ਹਾਈ ਕੋਰਟ ਨੇ ‘ਪਿੰਜਰਾ ਤੋੜ’ ਗਰੁੱਪ ਦੀ ਮੈਂਬਰ ਦੇ ਭਾਸ਼ਣ ਦੀਆਂ ਵੀਡੀਓਜ਼ ਮੰਗੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲੀਸ ਨੂੰ ਕਿਹਾ ਹੈ ਕਿ ਉਹ ‘ਪਿੰਜਰਾ ਤੋੜ’ ਗਰੁੱਪ ਦੀ ਇਕ ਮੈਂਬਰ ਦੇ ਭਾਸ਼ਣ ਦੀਆਂ ਵੀਡੀਓਜ਼ ਦਿਖਾਉਣ, ਜਿਸ ਬਾਰੇ ਇਸ ਸਾਲ ਦੇ ਸ਼ੁਰੂ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ ਦੌਰਾਨ ਭੜਕਾਊ ਭਾਸ਼ਣ ਦੇਣ ਬਾਰੇ ਪੁਲੀਸ ਆਖ ਰਹੀ ਹੈ। ਗਰੁੱਪ ਦੀ ਇਕ ਮੈਂਬਰ ਕਾਲੀਤਾ, ਜੋ ਜਵਹਾਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥਣ ਤੇ ਖੋਜਾਰਥਣ ਹੈ, ਦੀ ਜ਼ਮਾਨਤ ਅਰਜ਼ੀ ’ਤੇ ਬਹਿਸ ਦੌਰਾਨ ਪੁਲੀਸ ਨੇ ਕਿਹਾ ਕਿ ਉਸ ਕੋਲ ਉਸ ਸਮੇਂ ਦੀਆਂ ਵੀਡੀਓਜ਼ ਨਹੀਂ ਹਨ, ਜੋ ਕਥਿਤ ਤੌਰ ‘ਤੇ ਦੰਗਿਆਂ ਦੌਰਾਨ ਭਣਕਾਊ ਭਾਸ਼ਣ ਦੇ ਰਹੀ ਸੀ। ਪੁਲੀਸ ਮੁਤਾਬਕ ਉਸ ਕੋਲ 24, 25 ਫਰਵਰੀ 2020 ਨੂੰ ਹਿੰਸਾ ਹੋਣ ਤੋਂ ਪਹਿਲਾਂ ਤੇ 22, 23 ਫਰਵਰੀ ਨੂੰ ਕਥਿਤ ਭੜਕਾਊ ਭਾਸ਼ਣਾਂ ਦੀਆਂ ਵੀਡੀਓਜ਼ ਹਨ, ਜਦੋਂ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਰੋਸ ਪ੍ਰਗਟਾ ਰਹੇ ਇਕੱਠ ਨੂੰ ਖਦੇੜ ਦਿੱਤਾ ਸੀ।ਹਿੰਸਾ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਸੁਰੇਸ਼ ਕੁਮਾਰ ਕੈੱਤ ਨੇ ਕਿਹਾ ਕਿ ਮੀਡੀਆ ਜਾਂ ਕਿਸੇ ਹੋਰ ਵੱਲੋਂ ਰਿਕਾਰਡ ਕੀਤੇ ਭਾਸ਼ਣ ਦਾ ਕੋਈ ਹਿੱਸਾ ਅਦਾਲਤ ਨੂੰ ਦਿਖਾਇਆ ਜਾਵੇ, ਜਿਸ ਤੋਂ ਪਤਾ ਲੱਗੇ ਕਿ ਕਲੀਤਾ ਨੇ ਭੀੜ ਨੂੰ ਜੁਰਮ ਕਰਨ ਲਈ ਭੜਕਾਇਆ ਸੀ। ਏਐੱਸਜੀ ਐੱਸਵੀ ਰਾਜੂ ਨੇ ਪੁਲੀਸ ਵੱਲੋਂ ਪੇਸ਼ ਹੁੰਦੇ ਕਿਹਾ ਕਿ 25 ਫਰਵਰੀ ਨੂੰ ਜਦੋਂ ਘਟਨਾ ਵਾਪਰੀ ਉੱਦੋਂ ਮੀਡੀਆ ਨਹੀਂ ਸੀ ਤੇ ਗਵਾਹਾਂ ਨੇ ਕਾਲੀਤਾ ਦੀ ਭੂਮਿਕਾ ਬਾਰੇ ਬਿਆਨ ਦਿੱਤੇ ਹਨ ਤੇ ਕਾਲੀਤਾ ਦੇ ਮੋਬਾਈਲ ਦੀ ਸਥਿਤੀ ਵੀ ਉਸ ਥਾਂ ਦੇ ਨੇੜੇ ਦੀ ਹੈ। ਕਾਲਿਤਾ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਪੁਲੀਸ ਦੂਜਿਆਂ ਦੇ ਬਿਆਨਾਂ ਦੇ ਆਧਾਰਿਤ ਹੀ ਲਾਏ ਦੋਸ਼ ਉਪਰ ਹੀ ਭਰੋਸਾ ਕਰ ਰਹੀ ਹੈ।