For the best experience, open
https://m.punjabitribuneonline.com
on your mobile browser.
Advertisement

ਲੇਖਕ ਹੋਣ ਦਾ ਭਰਮ

07:18 AM Jul 28, 2024 IST
ਲੇਖਕ ਹੋਣ ਦਾ ਭਰਮ
Advertisement

ਸੁਖਮਿੰਦਰ ਸੇਖੋਂ
ਲੇਖਣੀ ਦੇ ਬੀਜ ਲੇਖਕ ਦੇ ਅੰਦਰ ਹੀ ਕਿਧਰੇ ਮੌਜੂਦ ਹੁੰਦੇ ਹਨ ਜੋ ਸਮੇਂ ਨਾਲ ਫੁੱਟ ਕੇ ਕਰੂੰਬਲਾਂ ਤੇ ਫੇਰ ਸੰਘਣਾ ਬਿਰਛ ਬਣਨ ਦੇ ਸਮਰੱਥ ਹੁੰਦੇ ਹਨ। ਵੇਖਣ ਵਾਲੀ ਗੱਲ ਜਾਂ ਤੱਥ ਇਹ ਹੈ ਕਿ ਅਸਲ ਮਾਅਨਿਆਂ ਵਿੱਚ ਕਿੰਨੇ ਕੁ ਲੇਖਕ, ਲੇਖਕ ਹਨ? ਕੁਝ ਵੀ ਲਿਖ ਜਾਂ ਸਮਝੋ ਝਰੀਟ ਲੈਣਾ ਹੀ, ਕੀ ਲੇਖਕ ਹੋਣ ਦੀ ਨਿਸ਼ਾਨੀ ਮੰਨਿਆ ਜਾ ਸਕਦਾ ਹੈ? ਮਨ ਜਾਂ ਦਿਮਾਗ਼ ਵਿੱਚ ਜੋ ਵੀ ਆਇਆ ਉਸ ਨੂੰ ਕਾਗਜ਼ਾਂ ’ਤੇ ਉੱਕਰ ਦਿੱਤਾ ਜਾਂ ਕੰਪਿਊਟਰ ’ਤੇ ਟਾਈਪ ਕਰ ਲਿਆ? ਕੀ ਮਹਿਜ਼ ਇਸੇ ਨੂੰ ਲਿਖਾਰੀ ਹੋਣ ਦਾ ਪ੍ਰਮਾਣ ਮੰਨਿਆ ਜਾ ਸਕਦਾ ਹੈ? ਕੀ ਖ਼ਬਰਾਂ ਜਾਂ ਸਿਰਫ਼ ਰਿਪੋਰਟ ਮਾਤਰ ਨੂੰ ਹੀ ਸਾਹਿਤਕ ਲੇਖਣੀ ਦਾ ਆਧਾਰ ਮੰਨਿਆ ਜਾ ਸਕਦਾ ਹੈ? ਆਓ, ਆਪਾਂ ਇਸ ਤੱਥ ਦੀ ਪੜਚੋਲ ਵੱਲ ਆਉਦੇ ਹਾਂ।
ਬੇਸ਼ੱਕ ਲੇਖਕ ਜਾਂ ਲਿਖਾਰੀ ਕੋਈ ਵੀ ਹੋ ਸਕਦਾ ਹੈ ਜੋ ਲਿਖਦਾ ਹੈ। ਕੋਈ ਲੇਖਕ ਕਵਿਤਾ ਲਿਖੇ ਤਾਂ ਕਵੀ ਅਖਵਾਉਂਦਾ ਹੈ। ਮਿੰਨੀ ਕਹਾਣੀ ਲਿਖੇ ਤਾਂ ਮਿੰਨੀ ਕਹਾਣੀਕਾਰ। ਨਿਬੰਧ ਲਿਖੇ ਤਾਂ ਨਿਬੰਧਕਾਰ। ਕਹਾਣੀ, ਨਾਵਲ ਜਾਂ ਨਾਟਕ ਲਿਖੇ ਤਾਂ ਕ੍ਰਮਵਾਰ ਕਹਾਣੀਕਾਰ, ਨਾਵਲਕਾਰ ਜਾਂ ਨਾਟਕਕਾਰ ਅਖਵਾਉਣ ਦਾ ਹੱਕ ਰੱਖਦਾ ਹੈ। ਵਿਭਿੰਨ ਵਿਧਾਵਾਂ ਵਿੱਚ ਲਿਖਣ ਵਾਲਿਆਂ ਨੂੰ ਅਸੀਂ ਬਹੁ-ਵਿਧਾਵੀ ਲੇਖਕ ਜਾਂ ਸਰਬਾਂਗੀ ਸਾਹਿਤਕਾਰ ਕਹਿੰਦੇ ਹਾਂ। ਵਿਸ਼ਾ ਕਿਸੇ ਲਿਖਾਰੀ ਦਾ ਕੋਈ ਵੀ ਹੋ ਸਕਦਾ ਹੈ, ਕੁਝ ਵੀ ਵਰਜਿਤ ਨਹੀਂ ਹੁੰਦਾ। ਇਹ ਸਿਰਫ਼ ਲਿਖਾਰੀ ਦੀ ਸੋਚ, ਲੇਖਣੀ ਦੀ ਸ਼ੈਲੀ ਅਤੇ ਚਿਹਨਕ ਪੱਧਤੀ ’ਤੇ ਨਿਰਭਰ ਕਰਦਾ ਹੈ।
ਬਹੁਤ ਵਾਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਪਾਠਕ ਤਾਂ ਕੀ ਕਈ ਲੇਖਕਾਂ ਨੂੰ ਵੀ ਕਿਸੇ ਵਿਧਾ ਜਾਂ ਵੰਨਗੀ ਦੀ ਕੋਈ ਬਹੁਤੀ ਸਮਝ ਨਹੀਂ ਹੁੰਦੀ। ਮੈਂ ਆਪਣੇ ਨਿੱਜੀ ਤਜਰਬੇ ਦੇ ਆਧਾਰ ’ਤੇ ਕਹਿ ਸਕਦਾ ਹਾਂ ਕਿ ਸਾਡੇ ਅਨੇਕਾਂ ਲੇਖਕ ਜਾਗਰੂਕ ਸਾਹਿਤਕ ਪਾਠਕ ਵੀ ਨਹੀਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲਿਖਤ-ਵਾਹਕ ਹੀ ਹੁੰਦੇ ਹਨ, ਕਿਸੇ ਸਿਨਫ਼ ਦੀ ਆਤਮਾ ਦੇ ਗਿਆਨ ਤੋਂ ਉੱਕਾ ਹੀ ਕੋਰੇ। ਉਹ ਆਪਣੀ ਰਚਨਾ ਕਿਸੇ ਸਾਹਿਤ ਸਭਾ ਵਿੱਚ ਸੁਣਾ ਛੱਡਦੇ ਹਨ ਜਾਂ ਹੱਦ ਕਿਸੇ ਆਮ ਜਿਹੇ ਰਸਾਲੇ ਵਿੱਚ ਛਪਵਾ ਕੇ ਆਪਣੇ ਲੇਖਕ ਹੋਣ ਦਾ ਝੱਸ ਪੂਰਾ ਕਰ ਲੈਂਦੇ ਹਨ। ਉਨ੍ਹਾਂ ਨੂੰ ਮੁੱਖ ਧਾਰਾ ਦੇ ਕਿਸੇ ਹੋਰ ਕਵੀ, ਸਾਹਿਤਕਾਰ ਦੀ ਕਿਸੇ ਰਚਨਾ ਬਾਰੇ ਤਾਂ ਕੀ ਇਲਮ ਹੋਣਾ ਹੋਇਆ ਉਹ ਕਿਸੇ ਚੰਗੇ ਤੇ ਨਾਮਵਰ ਕਵੀ, ਸਾਹਿਤਕਾਰ ਦੇ ਨਾਮ ਤੱਕ ਵੀ ਨਹੀਂ ਜਾਣਦੇ ਹੁੰਦੇ। ਕਈ ਲੇਖਕਾਂ ਨੂੰ ਕਿਸੇ ਵਿਧਾ ਜਾਂ ਸਿਨਫ਼ ਬਾਰੇ ਵੀ ਸਮਝ ਨਹੀਂ ਹੁੰਦੀ। ਉਹ ਕਵਿਤਾ ਨੂੰ ਗ਼ਜ਼ਲ, ਗ਼ਜ਼ਲ ਨੂੰ ਗੀਤ ਜਾਂ ਗੀਤ ਨੂੰ ਗ਼ਜ਼ਲ ਸਮਝਣ ਦੀ ਕੁਤਾਹੀ ਕਰਦੇ ਵੀ ਵੇਖੇ ਗਏ ਹਨ। ਮਿੰਨੀ ਕਹਾਣੀ, ਕਹਾਣੀ ਅਤੇ ਇਕਾਂਗੀ, ਨਾਟਕ ਦੇ ਫ਼ਰਕ ਬਾਰੇ ਵੀ ਉਹ ਨਹੀਂ ਜਾਣਦੇ ਹੁੰਦੇ। ਇਸ ਬਾਰੇ ਬਹੁਤੀਆਂ ਤਾਂ ਕੀ, ਇੱਕ ਦੋ ਉਦਾਹਰਣਾਂ ਹੀ ਕਾਫ਼ੀ ਹੋਣਗੀਆਂ।
