ਪਤੀ ਨੇ ਪਤਨੀ ’ਤੇ ਕੀਤਾ ਜਾਨਲੇਵਾ ਹਮਲਾ
ਪੱਤਰ ਪ੍ਰੇਰਕ
ਜਲੰਧਰ, 18 ਅਕਤੂਬਰ
ਇੱਥੋਂ ਦੀ ਭਈਆ ਮੰਡੀ ਵਿੱਚ ਇੱਕ ਔਰਤ ’ਤੇ ਉਸ ਦੇ ਪਤੀ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਪਤੀ ਨੇ ਔਰਤ ਦੇ ਸਿਰ ’ਤੇ ਲੋਹੇ ਦੀ ਚੂੜੀ ਨਾਲ ਵਾਰ ਕੀਤਾ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਬਾ ਖੇਲ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਮਾਮਲਾ ਦਰਜ ਕਰੇਗੀ। ਭਈਆ ਮੰਡੀ ਦੀ ਰਹਿਣ ਵਾਲੀ ਆਂਚਲ ਨੇ ਦੱਸਿਆ ਕਿ ਉਹ ਐਚਪੀ ਪੈਟਰੋਲ ਪੰਪ ’ਤੇ ਕੰਮ ਕਰਦੀ ਹੈ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਵੀ ਉਹ ਕੰਮ ਲਈ ਭਈਆ ਮੰਡੀ ਸਥਿਤ ਐਚਪੀ ਪੈਟਰੋਲ ਪੰਪ ’ਤੇ ਜਾ ਰਹੀ ਸੀ। ਉਹ ਜਦੋਂ ਸੜਕ ਪਾਰ ਕਰ ਰਹੀ ਸੀ ਤਾਂ ਉਸ ਦਾ ਪਤੀ ਆਦਮ ਕਾ ਨੇ ਉਸ ਦੇ ਸਿਰ ’ਤੇ ਕੜੇ ਨਾਲ ਜ਼ੋਰਦਾਰ ਵਾਰ ਕੀਤੇ। ਪੀੜਤਾ ਅਨੁਸਾਰ ਉਸ ਦਾ ਪਤੀ ਨਸ਼ੇ ਦਾ ਆਦੀ ਹੈ। ਇਸ ਕਾਰਨ ਉਹ ਵੱਖ-ਵੱਖ ਰਹਿ ਰਹੇ ਹਨ। ਔਰਤ ਨੇ ਦੋਸ਼ ਲਾਇਆ ਕਿ ਪਤੀ ਉਸ ਦੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਗਿਆ। ਪੀੜਤ ਔਰਤ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲੀਸ ਕੰਟਰੋਲ ਰੂਮ ’ਚ ਕੀਤੀ ਤਾਂ ਥਾਣਾ ਬਸਤੀ ਬਾਬਾ ਖੇਲ ਦੀ ਪੁਲੀਸ ਜਾਂਚ ਲਈ ਮੌਕੇ ’ਤੇ ਪਹੁੰਚ ਗਈ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਜਾਨ ਨੂੰ ਉਸ ਦੇ ਪਤੀ ਤੋਂ ਖ਼ਤਰਾ ਹੈ।