ਪੰਜਾਬੀ ਅਤੇ ਪੰਜਾਬੀਅਤ ਦੀ ਪਛਾਣ ਪੰਜਾਬੀ ਯੂਨੀਵਰਸਿਟੀ
ਡਾ. ਨਿਵੇਦਿਤਾ ਸਿੰਘ
30 ਅਪਰੈਲ 1962 ਨੂੰ ਵਜੂਦ ਵਿਚ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਜ ਆਪਣੀ ਸਥਾਪਨਾ ਦੇ 62 ਵਰ੍ਹੇ ਪੂਰੇ ਕਰ ਰਹੀ ਹੈ। ਸੰਸਥਾਵਾਂ ਦੇ ਸਥਾਪਨਾ ਦਿਵਸ ਇਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਅਤੇ ਭਵਿੱਖ ਦੀਆਂ ਯੋਜਨਾਵਾਂ ਐਲਾਨਣ ਦਾ ਦਿਨ ਹੁੰਦੇ ਹਨ ਪਰ ਪੰਜਾਬੀ ਯੂਨੀਵਰਸਿਟੀ ਦਾ ਇਹ ਸਥਾਪਨਾ ਦਿਵਸ ਇਸ ਦੇ ਵਰਤਮਾਨ ਅਤੇ ਭਵਿੱਖ ਬਾਰੇ ਚਿੰਤਾ ਅਤੇ ਚਿੰਤਨ ਕਰਨ ਦਾ ਹੈ। ਯੂਨੀਵਰਸਿਟੀ ਤੋਂ ਬਾਹਰਲੀਆਂ ਧਿਰਾਂ ਹਾਅ ਦਾ ਨਾਅਰਾ ਮਾਰ ਸਕਦੀਆਂ ਹਨ। ਅਧਿਆਪਨ ਤੇ ਗ਼ੈਰ-ਅਧਿਆਪਨ ਅਮਲੇ ਦੀ ਯੂਨੀਵਰਸਿਟੀ ਨੂੰ ਕਾਰਜਸ਼ੀਲ ਰੱਖਣ ਦੀ ਜ਼ਿੰਮੇਵਾਰੀ ਵੱਧ ਹੈ, ਉੱਚਤਮ ਪ੍ਰਬੰਧਕੀ ਅਹੁਦਿਆਂ ਉੱਤੇ ਬਿਰਾਜਮਾਨ ਸ਼ਖ਼ਸੀਅਤਾਂ ਦਾ ਪਰਮ ਫ਼ਰਜ਼ ਹੈ। ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪੰਜਾਬੀ ਜ਼ੁਬਾਨ ਵਿਚ ਗਿਆਨ ਅਤੇ ਵਿਗਿਆਨ ਦੇ ਵਿਕਾਸ ਤੇ ਪਾਸਾਰ ਲਈ ਨਿੱਠ ਕੇ ਕੰਮ ਕਰਨਾ ਯੂਨੀਵਰਸਿਟੀ ਅਧਿਆਪਕਾਂ ਦਾ ਪਰਮ ਫ਼ਰਜ਼ ਹੀ ਨਹੀਂ ਧਰਮ ਹੈ।
ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ, ਪੰਜਾਬੀ ਭਾਸ਼ਾ ਵਿਕਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਗੁਰਬਾਣੀ ਦੇ ਅਧਿਐਨ ਲਈ ਮਿਸਾਲੀ ਕਾਰਜ ਕੀਤੇ ਹਨ। ਇਨ੍ਹਾਂ ਵਿਚ ਵੱਖ-ਵੱਖ ਸਿਰਲੇਖਾਂ ਅਧੀਨ ਪ੍ਰਕਾਸ਼ਿਤ ਪੁਸਤਕਾਂ, ਕੋਸ਼ ਅਤੇ ਪੱਤਰ/ਪੱਤ੍ਰਿਕਾਵਾਂ ਦੇ ਪ੍ਰਕਾਸ਼ਨ ਸ਼ਾਮਿਲ ਹਨ। ਯੂਨੀਵਰਸਿਟੀ ਦੀ ਸਥਾਪਨਾ ਦੇ ਮੰਤਵ ਦੀ ਪੂਰਤੀ ਲਈ ਇਨ੍ਹਾਂ ਵਿਭਾਗਾਂ ਦਾ ਮਜ਼ਬੂਤ ਅਤੇ ਗਤੀਸ਼ੀਲ ਰਹਿਣਾ ਅਤਿਅੰਤ ਜ਼ਰੂਰੀ ਹੈ। ਇਤਿਹਾਸ ਅਧਿਐਨ ਵਿਭਾਗ ਵਿਚ ਡਾ. ਗੰਡਾ ਸਿੰਘ, ਡਾ. ਫੌਜਾ ਸਿੰਘ ਅਤੇ ਡਾ. ਕਿਰਪਾਲ ਸਿੰਘ ਵਰਗੀਆਂ ਪ੍ਰਬੁੱਧ ਸ਼ਖ਼ਸੀਅਤਾਂ ਰਹੀਆਂ ਜਿਨ੍ਹਾਂ ਪੰਜਾਬ ਦੀ ਇਤਿਹਾਸਕਾਰੀ ਵਿਚ ਨਿੱਗਰ ਪੂਰਨੇ ਪਾਏ। ਕਲਾ ਅਤੇ ਸਭਿਆਚਾਰ ਨਾਲ ਸਬੰਧਿਤ ਸਾਰੇ ਵਿਭਾਗਾਂ ਨੇ ਪੰਜਾਬ ਦੀਆਂ ਕੋਮਲ ਕਲਾਵਾਂ ਅਤੇ ਸਭਿਆਚਾਰ ਦੇ ਸਿਰਜਣਾਤਮਕ ਵਿਕਾਸ ਵਿਚ ਠੋਸ ਯੋਗਦਾਨ ਦਿੱਤਾ। ਸੰਗੀਤ ਵਿਭਾਗ ਨੇ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਪੰਜਾਬ ਦੀਆਂ ਵਿਰਾਸਤੀ ਸੰਗੀਤ ਪਰੰਪਰਾਵਾਂ ਜਿਵੇਂ ਲੋਕ ਸੰਗੀਤ ਤੇ ਸੂਫ਼ੀ ਸੰਗੀਤ ਨੂੰ ਅਕਾਦਮਿਕ ਪੱਧਰ ਉੱਤੇ ਸਥਾਪਿਤ ਕੀਤਾ ਹੈ। ਨਾਲ ਹੀ ਪੰਜਾਬੀ ਸਾਹਿਤਕ ਗਾਇਕੀ ਅਤੇ ਪ੍ਰਗਤੀਸ਼ੀਲ ਗਾਇਕੀ ਦਾ ਅਜਿਹਾ ਨਵਾਂ ਮੁਹਾਂਦਰਾ ਪੇਸ਼ ਕੀਤਾ ਹੈ ਜਿਸ ਨੂੰ ਪੰਜਾਬ ਅਤੇ ਪੰਜਾਬੋਂ ਬਾਹਰ ਦੀਆਂ ਅਨੇਕ ਸੰਸਥਾਵਾਂ ਵਲੋਂ ਪ੍ਰਸ਼ੰਸਾ ਪ੍ਰਾਪਤ ਹੋਈ ਤੇ ਇਨ੍ਹਾਂ ਪੇਸ਼ਕਾਰੀਆਂ ਦਾ ਮੰਚਨ ਕਰਵਾਇਆ ਗਿਆ। ਪੰਜਾਬ ਦੀਆਂ ਵੱਖ-ਵੱਖ ਸੰਗੀਤਕ ਸ਼ੈਲੀਆਂ, ਵਿਧਾਵਾਂ ਅਤੇ ਸੰਗੀਤਕਾਰਾਂ ਦੇ ਯੋਗਦਾਨ ਉੱਤੇ ਪੰਜਾਬੀ ਭਾਸ਼ਾ ਵਿਚ ਖੋਜ ਕਾਰਜ ਕਰਵਾਉਣ ਦਾ ਸਿਹਰਾ ਵੀ ਵਿਭਾਗ ਨੂੰ ਜਾਂਦਾ ਹੈ।
ਨ੍ਰਿਤ ਵਿਭਾਗ ਨੇ ਸ਼ਾਸਤਰੀ ਨ੍ਰਿਤ ਸ਼ੈਲੀ ਕੱਥਕ ਦੇ ਨਾਲ-ਨਾਲ ਪੰਜਾਬੀ ਲੋਕ ਨਾਚਾਂ ਨੂੰ ਅਕਾਦਮਿਕ ਪੱਧਰ ’ਤੇ ਲਿਆਂਦਾ ਅਤੇ ਹੋਰ ਪੰਜਾਬੀ ਸੂਫ਼ੀ ਕਾਵਿ ਅਤੇ ਆਧੁਨਿਕ ਕਾਵਿ ਰਚਨਾਵਾਂ ਨੂੰ ਆਧਾਰ ਬਣਾ ਕੇ ਨ੍ਰਿਤ ਪੇਸ਼ਕਾਰੀਆਂ ਦਿੱਤੀਆਂ ਹਨ। ਸੋਭਾ ਸਿੰਘ ਦੇ ਨਾਮ ’ਤੇ ਬਣਾਏ ਫਾਈਨ ਆਰਟਸ ਵਿਭਾਗ ਨੇ ਸਮੇਂ-ਸਮੇਂ ਵਿਸ਼ੇਸ਼ ਪ੍ਰਦਰਸ਼ਨੀਆਂ ਲਾ ਕੇ ਪੰਜਾਬੀ ਕਲਾ ਨੂੰ ਨਵੀਂ ਦਿਸ਼ਾ ਦਿੱਤੀ ਹੈ। ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਨੇ ਗੁਰੂ ਸਾਹਿਬਾਨ ਦੀ ਵਰੋਸਾਈ ਸੰਗੀਤ ਪਰੰਪਰਾ ਦੀ ਅਕਾਦਮਿਕ ਸਥਾਪਨਾ ਅਤੇ ਖੋਜ ਦੇ ਖੇਤਰ ਵਿਚ ਨਿਵੇਕਲਾ ਕਾਰਜ ਕੀਤਾ। ਨਾਟਕ ਕਲਾ ਨਾਲ ਸਬੰਧਿਤ ਵਿਭਾਗ ਦਾ ਨਵਾਂ ਨਾਮਕਰਨ ਥੀਏਟਰ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਵਜੋਂ ਹੋਇਆ। ਵਿਭਾਗ ਨੇ ਵੱਖ-ਵੱਖ ਅਵਸਰਾਂ ਲਈ ਵਿਸ਼ੇਸ਼ ਪੇਸ਼ਕਾਰੀਆਂ ਤਿਆਰ ਕੀਤੀਆਂ ਅਤੇ ਸਫਲਤਾ ਪੂਰਵਕ ਮੰਚਨ ਕੀਤਾ ਹੈ। ਇਨ੍ਹਾਂ ਵਿਭਾਗਾਂ ਤੋਂ ਇਲਾਵਾ ਧਰਮ ਅਧਿਐਨ, ਭਾਸ਼ਾ, ਸਮਾਜਿਕ ਵਿਗਿਆਨ, ਵਿਗਿਆਨ ਅਤੇ ਤਕਨਾਲੋਜੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਅਨੇਕ ਵਿਭਾਗ ਪੰਜਾਬੀ ਭਾਸ਼ਾ ਵਿਚ ਇਨ੍ਹਾਂ ਨਾਲ ਸਬੰਧਿਤ ਸਮੱਗਰੀ ਤਿਆਰ ਕਰਨ ਤੇ ਉਸ ਦਾ ਪ੍ਰਚਾਰ ਕਰਨ ਦੀ ਭੂਮਿਕਾ ਨਿਭਾਅ ਰਹੇ ਹਨ। ਕਈ ਖੋਜ ਅਤੇ ਅਕਾਦਮਿਕ ਕੇਂਦਰ ਵੱਖ-ਵੱਖ ਖੇਤਰਾਂ ਵਿਚ ਗਿਆਨ ਦੀ ਨਵ-ਉਸਾਰੀ ਵਿਚ ਕਾਰਜਸ਼ੀਲ ਹਨ।
ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਤੇ ਇਤਿਹਾਸ ਦੇ ਨਾਮਵਰ ਵਿਦਵਾਨਾਂ ਦੀ ਕਰਮਭੂਮੀ ਰਹੀ ਇਹ ਯੂਨੀਵਰਸਿਟੀ ਅੱਜ ਉਨ੍ਹਾਂ ਪ੍ਰਬੁੱਧ ਸ਼ਖ਼ਸੀਅਤਾਂ ਦੀ ਵਿਰਾਸਤ ਨੂੰ ਅੱਗੇ ਲੈ ਜਾਣ ਅਤੇ ਇਸ ਵਿਚ ਵਾਧਾ ਕਰਨ ਦੀ ਸਾਰਥਕ ਭੂਮਿਕਾ ਨਿਭਾਉਣ ਵਾਲੀ ਦਿਸ਼ਾ ਵੱਲ ਜਾਣਾ ਲੋਚਦੀ ਹੈ। ਇਸ ਨਾਲ ਲੱਖਾਂ ਵਿਦਿਆਰਥੀਆਂ ਦਾ ਅਤੀਤ, ਵਰਤਮਾਨ ਤੇ ਭਵਿੱਖ ਜੁੜਿਆ ਹੋਇਆ ਹੈ। ਅਨੇਕ ਦੇਸ਼ਾਂ ਵਿਚ ਫੈਲੇ ਇਸ ਦੇ ਵਿਦਿਆਰਥੀ ਇਸ ਦੇ ਗੌਰਵਮਈ ਅਤੀਤ ਦੀ ਗਵਾਹੀ ਭਰਦੇ ਹਨ। ਮੁੱਖ ਕੈਂਪਸ, ਉਪ ਕੈਂਪਸ ਤੇ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਵੱਖ-ਵੱਖ ਕਾਲਜਾਂ ਵਿਚ ਇਸ ਸਮੇਂ ਪੜ੍ਹਾਈ ਕਰ ਰਹੇ ਵਿਦਿਆਰਥੀ ਇਸ ਦੇ ਵਰਤਮਾਨ ਸਰੂਪ ਤੇ ਮਾਹੌਲ ਦੇ ਭੋਗੀ ਅਤੇ ਭਵਿੱਖ ਘਾੜੇ ਹਨ।
ਇਹ ਤੱਥ ਦੁਹਰਾਉਣਾ ਤੇ ਉਭਾਰਨਾ ਜ਼ਰੂਰੀ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਖ਼ਾਸ ਉਦੇਸ਼ ਨੂੰ ਲੈ ਕੇ ਹੋਈ ਸੀ ਅਤੇ ਵਰਤਮਾਨ ਵਿਚ ਵੀ ਉਸ ਦੀ ਓਨੀ ਹੀ ਸਾਰਥਕਤਾ ਹੈ। ਅੱਜ ਜਦੋਂ ਪੰਜਾਬੀ ਭਾਸ਼ਾ ਨੂੰ ਨਵੇਂ ਦਿਸਹੱਦਿਆਂ ਦੀ ਤਲਾਸ਼ ਹੈ ਅਤੇ ਸੰਸਾਰ ਪੱਧਰ ਦੇ ਵਿਕਾਸ ਦੀ ਸਖ਼ਤ ਲੋੜ ਹੈ, ਪੰਜਾਬੀ ਯੂਨੀਵਰਸਿਟੀ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਬੀਤੇ ਸਮੇਂ ਵਿਚ ਯੂਨੀਵਰਸਿਟੀ ਨੇ ਇਸ ਦਿਸ਼ਾ ਵਿਚ ਨਿੱਗਰ ਕਾਰਜ ਕੀਤਾ ਹੈ। ਅਨੇਕ ਵਿਸ਼ਿਆਂ ਦੀਆਂ ਪੰਜਾਬੀ ਭਾਸ਼ਾ ਵਿਚ ਮਿਆਰੀ ਪਾਠ-ਪੁਸਤਕਾਂ ਅਤੇ ਵਿਸ਼ਾ-ਕੋਸ਼ ਤਿਆਰ ਹੋਏ ਹਨ ਜਿਨ੍ਹਾਂ ਨੂੰ ਵਰਤੋਂ ਵਿਚ ਲਿਆਉਣ ਦੀ ਅਤੇ ਨਵਿਆਉਣ ਦੀ ਸਖ਼ਤ ਲੋੜ ਹੈ। ਯੂਨੀਵਰਸਿਟੀ ਕੋਲ ਅਜਿਹਾ ਗਿਆਨ ਭੰਡਾਰ ਹੈ ਜੋ ਅਧਿਆਪਕਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੂੰ ਸੇਧ ਦੇਣ ਲਈ ਕਾਫ਼ੀ ਹੈ ਅਤੇ ਉਨ੍ਹਾਂ ਲਈ ਰੋਲ ਮਾਡਲ ਦਾ ਕਾਰਜ ਕਰਦਾ ਹੈ।
*ਪ੍ਰੋਫੈਸਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98885-15059