ਪਿੰਡ ਕੱਟੂ ਦੇ ਹੈਲਥ ਵੈਲਨੈੱਸ ਸੈਂਟਰ ਨੂੰ ਮਿਲਿਆ ਕੌਮੀ ਸਰਟੀਫਿਕੇਟ
ਖੇਤਰੀ ਪ੍ਰਤੀਨਿਧੀ
ਬਰਨਾਲਾ, 6 ਜੁਲਾਈ
ਹੈਲਥ ਵੈਲਨੈੱਸ ਸੈਂਟਰ ਕੱਟੂ (ਧਨੌਲਾ) ਨੇ ਸਾਲ 2023-24 ਦੀ ਕੌਮੀ ਪੱਧਰ ਦੀ (ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ) ਜਾਂਚ ਵਿੱਚ 91 ਫੀਸਦੀ ਸਕੋਰ ਪ੍ਰਾਪਤ ਕਰ ਕੇ ਕੌਮੀ ਪੱਧਰ ਦਾ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਇਸ ਬਾਰੇ ਟੀਮ ਵੱਲੋਂ ਕੁਝ ਮਹੀਨੇ ਪਹਿਲਾਂ ਕੱਟੂ ਸੈਂਟਰ ਦਾ ਦੌਰਾ ਕੀਤਾ ਗਿਆ ਸੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਿਹਤ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਿਹਤ ਵਿਭਾਗ ਤਨਦੇਹੀ ਨਾਲ ਸਿਹਤ ਸੇਵਾਵਾਂ ਖੇਤਰ ਵਿੱਚ ਆਪਣਾ ਕੰਮ ਕਰ ਰਿਹਾ ਹੈ, ਜਿਸ ਦਾ ਫ਼ਾਇਦਾ ਆਮ ਲੋਕਾਂ ਨੂੰ ਪਹੁੰਚ ਰਿਹਾ ਹੈ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੀਸੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸਮੇਂ ਦੇ ਹਾਣੀ ਬਣਦਿਆਂ ਕਦਮ ਅੱਗੇ ਵਧਾਏ ਜਾ ਰਹੇ ਹਨ। ਉਨ੍ਹਾਂ ਇਸ ਕੌਮੀ ਪ੍ਰਾਪਤੀ ਦਾ ਸਿਹਰਾ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਗੁਰਮਿੰਦਰ ਔਜਲਾ ਡੀ.ਐੱਮ.ਸੀ. ਬਰਨਾਲਾ, ਡਾ. ਸਤਵੰਤ ਔਜਲਾ ਸੀਨੀਅਰ ਮੈਡੀਕਲ ਅਫ਼ਸਰ ਧਨੌਲਾ, ਡਾ. ਭਵਨਜੋਤ ਸਿੱਧੂ ਏ.ਐੱਚ.ਏ., ਡਾ. ਮਮਤਾ ਤੇ ਡਾ. ਚਰਨਪ੍ਰੀਤ ਸਿੰਘ, ਅਮਨਪ੍ਰੀਤ ਕੌਰ ਸੀ.ਐੱਚ.ਓ. ਕੱਟੂ, ਗੁਰਜੀਤ ਕੌਰ ਏ.ਐੱਨ.ਐੱਮ.,ਸਰਜੀਤ ਸਿੰਘ ਸਿਹਤ ਵਰਕਰ ਅਤੇ ਆਸ਼ਾ ਵਰਕਰਾਂ ਨੂੰ ਦਿੱਤਾ, ਜਿਨ੍ਹਾਂ ਆਪਣੀ ਡਿਊਟੀ ਲਗਨ ਨਾਲ ਕੀਤੀ।