ਗੁਰਦਾ ਕੱਢਣ ਦੇ ਦੋਸ਼ਾਂ ’ਚ ਹਸਪਤਾਲ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 31 ਜੁਲਾਈ
ਇੱਥੋਂ ਦੀ ਤਹਿਸੀਲ ਸੜਕ ’ਤੇ ਸਥਿਤ ਪ੍ਰਾਈਵੇਟ ਆਪਣਾ ਹਸਪਤਾਲ ਨੂੰ ਇਕ ਮਰੀਜ਼ ਦਾ ਗੁਰਦਾ ਕੱਢਣ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਦੋ ਸਾਲ ਬਾਅਦ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਸਬੰਧੀ ਅੱਜ ਕੀਤੀ ਪ੍ਰੈਸ ਕਾਨਫਰੰਸ ਵਿੱਚ ਹਸਪਤਾਲ ਦੇ ਐਮ.ਡੀ. ਸੰਜੈ ਕੁਮਾਰ ਨੇ ਦੱਸਿਆ ਕਿ ਕਰੀਬ ਸਾਲ 2021 ਦੇ ਜੁਲਾਈ ਮਹੀਨੇ ਵਿੱਚ ਇਕ ਪੇਟ ਦੀ ਦਰਦ ਨੂੰ ਲੈ ਕੇ ਇਕ ਮਰੀਜ਼ ਆਇਆ ਸੀ। ਟੈਸਟ ਕਰਨ ’ਤੇ ਸਾਹਮਣੇ ਆਇਆ ਕਿ ਮਰੀਜ਼ ਦਾ ਗੁਰਦਾ ਪੂਰੀ ਤਰਾਂ ਖਰਾਬ ਹੋ ਚੁੱਕਾ ਹੈ ਜਿਸ ਨੂੰ ਕੱਢਣਾ ਪਏਗਾ। ਮਰੀਜ਼ ਅਤੇ ਉਸ ਦੇ ਪਰਿਵਾਰ ਦੀ ਲਿਖਤੀ ਸਹਿਮਤੀ ਮਗਰੋਂ ਉਸਦਾ ਗੁਰਦਾ ਮਾਨਤਾ ਪ੍ਰਾਪਤ ਡਾਕਟਰ ਵੱਲੋਂ ਕੱਢਿਆ ਗਿਆ। ਗੁਰਦੇ ਨੂੰ ਅਗਲੀ ਜਾਂਚ ਲਈ ਮਰੀਜ਼ ਨੂੰ ਦੇ ਦਿੱਤਾ ਗਿਆ ਜਿਸ ਵੱਲੋਂ ਆਪਣੇ ਪੱਧਰ ’ਤੇ ਗੁਰਦੇ ਦੀ ਕੋਈ ਜਾਂਚ ਨਹੀਂ ਕਰਵਾਈ ਗਈ। ਸਗੋਂ ਗੁਰਦਾ ਨਾਜਾਇਜ਼ ਰੂਪ ਵਿੱਚ ਕੱਢਣ ਦਾ ਦੋਸ਼ ਲਾ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਕਤ ਵਿਅਕਤੀ ਵੱਲੋਂ ਮਾਮਲੇ ਦੀ ਪੁਲੀਸ, ਸਿਹਤ ਵਿਭਾਗ ਸਣੇ ਹੋਰਨਾਂ ਵੱਖ ਵੱਖ ਥਾਵਾਂ ’ਤੇ ਸ਼ਿਕਾਇਤ ਕਰਨ ਤੋਂ ਇਲਾਵਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਖ਼ਲ ਕੀਤੀ ਗਈ।