ਚਾਰਦੀਵਾਰੀ ਤੋਂ ਬਗੈਰ ਚੱਲ ਰਿਹੈ ਮੈਰੀਟੋਰੀਅਸ ਸਕੂਲ ਦਾ ਹੋਸਟਲ
ਕੇਪੀ ਸਿੰਘ
ਗੁਰਦਾਸਪੁਰ, 4 ਜੁਲਾਈ
ਇੱਥੋਂ ਦੇ ਬੱਬਰੀ ਬਾਈਪਾਸ ਨੇੜੇ ਸਥਿਤ ਮੈਰੀਟੋਰੀਅਸ ਸਕੂਲ ਦੇ ਲੜਕੀਆਂ ਦੇ ਹੋਸਟਲ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਖਤਰਾ ਹੈ ਤੇ ਹੋਸਟਲ ਨਾਲ ਲੱਗਦੀ ਪੁੱਡਾ ਕਲੋਨੀ ਰਾਹੀਂ ਕੋਈ ਵੀ ਵਿਅਕਤੀ ਸਕੂਲ ਵਿੱਚ ਪਹੁੰਚ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਕੂਲ ਦੀ ਉਸਾਰੀ ਸੰਨ 2016 ਵਿੱਚ ਸ਼ੁਰੂ ਹੋਈ ਸੀ। 2017 ਵਿੱਚ ਸਰਕਾਰ ਬਦਲ ਗਈ ਅਤੇ ਸਿਆਸੀ ਕਾਰਨਾਂ ਦੇ ਚੱਲਦਿਆਂ ਕੰਮ ਰੁਕਵਾ ਦਿੱਤਾ ਅਤੇ ਵਿਜੀਲੈਂਸ ਜਾਂਚ ਤੱਕ ਦੀ ਨੌਬਤ ਆ ਗਈ। ਸੱਤ ਸਾਲ ਗੁਜ਼ਰਨ ਦੇ ਬਾਵਜੂਦ ਵੀ ਸਕੂਲ ਦਾ ਕੰਮ ਮੁਕੰਮਲ ਨਹੀਂ ਕਰਵਾਇਆ ਗਿਆ। ਹੋਸਟਲ ਬਣਾਉਣ ਵਾਲੀ ਠੇਕੇਦਾਰ ਫ਼ਰਮ ਬਾਲਾ ਜੀ ਬਿਲਡਰ ਦੇ ਸੰਜੀਵ ਗੁਪਤਾ ਨੇ ਦੱਸਿਆ ਕਿ 2017 ਵਿੱਚ ਜਦੋਂ ਮੈਰੀਟੋਰੀਅਸ ਸਕੂਲ ਬਣਾਉਣ ਦਾ ਕੰਮ ਅੰਤਿਮ ਪੜਾਅ ਵਿੱਚ ਸੀ ਤਾਂ ਸਰਕਾਰ ਬਦਲ ਗਈ ਅਤੇ ਉਨ੍ਹਾਂ ਦੇ ਕੰਮ ਸਬੰਧੀ ਇਤਰਾਜ਼ ਲੱਗਣੇ ਸ਼ੁਰੂ ਹੋ ਗਏ। ਬਿਨਾਂ ਕਿਸੇ ਕਾਰਨ ਮੈਰੀਟੋਰੀਅਸ ਸਕੂਲ ਦਾ ਕੰਮ ਵੀ ਰੁਕਵਾ ਦਿੱਤਾ ਗਿਆ। 2015 ਵਿੱਚ ਉਨ੍ਹਾਂ ਦੀ ਫ਼ਰਮ ਨੂੰ ਇਹ ਠੇਕਾ 26 ਕਰੋੜ ਵਿੱਚ ਮਿਲਿਆ ਸੀ ਜੋ ਬਾਅਦ ਵਿੱਚ ਵਧਾ ਕੇ 33 ਕਰੋੜ ਦਾ ਹੋ ਗਿਆ ਸੀ । ਬਾਕੀ ਰਹਿੰਦੇ ਕੰਮ ਵਿੱਚ ਇੱਕ ਇਮਾਰਤ ਸੜਕ ਅਤੇ ਕੁੜੀਆਂ ਦੇ ਹੋਸਟਲ ਦੇ ਆਲੇ ਦੁਆਲੇ ਚਾਰ ਦੀਵਾਰੀ ਦਾ ਕੰਮ ਰਹਿੰਦਾ ਹੈ ਜੋ ਕਰੀਬ ਪੰਜ ਕਰੋੜ ਦਾ ਹੈ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਸਕੂਲ ਵਿੱਚ ਸਾਢੇ ਪੰਜ ਕਰੋੜ ਰੁਪਏ ਤੋਂ ਵੱਧ ਦਾ ਕੰਮ ਰਹਿੰਦਾ ਹੈ। ਤਤਕਾਲੀ ਸਰਕਾਰ ਵੱਲੋਂ ਹਦਾਇਤ ਮਿਲਣ ’ਤੇ ਠੇਕੇਦਾਰ ਫ਼ਰਮ ਬਾਲਾ ਜੀ ਬਿਲਡਰਜ਼ ਦਾ ਕੰਮ ਰੁਕਵਾ ਦਿੱਤਾ ਗਿਆ ਸੀ ਅਤੇ ਉਸ ਦੀ ਸਕਿਉਰਿਟੀ ਵੀ ਜ਼ਬਤ ਕਰ ਲਈ ਗਈ ਸੀ। 2018-19 ਵਿੱਚ ਹੀ ਨਵੀਂ ਮਨਜ਼ੂਰੀ ਲਈ ਸਰਕਾਰ ਨੂੰ ਬਾਕੀ ਰਹਿੰਦੇ ਕੰਮ ਦੀ ਸਾਰੀ ਜਾਣਕਾਰੀ ਭੇਜੀ ਸੀ ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਗਰਲਜ਼ ਹੋਸਟਲ ਦੇ ਆਲ਼ੇ ਦੁਆਲੇ ਚਾਰਦੀਵਾਰੀ ਕਰਵਾਉਣ ਅਤੇ ਬਾਕੀ ਰਹਿੰਦੇ ਕੰਮ ਕਰਵਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਸਬੰਧੀ ਮੈਰੀਟੋਰੀਅਸ ਕਮੇਟੀ ਨੂੰ ਲਿਖਿਆ ਗਿਆ ਸੀ ਪਰ ਉਨ੍ਹਾਂ ਤੋਂ ਜਵਾਬ ਮਿਲਿਆ ਕਿ ਨਿਰਮਾਣ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾਵੇਗਾ।