦਾਕਾਰੀ ਦੇ ਜੌਹਰ ਦਿਖਾ ਸਕਦੇ ਹਨ। ਸਾਡੇ ਸਮਿਆਂ ਦਾ ਚਿੰਤਨਸ਼ੀਲ ਕਲਾਕਾਰ ਅਤੇ ਮਨੁੱਖ ਭਾਵੇਂ ਸਾਡੇ ਕੋਲੋਂ ਚਲਾ ਗਿਆ ਹੈ ਪਰ ਆਪਣੇ ਕੰਮ ਕਰ ਕੇ ਉਹ ਲੋਕਾਂ ਦੇ ਮਨਾਂ ਵਿੱਚ ਵਸੇ ਰਹਿਣਗੇ।
ਸ਼ਿਆਮ ਬੈਨੇਗਲ ਦੀਆਂ ਫਿਲਮਾਂ ਜੋ ਕਲਾਸਿਕ ਫਿਲਮਾਂ ਦਾ ਦਰਜਾ ਹਾਸਿਲ ਕਰ ਚੁੱਕੀਆਂ ਹਨ, ਭਾਰਤੀ ਸਿਨੇਮਾ ਦੇ ਇਤਿਹਾਸ ਅਤੇ ਲੋਕ ਮਨਾਂ ਵਿੱਚ ਜ਼ਿੰਦਾ ਰਹਿਣਗੀਆਂ।
*ਲੇਖਕ ਦੂਰਦਰਸ਼ਨ ਦੇ ਸਾਬਕਾ ਉਪ ਮਹਾਨਿਦੇਸ਼ਕ ਹਨ।
ਸੰਪਰਕ: 94787-30156