ਮਰਨ ਵਰਤ ’ਤੇ ਬੈਠੀ ਮਹਿਲਾ ਮੁਲਾਜ਼ਮ ਦੀ ਸਿਹਤ ਵਿਗੜੀ
ਪੱਤਰ ਪ੍ਰੇਰਕ
ਪਟਿਆਲਾ, 1 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਧਰਨਿਆਂ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। ਜਾਣਕਾਰੀ ਅਨੁਸਾਰ ਡੀਨ ਅਕਾਦਮਿਕ ਮਾਮਲਿਆਂ ਦੇ ਦਫ਼ਤਰ ਅੱਗੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਜਿੱਥੇ 11 ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ, ਉੱਥੇ ਹੀ ‘ਵਰਸਿਟੀ ਦੇ ਐਡਮਿਨ ਬਲਾਕ ਵਿੱਚ ਨਾਨ ਟੀਚਿੰਗ ਕਾਮਿਆਂ ਨੇ ਧਰਨਾ ਲਗਾ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਮਰਨ ਵਰਤ ਪੰਜ ਦਿਨਾਂ ਤੋਂ ਦਫ਼ਤਰ ਦੇ ਅੰਦਰ ਹੀ ਸ਼ੁਰੂ ਕੀਤਾ ਹੋਇਆ ਸੀ, ਇਸ ਕਰਕੇ ਇਸ ਦੀ ਕਿਸੇ ਨੂੰ ਭਿਣਕ ਨਹੀਂ ਲੱਗੀ ਪਰ ਅੱਜ ਇਸ ਬਾਰੇ ਉਦੋਂ ਗੱਲ ਬਾਹਰ ਆਈ ਜਦੋਂ ਮਰਨ ਵਰਤ ’ਤੇ ਬੈਠੀ ਪਰਮਿੰਦਰ ਕੌਰ ਦੀ ਹਾਲਤ ਖ਼ਰਾਬ ਹੋ ਗਈ। ਪਰਮਿੰਦਰ ਕੌਰ ਦੀ ਸਿਹਤ ਦੀ ਜਾਂਚ ਲਈ ਡਾਕਟਰਾਂ ਦੀ ਟੀਮ ਵੀ ਮੌਕੇ ’ਤੇ ਪੁੱਜੀ। ਡਾਕਟਰਾਂ ਨੇ ਕਿਹਾ ਕਿ ਜੇਕਰ ਇਸ ਦਾ ਮਰਨ ਵਰਤ ਨਾ ਖ਼ਤਮ ਕੀਤਾ ਗਿਆ ਤਾਂ ਹਾਲਤ ਹੋਰ ਵੀ ਜ਼ਿਆਦਾ ਖ਼ਰਾਬ ਹੋ ਸਕਦੀ ਹੈ। ਕਰਮਚਾਰੀ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਨੇ ਕਿਹਾ ਕਿ ਸੀਨੀਅਰ ਸਹਾਇਕਾਂ ਵੱਲੋਂ ਸੁਪਰਡੈਂਟ ਦੀਆਂ ਖ਼ਾਲੀ ਪਈਆਂ ਆਸਾਮੀਆਂ ਤੇ ਤਰੱਕੀਆਂ ਦੇਣ ਲਈ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਪਿਛਲੇ ਪੰਜ ਦਿਨਾਂ ਤੋਂ ਕਰਮਚਾਰੀਆਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਪਰ ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਪਰਵਿੰਦਰ ਕੌਰ ਸੀਨੀਅਰ ਸਹਾਇਕ, ਰਾਜ ਕੁਮਾਰ ਸੀਨੀਅਰ ਸਹਾਇਕ, ਹਰੀਸ਼ ਕੁਮਾਰ ਸੀਨੀਅਰ ਸਹਾਇਕ ਨੇ ਮਰਨ ਵਰਤ ਸ਼ੁਰੂ ਕੀਤਾ। ਇਸ ਦੇ ਨਾਲ ਹੀ ਅੱਜ ਵਿਦਿਆਰਥੀਆਂ ਵੱਲੋਂ ਵੀ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਮੇਨ ਗੇਟ ਬੰਦ ਕਰ ਦਿੱਤਾ ਗਿਆ। ਮੌਜੂਦਾ ਕਰਮਚਾਰੀ ਸੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪੱਕੇ ਤੌਰ ’ਤੇ ਵਾਈਸ ਚਾਂਸਲਰ, ਰਜਿਸਟਰਾਰ ਅਤੇ ਡੀਨ ਅਕਾਦਮਿਕ ਮਾਮਲੇ ਦੀਆਂ ਨਿਯੁਕਤੀਆਂ ਕੀਤੀਆਂ ਜਾਣ ਤਾਂ ਜੋ ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਨਾ ਹੋਵੇ।