ਪੁਲੀਸ ਨੇ ਚਲਾਇਆ ਕਾਸੋ ਅਪਰੇਸ਼ਨ
ਅਪਰਾਧੀਆਂ ਖ਼ਿਲਾਫ਼ ਸਖ਼ਤੀ
ਸ਼ਗਨ ਕਟਾਰੀਆ
ਬਠਿੰਡਾ, 9 ਅਕਤੂਬਰ
ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਸਪੈਸ਼ਲ ਡੀਜੀਪੀ ਪੀਐਸਪੀਸੀਐਲ ਜਤਿੰਦਰ ਜੈਨ ਅਤੇ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਦੀ ਅਗਵਾਈ ਵਿੱਚ ਅੱਜ ਪੁਲੀਸ ਵੱਲੋਂ ਜ਼ਿਲ੍ਹੇ ਭਰ ’ਚ ‘ਕਾਸੋ ਅਪਰੇਸ਼ਨ’ ਚਲਾਇਆ ਗਿਆ। ਸਥਾਨਕ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਤੇ ਪ੍ਰਮੁੱਖ ਸਥਾਨ ਇਸ ਮੁਹਿੰਮ ਦਾ ਕੇਂਦਰ ਰਹੇ।
ਸਪੈਸ਼ਲ ਡੀਜੀਪੀ ਜਤਿੰਦਰ ਜੈਨ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਅਤੇ ਲੁੱਟਾਂ-ਖੋਹਾਂ ਨੂੰ ਰੋਕਣ ਲਈ ਪੁਲੀਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪੁਲੀਸ ਵੱਲੋਂ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐੱਸਐੱਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਨਾਲ ਲੱਗਦੇ ਗੁਆਂਢੀ ਰਾਜਾਂ ਦੇ ਬਾਰਡਰ ਏਰੀਏ ’ਤੇ ਪੁਲੀਸ ਵੱਲੋਂ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਮਾੜੇ ਅਨਸਰ ਦੇ ਰਾਜ ਵਿਚ ਦਾਖ਼ਲੇ ਨੂੰ ਰੋਕਿਆ ਜਾ ਸਕੇ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਪੁਲੀਸ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਮੁਹਿੰਮ ਤਹਿਤ ਸਪੈਸ਼ਲ ਸਰਚ ਅਪਰੇਸ਼ਨ ਚਲਾਇਆ ਗਿਆ। ਪੁਲੀਸ ਵੱਲੋਂ ਵੱਖ-ਵੱਖ ਸ਼ੱਕੀ ਥਾਵਾਂ ਦੀ ਚੈਕਿੰਗ ਕੀਤੀ ਗਈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸਰਚ ਅਪਰੇਸ਼ਨ ਦੌਰਾਨ 24 ਪੁਲੀਸ ਪਾਰਟੀਆਂ ਸਨ ਜਿਨ੍ਹਾਂ ਵਿੱਚ 2 ਐੱਸਪੀ, 7 ਡੀਐੱਸਪੀ, 12 ਥਾਣਾ ਮੁੱਖ ਅਫਸਰ, ਇੰਚਾਰਜ ਸੀਆਈਏ ਸਟਾਫ ਮਾਨਸਾ ਸਮੇਤ ਕੁੱਲ 518 ਪੁਲੀਸ ਕਰਮਚਾਰੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਸ ਸਰਚ ਅਪਰੇਸ਼ਨ ਦੌਰਾਨ ਗੈਂਗਸਟਰਾਂ ਤੇ ਗੈਂਗਸਟਰਾਂ ਦੇ 32 ਸਮਰੱਥਕਾਂ, ਵੱਖ-ਵੱਖ ਜੁਰਮਾਂ ਨਾਲ ਸਬੰਧਤ 90 ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ 16 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ 590 ਨਸ਼ੀਲੀਆਂ ਗੋਲੀਆ, 14 ਗ੍ਰਾਮ ਹੈਰੋਇਨ, ਇੱਕ ਪਿਸਟਲ 32 ਬੋਰ ਸਮੇਤ 6 ਰੌਂਦ, ਇੱਕ ਸਕਾਰਪਿਓ ਗੱਡੀ, 9 ਲੀਟਰ ਸ਼ਰਾਬ ਠੇਕਾ ਹਰਿਆਣਾ, 1770 ਕੈਪਸੂਲ ਪਰੈਗਾਬਲਿਨ 300 ਐੱਮਜੀ ਦੀ ਬਰਾਮਦਗੀ ਕੀਤੀ ਗਈ ਹੈ। ਇਸ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ 