ਗਰਮੀ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ
ਸਤਵਿੰਦਰ ਬਸਰਾ
ਲੁਧਿਆਣਾ, 18 ਮਈ
ਲੁਧਿਆਣਾ ਵਿੱਚ ਗਰਮੀ ਦੀ ਮਾਰ ਨੇ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ। ਇਸ ਵਾਰ ਗਰਮੀ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵੱਧਣ ਦੇ ਆਸਾਰ ਹਨ। ਪਿਛਲੇ ਕੁਝ ਦਿਨਾਂ ਤੋਂ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਅਪਰੈਲ ਮਹੀਨਾ ਠੰਢਾ ਰਹਿਣ ਦੇ ਬਾਵਜੂਦ ਮਈ ਮਹੀਨੇ ਦੇ ਪਹਿਲੇ ਹਫਤੇ ਤੋਂ ਹੀ ਗਰਮੀ ਨੇ ਲੋਕਾਂ ਦਾ ਸੇਕ ਕੱਢ ਕੇ ਰੱਖ ਦਿੱਤਾ। ਦੋ-ਤਿੰਨ ਦਿਨ ਪਹਿਲਾਂ ਤੱਕ ਲੁਧਿਆਣਾ ਵਿੱਚ ਕਈ ਥਾਂ ਇਹ ਤਾਪਮਾਨ 45-46 ਡਿਗਰੀ ਸੈਲਸੀਅਸ ਤੱਕ ਵੀ ਦਰਜ ਕੀਤਾ ਜਾ ਚੁੱਕਾ ਹੈ। ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਗਿੱਲ ਅਨੁਸਾਰ ਆਮ ਤੌਰ ’ਤੇ ਮਈ ਮਹੀਨੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿੰਦਾ ਸੀ ਪਰ ਇਸ ਵਾਰ ਇਹ ਤਾਪਮਾਨ ਪਿਛਲੇ ਰਿਕਾਰਡ ਤੋੜਦਾ ਨਜ਼ਰ ਆ ਰਿਹਾ ਹੈ। ਅੱਜ ਵੱਧ ਤਾਪਮਾਨ ਦੇ ਨਾਲ ਨਾਲ ਗਰਮ ਹਵਾ ਨੇ ਲੁਧਿਆਣਵੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਲੋਕ ਧੁੱਪ ਅਤੇ ਗਰਮ ਹਵਾ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਦੇਖੇ ਗਏ। ਦੂਜੇ ਪਾਸੇ ਡਾਕਟਰ ਇੰਦਰਜੀਤ ਸਿੰਘ ਸੇਠੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਗਰਮੀ ਦੇ ਪ੍ਰਭਾਵ ਤੋਂ ਬਚਣ ਲਈ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਬਾਹਰ ਨਿਕਲੋ। ਇਸ ਤੋਂ ਇਲਾਵਾ ਦਿਹਾੜੀ ਵਿੱਚ 2-3 ਵਾਰ ਨਿੰਬੂ ਪਾਣੀ ਜ਼ਰੂਰ ਪੀਣ ਦੀ ਲੋੜ ਹੈ ਤਾਂ ਜੋ ਗਰਮੀ ਦਾ ਅਸਰ ਘੱਟ ਹੋ ਸਕੇ।