ਸਿਹਤ ਵਿਭਾਗ ਵੱਲੋਂ ਬਰਫ਼ ਬਣਾਉਣ ਵਾਲੀ ਫੈਕਟਰੀ ਸੀਲ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 17 ਜੁਲਾਈ
ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਬਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਦਿੜ੍ਹਬਾ ਦੀ ਇੱਕ ਬਰਫ ਬਣਾਉਣ ਵਾਲੀ ਫੈਕਟਰੀ ’ਚ ਅਚਾਨਕ ਹੀ ਛਾਪਾ ਮਾਰ ਕੇ ਮੌਕੇ ’ਤੇ 278 ਰਿਫਾਇੰਡ ਦੇ ਟੀਨ ਅਤੇ ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ ਕਰਕੇ ਸੈਂਪਲ ਲਏ ਗਏ। ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਖਾਣ-ਪੀਣ ਦੀਆਂ ਵਸਤਾਂ ਵਿੱਚ ਮੁਕੰਮਲ ਤੌਰ ’ਤੇ ਮਿਲਾਵਟਖੋਰੀ ਨੂੰ ਰੋਕਣ ’ਤੇ ਦਿੱਤੇ ਨਿਰਦੇਸ਼ਾਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਿੜ੍ਹਬਾ ਵਿੱਚ ਕੌਹਰੀਆਂ ਰੋਡ ਸਥਿਤ ਇੱਕ ਸੰਦੀਪ ਮਿਲਕ ਸੈਂਟਰ ਤੇ ਆਈਸ ਫੈਕਟਰੀ ਵਿੱਚ ਛਾਪਾ ਮਾਰਿਆ ਅਤੇ ਮੌਕੇ ’ਤੇ ਹੀ ਭਾਰੀ ਮਾਤਰਾ ਵਿੱਚ ਰਿਫਾਇੰਡ ਅਤੇ ਦੁੱਧ ਤਿਅਰ ਕਰਨ ਵਾਲੇ ਪਦਾਰਥ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਲਾਕੇ ਵਿੱਚੋਂ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੇ ਵੱਡੇ ਪੱਧਰ ’ਤੇ ਮਿਲਾਵਟੀ ਕਾਰੋਬਾਰ ਚੱਲ ਰਿਹਾ ਹੈ ਅਤੇ ਅੱਜ ਠੋਸ ਸੂਚਨਾ ਦੇ ਆਧਾਰ ’ਤੇ ਇਸ ਆਈਸ ਫੈਕਟਰੀ ਤੇ ਛਾਪਾ ਮਾਰਿਆ ਹੈ ਅਤੇ ਜਦੋਂ ਇਸ ਆਈਸ ਫੈਕਟਰੀ ਨੂੰ ਖੁੱਲ੍ਹਵਾਇਆ ਗਿਆ ਤਾਂ ਇਸ ਵਿੱਚੋਂ 278 ਟੀਨ ਰਿਫਾਇੰਡ, 70 ਖਾਲੀ ਟੀਨ, 13 ਪੈਕੇਟ ਸਕਿਮਡ ਮਿਲਕ ਪਾਊਡਰ ਅਤੇ ਦੁੱਧ ਤਿਆਰ ਕਰਨ ਲਈ ਵਰਤੇ ਜਾਂਦੇ ਸੌਰਬੀਟੋਲ ਨਾਮ ਦੇ ਪਦਾਰਥ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪਦਾਰਥ ਸਿੰਗਲਾ ਮਿਲਕ ਸੈਂਟਰ ਵਿੱਚ ਤਿਆਰ ਹੋ ਰਹੇ ਸਨ ਅਤੇ ਹਰੀ ਓਮ ਆਈਸ ਫੈਕਟਰੀ ਵਿੱਚ ਇਨ੍ਹਾਂ ਦਾ ਭੰਡਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਸਾਰੇ ਪਦਾਰਥਾਂ ਦੇ ਨਮੂਨੇ ਇਕੱਤਰ ਕਰ ਲਏ ਹਨ ਜੋ ਕਿ ਜਾਂਚ ਲਈ ਖਰੜ ਲੈਬ ਵਿਖੇ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਦਾਰਥਾਂ ਦੇ ਸੈਂਪਲ ਲੈਣ ਤੋਂ ਬਾਅਦ ਇਸ ਆਈਸ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ।