‘ਮੈਨੂੰ ਪਤਾ’ ਪ੍ਰਜਾਤੀ
ਪ੍ਰੋ. ਜਸਵੰਤ ਸਿੰਘ ਗੰਡਮ
‘ਮੈਨੂੰ ਪਤਾ’ ਪ੍ਰਾਣੀਆਂ ਦੀ ਇੱਕ ਵਿਸ਼ੇਸ਼ ਪ੍ਰਜਾਤੀ ਹੈ। ਪਾਈ ਤਾਂ ਲਗਭਗ ਇਹ ਪੂਰੇ ਸੰਸਾਰ ’ਚ ਜਾਂਦੀ ਹੈ ਪਰ ਵਿਸ਼ਵ ਦੇ ਉਸ ਖਿੱਤੇ, ਜਿਸ ਨੂੰ ਭਾਰਤੀ ਉਪ-ਮਹਾਂਦੀਪ ਜਾਂ ਦੱਖਣੀ ਏਸ਼ੀਆ ਕਿਹਾ ਜਾਂਦਾ ਹੈ, ਵਿੱਚ ਇਸ ਦੀ ਵਸੋਂ ਭਾਰੀ ਗਿਣਤੀ ਵਿੱਚ ਮਿਲਦੀ ਹੈ। ਸਮਝੋ ਇੱਟ ਚੁੱਕੋ ਤਾਂ ਦੋ-ਚਾਰ ਇੱਟ ਦੇ ਹੇਠਾਂ, ਇੰਨੇ ਕੁ ਹੀ ਇੱਟ ਦੇ ਉੱਪਰ ਅਤੇ ਕੁਝ ਘੱਟ ਜਾਂ ਵੱਧ ਗਿਣਤੀ ਵਿੱਚ ਇੱਟ ਦੇ ਇਰਦ-ਗਿਰਦ ਪਏ ਜਾਂ ਖੜ੍ਹੇ ਮਿਲ ਜਾਣਗੇ।
ਸਾਡੇ ਭਾਰਤ ਮਹਾਨ ਵਿੱਚ ਤਾਂ ਸੁਭਾਵਕ ਤੌਰ ’ਤੇ ਇਸ ਸ਼੍ਰੇਣੀ ਦੀ ਵਸੋਂ ਵਿਸ਼ਵ ਵਿੱਚ ਸਭ ਤੋਂ ਵਧੇਰੇ ਹੋਣੀ ਹੀ ਸੀ ਕਿਉਂਕਿ ਅਸੀਂ ਦੁਨੀਆ ਵਿੱਚ ਆਬਾਦੀ ਦੇ ਹਿਸਾਬ ਨਾਲ ਮੋਹਰੀ ਹਾਂ ਤੇ ਇਸ ਪੱਖੋਂ ਅਸੀਂ ਚੀਨ ਨੂੰ ਮਾਤ ਦੇ ਦਿੱਤੀ ਹੈ। ਨਾਲੇ ਜੋ ਵਿਸ਼ਵਗੁਰੂ ਹੋਣ ਵਾਲਾ ਹੋਵੇ ਜਾਂ ਹੋ ਚੁੱਕਾ ਹੋਵੇ ਉਸ ਦੇ ਵਸਨੀਕਾਂ ਨੂੰ ਤਾਂ ਸਭ ਕੁਝ ਪਤਾ ਹੀ ਹੋਣਾ ਹੋਇਆ।
ਇਹ ਪ੍ਰਜਾਤੀ ਸਰਬ-ਗਿਆਤਾ ਹੁੰਦੀ ਹੈ। ਰੱਬ ਵਾਂਗ ਸਰਬ-ਵਿਆਪਕ ਜਾਂ ਸਰਬ-ਸ਼ਕਤੀਮਾਨ ਤਾਂ ਨਹੀਂ ਹੁੰਦੀ ਪਰ ਆਪਣੇ ਆਪ ਨੂੰ ਮੰਨਦੀ ਅਜਿਹਾ ਹੀ ਹੈ। ਇਸ ’ਚੋਂ ਕਈ ਤਾਂ ਰੱਬ ਦੇ ਸ਼ਰੀਕ ਵੀ ਬਣ ਬਹਿੰਦੇ ਹਨ ਤੇ ਪਰਮ ਪਿਤਾ ਪਰਮਾਤਮਾ ਦੀ ਹੋਂਦ ਨੂੰ ਹੀ ਵੰਗਾਰਨ ਲੱਗ ਪੈਂਦੇ ਹਨ। ਕੁਝ ਕੁ ਤਾਂ ਖ਼ੁਦ ਹੀ ਖ਼ੁਦਾ ਹੋਣ ਦੇ ਖੇਖਣ ਕਰਨਗੇ ਤੇ ਖੁੱਲ੍ਹ ਕੇ ਕਹਿਣਗੇ: ‘‘ਮੇਰਾ ਸ਼ੁਕਰ ਕਰ ਖ਼ੁਦਾਇਆ, ਤੁਝੇ ਮੈਨੇ ਖ਼ੁਦਾ ਬਨਾਇਆ/ ਤੁਝੇ ਕੌਨ ਪੂਜਤਾ ਥਾ ਮੇਰੀ ਬੰਦਗੀ ਸੇ ਪਹਿਲੇ।’’
ਡੇਰਿਆਂ ਦੀ ਭਰਮਾਰ ਇਸ ਗੱਲ ਦੀ ਗਵਾਹੀ ਹੈ।
ਇਹ ਸਵੈ-ਸਿਰਜੇ ਰੱਬ ਗ਼ਰੀਬੀ, ਬੇਕਾਰੀ, ਬਿਮਾਰੀ, ਲਾਚਾਰੀ, ਅਨਪੜ੍ਹਤਾ, ਅੰਧ-ਵਿਸ਼ਵਾਸ ਤੇ ਭੁੱਖਮਰੀ ਦੇ ਮਾਰੇ ਲੋਕਾਂ ਨੂੰ ਰੱਜ ਕੇ ਗੁੰਮਰਾਹ ਕਰਦੇ ਹਨ ਤੇ ਕਈ ਉਨ੍ਹਾਂ ਦਾ ਸ਼ੋਸ਼ਣ ਵੀ ਕਰਦੇ ਹਨ। ਇਹ ਦੰਭੀ ਡੇਰੇਦਾਰ ਕਰਾਮਾਤੀ ਹੋਣ ਦਾ ਦਾਅਵਾ ਕਰਦੇ ਹਨ ਅਤੇ ਲੋਕਾਂ ਨੂੰ ਕਿਸਮਤ, ਮੱਥੇ ਦੀਆਂ ਲਿਖੀਆਂ ਜਾਂ ਹੱਥਾਂ ਦੀਆਂ ਲਕੀਰਾਂ ਦੇ ਭਰਮਜਾਲ ਵਿੱਚ ਕੁੰਡੀ ਵਿੱਚ ਮੱਛੀ ਵਾਂਗ ਫਸਾ ਲੈਂਦੇ ਹਨ। ਮੌਕਾ ਮਿਲਦਿਆਂ ਹੀ ਫਸੀਆਂ ਮੱਛੀਆਂ ਨੂੰ ਮਿਰਚ-ਮਸਾਲਾ ਲਾ ਭੁੰਨ ਕੇ ਛਕ ਜਾਂਦੇ ਹਨ। ਅਜਿਹੇ ਅਨੇਕਾਂ ਅਖੌਤੀ ਬਾਬੇ ਤਾਂ ਕਤਲਾਂ/ਬਲਾਤਕਾਰਾਂ ਦੇ ਸੰਗੀਨ ਜੁਰਮਾਂ ਵਿੱਚ ਜੇਲ੍ਹਾਂ ਦੀ ਹਵਾ ਵੀ ਫੱਕ ਰਹੇ ਹਨ।
ਦਰਅਸਲ ਧਰਮ ਅਤੇ ਰੱਬ ਦੇ ਮਾਮਲੇ ਵਿੱਚ ਜਿਸ ਨੇ ਉਸ ਦੀ ਥਾਹ ਪਾ ਲਈ ਉਹ ਤਾਂ ਅਬੋਲ ਅਵਸਥਾ ਵਿੱਚ ਅਪੜ ਗਿਆ, ਕਹਿਣ ਦੇ ਸਮਰੱਥ ਹੋਣ ਦੇ ਬਾਵਜੂਦ ਕੁਝ ਨਹੀਂ ਕਹਿ ਪਾਉਂਦਾ। ਜਾਨ ਕਰ ਤੁਝੇ ਮੈਨੇ ਯੇ ਜਾਨਾ ਕਿ ਮੈਨੇ ਕੁਛ ਨਹੀਂ ਜਾਨਾ। ਪਰ ਜੋ ਉਸ ਬਾਰੇ ਕੱਖ ਨਹੀਂ ਜਾਣਦੇ, ਉਹ ਰੱਬ ਬਣ ਬਹਿੰਦੇ ਹਨ ਤੇ ਦੂਜਿਆਂ ਦੀ ਬਦਖੋਈ ਕਰਦੇ ਰਹਿੰਦੇ ਹਨ।
ਸੱਚੁਮੁੱਚ ਸਮੁੰਦਰ ਸ਼ਾਂਤ ਰਹਿੰਦਾ ਹੈ, ਛੱਪੜੀ ਭੁੜਕਦੀ ਫਿਰਦੀ ਹੈ। ‘ਮੈਨੂੰ ਪਤਾ’ ਪ੍ਰਜਾਤੀ ਨਾਲ ਜਿਹੜੀ ਮਰਜ਼ੀ ਗੱਲ ਕਰ ਲਵੋ ਤੁਹਾਡੀ ਗੱਲ ਅਜੇ ਮੂੰਹ ’ਚੋਂ ਨਿਕਲਣ ਲੱਗੀ ਹੋਊ ਕਿ ਇਹ ਪਟੱਕ ਦੇਣੀ ਉਸ ਨੂੰ ਅਗਾਊਂ ਹੀ ਦਬੋਚ ਲੈਣਗੇ ਤੇ ਕਹਿਣਗੇ: ਮੈਨੂੰ ਪਤਾ। ਦੁਨੀਆ ਦਾ ਕੋਈ ਵਿਸ਼ਾ ਛੋਹ ਲਉ ਇਹ ਪ੍ਰਜਾਤੀ ਉਸ ਦੀ ਜਾਣਕਾਰੀ ਰੱਖਣ ਦਾ ਦਾਅਵਾ ਠੋਕ ਦੇਵੇਗੀ।
ਅਖੇ ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਤਾਂ ਪਨਸਾਰੀ ਬਣ ਬੈਠਾ। ਐਸੀ ਪ੍ਰਜਾਤੀ ਬਾਰੇ ਮੇਰੇ ਪਿਤਾ ਜੀ, ਜਿਨ੍ਹਾਂ ਦੀ ਜਨਰਲ ਨੌਲੇਜ (ਆਮ ਗਿਆਨ) ਬਹੁਤ ਸੀ (ਬੇਸ਼ੱਕ ਉਨ੍ਹਾਂ ਅਨੁਸਾਰ ਉਨ੍ਹਾਂ ਨੇ ਸਕੂਲ ਦਾ ਦਰਵਾਜ਼ਾ ਤੱਕ ਨਹੀਂ ਸੀ ਟੱਪਿਆ) ਅਕਸਰ ਇੱਕ ਟੋਟਕਾ ਸੁਣਾਉਂਦੇ ਹੁੰਦੇ ਸਨ। ਉਹ ਸਾਬਕਾ ਫ਼ੌਜੀ ਸਨ ਤੇੇ ਕਿਸੇ ਗਪੌੜੀ ਦੀ ਗੱਲ ਸੁਣਾਇਆ ਕਰਦੇ ਸਨ। ਉਨ੍ਹਾਂ ਦੇ ਇਸ ‘ਮੈਨੂੰ ਪਤਾ’ ਵਾਲੇ ਪ੍ਰਾਣੀ ਦੇ ਕਿਸੇ ਚੰਗੇ ਪੜ੍ਹੇ-ਲਿਖੇ ਨਾਲ ਸਿੰਗ ਫਸ ਪਏ। ਗੱਲ ਜੰਗਾਂ-ਯੁੱਧਾਂ ਦੀ ਛਿੜ ਪਈ। ਇਤਿਹਾਸ ਦੇ ਹਵਾਲੇ ਦਾਗੇ ਜਾਣ ਲੱਗੇ, ਭੂਗੋਲ ਖਗੋਲ ਤੇ ਪਤਾ ਨਹੀਂ ਹੋਰ ਕੀ ਕੀ ‘ਗੋਲ’ ਖੰਗਾਲੇ ਗਏ ਤੇ ‘ਮੈਨੂੰ ਪਤਾ’ ਜੀ ਰੰਗੇ ਹੱਥੀਂ ਫੜੇ ਗਏ। ਜਦ ਉਹ ਕਿਸੇ ਗ਼ਲਤ ਗੱਲ ’ਤੇ ਅੜ ਗਏ ਤਾਂ ਸਿਆਣੇ ਸਾਥੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਭੂਗੋਲ ਦੀ ਜਾਣਕਾਰੀ ਹੈ? ਟੰਗ ਅੜਾਊ ਭਿੜਕੂ ਝੱਟ ਬੁੜ੍ਹਕ ਕੇ ਬੋਲਿਆ, ‘‘ਓਥੇ ਤਾਂ ਮੈਂ ਛੇ ਮਹੀਨੇ ਰਹਿ ਕੇ ਆਇਆਂ।’’
ਮੇਰੇ ਇੱਕ ਜਾਣਕਾਰ ਦੇ ਘਰ ਵੀ ਇਹ ਪ੍ਰਜਾਤੀ ਹੈ ਜੋ ਇੱਕੋ ਵੇਲੇ ਟੀਵੀ ਚੈਨਲ, ਮੋਬਾਈਲ ਤੇ ਰੇਡੀਉ ਅਤੇ ਰੱਬ ਦੇ ਬਖਸ਼ੇ ਜਮਾਂਦਰੂ ਚੈਨਲ ਮੂੰਹ ’ਤੇ ਜ਼ੁਬਾਨ ਨੂੰ ਚਲਾਈ ਰੱਖਣ ਦੇ ਚਮਤਕਾਰੀ ਵਰਤਾਰੇ ਵਿੱਚ ਵਿਸ਼ੇਸ਼ਗ ਹੈ। ਲੱਗਦੇ ਹੱਥ ਇਹ ਕ੍ਰਿਸ਼ਮਾਕਾਰੀ ਜਿਊੜਾ ਕੰਮ ਕਰਨ ਵਾਲੀ ਨਾਲ ਵੀ ਘਰੇਲੂ ਕਾਰਜਾਂ ਦੀ ਕੁਪੱਤੀ ਚਰਚਾ ਕਰਨ ਦੀ ਕਾਬਲੀਅਤ ਰੱਖਦਾ ਹੈ। ਮੈਂ ਸਦਾ ਉਸ ਦੇ ਵਾਰੇ-ਬਲਿਹਾਰੇ ਜਾਂਦਾ ਹਾਂ। ਚੌਤਰਫੇ ਰੌਲੇ-ਗੌਲੇ ਵਿੱਚ ਤੁਸੀਂ ਉਸ ਨਾਲ ਕੋਈ ਹੋਰ ਗੱਲ ਛੇੜ ਲਉ ਤਾਂ ਆ ਬੈਲ ਮੁਝੇ ਮਾਰ ਵਾਲੀ ਗ਼ਲਤੀ ਕਰੋਗੇ। ਉਸ ਨੂੰ ਉਸ ਗੱਲ ਦਾ ਵੀ ਪਤਾ ਹੁੰਦਾ ਹੈ ਜੋ ਤੁਸੀਂ ਅਜੇ ਕੀਤੀ ਵੀ ਨਹੀਂ ਹੁੰਦੀ।
