For the best experience, open
https://m.punjabitribuneonline.com
on your mobile browser.
Advertisement

ਹਾਈ ਕੋਰਟ ਵੱਲੋਂ ਕਿਸ਼ਨਪੁਰਾ ਕਲਾਂ ਦੀ ਚੋਣ ’ਤੇ ਰੋਕ

10:41 AM Oct 10, 2024 IST
ਹਾਈ ਕੋਰਟ ਵੱਲੋਂ ਕਿਸ਼ਨਪੁਰਾ ਕਲਾਂ ਦੀ ਚੋਣ ’ਤੇ ਰੋਕ
ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਜੇਤੂ ਉਮੀਦਵਾਰਾਂ ਦੀ ਸੂਚੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਅਕਤੂਬਰ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਮੋਗਾ ਜ਼ਿਲ੍ਹੇ ਦੇ ਕਸਬਾ ਨੁਮਾ ਪਿੰਡ ਕਿਸ਼ਨਪੁਰਾ ਕਲਾਂ ਦੀ ਪੰਚਾਇਤੀ ਚੋਣ ਲਈ ਨਾਮਜ਼ਦਗੀਆਂ ’ਚ ਕਥਿਤ ਧੱਕੇਸ਼ਾਹੀ ਅਤੇ ਧਾਂਦਲੀ ਦੇ ਮਾਮਲੇ ਵਿੱਚ ਸਰਪੰਚ ਦੇ ਉਮੀਦਵਾਰ ਤੇ ਭਾਜਪਾ ਆਗੂ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਚੋਣ ਪ੍ਰਕ੍ਰਿਰਿਆ ’ਤੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਅਗਲੀ ਸੁਣਵਾਈ ਲਈ 11 ਅਕਤੂਬਰ ਮੁੱਕਰਰ ਕੀਤੀ ਹੈ। ਪਿੰਡ ਕਿਸ਼ਨਪੁਰਾ ਕਲਾਂ ਤੋਂ ਸਰਪੰਚ ਦੀ ਚੋਣ ਲੜਨ ਦੇ ਚਾਹਵਾਨ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। ਪਟੀਸ਼ਨਰ ਰਾਕੇਸ਼ ਸ਼ਰਮਾ ਨੇ ਦੱਸਿਆ ਹੈ ਕਿ ਉਸ ਨੇ ਕਿਸ਼ਨਪੁਰਾ ਕਲਾਂ ਤੋਂ ਸਰਪੰਚੀ ਦੇ ਕਾਗਜ਼ ਦਾਖਲ ਕੀਤੇ ਸਨ। ਉਸ ਨੁੂੰ ਟੋਕਨ ਨੰਬਰ 17 ਜਾਰੀ ਕੀਤਾ ਗਿਆ ਸੀ ਪਰ ਉਸ ਨੂੰ ਨਾਮਜ਼ਦਗੀ ਦਾਖ਼ਲ ਕਰਨ ਦੀ ਰਸੀਦ ਨਾ ਮਿਲਣ ’ਤੇ ਉਸ ਨੇ ਜਦੋਂ ਸਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਤਾਂ ਉਸ ਨੂੰ ਜ਼ੁਬਾਨੀ ਦੱਸ ਦਿੱਤਾ ਗਿਆ ਕਿ ਉਸ ਦੀ ਨਾਮਜ਼ਦਗੀ ਫ਼ਾਈਲ ਗੁੰਮ ਹੈ। ਪਟੀਸ਼ਨਰ ਨੇ ਇਸ ਨੂੰ ਸੰਵਿਧਾਨ ਦੀ ਉਲੰਘਣਾ ਦੱਸਦਿਆਂ ਪਿੰਡ ਵਿੱਚ ਸਰਪੰਚ ਚੋਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਹਾਈ ਕੋਰਟ ਦੇ ਜਸਟਿਸ ਸੰਦੀਪ ਮੋਦਗਿੱਲ ਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਵਾਲੇ ਡਬਲ ਬੈਂਚ ਨੇ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪਿੰਡ ਕਿਸ਼ਨਪੁਰਾ ਕਲਾਂ ਦੀ ਸਰਪੰਚ ਦੀ ਚੋਣ ਪ੍ਰਕਿਰਿਆ ’ਤੇ ਰੋਕ ਲਾਉਣ ਦਾ ਹੁਕਮ ਜਾਰੀ ਕੀਤਾ ਹੈ। ਭਾਜਪਾ ਆਗੂ ਤੇ ਪਟੀਸ਼ਨਰ ਰਾਕੇਸ਼ ਸਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਕੇ ਪ੍ਰਿੰਸ ਚਾਵਲਾ ਨੂੰ ਬਿਨਾਂ ਮੁਕਾਬਲਾ ਜੇਤੂ ਸਰਪੰਚ ਐਲਾਨ ਦਿੱਤਾ ਸੀ। ਇਸਦੇ ਨਾਲ 4 ਪੰਚ ਵੀ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਸਨ।

Advertisement

ਹਾਈ ਕੋਰਟ ਵਿੱਚ ਢਾਈ ਸੌ ਪਟੀਸ਼ਨਾਂ ਦਾਖ਼ਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕੱਲੀ ਧਰਮਕੋਟ ਸਬ ਡਿਵੀਜ਼ਨ ਅਧੀਨ 15 ਪਿੰਡਾਂ ਵਿਚ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਵੱਲੋਂ ਹਾਈਕੋਰਟ ਵਿਚ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਹਾਈ ਕੋਰਟ ਵਿੱਚ 250 ਪਟੀਸ਼ਨਾਂ ਦਾਇਰ ਹੋਈਆਂ ਹਨ। ਇਨ੍ਹਾਂ ਵੱਲੋਂ ਪੰਚਾਇਤੀ ਚੋਣਾਂ ਨੂੰ ਰੱਦ ਕਰਨ ਅਤੇ ਧਾਂਦਲੀਆਂ ਦੇ ਦੋਸ਼ ਲਾਏ ਗਏ ਹਨ।

Advertisement

Advertisement
Author Image

Advertisement