ਇਤਿਹਾਸਕ ਸ਼ਹਿਰ ਆਗਰਾ
ਅਵਨੀਸ਼ ਲੌਂਗੋਵਾਲ
ਸੈਰ ਸਪਾਟੇ ਦਾ ਨਾਮ ਸੁਣਦੇ ਹੀ ਹਰ ਕੋਈ ਰੁਮਾਂਚ ਨਾਲ ਭਰ ਜਾਂਦਾ ਹੈ। ਕਰੋਨਾ ਤੋਂ ਬਾਅਦ ਵਿਦਿਆਰਥੀ ਵਰਗ ਵਿੱਚ ਵਿੱਦਿਅਕ ਟੂਰ ਲਈ ਬਹੁਤ ਤਾਂਘ ਵਧ ਗਈ ਹੈ। ਸਟਾਫ ਨਾਲ ਵਿਚਾਰ ਵਟਾਂਦਰੇ ਮਗਰੋਂ ਆਗਰਾ ਜਾਣ ਦਾ ਫ਼ੈਸਲਾ ਹੋਇਆ। ਬਹੁਤ ਹੀ ਸਹਿਯੋਗ ਕਰਨ ਵਾਲੇ ਮਿਹਨਤੀ ਸਟਾਫ ਮੈਂਬਰਾਂ ਸਮੇਤ ਵਿਦਿਆਰਥੀਆਂ ਨੂੰ ਨਾਲ ਲੈ ਕੇ ਬੱਸ ’ਤੇ ਸਵਾਰ ਹੋ ਆਗਰਾ ਨੂੰ ਰਵਾਨਾ ਹੋ ਗਏ। ਤਕਰੀਬਨ ਸਵੇਰੇ ਚਾਰ ਵਜੇ ਗੁਰਦੁਆਰਾ ਦੁੱਖ ਨਿਵਾਰਨ, ਗੁਰੂ ਕਾ ਤਾਲ, ਆਗਰਾ ਪਹੁੰਚ ਗਏ।
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰੂ ਕਾ ਤਾਲ, ਆਗਰਾ: ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰੂ ਕਾ ਤਾਲ, ਆਗਰਾ ਸਾਡੇ ਸਫ਼ਰ ਦਾ ਪਹਿਲਾ ਪੜਾਅ ਸੀ। ਗੁਰੂਘਰ ਪਹੁੰਚ ਕੇ ਇੱਕ ਅਨੋਖੀ ਅਨੁਭੂਤੀ ਹੋਈ। ਲੱਗਿਆ ਜਿਵੇਂ ਸੈਂਕੜੇ ਮੀਲ ਦਾ ਸਫ਼ਰ ਤੈਅ ਕਰ ਕੇ ਪੰਜਾਬ ਤੋਂ ਆਪਣੇ ਹੀ ਘਰ ਆ ਗਏ ਹੋਈਏ। ਅਸੀਂ ਕਾਊਂਟਰ ’ਤੇ ਪਹੁੰਚੇ। ਕਮਰਿਆਂ ਸਬੰਧੀ ਜਾਣਕਾਰੀ ਲਈ। ਵਿਦਿਆਰਥੀਆਂ ਦਾ ਸਾਮਾਨ ਹਾਲ ਵਿੱਚ ਰੱਖ ਕੇ ਮੱਥਾ ਟੇਕਿਆ ਅਤੇ ਸਾਰੇ ਵਿਦਿਆਰਥੀਆਂ ਨਾਲ ਚਾਹ ਦਾ ਲੰਗਰ ਛਕਿਆ। ਇਸ ਤੋਂ ਬਾਅਦ ਤਕਰੀਬਨ 12 ਕਮਰੇ ਲੈ ਕੇ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਦਿੱਤੀਆਂ। ਇਹ ਇਤਿਹਾਸਕ ਗੁਰੂਘਰ ਹੈ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ। ਆਪਣੇ ਅੰਤਿਮ ਦੌਰੇ ਦੌਰਾਨ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਗਰਾ ਵਿਖੇ ਗ੍ਰਿਫ਼ਤਾਰੀ ਦਿੱਤੀ ਜਿੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰੂ ਕਾ ਤਾਲ ਸ਼ੁਭਾਇਮਾਨ ਹੈ। ਇੱਥੇ ਰਿਹਾਇਸ਼, ਲੰਗਰ ਦੀ ਵਿਵਸਥਾ ਅਤੇ ਸਮੁੱਚਾ ਪ੍ਰਬੰਧ ਬਹੁਤ ਵਧੀਆ ਹੈ। ਇਸ ਦੇ ਨਾਲ ਹੀ ਸਿੱਖ ਕੌਮ ਦੇ ਵਿਦਵਾਨ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਨੇ ਵੀ ਆਗਰਾ ਸ਼ਹਿਰ ਨੂੰ ਗੁਰੂ ਨਾਨਕ ਮਿਸ਼ਨ ਦਾ ਪ੍ਰਚਾਰ ਕੇਂਦਰ ਬਣਾਇਆ। ਇਸ ਜਗ੍ਹਾ ਦੀ ਮਹੱਤਵਪੂਰਨ ਜਾਣਕਾਰੀ ਤੋਂ ਬਾਅਦ ਸਾਡਾ ਕਾਫ਼ਲਾ ਤਾਜਮਹੱਲ ਵੱਲ ਵਧ ਗਿਆ।
ਆਲਮੀ ਵਿਰਾਸਤ ਤਾਜਮਹੱਲ: ਤਾਜਮਹੱਲ ਯਮੁਨਾ ਨਦੀ ਦੇ ਖੱਬੇ ਤੱਟ ’ਤੇ ਸਥਿਤ ਹੈ। ਤਾਜਮਹੱਲ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਹੈ ਜੋ ਆਗਰਾ ਸ਼ਹਿਰ ਦੀ ਪ੍ਰਸਿੱਧੀ ਦਾ ਕਾਰਨ ਹੈ। ਵੱਖ-ਵੱਖ ਇਤਿਹਾਸਕਾਰ ਆਗਰਾ ਦਾ ਸਬੰਧ ਆਰੀਆ ਲੋਕਾਂ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਨਾਨਾ ਜੀ ਨਾਲ ਵੀ ਜੋੜਦੇ ਰਹੇ ਹਨ। ਮੁਗ਼ਲ ਬਾਦਸ਼ਾਹ ਸ਼ਾਹਜਹਾਂ ਆਪਣੀ ਪਤਨੀ ਅਰਜਮੰਦ ਬਾਨੋ ਨਾਲ ਬਹੁਤ ਪ੍ਰੇਮ ਕਰਦਾ ਸੀ। ਉਸ ਨੇ ਉਸ ਨੂੰ ਮੁਮਤਾਜ਼ ਮਹਿਲ ਦੀ ਉਪਾਧੀ ਦਿੱਤੀ। ਜਦੋਂ ਮੁਮਤਾਜ਼ ਮਹਿਲ 1631 ਵਿੱਚ ਬੁਰਹਾਨਪੁਰ ਵਿਖੇ ਫੌਤ ਹੋਈ ਤਾਂ ਸ਼ਾਹਜਹਾਂ ਨੇ ਉਸ ਦੀ ਯਾਦ ਵਿੱਚ ਤਾਜਮਹੱਲ ਬਣਵਾਇਆ। ਇਹ ਅਜੂਬਾ ਸ਼ਹਿਰ ਦੇ ਦੱਖਣੀ ਪਾਸੇ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦੋਵੇਂ ਨਾ ਅਲੱਗ ਹੋਣ ਵਾਲੇ ਪ੍ਰੇਮੀ ਸਨ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਦੱਖਣ ਵੱਲ ਖਾਨ-ਏ ਜਹਾਨ ਲੋਧੀ ਨਾਲ ਸ਼ਾਹਜਹਾਂ ਦੀ ਜੰਗ ਸਮੇਂ ਵੀ ਮੁਮਤਾਜ਼ ਉਸ ਦੇ ਨਾਲ ਸੀ। ਇਸ ਸਮੇਂ ਹੀ ਉਸ ਨੇ ਆਪਣੀ ਚੌਦ੍ਹਵੀਂ ਸੰਤਾਨ, ਧੀ ਗੌਹਰ ਆਰਾ ਬੇਗਮ ਨੂੰ ਜਨਮ ਦਿੱਤਾ। ਮਰਨ ਸਮੇਂ ਉਸ ਨੇ ਸ਼ਾਹਜਹਾਂ ਤੋਂ ਉਸ ਦੇ ਪਿਆਰ ਦੀ ਨਿਸ਼ਾਨੀ ਵਜੋਂ ਅਦਭੁੱਤ ਇਮਾਰਤ ਵਿੱਚ ਕਬਰ ਬਣਵਾਉਣ ਦਾ ਵਾਅਦਾ ਲਿਆ। ਸ਼ਾਹਜਹਾਂ ਨੇ ਤਾਜਮਹੱਲ ਦੇ ਰੂਪ ਵਿੱਚ ਇਹ ਵਾਅਦਾ ਨਿਭਾਇਆ। ਤਾਜਮਹੱਲ ਇਤਿਹਾਸ ਦੀ ਅਨੌਖੀ ਧਰੋਹਰ ਹੈ। ਇਸ ਨੂੰ ਵੇਖਣ ਲਈ ਵਿਸ਼ੇਸ਼ ਟਿਕਟ ਲੈਣੀ ਪੈਂਦੀ ਹੈ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਟਿਕਟ ਨਹੀਂ ਲੱਗਦੀ।
ਤਾਜਮਹੱਲ ਲਈ ਜਗ੍ਹਾ: ਇਸ ਦੀ ਉਸਾਰੀ ਲਈ ਜੈਪੁਰ ਦੇ ਰਾਜਾ ਜੈ ਸਿੰਘ ਤੋਂ ਜਗ੍ਹਾ ਪ੍ਰਾਪਤ ਕੀਤੀ ਗਈ। ਤਾਜਮਹੱਲ ਦਾ ਨਿਰਮਾਣ ਦਸੰਬਰ 1631 ਵਿੱਚ ਸ਼ੁਰੂ ਹੋ ਕੇ 1645 ਵਿੱਚ ਮੁਕੰਮਲ ਹੋਇਆ। ਕੁਝ ਇਤਿਹਾਸਕਾਰ ਗੁੰਬਦਾਂ ਦੀ ਗਿਣਤੀ ਦੇ ਆਧਾਰ ’ਤੇ ਸਮਾਂ 12 ਸਾਲ ਮੰਨਦੇ ਹਨ।
ਤਾਜਮਹੱਲ ਦਾ ਦਰਵਾਜ਼ਾ: ਲਾਲ ਪੱਥਰ ਦੇ ਦਰਵਾਜ਼ੇ ਤੋਂ ਤਾਜਮਹੱਲ ਦੇ ਦੀ ਮੁੱਖ ਇਮਾਰਤ ਨਜ਼ਰ ਆਉਂਦੀ ਹੈ। ਦਰਵਾਜ਼ੇ ’ਤੇ ਭਾਰਤੀ ਸੰਸਕ੍ਰਿਤੀ ਅਤੇ ਮੁਸਲਿਮ ਕਸੀਦਾਕਾਰੀ ਦੀ ਅਨੋਖੀ ਝਲਕ ਵੇਖਣ ਨੂੰ ਮਿਲਦੀ ਹੈ। ਇਸ ਉੱਤੇ ਪਵਿੱਤਰ ਕੁਰਾਨ ਦੀਆਂ ਆਇਤਾਂ ਉੱਕਰੀਆਂ ਹਨ। ਇਸ ਤੋਂ ਇਲਾਵਾ ਪੂਰਬੀ ਦਰਵਾਜ਼ਾ ਫਤਿਹਾਬਾਦ ਵੱਲ ਹੈ ਜੋ ਕਲਾਕ੍ਰਿਤੀ ਦਾ ਵੱਖਰਾ ਨਮੂਨਾ ਹੈ। ਪੱਛਮੀ ਦਰਵਾਜ਼ਾ ਤਾਜਮਹੱਲ ਦਾ ਮੁੱਖ ਦਰਵਾਜ਼ਾ ਹੈ। ਦੱਖਣੀ ਦਰਵਾਜ਼ਾ ਦੱਖਣ ਵੱਲ ਹੈ। ਸਾਰੇ ਦਰਵਾਜ਼ੇ ਆਪਣੇ ਆਪ ਵਿੱਚ ਵੱਖੋ-ਵੱਖਰਾ ਇਤਿਹਾਸਕ ਮਹੱਤਵ ਰੱਖਦੇ ਹਨ।
ਮੁਮਤਾਜ਼ ਅਤੇ ਸ਼ਾਹਜਹਾਂ ਦੀ ਕਬਰ: ਮੁਮਤਾਜ਼ ਅਤੇ ਸ਼ਾਹਜਹਾਂ ਦੀਆਂ ਕਬਰਾਂ ਮੁੱਖ ਇਮਾਰਤ ਦੇ ਗੁੰਬਦ ਹੇਠਾਂ ਹਨ ਜੋ ਸੈਲਾਨੀਆਂ ਦੇ ਵੇਖਣ ਲਈ ਹਨ। ਇਸ ਦੇ ਐਨ ਹੇਠਾਂ ਇੱਕ ਕਮਰਾ ਹੈ ਜਿੱਥੇ ਅਸਲੀ ਕਬਰਾਂ ਮੌਜੂਦ ਹਨ। ਤਾਜਮਹੱਲ ਹਿੰਦੋਸਤਾਨੀ ਅਤੇ ਇਰਾਨੀ ਕਲਾ ਦਾ ਅਨੋਖਾ ਸੰਗਮ ਹੈ। ਇਹ ਕਲਾ, ਵਿਗਿਆਨ, ਭਵਨ ਅਤੇ ਵਾਸਤੂਕਲਾ ਦੀ ਅਨੋਖੀ ਮਿਸਾਲ ਹੈ। ਤਾਜਮਹੱਲ ਵੇਖਣ ਮਗਰੋਂ ਬਾਹਰ ਆ ਕੇ ਵਿਦਿਆਰਥੀਆਂ ਨੇ ਫੋਟੋਆਂ ਖਿੱਚੀਆਂ, ਕੁਝ ਸਾਮਾਨ ਦੀ ਖਰੀਦ ਕੀਤੀ ਅਤੇ ਸਾਡਾ ਕਾਫ਼ਲਾ ਅੱਗੇ ਵਧ ਗਿਆ।
ਆਗਰੇ ਦਾ ਕਿਲ੍ਹਾ: ਤਾਜਮਹੱਲ ਦੇ ਨਾਲ ਨਾਲ ਆਗਰੇ ਦੇ ਕਿਲ੍ਹੇ ਦਾ ਵੀ ਇਤਿਹਾਸਕ ਮਹੱਤਵ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਨੇ ਬਣਵਾਇਆ ਸੀ। ਇਹ ਕਿਲ੍ਹਾ ਬਾਦਲਗੜ੍ਹ ਕਿਲ੍ਹੇ ਦੇ ਸਥਾਨ ’ਤੇ ਬਣਿਆ। 1565 ਵਿੱਚ ਬਣਨਾ ਸ਼ੁਰੂ ਹੋਇਆ ਅਤੇ ਤਕਰੀਬਨ ਸੱਤ ਸਾਲਾਂ ਵਿੱਚ ਤਿਆਰ ਹੋਇਆ। ਆਈਨ-ਏ-ਅਕਬਰੀ ਦੇ ਲੇਖਕ ਅਬੁਲ ਫਜ਼ਲ ਅਨੁਸਾਰ ਇਸ ਕਿਲ੍ਹੇ ਵਿੱਚ 500 ਸੁੰਦਰ ਇਮਾਰਤਾਂ ਸਨ। ਅਮਰ ਸਿੰਘ ਗੇਟ, ਜਹਾਂਗੀਰ ਮਹਿਲ, ਅੰਗੂਰੀ ਬਾਗ਼, ਦੀਵਾਨੇ-ਏ-ਖ਼ਾਸ, ਸ਼ੀਸ਼ਮਹਿਲ, ਸੰਮਨ ਬੁਰਜ ਆਦਿ ਪ੍ਰਸਿੱਧ ਸਥਾਨ ਸਨ। ਇਹ ਇਤਿਹਾਸਕ ਸਥਾਨ ਵੇਖਣ ਨਾਲ ਇਤਿਹਾਸ ਪ੍ਰਤੀ ਸਾਡੀ ਜਿਗਿਆਸਾ ਵਧ ਰਹੀ ਸੀ। ਹਰ ਸਥਾਨ ਦੀ ਇਤਿਹਾਸਕ ਰੋਚਕਤਾ ਅਲੱਗ ਸੀ। ਸਵੇਰ ਹੁੰਦੇ ਹੀ ਅਸੀਂ ਸਭ ਇੱਕ ਨਵੇਂ ਰੁਮਾਂਚ ਵੱਲ ਵਧੇ।
ਸਿਕੰਦਰਾ: ਮੁਗ਼ਲ ਬਾਦਸ਼ਾਹ ਅਕਬਰ ਦੀ ਆਖ਼ਰੀ ਯਾਤਰਾ ਦਾ ਸਥਾਨ ਸਿਕੰਦਰਾ, ਆਗਰੇ ਤੋਂ 12 ਕਿਲੋਮੀਟਰ ਦੂਰ ਆਗਰਾ ਮਥੁਰਾ ਰੋਡ ਕੌਮੀ ਸ਼ਾਹਰਾਹ ਨੰਬਰ 2 ’ਤੇ ਸਥਿਤ ਹੈ। ਲੋਧੀ ਵੰਸ਼ ਦੇ ਸ਼ਾਸਕ ਸਿਕੰਦਰ ਲੋਧੀ ਨੇ 1492 ਵਿੱਚ ਇਸ ਥਾਂ ਨੂੰ ਆਪਣੀ ਰਾਜਧਾਨੀ ਬਣਾਇਆ। ਬਾਦਸ਼ਾਹ ਅਕਬਰ ਨੇ ਇਸ ਸਥਾਨ ਨੂੰ ਆਪਣੀ ਕਬਰ ਲਈ ਚੁਣਿਆ। ਸੰਨ 1602 ਵਿੱਚ ਕਾਰਜ ਸ਼ੁਰੂ ਹੋਇਆ। ਉਸ ਦੀ ਇੱਛਾ ਅਨੁਸਾਰ ਇਸ ਸਥਾਨ ’ਤੇ ਦਫਨਾਇਆ ਗਿਆ ਅਤੇ ਇਸ ਸਥਾਨ ਦੀ ਉਸਾਰੀ 1613 ਵਿੱਚ ਬਾਦਸ਼ਾਹ ਜਹਾਂਗੀਰ ਨੇ ਪੂਰੀ ਕਰਵਾਈ। ਇਸ ਸਥਾਨ ਦੀ ਭਵਨ ਨਿਰਮਾਣ ਕਲਾ ਅਦਭੁੱਤ ਹੈ। ਮੀਂਹ ਦੇ ਪਾਣੀ ਦੀ ਸੰਭਾਲ ਲਈ ਪ੍ਰਬੰਧ, ਪ੍ਰਾਚੀਨ ਖੂਹ, ਹਵਾ ਦੀ ਨਿਕਾਸੀ ਦਾ ਪ੍ਰਬੰਧ ਅਤੇ ਲਾਲ ਪੱਥਰ ਦੇ ਵਰਾਂਡੇ ਆਪਣੀ ਮਿਸਾਲ ਆਪ ਹਨ। ਇਸ ਜਗ੍ਹਾ ’ਤੇ ਜਾਣ ਲਈ ਟਿਕਟ 5 ਰੁਪਏ ਹੈ। ਇਹ ਸਭ ਲਈ ਜ਼ਰੂਰੀ ਹੈ ਕਿ ਕਿਸੇ ਅਜਨਬੀ ਸਕਿਉਰਿਟੀ ਗਾਰਡ, ਗੇਟ ਕੀਪਰ ਆਦਿ ਨਾ ਗੱਲ ਕਰਦਿਆਂ ਟਿਕਟ ਕਾਊਂਟਰ ਤੋਂ ਹੀ ਟਿਕਟਾਂ ਦੀ ਖਰੀਦ ਕਰੋ। ਸਾਡੇ ਸਾਰਿਆਂ ਲਈ ਆਗਰੇ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਜਾਣਕਾਰੀ ਵਿੱਚ ਵਾਧਾ ਕਰਨ ਵਾਲੀ ਸਾਬਿਤ ਹੋਈ।
ਸੰਪਰਕ: 78883-46465