ਇੱਕ ਪੁਰਾਣੇ ਨਾਮੀ ਰਸਾਲੇ ਦੇ ਇੱਕ ਸੰਪਾਦਕ ਦਾ ਮੇਰੀ ਉਸ ਵੱਲੋਂ ਪ੍ਰਕਾਸ਼ਿਤ ਰਚਨਾ ਦੇ ਸੰਦਰਭ ਵਿੱਚ ਫੋਨ ਆਇਆ, ‘‘ਤੁਹਾਡੀ ਕਹਾਣੀ ਕਮਾਲ ਦੀ ਹੈ, ਮਾਸਟਰ ਪੀਸ।’’ ਹਾਲਾਂਕਿ ਉਹ ਰਚਨਾ ਕਹਾਣੀ ਨਹੀਂ, ਵਿਅੰਗ ਸੀ। ਇਉਂ ਹੀ ਮੇਰੇ ਇੱਕ ਮਰਹੂਮ ਭਲਵਾਨ ਕਵੀ ਮਿੱਤਰ ਦਾ ਕਿਸੇ ਪਰਚੇ ਵਿੱਚ ਪ੍ਰਕਾਸ਼ਿਤ ਮੇਰੇ ਇੱਕ ਵਿਅੰਗ ਬਾਰੇ ਵਧਾਈ ਲਈ ਫੋਨ ਆਇਆ ਸੀ- ਬਾਬਿਓ, ਤੁਹਾਡੀ ਇਹ ਇੱਕ ਬਿਤਹਰੀਨ ਕਹਾਣੀ ਐ। ਮੇਰੀ ਉਹ ਰਚਨਾ ਵੀ ਵਿਅੰਗ ਹੀ ਸੀ, ਕਹਾਣੀ ਨਹੀਂ।
ਹੁਣ ਆਪਾਂ ਕਿਸੇ ਲੇਖਕ ਦੀ ਲੇਖਣੀ ਜਾਂ ਉਸ ਵੱਲੋਂ ਰਚੇ ਜਾ ਰਹੇ ਸਾਹਿਤ ਵੱੱਲ ਆਉਂਦੇ ਹਾਂ। ਕੋਈ ਲੇਖਕ ਕੁਝ ਵੀ ਲਿਖ ਸਕਦਾ ਹੈ, ਪਰ ਦੇਖਣਾ ਪਰਖਣਾ ਇਹ ਹੁੰਦਾ ਹੈ ਕਿ ਕਿਸੇ ਲੇਖਕ ਨੇ ਆਪਣੀ ਲੇਖਣੀ ਨੂੰ ਨਿਭਾਇਆ ਕਿਵੇਂ ਹੈ, ਭਾਵ ਅੰਜਾਮ ਕਿਵੇਂ ਦਿੱਤਾ ਹੈ। ਕਵੀਆਂ ਅਤੇ ਮਿੰਨੀ ਕਹਾਣੀਕਾਰਾਂ ਦੀ ਗਿਣਤੀ ਕਰਨੀ ਸੰਭਵ ਨਹੀਂ ਜਾਪਦੀ, ਪਰ ਅਸਲ ਮਾਅਨਿਆਂ ਵਿੱਚ ਕਵਿਤਾ ਜਾਂ ਮਿੰਨੀ ਕਹਾਣੀ ਲਿਖਣ ਵਾਲੇ ਕਿੰਨੇ ਕੁ ਹਨ? ਚੰਦ ਕੁ ਕਲਮਾਂ ਹੀ ਕਵੀ ਜਾਂ ਮਿੰਨੀ ਕਹਾਣੀਕਾਰ ਅਖਵਾਉਣ ਦੀਆਂ ਹੱਕਦਾਰ ਹੋਣਗੀਆਂ। ਇਸੇ ਤਰ੍ਹਾਂ ਵੱਖ ਵੱਖ ਪਰਚਿਆਂ ਵਿੱਚ ਛਪਦੀਆਂ ਆਮ ਰਚਨਾਵਾਂ ਤੇ ਕਿਤਾਬਾਂ ਬਾਰੇ ਕਿਹਾ ਜਾ ਸਕਦਾ ਹੈ। ਚੰਗੀ, ਮਾੜੀ ਜਾਂ ਦਰਮਿਆਨੀ ਲਿਖਤ ਤਾਂ ਦਰਕਿਨਾਰ ਜਿਸ ਵੰਨਗੀ ਵਿੱਚ ਕੋਈ ਲੇਖਕ ਲਿਖ ਰਿਹਾ ਹੈ, ਉਸ ਲੇਖਕ ਨੂੰ ਉਸ ਬਾਰੇ ਕਿੰਨਾ ਕੁ ਗਿਆਨ ਹੈ? ਜਾਂ ਫਿਰ ਉਹ ਐਵੇਂ ਹੀ ਕਲਮ ਘਸਾਈ ਦੇ ਰਾਹ ਹੀ ਤੁਰਿਆ ਹੋਇਆ ਹੈ?
ਰੋਜ਼ਾਨਾ ਅਖ਼ਬਾਰਾਂ ਦੇ ਮੈਗਜ਼ੀਨ ਅੰਕਾਂ ਅਤੇ ਹੋਰ ਮਹੀਨਾਵਾਰ ਜਾਂ ਤ੍ਰੈਮਾਸਕ ਰਸਾਲਿਆਂ ਵਿੱਚ ਛਪਦੀਆਂ ਕਿੰਨੀਆਂ ਕੁ ਰਚਨਾਵਾਂ ਨੂੰ ਅਸੀਂ ਸਾਹਿਤ ਦੇ ਖਾਨੇ ਵਿੱਚ ਰੱਖ ਸਕਦੇ ਹਾਂ? ਭਾਵ ਤਕਨੀਕ ਦੇ ਪੱਧਰ ’ਤੇ ਉੱਤਮ ਸਾਹਿਤਕ ਵੰਨਗੀ ਦਾ ਦਰਜਾ ਦੇ ਸਕਦੇ ਹਾਂ? ਹਰ ਵਰ੍ਹੇ ਪੰਜਾਬੀ ਦੀਆਂ ਵਿਭਿੰਨ ਵੰਨਗੀਆਂ ਦੀਆਂ ਸੈਂਕੜੈ ਹੀ ਕਿਤਾਬਾਂ ਪ੍ਰਕਾਸ਼ਕਾਂ ਜਾਂ ਲੇਖਕਾਂ ਵੱਲੋਂ ਖ਼ੁਦ ਹੀ ਛਾਪੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਦੇ ਰਿਲੀਜ਼ ਸਮਾਗਮ ਜਾਂ ਗੋਸ਼ਟੀਆਂ ਵੀ ਹੁੰਦੀਆਂ ਹਨ। ਚਰਚਾ ਹੁੰਦੀ ਹੈ ਤੇ ਅਖ਼ਬਾਰਾਂ ਵਿੱਚ ਵੀ ਥਾਂ ਮਿਲਦੀ ਹੈ, ਪਰ ਇਨ੍ਹਾਂ ਵਿੱਚੋਂ ਕਿੰਨੀਆਂ ਕੁ ਕਿਤਾਬਾਂ ਪੜ੍ਹਨਯੋਗ ਹੁੰਦੀਆਂ ਹਨ? ਜਾਂ ਉਹ ਛਪਣ ਵਰ੍ਹੇ ਤੋਂ ਅਗਲੇ ਕੁਝ ਵਰ੍ਹਿਆਂ ਵਿੱਚ ਚੇਤੇ ਵੀ ਰਹਿੰਦੀਆਂ ਹਨ ਜਾਂ ਨਹੀਂ? ਹਾਲਾਂਕਿ ਰਿਲੀਜ਼, ਗੋਸ਼ਠੀਆਂ ਤੋਂ ਇਲਾਵਾ ਇਨ੍ਹਾਂ ਦੇ ਰੀਵਿਊ ਵੀ ਛਪਦੇ ਹਨ, ਤਾਰੀਫ਼ੀ ਲੇਖ ਵੀ ਮਿੱਤਰ ਬੇਲੀਆਂ ਜਾਂ ਅਖੌਤੀ ਆਲੋਚਕਾਂ ਦੀ ਸੇਵਾ ਕਰਵਾ ਕੇ ਲਿਖਵਾਏ ਜਾਂਦੇ ਹਨ। ਇਸ ਸਾਰੀ ਚਰਚਾ ਦੇ ਬਾਵਜੂਦ ਅਜਿਹੀ ਪੁਸਤਕ ਪਾਠਕ ਨੂੰ ਤਾਂ ਕੀ ਕਿਸੇ ਲੇਖਕ ਨੂੰ ਵੀ ਯਾਦ ਨਹੀਂ ਰਹਿੰਦੀ, ਕਿਉਂ?
