For the best experience, open
https://m.punjabitribuneonline.com
on your mobile browser.
Advertisement

ਰੇਲ ਪਟੜੀ ਦੀ ਦਹਿਸ਼ਤ

12:42 PM Dec 26, 2022 IST
ਰੇਲ ਪਟੜੀ ਦੀ ਦਹਿਸ਼ਤ
Advertisement

ਡਾ. ਕੁਲਦੀਪ ਸਿੰਘ

Advertisement

ਜਦੋਂ ਵੀ 26 ਦਸੰਬਰ 1991 ਦੀ ਭਿਆਨਕ ਰਾਤ ਮੁੜ ਚੇਤੇ ਵਿਚ ਆਉਂਦੀ ਹੈ, ਅਕਸਰ ਤ੍ਰਬਕ ਕੇ ਉੱਠ ਜਾਂਦਾ ਹਾਂ ਅਤੇ ਅਤੀਤ, ਵਰਤਮਾਨ ਤੇ ਭਵਿੱਖ ਬਾਰੇ ਸੋਚਣ ਲੱਗਦਾ ਹਾਂ। ਉਸ ਰਾਤ 7 ਵਜੇ ਦੇ ਕਰੀਬ ਮੇਰੇ ਪਿੰਡ ਸੋਹੀਆਂ ਕੋਲੋਂ ਲੰਘ ਰਹੀ ਲੁਧਿਆਣੇ ਤੋਂ ਫਿਰੋਜ਼ਪੁਰ ਜਾਣ ਵਾਲੀ ਟਰੇਨ ਰੋਕ ਕੇ ਵੱਖ-ਵੱਖ ਡੱਬਿਆਂ ਵਿਚ ਗੋਲੀਆਂ ਨਾਲ 50 ਤੋਂ ਵੱਧ ਯਾਤਰੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਉਨ੍ਹਾਂ ਕਾਲੇ ਦਿਨਾਂ ਦੇ ਦੌਰ ਦਾ ਇਹ ਸਭ ਤੋਂ ਵੱਡਾ ਹੱਤਿਆ ਕਾਂਡ ਸੀ।

Advertisement

ਲੁਧਿਆਣਾ ਵੱਖ ਵੱਖ ਕਾਮਿਆਂ ਲਈ ਉਨ੍ਹਾਂ ਦੀ ਜੀਵਿਕਾ ਦਾ ਕੇਂਦਰ ਸੀ। ਰੋਜ਼ਮੱਰਾ ਜ਼ਿੰਦਗੀ ਦੀ ਗੁਜ਼ਰ-ਬਸਰ ਲਈ ਮੁੱਲਾਂਪੁਰ, ਜਗਰਾਓਂ ਤੇ ਮੋਗਾ ਤੋਂ ਦਿਹਾੜੀਦਾਰ ਅਤੇ ਮੁਲਾਜ਼ਮ ਆਪਣੀ ਜੀਵਿਕਾ ਲਈ ਜਾਂਦੇ ਸਨ ਜਿਨ੍ਹਾਂ ਵਿਚ ਹੌਜ਼ਰੀ ਨਾਲ ਜੁੜੇ ਕਾਰੀਗਰ, ਸਾਈਕਲ ਬਣਾਉਣ ਵਾਲੇ ਕਾਮੇ, ਬਿਜਲੀ ਬੋਰਡ ਦੇ ਮੁਲਾਜ਼ਮ ਅਤੇ ਵੱਖ ਵੱਖ ਛੋਟੇ ਛੋਟੇ ਕਿੱਤੇ ਕਰਨ ਵਾਲੇ ਦੁਕਾਨਦਾਰ ਹੁੰਦੇ ਸਨ। ਉਹ ਰੋਜ਼ਾਨਾ ਕੰਮ-ਧੰਦੇ ਤੋਂ ਬਾਅਦ ਆਪੋ-ਆਪਣੇ ਘਰ ਪਰਤਦੇ ਸਨ।

