ਹਾਈ ਕੋਰਟ ਵੱਲੋਂ ਪੂਜਾ ਖੇਡਕਰ ਦੀ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ ਵਿਚ 4 ਅਕਤੂਬਰ ਤੱਕ ਵਾਧਾ
ਨਵੀਂ ਦਿੱਲੀ, 26 ਸਤੰਬਰ
Puja Khedkar Case: ਦਿੱਲੀ ਹਾਈ ਕੋਰਟ ਨੇ ਸਾਬਕਾ ਆਈਏਐਸ ਪ੍ਰੋਬੇਸ਼ਨਰ ਪੂਜਾ ਖੇਡਕਰ ਨੂੰ ਕਥਿਤ ਧੋਖਾਧੜੀ ਅਤੇ ਗਲਤ ਤਰੀਕੇ ਨਾਲ ਓਬੀਸੀ ਅਤੇ ਅਪੰਗਤਾ ਕੋਟੇ ਦਾ ਲਾਭ ਲੈਣ ਦੇ ਦੋਸ਼ ਵਿੱਚ ਦਰਜ ਅਪਰਾਧਿਕ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਮਿਲੀ ਅੰਤਰਿਮ ਸੁਰੱਖਿਆ ਨੂੰ 4 ਅਕਤੂਬਰ ਤੱਕ ਵਧਾ ਦਿੱਤਾ।ਖੇਡਕਰ ਦੇ ਵਕੀਲ ਨੇ ਵੀਰਵਾਰ ਨੂੰ ਅਦਾਲਤ ਤੋਂ ਯੂਪੀਐਸਸੀ ਦੇ ਦੋਸ਼ ਦਾ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ। ਇਸ ਦੌਰਾਨ ਯੂਪੀਐੱਸਸੀ ਅਤੇ ਦਿੱਲੀ ਪੁਲੀਸ ਦੋਵਾਂ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਉਸ ਦੀ ਪਟੀਸ਼ਨ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ।
ਹਾਈ ਕੋਰਟ ਨੇ 12 ਅਗਸਤ ਨੂੰ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਨੋਟਿਸ ਜਾਰੀ ਕਰਦੇ ਹੋਏ ਖੇਡਕਰ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ ਸੀ ਅਤੇ ਇਸ ਨੂੰ ਸਮੇਂ-ਸਮੇਂ ’ਤੇ ਵਧਾਇਆ ਗਿਆ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਖੇਡਕਰ ਨੂੰ ਦਿੱਤੀ ਕੋਈ ਵੀ ਰਾਹਤ ਵਿਚ ਰੁਕਾਵਟ ਪਾਵੇਗੀ ਅਤੇ ਇਹ ਕਿ ਇਹ ਕੇਸ ਜਨਤਕ ਵਿਸ਼ਵਾਸ ਦੇ ਨਾਲ-ਨਾਲ ਸਿਵਲ ਸੇਵਾਵਾਂ ਪ੍ਰੀਖਿਆ ਦੀ ਅਖੰਡਤਾ ’ਤੇ ਵੀ ਵਿਆਪਕ ਪ੍ਰਭਾਵ ਪਾਉਂਦਾ ਹੈ। -ਪੀਟੀਆਈ