ਤੁਸੀਂ ਭਾਵੇਂ ਜੀ ਸਦਕੇ ਇਹ ਉਲ੍ਹਾਮਾ ਦਿਉ ਕਿ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ। ਮੈਂ ਤੁਹਾਡਾ ਉਲ੍ਹਾਮਾ ਸਿਰ ਮੱਥੇ ਮੰਨ ਆਪਣੇ ਇੱਕ ਹੋਰ ਜਾਣਕਾਰ ਦੀ ਗੱਲ ਸੁਣਾਉਣੋਂ ਬਾਜ ਨਹੀਂ ਆ ਸਕਦਾ। ਇਸ ਨੂੰ ਮਹਾਨ ਲੇਖਕ ਹੋਣ ਦਾ ਭਰਮ ਹੈ। ਚਲੋ ਕੋਈ ਨਹੀਂ ਭਰਮ ਪਾਲ ਕੇ ਕਿਸੇ ਨੂੰ ਸੰਤੁਸ਼ਟੀ ਮਿਲਦੀ ਹੋਵੇ ਤਾਂ ਸਾਡਾ ਕੀ ਜਾਂਦਾ ਹੈ ਪਰ ਮਸਲਾ ਉਦੋਂ ਖੜ੍ਹਦੈ ਜਦ ਉਹ ਕਿਸੇ ਦੂਸਰੇ ਸੱਚੀਂ-ਮੁੱਚੀਂ ਦੇ ਲੇਖਕ ਨੂੰ ਟਿੱਚ ਨਹੀਂ ਜਾਣਦਾ।
ਇੱਕ ਵਾਰ ਉਹ ਪੁਸਤਕ ਮੇਲੇ ਵਿੱਚ ਵਿਲੀਅਮ ਸ਼ੇਕਸਪੀਅਰ ਦੇ ਨਾਵਲ, ਖੁਸ਼ਵੰਤ ਸਿੰਘ ਦੇ ਗਜ਼ਲ-ਸੰਗ੍ਰਹਿ ਅਤੇ ਸਾਹਿਰ ਲੁਧਿਆਣਵੀ ਦੇ ਨਾਟਕਾਂ ਦੀਆਂ ਪੁਸਤਕਾਂ ਭਾਲਦਾ ਕਲਪ ਰਿਹਾ ਸੀ ਅਤੇ ਮੇਲੇ ਵਾਲਿਆਂ ਨੂੰ ਬੁਰਾ ਭਲਾ ਕਹਿ ਰਿਹਾ ਸੀ ਜਿਨ੍ਹਾਂ ਨੇ ਇੰਨੇ ਨਾਮਵਰ ਲੇਖਕਾਂ ਦੀਆਂ ਉਪਰੋਕਤ ਵਿਧਾਵਾਂ ਦੀਆਂ ਕਿਤਾਬਾਂ ਨਹੀਂ ਸਨ ਰੱਖੀਆਂ।
‘ਮੈਨੂੰ ਪਤਾ’ ਪ੍ਰਜਾਤੀ ਦੇ ਪ੍ਰਾਣੀਆਂ ਨੂੰ ਭਗਵਾਨ, ਜਹਾਨ, ਧਿਆਨ, ਗਿਆਨ, ਵਿਗਿਆਨ, ਵਿਦਵਾਨ, ਸਾਮਾਨ ਦਾ ਸਭ ਪਤਾ ਹੁੰਦਾ ਹੈ। ਉਹ ਧਰਤ ਆਕਾਸ਼ ਦੀ ਹਰ ਗੱਲ ਦੀ ਜਾਣਕਾਰੀ ਰੱਖਦੇ ਹਨ। ਜਾਨ-ਸ਼ਮਸ਼ਾਨ ਦੀ ਤਾਂ ਭਲਾ ਹੋਣੀ ਹੀ ਹੋਈ।
ਅਜਿਹੇ ਲੋਕ ਹਵਾਈ ਕਿਲ੍ਹੇ ਬਣਾਉਣ, ਆਸਮਾਨ ਨੂੰ ਟਾਕੀਆਂ ਲਾਉਣ ਅਤੇ ਗੱਲਾਂ ਦੇ ਗੁਲਗੁਲੇ ਬਣਾਉਣ ਦੇ ਮਾਹਿਰ ਹੁੰਦੇ ਹਨ।
ਜੋ ਖੂਹ ਦੇ ਡੱਡੂ ਹਨ ਉਹ ਇਧਰ-ਉਧਰ ਟਪੂਸੀਆਂ ਮਾਰਦੇ ਰਹਿੰਦੇ ਹਨ। ਉਨ੍ਹਾਂ ਨੂੰ ਸਾਗਰ ਦੀ ਵਿਸ਼ਾਲਤਾ ਤੇ ਗਹਿਰਾਈ ਦਾ ਪਤਾ ਹੀ ਨਹੀਂ ਹੁੰਦਾ। ਟੱਪਿਆ ਚਹੇੜੂ ਨਹੀਂ ਹੁੰਦਾ ਪਰ ਡੀਂਗਾਂ ਚੀਨ ਜਾਪਾਨ ਦੀਆਂ ਮਾਰਨਗੇ।
ਜਿਨ੍ਹਾਂ ਨੂੰ ਸਭ ਕੁਝ ਜਾਂ ਬਹੁਤ ਕੁਝ ਪਤਾ ਹੁੰਦਾ ਹੈ ਉਹ ਤਾਂ ਹਲੀਮੀ ਨਾਲ ਕਹਿਣਗੇ ਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਵਿਸ਼ਵ ਦੇ ਸਭ ਤੋਂ ਮਹਾਨ ਵਿਗਿਆਨੀਆਂ ਵਿੱਚ ਸ਼ੁਮਾਰ ਆਈਜ਼ਕ ਨਿਊਟਨ ਕਿਹਾ ਕਰਦਾ ਸੀ ਕਿ ਉਹ ਹੋਰ ਕੁਝ ਨਹੀਂ ਕਰ ਰਿਹਾ ਸਿਰਫ਼ ਸਮੁੰਦਰ ਰੂਪੀ ਗਿਆਨ ਦੇ ਕੰਢਿਆਂ ਤੋਂ ਕੰਕਰ ’ਕੱਠੇ ਕਰਦਾ ਫਿਰਦਾ ਹੈ।
ਪਰ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਹੁੰਦਾ ਜਾਂ ਮਾੜਾ ਮੋਟਾ ਪਤਾ ਹੁੰਦਾ ਹੈ ਉਹ ਸਭ ਕੁਝ ਪਤਾ ਹੋਣ ਦੀਆਂ ਫੁਕਰੀਆਂ ਮਾਰਨਗੇ। ਬਹੁਤੀ ਵਾਰ ‘ਮੈਨੂੰ ਪਤਾ’ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਕੀ ਨਹੀਂ ਪਤਾ ਜਾਂ ਫਿਰ ਕੀ ਪਤੈ।
ਉਨ੍ਹਾਂ ਅਨੁਸਾਰ ਤਾਂ ਵਿਦਵਤਾ ਦੀ ਲਕੀਰ ਉਨ੍ਹਾਂ ਤੋਂ ਸ਼ੁਰੂ ਹੋ ਕੇ ਉਨ੍ਹਾਂ ਉੱਪਰ ਹੀ ਖ਼ਤਮ ਹੋ ਜਾਂਦੀ ਹੈ।
ਪਰਮਾਤਮਾ ਬਚਾਏ ‘ਮੈਨੂੰ ਪਤਾ’ ਪ੍ਰਜਾਤੀ ਤੋਂ।
ਸੰਪਰਕ: 98766-55055