ਜਿਉਂ ਹੀ ਚੌਕੀਮਾਨ ਦੇ ਸਟੇਸ਼ਨ ਤੋਂ ਰੇਲ ਗੱਡੀ ਚਲਦੀ ਹੈ, ਕੋਈ ਅਗਿਆਤ ਹਮਲਾਵਰ ਗੱਡੀ ਰੋਕਣ ਵਾਲੀ ਤਾਰ ਖਿੱਚ ਦਿੰਦਾ ਹੈ ਅਤੇ ਗੱਡੀ ਮੇਰੇ ਪਿੰਡ ਦੇ ਨੇੜੇ ਆ ਕੇ ਗੱਡੀ ਰੁਕ ਜਾਂਦੀ ਹੈ। ਬਸ, ਫਿਰ ਭਾਣਾ ਸਮਝੋ ਜਾਂ ਤਰਾਸਦੀ, ਚੰਦ ਪਲਾਂ ਅੰਦਰ ਹੀ ਏਕੇ-47 ਨਾਲ ਵੱਖ ਵੱਖ ਡੱਬਿਆਂ ਵਿਚ ਕਿੰਨੇ ਹੀ ਮਾਵਾਂ ਦੇ ਪੁੱਤ, ਪਤਨੀਆਂ ਦੇ ਪਤੀ ਅਤੇ ਬੱਚਿਆਂ ਦੇ ਪਿਤਾ ਸਦਾ ਦੀ ਨੀਂਦ ਸੁਲਾ ਦਿੱਤੇ ਜਾਂਦੇ ਹਨ ਅਤੇ ਦਰਜਨਾਂ ਜ਼ਖ਼ਮੀ ਕਰ ਦਿੱਤੇ ਜਾਂਦੇ ਹਨ। ਦੂਰ ਤੱਕ ਲੋਕਾਂ ਦੇ ਰੋਣ ਅਤੇ ਭੱਜਣ ਦੀਆਂ ਆਵਾਜ਼ਾਂ ‘ਬਚਾਓ, ਬਚਾਓ’ ਦੇ ਰੂਪ ਵਿਚ ਕੰਨਾਂ ਨੂੰ ਸੁਣਾਈ ਦਿੰਦੀਆਂ ਹਨ। ਲੋਕ ਆਪ ਮੁਹਾਰੇ, ਭਲਾ ਹੀ ਉਹ ਡਰੇ ਹੋਏ ਸਨ, ਆਪਣੇ ਦਰਵਾਜ਼ੇ ਖੋਲ੍ਹਦੇ ਹਨ ਅਤੇ ਮੌਤ ਦੇ ਡਰ ਤੋਂ ਬਚ ਕੇ ਆਇਆਂ ਨੂੰ ਪਨਾਹ ਦਿੰਦੇ ਹਨ।

ਇਸ ਰਾਤ ਵੱਡੀ ਗਿਣਤੀ ਵਿਚ ਜਿਨ੍ਹਾਂ ਦੇ ਪੁੱਤ ਕੰਮ ਤੋਂ ਘਰੇ ਨਹੀਂ ਸੀ ਪਰਤੇ, ਉਹ ਆਪਣੇ ਪੁੱਤਰਾਂ ਨੂੰ ਲੱਭਣ ਲਈ ਸਕੂਟਰਾਂ ਉਪਰ ਜਗਰਾਓਂ ਤੋਂ ਪਹੁੰਚ ਰਹੇ ਹਨ। ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਅਸਮਾਨ ਨੂੰ ਬੇਜਾਨ ਕਰ ਰਹੀਆਂ ਹਨ। ਹਰ ਕੋਈ ਆਪਣੇ ਜੀਅ ਨੂੰ ਤਲਾਸ਼ ਰਿਹਾ ਸੀ। ਜ਼ਖ਼ਮੀਆਂ ਨੂੰ ਜਗਰਾਓਂ ਅਤੇ ਮੁੱਲਾਂਪੁਰ ਦੇ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਸੀ। ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ, ਉਨ੍ਹਾਂ ਨੂੰ ਦਿਆਨੰਦ ਹਸਪਤਾਲ

ਲਿਜਾਇਆ ਗਿਆ। 27 ਦਸੰਬਰ ਨੂੰ ਵੱਖ ਵੱਖ ਥਾਵਾਂ ਤੋਂ ਆਏ ਆਪਣੇ ਧੀਆਂ ਪੁੱਤਾਂ ਦੀਆਂ ਲਾਸ਼ਾਂ ਲੱਭ ਰਹੇ ਸਨ। ਸ਼ਾਮ ਦੇ 5 ਵਜੇ ਤੱਕ ਜਗਰਾਓਂ ਦੇ ਸ਼ਮਸ਼ਾਨਘਾਟ ਵਿਚ ਇਕੋ ਸਥਾਨ ‘ਤੇ 24 ਲਾਸ਼ਾਂ ਪਹੁੰਚ ਚੁੱਕੀਆਂ ਸਨ। ਸਮੁੱਚਾ ਸ਼ਹਿਰ ਅਤੇ ਇਲਾਕਾ ਗ਼ਮਗੀਨ ਹੋਇਆ ਸਿਰ ਝੁਕਾਈ ਖੜ੍ਹਾ ਸੀ। ਜਗਰਾਓਂ ਦਾ ਕੋਈ ਵੀ ਅਜਿਹਾ ਮਹੱਲਾ ਨਹੀਂ ਸੀ