ਕਿਉਂਕਿ ਲੇਖਕ ਤੇ ਕਿਤਾਬਾਂ ਖੁੰਭਾਂ ਵਾਂਗ ਫੁੱਟ ਰਹੀਆਂ ਹਨ। ਬਹੁਤ ਵਾਰ ਪ੍ਰਕਾਸ਼ਕ ਮਿਆਰ ਨਹੀਂ ਦੇਖਦਾ ਸਗੋਂ ਖਰੜਾ ਪੜ੍ਹੇ ਬਗੈਰ ਹੀ ਛਾਪ ਮਾਰਦਾ ਹੈ ਕਿਉਂਕਿ ਉਸ ਨੂੰ ਲੇਖਕ ਵੱਲੋਂ ਇਸ ਦੀ ਕੀਮਤ ਅਗਾਊਂ ਹੀ ਦੇ ਦਿੱਤੀ ਗਈ ਹੁੰਦੀ ਹੈ। ਇਹ ਸਭ ਕਿਉਂ ਵਾਪਰ ਰਿਹਾ ਹੈ, ਇਸ ਮਾਨਸਿਕ ਬਿਮਾਰੀ ਦੀ ਥਾਹ ਪਾਉਣੀ ਅਤਿ ਲੋੜੀਂਦੀ ਹੈ। ਬਹੁਤੇ ਕਵੀ ਜਾਂ ਲੇਖਕ ਇਹ ਭਰਮ ਪਾਲ ਲੈਂਦੇ ਹਨ ਕਿ ਉਹ ਆਪਣਾ ਦਿਮਾਗ਼ ਵਰਤ ਕੇ ਲਿਖਦੇ ਹਨ, ਇਸ ਲਈ ਖਰੜਾ ਕਿਸੇ ਗਿਆਨੀ ਲੇਖਕ ਨੂੰ ਦਿਖਾਉਣ ਜਾਂ ਪੜ੍ਹਾਉਣ ਦੀ ਭਲਾ ਕੀ ਜ਼ਰੂਰਤ? ਉਨ੍ਹਾਂ ਨੂੰ ਇਹ ਵੀ ਗ਼ਲਤਫਹਿਮੀ ਹੁੰਦੀ ਹੈ ਕਿ ਜੋ ਵੀ ਉਨ੍ਹਾਂ ਲਿਖਿਆ ਹੈ ਉਹ ਪੜ੍ਹਿਆ ਹੀ ਜਾਵੇਗਾ ਕਿਉਂਕਿ ਉਨ੍ਹਾਂ ਵਰਗਾ ਪਹਿਲਾਂ ਕਿਸੇ ਨੇ ਲਿਖਿਆ ਹੀ ਨਹੀਂ ਹੋਣਾ। ਇਸ ਗ਼ਲਤਫਹਿਮੀ ਸਗੋਂ ਖ਼ੁਸ਼ਫਹਿਮੀ ਦਾ ਸ਼ਿਕਾਰ ਅਨੇਕਾਂ ਲੇਖਕ ਹੁੰਦੇ ਹਨ ਜੋ ਸਾਹਿਤਕ ਪ੍ਰਦੂਸ਼ਣ ਲਈ ਸਿੱਧਿਆਂ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਹਨ।
ਇਸ ਦੇ ਨਾਲ ਹੀ ਦੀਵਾ ਹੱਥ ਵਿੱਚ ਫੜ ਕੇ ਵੀ ਪਾਠਕ ਕਿਧਰੇ ਨਜ਼ਰ ਨਹੀਂ ਆਉਂਦਾ। ਬਾਕੀ ਤਾਂ ਗੱਲਾਂ ਦੀਆਂ ਗੱਲਾਂ, ਲੇਖਕ ਹੀ ਕਿਸੇ ਦੂਜੇ ਲੇਖਕ ਨੂੰ ਨਹੀਂ ਪੜ੍ਹਦਾ। ਆਮ ਤੌਰ ’ਤੇ ਕਿਤਾਬਾਂ ‘ਪ੍ਰੇਮ ਭੇਟਾ’ ਦੀਆਂ ਹੀ ਤੱਕੜੀ ਵਿੱਚ ਤੁਲਦੀਆਂ ਹਨ? ਪ੍ਰਕਾਸ਼ਕਾਂ ਵੱਲੋਂ ਲੇਖਕਾਂ ਦੇ ਸਿਰ ’ਤੇ ਕੀਤੀ ਗਈ ਮੋਟੀ ਕਮਾਈ ਕਰਕੇ ਛਾਪੀਆਂ ਪੁਸਤਕਾਂ ਲਾਇਬਰੇਰੀਆਂ ਦੀ ਧੂੜ ਫੱਕਦੀਆਂ ਹਨ ਜਾਂ ਫੇਰ ਭੇਟ ਕੀਤੀਆਂ ਕਿਤਾਬਾਂ ਰੱਦੀ ਵੱਟੇ ਜਾਂਦੀਆਂ ਹਨ। ਅਜਿਹਾ ਕਿਉਂ ਹੁੰਦਾ ਹੈ? ਇਸ ਦਾ ਸਿੱਧਾ ਕਾਰਨ ‘ਮੈਂ ਲੇਖਕ ਹਾਂ’ ਵਾਲਾ ਵਹਿਮ ਜਾਂ ਭਰਮ ਦਾ ਸ਼ਿਕਾਰ ਅਖੌਤੀ ਕਵੀ ਜਾਂ ਲੇਖਕ ਹੈ। ਕੋਈ ਵੀ ਲੇਖਕ ਆਪਣੇ ਅੰਦਰ ਝਾਤੀ ਮਾਰਨ ਲਈ ਤਿਆਰ ਨਹੀਂ। ਉਹ ਆਤਮ ਚਿੰਤਨ ਤੋਂ ਕੋਰਾ ਜਾਪਦਾ ਹੈ ਜਾਂ ਫੇਰ ਉਹ ਓਪਰਿਆਂ ਦੀ ਜ਼ਮੀਨ ’ਤੇ ਬੇਲਗਾਮ ਘੁੰਮਣਾ ਪਸੰਦ ਕਰਦਾ ਹੈ। ਕਾਸ਼! ਅਸੀਂ ਸਾਰੇ ਲੇਖਕ ਦੀ ਥਾਂ ‘ਅਸੀਂ ਸਾਰੇ ਪਾਠਕ ਹਾਂ’ ਕਹਾਉਣਾ ਮੰਨ ਲਈਏ। ਇਸ ਦੇ ਨਾਲ ਹੀ ਸੰਜੀਦਗੀ ਨਾਲ ਸੋਚ ਵਿਚਾਰ ਕੇ ਕਾਵਿ ਜਾਂ ਕਿਸੇ ਹੋਰ ਵਿਧਾ ’ਚ ਰਚੀ ਆਪਣੀ ਕਿਸੇ ਗ਼ੈਰ-ਮਿਆਰੀ ਪੁਸਤਕ ਨੂੰ ਆਪਣੀ ਨਿੱਜੀ ਲਾਇਬਰੇਰੀ ਵਿੱਚ ਹੀ ਸਾਂਭ ਕੇ ਰੱਖ ਲਈਏੇ। ਅਸੀਂ ‘ਮੈਂ ਲੇਖਕ ਹਾਂ’ ਦੀ ਭਾਵਨਾ ਤੋਂ ਕਿਨਾਰਾ ਕਰਦਿਆਂ ਸੰਜੀਦਾ ਸਾਹਿਤ ਦੇ ਪਾਠਕ ਬਣ ਜਾਈਏ ਤਾਂ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਵੱਡੀ ਸੇਵਾ ਹੋਵੇਗੀ। ਇਹ ਵੱਡੀ ਸੇਵਾ ਨਿਭਾਉਣ ਲਈ ਕਿੰਨੇ ਕੁ ਕਲਮ-ਘਸੀਟੀਏ ਤਿਆਰ ਹੋਣਗੇ?
ਸੰਪਰਕ: 98145-07693

Advertisement

Advertisement
Author Image

sanam grng

View all posts

Advertisement
Advertisement
×