ਉਲਾਂਭਾ
ਰਾਬਿੰਦਰ ਸਿੰਘ ਰੱਬੀ
ਮੇਰੀ ਪੜ੍ਹਾਈ ਚੰਡੀਗੜ੍ਹ ਦੀ ਹੈ। ਇਸ ਲਈ ਇਸ ਦੇ ਸੈਕਟਰਾਂ, ਸੜਕਾਂ, ਚੌਕਾਂ ਬਾਰੇ ਜਾਣਕਾਰੀ ਹੈ, ਫਿਰ ਵੀ ਸਾਡੇ ਨਾਲ ਅਜਿਹੀ ਘਟਨਾ ਵਾਪਰੀ ਕਿ ਸਾਨੂੰ ਚੰਡੀਗੜ੍ਹ ਵਿੱਚ ਵੀ ਬਿਗਾਨੇਪਣ ਦਾ ਅਹਿਸਾਸ ਬਹੁਤ ਸਿ਼ੱਦਤ ਨਾਲ ਹੋਇਆ।
ਗੱਲ ਇੰਝ ਹੋਈ ਕਿ ਮੇਰੇ ਜਨਮ ਦਿਨ ’ਤੇ ਚੰਡੀਗੜ੍ਹ ਪਿਕਨਿਕ ਮਨਾਉਣ ਦੀ ਸਲਾਹ ਬਣ ਗਈ। ਦੋਸਤ ਧਰਮਿੰਦਰ ਸਿੰਘ ਭੰਗੂ ਮੇਰੇ ਨਾਲ ਸੀ, ਉਹ ਮੋਟਰ ਸਾਇਕਲ ਚਲਾ ਰਿਹਾ ਸੀ। ਚੰਡੀਗੜ੍ਹ ਆਉਂਦੇ ਜਾਂਦੇ ਰਹਿਣ ਕਰ ਕੇ ਟਰੈਫਿਕ ਨਿਯਮਾਂ ਦਾ ਕਾਫੀ ਧਿਆਨ ਰੱਖਣਾ ਪੈਂਦਾ ਹੈ। ਸਾਡੀ ਸਲਾਹ ਸੀ ਕਿ ਪਹਿਲਾਂ ਪੰਜਾਬ ਬੁੱਕ ਸੈਂਟਰ ਤੋਂ ਕੁਝ ਕਿਤਾਬਾਂ ਮੈਗਜ਼ੀਨ ਖਰੀਦ ਲਏ ਜਾਣ, ਇਸ ਲਈ ਅਸੀਂ 22 ਵਾਲੀ ਸੜਕ ’ਤੇ ਜਾ ਰਹੇ ਸਾਂ। ਅਗਾਂਹ ਲਾਲ ਬੱਤੀ ਹੋ ਗਈ ਅਤੇ ਅਸੀਂ ਬਰੇਕ ਦੱਬ ਦਿੱਤੀ। ਜਦੋਂ ਹਰੀ ਬੱਤੀ ਹੋਈ ਤਾਂ ਧਰਮਿੰਦਰ ਨੇ ਮੋਟਰ ਸਾਇਕਲ ਤੋਰ ਲਿਆ ਪਰ ਮੈਨੂੰ ਯਕਦਮ ਕੋਈ ਹੋਰ ਕੰਮ ਯਾਦ ਆ ਗਿਆ ਤੇ ਮੈਂ ਉਹਨੂੰ ਮੋਟਰ ਸਾਇਕਲ ਖੱਬੇ ਨੂੰ ਮੋੜਨ ਲਈ ਕਿਹਾ। ਬੱਤੀ ਉੱਧਰ ਵੀ ਹਰੀ ਹੀ ਸੀ; ਬੱਸ ਜੀ, ਸਿਪਾਹੀ ਨੇ ਸਾਨੂੰ ਰੋਕ ਲਿਆ। ਅਸੀਂ ਬਹੁਤ ਸ਼ਾਨ ਨਾਲ ਰੁਕੇ; ਇੱਕ ਤਾਂ ਉੱਧਰ ਵੀ ਬੱਤੀ ਹੋਈ ਸੀ, ਦੂਜਾ ਸਾਡੇ ਕੋਲ ਕਾਗਜ਼ ਪੱਤਰ ਪੂਰੇ ਸਨ।
ਟਰੈਫਿਕ ਵਾਲਾ ਸਿਪਾਹੀ ਹਰਿਆਣੇ ਦਾ ਸੀ। ਕਹਿੰਦਾ- “ਹਾਂ ਜੀ, ਲਿਆਓ ਕਾਗਜ਼... ਕੀ ਕਰਦੇ ਹੋ?” ‘ਅਧਿਆਪਕ’ ਸੁਣ ਕੇ ਕਹਿਣ ਲੱਗਾ, “ਤੁਹਾਨੂੰ ਤਾਂ ਟਰੈਫਿਕ ਨਿਯਮਾਂ ਦਾ ਜ਼ਿਆਦਾ ਪਤਾ ਹੋਣਾ ਚਾਹੀਦਾ ਕਿ ਜਿੱਥੇ ਡਿਵਾਈਡਰ (ਖੱਬੇ ਪਾਸੇ ਨੂੰ ਕੱਟ) ਹੈ, ਉੱਥੇ ਉਸ ਕੱਟ ਵਾਲੇ ਪਾਸੇ ਨੂੰ ਹੀ ਜਾਣਾ ਹੈ।” ਅਸੀਂ ਪੁੱਛਿਆ, “ਅਸੀਂ ਗ਼ਲਤ ਮੁੜੇ ਆਂ?” ਉਹਨੇ ਝੱਟ ਕਿਹਾ, “ਬਿਲਕੁੱਲ। ਤੁਹਾਡਾ ਚਲਾਨ ਹੋਏਗਾ।” ਕੁਝ ਸਮਾਂ ਪੈਰ ਮਲ਼ਣ ਤੋਂ ਬਾਅਦ ਉਹ ਸਾਨੂੰ ਆਪਣੇ ਅਫਸਰ ਕੋਲ ਲੈ ਗਿਆ ਅਤੇ ਦੱਸ ਦਿੱਤਾ ਕਿ ਇਹ ਅਧਿਆਪਕ ਨੇ, ਨਾਲ ਕਸੂਰ ਵੀ ਸਮਝਾ ਦਿੱਤਾ। ਉਹ ਵੀ ਹਰਿਆਣਵੀ ਸੀ। ਕਹਿਣ ਲੱਗਾ ਕਿ ਇਹ ਚਲਾਨ ਤਾਂ ਪੱਕਾ ਹੋਣਾ। ਸਕੂਲ ’ਚ ਮਾਸਟਰਾਂ ਨੇ ਸਾਡਾ ਚੰਗਾ ਬੜ੍ਹਾਂਗਾ ਕੀਤਾ। ਬਾਕੀ ਤਾਂ ਛੱਡ ਵੀ ਦਿੰਦੇ ਸੀ ਪਰ ਸਰਦਾਰ ਮਾਸਟਰ ਤਾਂ ਪੂਰੀ ਖੱਲ ਲਾਹੁੰਦੇ ਸੀ। ਉਹਨੇ ਚਲਾਨ ਕੱਟ ਕੇ ਜਿਵੇਂ ਉਸ ਮਾਸਟਰ ਦਾ ਉਲਾਂਭਾ ਲਾਹ ਦਿੱਤਾ ਹੋਵੇ।
ਅਸੀਂ ਬੜੇ ਮਾਯੂਸ ਹੋਏ ਕਿ ਮਾਸਟਰ ਹੋਣ ਕਾਰਨ ਹੀ ਅਸੀਂ ਇਸ ਚਲਾਨ ਦੇ ਭਾਗੀਦਾਰ ਬਣੇ ਹਾਂ! ਚਲਾਨ ਕਟਾ ਕੇ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸਾਂ। ਖ਼ੈਰ! ਚਲਾਨ ਭੁਗਤਣ ਵੇਲੇ ਉਹ ਵੀ ਉੱਥੇ ਆ ਗਿਆ ਸੀ। ਫਿਰ ਉਹਨੇ ਆਪਣੇ ਮਾਸਟਰਾਂ ਬਾਰੇ ਹੋਰ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਜਾਂਦੇ-ਜਾਂਦੇ ਸਾਨੂੰ ਚਾਹ ਦੀ ‘ਸੁਲ੍ਹਾ’ ਵੀ ਮਾਰੀ।
ਸੰਪਰਕ: 89689-46129