ਬਚਿਆ ਜਿਨ੍ਹਾਂ ਦਾ ਧੀ ਪੁੱਤ ਇਸ ਵਾਰਦਾਤ ਵਿਚ ਆਪਣੀ ਜਾਨ ਨਾ ਗਵਾ ਚੁੱਕਾ ਹੋਵੇ।

ਅੱਜ ਵੀ ਚੇਤਿਆਂ ਵਿਚ ਦੋ ਸ਼ਖ਼ਸ ਰਾਕੇਸ਼ ਕੁਮਾਰ ਅਤੇ ਜੋਗਿੰਦਰ ਸਿੰਘ ਆਉਂਦੇ ਹਨ ਜਿਨ੍ਹਾਂ ਨੇ ਮੂਹਰੇ ਹੋ ਕੇ ਮਾਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਕਿਉਂ ਕਹਿਰ ਕਰ ਰਹੇ ਹੋ ਅਤੇ ਆਪਣੀ ਜਾਨ ਵਾਰ ਦਿੱਤੀ। ਇਸ ਵਾਰਦਾਤ ਨੇ ਮੇਰੇ ਪਿੰਡ ਅਤੇ ਇਲਾਕੇ ਨੂੰ ਤੁਰੰਤ ਫ਼ੌਜੀ ਕਮਾਂਡ ਹੇਠ ਲੈ ਆਂਦਾ। ਮਾਰਨ ਵਾਲੇ ਤਾਂ ਕਾਰਾ ਕਰਕੇ ਚਲੇ ਗਏ ਪਰ ਦੂਸਰੇ ਦਿਨ ਸਮੁੱਚੇ ਪਿੰਡ ਨਾਲ ਜੋ ਭਾਣਾ ਵਾਪਰਿਆ, ਉਹ ਵੀ ਕਿਸੇ ਹਾਦਸੇ ਤੋਂ ਗੱਟ ਨਹੀਂ ਸੀ। ਲੋਕਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ; ਅਖੇ, ਵਾਰਦਾਤ ਕਰਨ ਵਾਲਿਆਂ ਨੇ ਤੁਹਾਡੇ ਹੀ ਘਰਾਂ ਵਿਚ ਪਨਾਹ ਲਈ ਹੋਈ ਹੈ। ਇਕ ਪਾਸੇ ਲੋਕ ਅਜੇ ਰਾਤ ਨੂੰ ਵਾਪਰੀ ਦਿਲ ਕੰਬਾਊ ਤਰਾਸਦੀ ਵਿਚੋਂ ਨਹੀਂ ਸਨ ਉਭਰੇ ਅਤੇ ਦੂਸਰੇ ਪਾਸੇ ਮਿਲਟਰੀ ਦੇ ਬੂਟਾਂ ਲੋਕਾਂ ਅੰਦਰ ਸਹਿਮ ਪੈਦਾ ਕਰ ਦਿੱਤਾ।

ਜਦੋਂ ਵੀ ਮੈਂ ਹੁਣ ਇਸ ਰੇਲ ਪਟੜੀ ਤੋਂ ਲੰਘਦਾ ਹਾਂ ਤਾਂ ਮੈਨੂੰ ਉਥੇ ਹੀ ਕਿਤੇ ਘੁੰਮ ਰਿਹਾ ਕੋਈ ਰਾਕੇਸ਼ ਨਰੂਲਾ, ਮਾਸਟਰ ਰਾਮਨਾਥ, ਗੁਰਦੇਵ ਚੰਦ, ਜੋਗਿੰਦਰ ਸਿੰਘ ਆਦਿ ਯਾਦ ਆ ਜਾਂਦਾ ਹੈ। ਹੁਣ ਜਦੋਂ ਉਠਦੀਆਂ ਗਰਮ ਹਵਾਵਾਂ ਮਹਿਸੂਸ ਕਰਦਾ ਹਾਂ ਤਾਂ ਇੰਝ ਜਾਪਣ ਲੱਗ ਪੈਂਦਾ ਹੈ ਕਿ ਇੰਨੇ ਖੂਨ-ਖਰਾਬੇ ਤੋਂ ਬਾਅਦ ਵੀ ਅਸੀਂ ਸ਼ਾਇਦ ਕੁਝ ਨਹੀਂ ਸਿੱਖਿਆ।