243 ਵਹੀਕਲਾਂ ਦੇ ਟਰੈਫਿਕ ਚਲਾਨ/ਜ਼ਬਤ ਵੀ ਕੀਤੇ ਗਏ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਡੀਆਈਜੀ ਐੱਸਟੀਐੱਫ ਬਠਿੰਡਾਂ ਰੇਂਜ ਅਜੇ ਮਲੂਜਾ ਦੀ ਅਗਵਾਈ ਹੇਠ ਪੁਲੀਸ ਨੇ ਸਥਾਨਕ ਸ਼ਹਿਰ ਦੀਆਂ ਸਲੱਮ ਬਸਤੀਆਂ ਅਤੇ ਨਸ਼ਿਆਂ ਲਈ ਬਦਨਾਮ ਮੰਨੇ ਜਾਂਦੇ ਪਿੰਡ ਦੌਲੇਵਾਲਾ ਵਿਚ ਨਸ਼ਾ ਤਸਕਰਾਂ ਖਿਲਾਫ਼ ਕਾਸੋ (ਕਾਰਡਨ ਤੇ ਸਰਚ) ਅਪਰੇਸ਼ਨ ਚਲਾਇਆ ਗਿਆ। ਇਸ ਮੌਕੇ ਐੱਸਐੱਸਪੀ ਅਜੇ ਗਾਂਧੀ,ਐੱਸਪੀ ਬਾਲਕ੍ਰਿਸ਼ਨ ਸਿੰਗਲਾ ਤੇ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਰਹੇ। ਬਠਿੰਡਾ ਰੇਂਜ ਡੀਆਈਜੀ ਐੱਸਟੀਐੱਫ ਅਜੇ ਮਲੂਜਾ ਨੇ ਦੱਸਿਆ ਕਿ ਇਸ ਕਾਸੋ(ਕਾਰਡਨ ਤੇ ਸਰਚ) ਆਪਰੇਸ਼ਨ ਦੌਰਾਨ 80 ਲਿਟਰ ਲਾਹਨ,248 ਗ੍ਰਾਮ ਹੈਰੋਇਨ ਤੇ ਦੋ ਦੁਪਹੀਆ ਵਾਹਨ ਚੋਰੀ ਦੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੱਖ ਵੱਖ ਥਾਣਿਆਂ ਵਿਚ ਨਸ਼ਾ ਤਸਕਰੀ ਦੋਸ਼ ਹੇਠ ਕੇਸ ਦਰਜ਼ ਕਰਕੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਦੀ ਉਨ੍ਹਾਂ ਖੁਦ ਨਿਗਰਾਨੀ ਕੀਤੀ ਅਤੇ ਨਸਾ ਤਸਕਰਾਂ ਦੇ ਘਰਾਂ/ਟਿਕਾਣਿਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ।
ਬਰਨਾਲਾ ਜ਼ਿਲ੍ਹੇ ਵਿੱਚ 4 ਜਣੇ ਗ੍ਰਿਫ਼ਤਾਰ
ਬਰਨਾਲਾ/ਤਪਾ (ਰਵਿੰਦਰ ਰਵੀ): ਵਧੀਕ ਡੀਜੀਪੀ (ਸਾਈਬਰ ਕ੍ਰਾਈਮ) ਪੰਜਾਬ ਨੀਰਜਾ ਵੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਦੀ ਅਗਵਾਈ ਹੇਠ ਅੱਜ ਪੁਲੀਸ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਕਾਸੋ ਅਪਰੇਸ਼ਨ ਚਲਾਇਆ ਗਿਆ। ਪੁਲੀਸ ਵੱਲੋਂ ਬਰਨਾਲਾ ਸ਼ਹਿਰ ਵਿੱਚ ਪੱਤੀ ਰੋਡ ਉੱਤੇ ਸਥਿਤ ਬਸਤੀ ਅਤੇ ਤਪਾ ਸ਼ਹਿਰ ਵਿੱਚ ਬਾਜੀਗਰ ਬਸਤੀ ਵਿੰਚ ਚੈਕਿੰਗ ਕੀਤੀ ਗਈ। ਜ਼ਿਲ੍ਹਾ ਪੁਲੀਸ ਮੁੱਖੀ ਨੇ ਦੱਸਿਆ ਕਿ ਅੱਜ ਦੇ ਇਸ ਵਿਸ਼ੇਸ਼ ਅਭਿਆਨ ਦੌਰਾਨ 4 ਵਿਅਕਤੀ ਗ੍ਰਿਫਤਾਰ ਕੀਤੇ ਗਏ, 19 ਅਪਰਾਧੀ ਅਨਸਰਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ, 6 ਮੋਟਰਸਾਈਕਲ, ਵੱਡੀ ਮਾਤਰਾ ਵਿਚ ਕੇਬਲ ਤਾਰਾਂ ਅਤੇ ਭਾਂਡੇ ਜ਼ਬਤ ਕੀਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਅਤੇ ਲੁੱਟਾਂ-ਖੋਹਾਂ ਨੂੰ ਰੋਕਣ ਦੇ ਮੱਦੇਨਜ਼ਰ ਪੁਲੀਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਇਸ ਮੌਕੇ ਐੱਸਪੀ ਹੰਸ ਰਾਜ, ਐੱਸਪੀ (ਡੀ) ਸੰਦੀਪ ਸਿੰਘ ਮੰਡ, ਡੀਐੱਸਪੀ ਸਤਵੀਰ ਸਿੰਘ, ਡੀਐੱਸਪੀ (ਡੀ) ਰਜਿੰਦਰ ਪਾਲ ਸਿੰਘ ਅਤੇ ਹੋਰ ਮੌਜੂਦ ਸਨ।