ਮੁਕਤਸਰ ਪੁਲੀਸ ਨੇ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ
ਪੱਤਰ ਪ੍ਰੇਰਕ
ਗਿੱਦੜਬਾਹਾ, 14 ਜੂਨ
ਐੱਸਐੱਸਪੀ ਡਾ. ਅਖਿਲ ਚੌਧਰੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਇੱਕ ਵਿਸ਼ੇਸ਼ ਸਰਚ ਅਭਿਆਨ ਚਲਾਇਆ। ਇਸ ਕਾਰਵਾਈ ਦੌਰਾਨ ਜ਼ਿਲ੍ਹੇ ਭਰ ’ਚ 16 ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਸਬ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਲੰਬੀ ’ਚ ਕੁੱਲ 16 ਨਾਕੇ ਲਾਏ ਗਏ। ਹਰ ਨਾਕੇ ’ਤੇ 10 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਨਾਕਿਆਂ ਦੀ ਨਿਗਰਾਨੀ ਐੱਸਪੀ (ਡੀ) ਮਨਮੀਤ ਸਿੰਘ ਢਿੱਲੋਂ, ਡੀਐਸਪੀ ਨਵੀਨ ਕੁਮਾਰ ਸ੍ਰੀ ਮੁਕਤਸਰ ਸਾਹਿਬ, ਡੀਐਸਪੀ ਜਸਪਾਲ ਸਿੰਘ ਲੰਬੀ, ਡੀਐਸਪੀ ਇਕਬਾਲ ਸਿੰਘ ਮਲੋਟ ਅਤੇ ਡੀਐਸਪੀ ਅਵਤਾਰ ਸਿੰਘ ਗਿੱਦੜਬਾਹਾ ਵੱਲੋਂ ਕੀਤੀ ਗਈ। ਇਸ ਦੌਰਾਨ ਵਹੀਕਲਾਂ ਦੇ ਕਾਗਜ਼ ਪੂਰੇ ਨਾ ਹੋਣ ਤੇ 250 ਵਾਹਨਾਂ ਦੇ ਚਲਾਨ ਕੀਤੇ ਗਏ। ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ 20 ਵਾਹਨਾਂ ਦੇ ਚਲਾਨ ਕੀਤੇ ਗਏ। 200 ਦੇ ਕਰੀਬ ਸ਼ੱਕੀ ਵਿਅਕਤੀਆਂ ਦੀ ਪੁੱਛ-ਪੜਤਾਲ ਕੀਤੀ ਗਈ। ਪੀਏਆਈਐਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ। ਵਾਹਨ ਐੱਪ ਦੀ ਵਰਤੋਂ ਕਰਕੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਵੀ ਵਹੀਕਲ ਚੋਰੀ ਦਾ ਨਾ ਹੋਵੇ ਅਤੇ ਇਹ ਵਹੀਕਲ ਕਿਸੇ ਵੀ ਕ੍ਰਿਮੀਨਲ ਗਤੀਵਿਧੀ ’ਚ ਨਾ ਵਰਤਿਆ ਗਿਆ ਹੋਵੇ। ਐੱਸਐੱਸਪੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲੀਸ ਜ਼ਿਲ੍ਹੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ- ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਹ ਵਿਸ਼ੇਸ਼ ਸਰਚ ਅਭਿਆਨ ਅਪਰਾਧਕ ਗਤੀਵਿਧੀਆਂ ਨੂੰ ਰੋਕਣ ਅਤੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਚਲਾਇਆ ਗਿਆ। ਨਵੀਂ ਤਕਨੀਕ ਦੀ ਵਰਤੋਂ ਕਰਕੇ, ਪੁਲੀਸ ਅਪਰਾਧਕ ਤੱਤਾਂ ਦੀ ਪਛਾਣ ਅਤੇ ਉਨ੍ਹਾਂ ਦੀ ਸਰਗਰਮੀ ’ਤੇ ਨਜ਼ਰ ਰੱਖ ਰਹੀ ਹੈ। ਜ਼ਿਲ੍ਹੇ ’ਚ ਅਪਰਾਧ ਜਾਂ ਨਸ਼ਾ ਤਸਕਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲੀਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ 'ਚ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਜਾਣਕਾਰੀ ਪੁਲੀਸ ਨੂੰ ਦੇਣ। ਨਸ਼ਾ ਤਸਕਰੀ ਖ਼ਿਲਾਫ਼ ਪੁਲੀਸ ਦਾ ਸਹਿਯੋਗ ਕਰੋ। ਜੇਕਰ ਕਿਸੇ ਨੂੰ ਨਸ਼ਾ ਤਸਕਰੀ ਜਾਂ ਅਪਰਾਧਕ ਗਤੀਵਿਧੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਵੇ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਵਿਸ਼ੇਸ਼ ਅਪਰੇਸ਼ਨ ਜਾਰੀ ਰਹਿਣਗੇ।