ਅਜਿਹੀਆਂ ਤਰਾਸਦੀਆਂ ਪੰਜਾਬ ਦੇ ਹਰ ਕੋਨੇ ਵਿਚ ਵਾਪਰੀਆਂ ਹਨ ਜਿਹੜੀਆਂ ਪਤਾ ਨਹੀਂ ਮੇਰੇ ਵਰਗੇ ਹੋਰ ਕਿੰਨਿਆਂ ਨੂੰ ਤੜਫਾ ਰਹੀਆਂ ਹੋਣਗੀਆਂ। ਇਹ ਸਵਾਲ ਹਮੇਸ਼ਾ ਮਨ ਉਪਰ ਭਾਰੂ ਰਹਿੰਦਾ ਹੈ ਕਿ ਉਨ੍ਹਾਂ ਪਰਿਵਾਰਾਂ ਦਾ ਕੀ ਬਣਿਆ ਜਿਨ੍ਹਾਂ ਦੇ ਜਵਾਨ ਧੀਆਂ ਪੁੱਤ ਉਸ ਅੱਗ ਵਿਚ ਭਸਮ ਹੋ ਗਏ? ਅਜਿਹੀਆਂ ਤਰਾਸਦੀਆਂ ਸਮਾਜ ਨੂੰ ਤਾਂ ਬੇਚੈਨ ਕਰਦੀਆਂ ਹੀ ਹਨ ਬਲਕਿ ਜਦੋਂ ਵੀ ਕੋਈ ਨਵੀਂ ਤਰਾਸਦੀ ਲਈ ਨਵੀਂ ਜ਼ਮੀਨ ਤਿਆਰ ਕੀਤੀ ਜਾ ਰਹੀ ਹੋਵੇ, ਉਸ ਵੇਲੇ ਸੋਚਣ ਲਈ ਮਜਬੂਰ ਵੀ ਕਰਦੀਆਂ ਹਨ। ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਤੁਲਨ ਵਿਚ ਰੱਖਣ ਦੀ ਕੋਸ਼ਿਸ਼ ਕਰਾਂ ਪਰ ਪਿੰਡ ਵਾਲੀ ਰੇਲ ਪਟੜੀ ਰਾਹ ਰੋਕ ਲੈਂਦੀ ਹੈ ਅਤੇ ਸਵਾਲ ਕਰਦੀ ਹੈ ਕਿ ਤੁਹਾਡੇ ਇਧਰ ਉਧਰ ਜਿਹੜੇ ਸਵਾਲ ਖੜ੍ਹੇ ਹਨ, ਉਹ ਮੁੜ ਮੁੜ ਜਵਾਬ ਮੰਗਦੇ ਹਨ ਕਿ ਕਿਤੇ ਅਸੀਂ ਵੱਖ ਵੱਖ ਧਰਮਾਂ, ਜਾਤਾਂ ਅਤੇ ਜਮਾਤਾਂ ਦੇ ਆਪਸੀ ਰਿਸ਼ਤਿਆਂ ਨੂੰ ਤੋੜਨ ਦਾ ਕਾਰਜ ਤਾਂ ਨਹੀਂ ਕਰ ਰਹੇ? ਸਭਿਅਕ ਸਮਾਜ ਕਿਰਤ ਕਰਨ ਵਾਲੇ ਲੋਕਾਂ ਦੀ ਮਿਹਨਤ ਉਪਰ ਹੀ ਉਸਰਿਆ ਹੁੰਦਾ ਹੈ। ਬਹੁਤੀ ਕੀਮਤ ਮਿਹਨਤਕਸ਼ਾਂ ਨੂੰ ਹੀ ਉਤਾਰਨੀ ਪੈਂਦੀ ਹੈ ਪਰ ਜਿਹੜੀ ਕੀਮਤ ਸੋਹੀਆਂ ਰੇਲਵੇ ਕਾਂਡ ਵਿਚ ਤਾਰੀ ਪਈ, ਉਸ ਦਾ ਜਵਾਬ ਮੇਰੇ ਕੋਲ ਤਾਂ ਹੈ ਨਹੀਂ; ਜੇ ਕਿਸੇ ਕੋਲ ਹੋਵੇ ਜਾਂ ਇਹ ਹੀ ਮਸਲਿਆਂ ਦੇ ਹੱਲ ਹੋਣ, ਇਸ ਦੇ ਆਧਾਰ ‘ਤੇ ਹੀ ਕੋਈ ਸਮਾਜ ਉਸਰਦਾ ਹੋਵੇ ਤਾਂ ਉਸ ਦਾ ਜਵਾਬ ਲੱਭਣਾ ਜ਼ਰੂਰੀ ਹੈ ਪਰ ਮੈਂ ਅੱਜ ਵੀ ਰੇਲ ਪਟੜੀ ਤੋਂ ਦਹਿਸ਼ਤਜ਼ਦਾ ਹਾਂ।

ਸੰਪਰਕ: 98151-15429

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement